ਪਾਕਿਸਤਾਨ ਤੇ ਭਾਰਤ ਵਿਚਾਲੇ ਪੰਜਵੀਂ ਜਨਰੇਸ਼ਨ ਦੇ ਲੜਾਕੂ ਜਹਾਜ਼ਾਂ ਲਈ ਹੋੜ ਕਿਉਂ ਲੱਗੀ ਹੈ, ਇਨ੍ਹਾਂ ਜਹਾਜ਼ਾਂ ਵਿੱਚ ਕੀ ਖ਼ਾਸ ਹੈ

ਤਸਵੀਰ ਸਰੋਤ, Getty Images
- ਲੇਖਕ, ਮੁਨੱਜ਼ਾ ਅਨਵਰ ਅਤੇ ਮੁਹੰਮਦ ਸੋਹੈਬ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਵਿੱਚ ਚਾਰ ਦਿਨਾਂ ਤੱਕ ਸੰਘਰਸ਼ ਚੱਲਿਆ। ਹੁਣ ਦੋਵਾਂ ਦੇਸ਼ਾਂ ਵਿੱਚ ਕੂਟਨੀਤਕ ਮੋਰਚੇ ਨੂੰ ਲੈ ਕੇ ਆਪਣੀਆਂ ਰੱਖਿਆ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਬਾਰੇ ਚਰਚਾ ਹੋ ਰਹੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਮਈ ਦੇ ਅੰਤ ਵਿੱਚ ਦੇਸ਼ ਵਿੱਚ ਸਭ ਤੋਂ ਆਧੁਨਿਕ 'ਫਿਫਥ ਜੈਨਰੇਸ਼ਨ ਸਟੈਲਥ' ਲੜਾਕੂ ਜਹਾਜ਼ਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਏਅਰੋਨਾਟੀਕਲ ਡਿਵੈਲਪਮੈਂਟ ਏਜੰਸੀ ਇਸ ਪ੍ਰੋਜੈਕਟ ਨੂੰ ਭਾਰਤ ਵਿੱਚ ਕੰਮ ਕਰਨ ਵਾਲੀਆਂ ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ਅੰਜਾਮ ਦੇਵੇਗੀ।
ਇਸ ਤੋਂ ਇਲਾਵਾ, ਭਾਰਤ ਵਿੱਚ ਇਸ ਬਾਰੇ ਵੀ ਬਹਿਸ ਹੋ ਰਹੀ ਹੈ ਕਿ ਕੀ ਉਸ ਦੀ ਹਵਾਈ ਸੈਨਾ ਨੂੰ ਰੂਸੀ ਐੱਸਯੂ 57 ਜਾਂ ਅਮਰੀਕੀ ਐੱਫ 35 ਅਤੇ ਐੱਫ 22 ਰੈਪਟਰ ਖਰੀਦਣਾ ਚਾਹੀਦਾ ਹੈ।
ਅਜਿਹੀ ਸਥਿਤੀ ਵਿੱਚ, ਪਾਕਿਸਤਾਨ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ, ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿੱਚ ਪਾਕਿਸਤਾਨ ਨੇ ਕਈ ਵੱਡੀਆਂ ਕੂਟਨੀਤਕ ਸਫ਼ਲਤਾਵਾਂ ਹਾਸਲ ਕੀਤੀਆਂ ਹਨ।
ਇਨ੍ਹਾਂ ਵਿੱਚ ਚੀਨ ਵੱਲੋਂ 40 ਫਿਫਥ ਜੈਨਰੇਸ਼ਨ ਜੇ 35 ਸਟੈਲਥ ਜੈੱਟ, ਕੇਜੇ 500 ਅਵਾਕਸ, 19 ਐੱਚਕਿਊ ਡਿਫੈਂਸ ਸਿਸਟਮ ਅਤੇ 3.7 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਦੀ ਅਦਾਇਗੀ ਲਈ ਹੋਰ ਸਮਾਂ ਦੇਣਾ ਵੀ ਸ਼ਾਮਲ ਹੈ।
ਹੁਣ ਤੱਕ, ਇਸ ਬਾਰੇ ਚੀਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਬਲੂਮਬਰਗ ਨੇ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨ ਵੱਲੋਂ ਜੇ 35 ਜੈੱਟ ਸਮੇਤ ਹੋਰ ਚੀਨੀ ਮੂਲ ਦੇ ਰੱਖਿਆ ਉਪਕਰਣ ਖਰੀਦਣ ਵਿੱਚ ਦਿਲਚਸਪੀ ਦਿਖਾਉਣ ਤੋਂ ਬਾਅਦ, ਸੋਮਵਾਰ ਨੂੰ ਚੀਨੀ ਰੱਖਿਆ ਕੰਪਨੀਆਂ ਦੇ ਸਟਾਕ ਵਿੱਚ ਤੇਜ਼ੀ ਦਾ ਰੁਝਾਨ ਦੇਖਿਆ ਗਿਆ।
ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਜੇ-35 ਸਟੈਲਥ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਏਵੀਆਈਸੀ ਸ਼ੇਨਯਾਂਗ ਏਅਰਕ੍ਰਾਫਟ ਕੰਪਨੀ ਦੇ ਸਟਾਕ ਮੁੱਲ ਵਿੱਚ ਸੋਮਵਾਰ ਨੂੰ 9.3 ਫੀਸਦ ਦਾ ਵਾਧਾ ਦੇਖਿਆ ਗਿਆ।
ਜੇ-35 ਸਟੈਲਥ ਲੜਾਕੂ ਜਹਾਜ਼ਾਂ ਵਿੱਚ ਪਾਕਿਸਤਾਨ ਦੀ ਦਿਲਚਸਪੀ ਬਾਰੇ ਖ਼ਬਰਾਂ ਪਿਛਲੇ ਸਾਲ ਤੋਂ ਹੀ ਗਰਮ ਸਨ ਅਤੇ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਰਸਮੀ ਤੌਰ 'ਤੇ ਇਸ ਕਥਿਤ ਚੀਨੀ ਪੇਸ਼ਕਸ਼ ਦਾ ਜ਼ਿਕਰ ਕੀਤਾ ਹੈ।

ਤਸਵੀਰ ਸਰੋਤ, Getty Images
ਫਿਫਥ ਜੈਨਰੇਸ਼ਨ ਸਟੈਲਥ ਲੜਾਕੂ ਜਹਾਜ਼ ਦੀ ਲੋੜ ਕਿਉਂ ਹੈ?
ਫਿਫਥ ਜੈਨਰੇਸ਼ਨ ਸਟੈਲਥ ਲੜਾਕੂ ਜਹਾਜ਼ਾਂ ਵਿੱਚ ਇੰਨਾ ਖ਼ਾਸ ਕੀ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਹਵਾਈ ਸੈਨਾ ਉਨ੍ਹਾਂ ਨੂੰ ਹਾਸਲ ਕਰਨ ਲਈ ਬੇਤਾਬ ਹਨ?
ਇਸ ਦੀ ਜਾਣਕਾਰੀ ਲੈਣ ਅਸੀਂ ਆਪਣੇ ਅਟਲਾਂਟਿਕ ਕਾਊਂਸਲ ਦੇ ਸੀਨੀਅਰ ਫੈਲੋ ਅਤੇ ਸਾਬਕਾ ਪੈਂਟਾਗਨ ਅਧਿਕਾਰੀ ਅਲੈਕਸ ਪਿਤਸਾਸ ਅਤੇ ਪਾਕਿਸਤਾਨ ਦੀ ਹਵਾਈ ਸੈਨਾ ਵਿੱਚ ਏਅਰਕ੍ਰਾਫਟ ਡਿਜ਼ਾਈਨ ਦੇ ਖੇਤਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰਨ ਵਾਲੇ ਏਅਰ ਕਮੋਡੋਰ ਰਜ਼ਾ ਹੈਦਰ (ਰਿਟਾਇਰਡ) ਨਾਲ ਗੱਲ ਕੀਤੀ।
ਏਅਰ ਕਮੋਡੋਰ ਰਜ਼ਾ ਹੈਦਰ ਸੈਂਟਰ ਫਾਰ ਏਅਰੋਸਪੇਸ ਐਂਡ ਸਕਿਉਰਿਟੀ ਸਟੱਡੀਜ਼ ਵਿੱਚ ਇਮਰਜਿੰਗ ਟੈਕਨੋਲਾਜੀਜ਼ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ 'ਇਸ ਵੇਲੇ ਦੁਨੀਆ ਵਿੱਚ ਸਿਰਫ਼ ਪੰਜ ਕਾਰਜਸ਼ੀਲ ਫਿਫਥ ਜੈਨਰੇਸ਼ਨ ਲੜਾਕੂ ਜਹਾਜ਼ ਹਨ ਅਤੇ ਇਹ ਅਮਰੀਕਾ, ਰੂਸ ਅਤੇ ਚੀਨ ਕੋਲ ਹਨ।
ਅਮਰੀਕਾ ਕੋਲ ਐੱਫ 22 ਰਾਪਟੋਰ ਅਤੇ ਐੱਫ 35 ਹਨ, ਰੂਸ ਕੋਲ ਫਿਫਥ ਜੈਨਰੇਸ਼ਨ ਦੇ ਜੈੱਟ ਐੱਸਯੂ 57 ਹਨ ਜਦੋਂ ਕਿ ਚੀਨ ਕੋਲ ਦੋ ਫਿਫਥ ਜੈਨਰੇਸ਼ਨ ਦੇ ਜਹਾਜ਼ ਵੀ ਹਨ ਜਿਨ੍ਹਾਂ ਵਿੱਚ ਜੇ 20 ਅਤੇ ਜੇ 35 ਸ਼ਾਮਲ ਹਨ।'
ਉਨ੍ਹਾਂ ਦੇ ਅਨੁਸਾਰ, "ਇਨ੍ਹਾਂ ਤੋਂ ਇਲਾਵਾ, ਆਧੁਨਿਕ ਜਹਾਜ਼ ਹਨ ਜੋ ਅਜੇ ਵੀ ਨਿਰਮਾਣ ਦੇ ਪੜਾਅ ਵਿੱਚ ਹਨ। ਇਨ੍ਹਾਂ ਵਿੱਚ ਬ੍ਰਿਟੇਨ, ਇਟਲੀ ਅਤੇ ਜਾਪਾਨ ਨਾਲ ਸਾਂਝੇਦਾਰੀ ਵਿੱਚ ਬਣਾਇਆ ਜਾਣ ਵਾਲਾ ਟੈਂਪੇਸਟ ਹੈ। ਫਰਾਂਸ, ਜਰਮਨੀ ਅਤੇ ਸਪੇਨ ਫਿਊਚਰ ਕੰਬੈਟ ਏਅਰ ਸਿਸਟਮ (ਐੱਫਸੀਏਐੱਸ) ਨਾਮਕ ਇੱਕ ਜਹਾਜ਼ ਬਣਾ ਰਹੇ ਹਨ ਅਤੇ ਤੁਰਕੀ ਕੇਏਏਐੱਨ ਨਾਮ ਦਾ ਜਹਾਜ਼ ਬਣਾਇਆ ਜਾ ਰਿਹਾ ਹੈ।"

ਤਸਵੀਰ ਸਰੋਤ, Getty Images
ਰੱਖਿਆ, ਏਰੋਸਪੇਸ ਅਤੇ ਉੱਚ-ਤਕਨੀਕੀ ਖੇਤਰ ਵਿੱਚ ਅੱਤਵਾਦ ਵਿਰੋਧੀ ਅਤੇ ਡਿਜੀਟਲ ਤਬਦੀਲੀਆਂ ਦੇ ਮਾਹਰ ਐਲੇਕਸ ਪਿਤਸਾਸ ਅਤੇ ਰਜ਼ਾ ਹੈਦਰ ਦੇ ਅਨੁਸਾਰ, ਫਿਫਥ ਜੈਨਰੇਸ਼ਨ ਲੜਾਕੂ ਜਹਾਜ਼ਾਂ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਸਟੈਲਥ ਵਿਸ਼ੇਸ਼ਤਾਵਾਂ ਭਾਵ ਇਹ ਇਸਦੇ ਡਿਜ਼ਾਈਨ ਕਾਰਨ ਰਡਾਰ 'ਤੇ ਦਿਖਾਈ ਨਹੀਂ ਦਿੰਦਾ।
- ਏਵੀਓਨਿਕਸ ਸੈਂਸਰ ਫਿਊਜ਼ਨ ਦਾ ਮਤਲਬ ਹੈ ਕਿ ਇਸਦੇ ਰਡਾਰ, ਨੈਵੀਗੇਸ਼ਨ ਅਤੇ ਫਾਇਰ ਕੰਟਰੋਲ ਸਿਸਟਮ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ, ਜੋ ਪਾਇਲਟ ਦੀ ਸਥਿਤੀ ਸੰਬੰਧੀ ਜਾਗਰੂਕਤਾ ਨੂੰ ਬਿਹਤਰ ਹੁੰਦੀ ਹੈ।
- ਸੁਪਰ ਕਰੂਜ਼ ਦਾ ਮਤਲਬ ਹੈ ਕਿ ਜੇਕਰ ਤੁਸੀਂ ਸੁਪਰਸੋਨਿਕ ਉਡਾਣ ਭਰ ਰਹੇ ਹੋ, ਤਾਂ ਤੁਸੀਂ ਬਹੁਤ ਘੱਟ ਈਂਧਨ ਦੀ ਵਰਤੋਂ ਕਰ ਰਹੇ ਹੁੰਦੇ ਹੋ। ਇਹ ਜਹਾਜ਼ ਨੂੰ ਲੰਬੇ ਸਮੇਂ ਲਈ ਹਵਾ ਵਿੱਚ ਰੱਖ ਸਕਦਾ ਹੈ ਅਤੇ ਇਸਦੀ ਰੇਂਜ ਵਧ ਜਾਂਦੀ ਹੈ।
- ਨੈੱਟਵਰਕ ਸੈਂਟਰ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਸਾਰੇ ਸਿਸਟਮਾਂ ਨਾਲ ਜੁੜੇ ਹੋਏ ਹੁੰਦੇ ਹੋ ਜੋ ਜ਼ਮੀਨ 'ਤੇ ਹਨ ਜਿਵੇਂ ਕਿ ਰਡਾਰ ਜਾਂ ਹਵਾ ਵਿੱਚ ਜਿਵੇਂ ਕਿ ਏਅਰਬੋਰਨ ਅਰਲੀ ਵਾਰਨਿੰਗ ਸਿਸਟਮ (ਏਈਡਬਲਿਊਐੱਸ) ਜਾਂ ਯੂਏਵੀ ਅਤੇ ਡਰੋਨਜ਼।

ਕਿਹੜੀਆਂ ਗੱਲਾਂ ਇੱਕ ਜਹਾਜ਼ ਨੂੰ ਫਿਫਥ ਜੈਨਰੇਸ਼ਨ ਅਤੇ ਸਟੈਲਥ ਬਣਾਉਂਦੀਆਂ ਹਨ?
ਯਾਦ ਰੱਖੋ ਕਿ ਹਵਾ ਵਿੱਚ ਬਚਾਅ ਦੀ ਲੜਾਈ ਵਿੱਚ ਕਿਸੇ ਵੀ ਲੜਾਕੂ ਜਹਾਜ਼ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਇਸਦੀ 'ਸਟੈਲਥ' ਸਮਰੱਥਾ ਮੰਨੀ ਜਾਂਦੀ ਹੈ, ਯਾਨੀ ਕਿ ਰਾਡਾਰ 'ਤੇ ਘੱਟ ਤੋਂ ਘੱਟ ਦਿਖਾਈ ਦੇਣਾ।
ਸਟੈਲਥ ਤਕਨਾਲੋਜੀ ਲੜਾਕੂ ਅਤੇ ਬੰਬ ਸੁੱਟਣ ਵਾਲੇ ਜਹਾਜ਼ਾਂ ਲਈ ਸਿਰਫ਼ ਇੱਕ ਹੋਰ ਵਾਧੂ ਵਿਸ਼ੇਸ਼ਤਾ ਫੀਚਰ ਨਹੀਂ ਬਲਕਿ ਲਾਜ਼ਮੀ ਲੋੜ ਬਣ ਗਈ ਹੈ।
ਐਲੇਕਸ ਪਿਤਸਾਸ ਦੇ ਅਨੁਸਾਰ, 'ਸਟੈਲਥ ਤਕਨਾਲੋਜੀ' ਜਹਾਜ਼ ਦੇ ਰਡਾਰ ਕਰਾਸ-ਸੈਕਸ਼ਨ ਅਤੇ ਥਰਮਲ ਡਿਟੈਕਸ਼ਨ ਨੂੰ ਘਟ ਕਰ ਦਿੰਦੀ ਹੈ, ਜਿਸ ਨਾਲ ਜਹਾਜ਼ ਦੀ ਮੌਜੂਦਗੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਜਹਾਜ਼ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਵਿੱਚ ਜਹਾਜ਼ ਦੀ ਪੂਰੀ ਤਸਵੀਰ ਰਡਾਰ 'ਤੇ ਵਾਪਸ ਨਹੀਂ ਆਉਂਦੀ ਅਤੇ ਰਡਾਰ ਸਿਸਟਮ ਲਈ ਜਹਾਜ਼ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ।"
ਪਿਤਸਾਸ ਦੇ ਅਨੁਸਾਰ, ਨਵਾਂ ਇੰਜਣ ਡਿਜ਼ਾਈਨ ਕੂਲਿੰਗ ਸਿਸਟਮ, ਐਗਜ਼ੌਸਟ ਅਤੇ ਅੰਦਰੂਨੀ ਹਥਿਆਰਾਂ ਦੇ ਰੱਖਣ ਦੀ ਥਾਂ ਦੇ ਹਟੀ ਸਿਗਨੇਚਰ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਥਰਮਲ ਟੈਕਨੋਲਾਜੀ ਰਾਹੀਂ ਉਸ ਨੂੰ ਪਛਾਨਣਾ ਮੁਸ਼ਕਲ ਹੋ ਜਾਂਦਾ ਹੈ।
ਉਹ ਕਹਿੰਦੇ ਹਨ ਇਹ ਸਾਰੀਆਂ ਵਿਸ਼ੇਸ਼ਤਾਵਾਂ ਜਿਵੇਂ ਸਟੈਲਥ ਟੈਕਨੋਲਾਜੀ, ਆਧੁਨਿਕ ਗਤੀਸ਼ੀਲਤਾ ਅਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਮਿਲ ਕੇ ਫਿਫਥ ਜੈਨਰੇਸ਼ਨ ਦੇ ਲੜਾਕੂ ਜਹਾਜ਼ਾਂ ਨੂੰ ਬੇਹੱਦ ਖ਼ਤਰਨਾਕ ਬਣਾ ਦਿੰਦੇ ਹਨ, ਜਿਨ੍ਹਾਂ ਨੇ ਤਲਾਸ਼ ਕਰਨਾ ਅਤੇ ਨਿਸ਼ਾਨਾ ਬਣਾਉਣਾ ਆਧੁਨਿਕ ਟੈਕਨੋਲਾਜੀ ਲਈ ਵੀ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ।
ਇਸ ਬਾਰੇ ਕਮੋਡੋਰ ਰਜ਼ਾ ਹੈਦਰ ਕਹਿੰਦੇ ਹਨ ਕਿ ਫਿਫਥ ਜੈਨਰੇਸ਼ਨ ਜਹਾਜ਼ਾਂ ਦੇ ਹਥਿਆਰ ਅਤੇ ਫਿਊਲ ਟੈਂਕ ਤੁਹਾਨੂੰ ਬਾਹਰ ਦਿਖਾਈ ਨਹੀਂ ਦਿੰਦੇ ਕਿਉਂਕਿ ਇਨ੍ਹਾਂ ਦੀ ਥਾਂ ਅੰਦਰੂਨੀ ਹੁੰਦੀ ਹੈ। ਜੇਕਰ ਇਹ ਬਾਹਰ ਹੋਣਗੇ ਤਾਂ ਇਹ ਵਿਊਜ਼ ਨੂੰ ਰਿਫਲੈਕਟ ਕਰ ਦੇਣਗੇ।
ਇਸ ਤੋਂ ਇਲਾਵਾ, ਇਹ ਜਹਾਜ਼ ਰਾਡਾਰ ਓਬਜ਼ੋਰਬੇਟ ਮਟੀਰੀਅਲ ਨਾਲ ਬਣਾਇਆ ਜਾਂਦਾ ਹੈ। ਇਸ ਵਿੱਚ ਮੈਟਲ ਅਤੇ ਕੰਪੋਜ਼ਿਟ ਦੀਆਂ ਵੱਖ-ਵੱਖ ਕਿਸਮਾਂ ਹਨ, ਜਿਨ੍ਹਾਂ ਵਿੱਚ ਰਡਾਰ ਓਬਜ਼ੋਰਬੇਟ ਸਮਰੱਥਾ ਹੁੰਦੀ ਹੈ।
ਇਸ ʼਤੇ ਇੱਕ ਖ਼ਾਸ ਤਰ੍ਹਾਂ ਦਾ ਪੇਂਟ ਕੀਤਾ ਜਾਂਦਾ ਹੈ ਜੋ ਰਡਾਰ ਦੇ ਵਿਊਜ਼ ਨੂੰ ਸੋਖ ਲੈਂਦਾ ਹੈ ਅਤੇ ਰਿਫਲੈਕਟ ਨਹੀਂ ਹੋਣ ਦਿੰਦਾ।
"ਜੇਕਰ ਤਕਨੀਕੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਇਨ੍ਹਾਂ ਜਹਾਜ਼ਾਂ ਦਾ ਰਡਾਰ ਕਰਾਸ ਸੈਕਸ਼ਨ ਬਹੁਤ ਘੱਟ ਹੁੰਦਾ ਹੈ ਜਿਸ ਵਿੱਚ ਇਹ ਰਡਾਰ ʼਤੇ ਦਿਖਾਈ ਨਹੀਂ ਦਿੰਦੇ।"

ਤਸਵੀਰ ਸਰੋਤ, Getty Images
ਫਿਫਥ ਜੈਨਰੇਸ਼ਨ ਫਾਈਟਰ ਦੇ ਆਉਣ ਨਾਲ ਕੀ ਫਾਇਦਾ ਹੋਵੇਗਾ?
ਏਅਰ ਕਮੋਡੋਰ ਰਜ਼ਾ ਹੈਦਰ ਨੇ ਦੱਸਿਆ ਕਿ ਇਹ ਇੱਕ ਪਾਇਲਟ ਨੂੰ ਫਰਸਟ ਲੁਕ, ਫਰਸਟ ਸ਼ੌਟ, ਫਰਸਟ ਕਿਲ' ਦੀ ਸਮਰੱਥਾ ਦਿੰਦਾ ਹੈ।
"ਭਾਵ, ਜੇਕਰ ਦੂਜੇ ਜਹਾਜ਼ ਮੈਨੂੰ ਰਡਾਰ 'ਤੇ ਨਹੀਂ ਦੇਖ ਸਕਦੇ, ਤਾਂ ਮੇਰੇ ਕੋਲ ਇਸ ਨੂੰ ਪਹਿਲਾਂ ਦੇਖਣ ਅਤੇ ਹਮਲਾ ਕਰਨ ਅਤੇ ਇਸ ਨੂੰ ਮਾਰ ਸੁੱਟਣ ਦੀ ਸਮਰੱਥਾ ਹੋਵੇਗੀ।"
ਇਹ ਸਮਰੱਥਾ ਕੁਝ ਸਕਿੰਟਾਂ ਵਿੱਚ ਬਦਲਦੇ ਹਵਾਈ ਯੁੱਧ ਦੀ ਸਥਿਤੀ ਵਿੱਚ ਇੱਕ ਅਜਿਹੀ ਸਮਰੱਥਾ ਹੈ ਜੋ ਇੱਕ ਹਵਾਈ ਸੈਨਾ ਨੂੰ ਆਪਣੇ ਵਿਰੋਧੀ ਉੱਤੇ ਇੱਕ ਵਾਧਾ ਦਿਵਾ ਸਕਦੀ ਹੈ। ਕਿਉਂਕਿ ਮਾਹਰਾਂ ਦੇ ਅਨੁਸਾਰ, ਆਉਣ ਵਾਲੀਆਂ ਜੰਗਾਂ ਵਿੱਚ ਫਾਇਦਾ ਬਹੁਤ ਮਹੱਤਵਪੂਰਨ ਹੋਵੇਗਾ, ਇਸ ਲਈ ਉਨ੍ਹਾਂ ਦੀ ਮਹੱਤਤਾ ਵੀ ਵੱਧ ਜਾਂਦੀ ਹੈ।
ਰਜ਼ਾ ਹੈਦਰ ਕਹਿੰਦੇ ਹਨ ਕਿ ਦੂਜਾ ਫਾਇਦਾ ਇਹ ਹੈ ਕਿ ਜਹਾਜ਼ ਦੇ ਬਚਣ ਦੀ ਸੰਭਾਵਨਾ "ਇਸ ਲਈ ਵਧ ਜਾਂਦੀ ਹੈ ਕਿਉਂਕਿ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਵੀ ਇਸਨੂੰ ਨਹੀਂ ਦੇਖ ਸਕਦੀ।"
ਸਟੈਲਥ ਤਕਨਾਲੋਜੀ ਦੀ ਲੋੜ ਕਿਉਂ ਪਈ?
ਮਸ਼ਹੂਰ ਰੱਖਿਆ ਵਿਸ਼ਲੇਸ਼ਕ ਕਾਇਲ ਮਿਜ਼ੁਕਾਮੀ 'ਸਰਵਾਈਵਲ ਇਨ ਦਿ ਸਕਾਈ, ਸਟੋਰੀ ਆਫ ਸਟੈਲਥ ਤਕਨਾਲੋਜੀ' ਵਿੱਚ ਲਿਖਦੇ ਹਨ, "1960 ਦੇ ਦਹਾਕੇ ਵਿੱਚ, ਦੁਨੀਆ ਭਰ ਦੇ ਦੇਸ਼ਾਂ ਨੇ ਆਧੁਨਿਕ ਅਤੇ ਏਕੀਕ੍ਰਿਤ ਹਵਾਈ ਰੱਖਿਆ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ।"
"ਜ਼ਮੀਨ ਅਤੇ ਹਵਾ ਵਿੱਚ ਰਡਾਰ ਪ੍ਰਣਾਲੀਆਂ ਕੇਂਦਰੀ ਕਮਾਂਡ ਅਤੇ ਨਿਯੰਤਰਣ ਨਾਲ ਜੁੜੀਆਂ ਹੋਈਆਂ ਸਨ। ਇੱਥੋਂ, ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਮਿਜ਼ਾਈਲ ਪ੍ਰਣਾਲੀਆਂ ਅਤੇ ਲੜਾਕੂ ਜਹਾਜ਼ਾਂ ਨੂੰ ਤੁਰੰਤ ਨਿਰਦੇਸ਼ ਦਿੱਤੇ ਜਾ ਸਕਦੇ ਸਨ।"
ਉਹ ਲਿਖਦੇ ਹਨ ਕਿ ਵੀਅਤਨਾਮ, ਪੱਛਮ ਏਸ਼ੀਆ ਅਤੇ ਪੱਛਮੀ ਯੂਰਪ ਵਿੱਚ ਇਸ ਪ੍ਰਣਾਲੀ ਨੂੰ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ। ਇਸ ਵਿੱਚ ਕਿਸੇ ਵੀ ਹਮਲਾਵਰ ਬੰਬਾਰੀ ਜਹਾਜ਼ ਨੂੰ ਤਬਾਹ ਕਰਨ ਦੀ ਸਮਰੱਥਾ ਸੀ।
ਉਨ੍ਹਾਂ ਅਨੁਸਾਰ, "ਇਸ ਬਦਲਦੀ ਸਥਿਤੀ ਨੇ ਹਵਾਈ ਸੈਨਾਵਾਂ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ। ਨਵੇਂ ਤਰੀਕੇ ਹੋਂਦ ਵਿੱਚ ਆਏ। ਜਿਵੇਂ ਕਿ ਹਵਾਈ ਕਮਾਂਡ ਅਤੇ ਕੰਟਰੋਲ, ਇਲੈਕਟ੍ਰਾਨਿਕ ਯੁੱਧ, ਹਵਾਈ ਰੱਖਿਆ ਨੂੰ ਬੇਅਸਰ ਕਰਨ ਲਈ ਕਾਰਵਾਈਆਂ, ਆਦਿ ਤਾਂ ਜੋ ਘੱਟ ਦੁਸ਼ਮਣ ਜਹਾਜ਼ ਰੱਖਿਆ ਲਾਈਨ ਵਿੱਚ ਦਾਖਲ ਹੋ ਸਕਣ ਅਤੇ ਆਪਣੇ ਨਿਸ਼ਾਨਿਆਂ ਤੱਕ ਪਹੁੰਚ ਸਕਣ।"
"ਪਰ ਇਨ੍ਹਾਂ ਸਾਰੀਆਂ ਰਣਨੀਤੀਆਂ ਦੇ ਬਾਵਜੂਦ, ਇਹ ਮਿਸ਼ਨ ਬਹੁਤ ਖ਼ਤਰਨਾਕ ਸਨ। ਦਰਜਨਾਂ ਜਹਾਜ਼ ਅਤੇ ਉਨ੍ਹਾਂ ਦੇ ਪਾਇਲਟ ਲਗਾਤਾਰ ਖ਼ਤਰੇ ਵਿੱਚ ਸਨ।"
ਕਾਇਲ ਮਿਜ਼ੁਕਾਮੀ ਦੇ ਅਨੁਸਾਰ, ਇਨ੍ਹਾਂ ਗੱਲਾਂ ਨੇ ਫੌਜੀ ਰਣਨੀਤੀਕਾਰਾਂ ਅਤੇ ਏਰੋਸਪੇਸ ਇੰਜੀਨੀਅਰਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਕੀ ਹੋਵੇਗਾ ਜੇਕਰ ਕੋਈ ਜਹਾਜ਼ ਦੁਸ਼ਮਣ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਰਡਾਰ 'ਤੇ ਦਿਖਾਈ ਨਹੀਂ ਦਿੰਦਾ?
ਮਿਜ਼ੁਕਾਮੀ ਦੱਸਦੇ ਹਨ, "ਅਜਿਹੀ ਸਥਿਤੀ ਵਿੱਚ, ਇੱਕ ਦਰਜਨ ਜਹਾਜ਼ਾਂ ਨੂੰ ਇਕੱਠੇ ਇੱਕ ਨਿਸ਼ਾਨੇ 'ਤੇ ਹਮਲਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਬੰਬ ਲੈ ਕੇ ਜਾਣ ਵਾਲਾ ਸਿਰਫ਼ ਇੱਕ ਜਹਾਜ਼ ਹੋਣਾ ਚਾਹੀਦਾ ਹੈ, ਜੋ ਚੁੱਪਚਾਪ ਦੁਸ਼ਮਣ ਦੇ ਗੁੰਝਲਦਾਰ ਰੱਖਿਆ ਪ੍ਰਣਾਲੀ ਵਿੱਚ ਦਾਖ਼ਲ ਹੋ ਕੇ, ਆਪਣੇ ਨਿਸ਼ਾਨੇ ਨੂੰ ਮਾਰੇ ਅਤੇ ਸੁਰੱਖਿਅਤ ਢੰਗ ਨਾਲ ਵਾਪਸ ਆ ਜਾਵੇ।"
ਉਹ ਲਿਖਦੇ ਹਨ, "ਜੇਕਰ ਇੱਕ ਜਹਾਜ਼ ਦੀ ਰਡਾਰ ਖੋਜ ਰੇਂਜ 100 ਮੀਲ ਤੋਂ ਘੱਟ ਕੇ ਸਿਰਫ਼ 20 ਮੀਲ ਰਹਿ ਜਾਂਦੀ ਹੈ, ਤਾਂ ਸਟੈਲਥ ਜਹਾਜ਼ ਦੁਸ਼ਮਣ ਦੇ ਰਡਾਰ ਪ੍ਰਣਾਲੀ ਵਿੱਚੋਂ ਚੁੱਪਚਾਪ ਲੰਘ ਸਕਦਾ ਹੈ ਅਤੇ ਦੁਸ਼ਮਣ ਨੂੰ ਕੋਈ ਜਾਣਕਾਰੀ ਨਹੀਂ ਮਿਲੇਗੀ।"

ਧਿਆਨ ਰਹੇ ਕਿ 1960 ਦੇ ਦਹਾਕੇ ਵਿੱਚ, ਇੱਕ ਸੋਵੀਅਤ ਵਿਗਿਆਨੀ ਪਯੋਤਰ ਉਫਿਮਤਸੇਵ ਨੇ ਇੱਕ ਜਹਾਜ਼ ਦਾ ਮਾਡਲ ਬਣਾਇਆ ਸੀ ਜਿਸ ਨਾਲ ਇਹ ਅਨੁਮਾਨ ਲਗਾਉਣਾ ਸੰਭਵ ਹੋ ਗਿਆ ਸੀ ਕਿ ਜਦੋਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੋ-ਅਯਾਮੀ ਜਾਂ ਤਿੰਨ-ਅਯਾਮੀ ਸਤਹਾਂ ਨਾਲ ਟਕਰਾਉਂਦੀਆਂ ਹਨ ਤਾਂ ਉਹ ਕਿਸ ਕੋਣ ਅਤੇ ਤੀਬਰਤਾ 'ਤੇ ਖਿੰਡ ਜਾਣਗੀਆਂ।
ਹਾਲਾਂਕਿ ਇਹ ਖੋਜ ਸੋਵੀਅਤ ਯੂਨੀਅਨ ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਖ਼ਾਸ ਧਿਆਨ ਨਹੀਂ ਦਿੱਤਾ ਗਿਆ।
ਬਾਅਦ ਵਿੱਚ, ਅਮਰੀਕੀ ਰੱਖਿਆ ਕੰਪਨੀ ਲੌਕਹੀਡ ਦੀ ਨਜ਼ਰ ਉਸ ਖੋਜ ʼਤੇ ਪਈ ਅਤੇ ਉਨ੍ਹਾਂ ਨੇ ਉਫਿਮਤਸੇਵ ਦੇ ਕੰਮ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾਇਆ ਅਤੇ ਇਹ ਖੋਜ ਆਧੁਨਿਕ ਸਟੈਲਥ ਤਕਨਾਲੋਜੀ ਦਾ ਆਧਾਰ ਬਣ ਗਈ।
ਕਾਇਲ ਮਿਜ਼ੁਕਾਮੀ ਲਿਖਦੇ ਹਨ ਕਿ ਲੌਕਹੀਡ ਨੇ ਇਸ ਖੋਜ ਦੀ ਪੂਰੀ ਵਰਤੋਂ ਕੀਤੀ ਕਿਉਂਕਿ ਇਸ ਨਾਲ ਇਹ ਸਾਬਿਤ ਹੋਇਆ ਕਿ ਜਹਾਜ਼ ਦੀ ਖ਼ਾਸ ਬਣਾਵਟ ਰਡਾਰ ʼਤੇ ਉਸ ਦੇ ਸਿਗਨੇਚਰ ਨੂੰ ਘੱਟ ਕਰ ਸਕਦੀ ਹੈ।
ਜਹਾਜ਼ ਦੇ ਹਰ ਵੱਡੇ ਹਿੱਸੇ ਜਿਵੇਂ ਕਿ ਅਗਲਾ ਹਿੱਸਾ, ਬੌਡੀ, ਖੰਭ, ਕਾਕਪਿਟ, ਫਲੈਪਸ ਆਦਿ ਦੀ ਜਾਂਚ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਨੂੰ ਰਡਾਰ ਕਰਾਸ ਸੈਕਸ਼ਨ ਵਜੋਂ ਸਮਝਿਆ ਗਿਆ।
ਕਾਇਲ ਮਿਜ਼ੁਕਾਮੀ ਲਿਖਦੇ ਹਨ, "ਉਹ ਹਵਾਈ ਜਹਾਜ਼ ਜਿਨ੍ਹਾਂ ਦੇ ਹਿੱਸੇ ਵੱਡੇ ਅਤੇ ਚੌੜੇ ਹੁੰਦੇ ਹਨ ਜਿਵੇਂ ਕਿ ਬੀ-52 ਬੰਬਵਰਸ਼ਕ, ਜਾਂ ਜਿਨ੍ਹਾਂ ਦੇ ਪਿੱਛੇ ਖੜ੍ਹੇ ਖੰਭ ਹੁੰਦੇ ਹਨ, ਜਿਵੇਂ ਕਿ ਐੱਫ-111, ਉਹ ਰਡਾਰ ਵਿਊਜ਼ ਨੂੰ ਜ਼ਿਆਦਾ ਵਾਪਸ ਭੇਜਦੇ ਹਨ ਅਤੇ ਵਧੇਰੇ ਆਸਾਨੀ ਨਜ਼ਰ ਆਉਂਦੇ ਹਨ।"
"ਇੱਥੋਂ ਤੱਕ ਕਿ ਬੰਬ, ਮਿਜ਼ਾਈਲਾਂ, ਜਾਂ ਬਾਲਣ ਟੈਂਕ ਵਰਗੇ ਬਾਹਰ ਲੱਗੇ ਉਪਕਰਣ ਵੀ ਰਡਾਰ ਤਰੰਗਾਂ ਨੂੰ ਵਾਪਸ ਭੇਜਦੇ ਹਨ। ਰਡਾਰ ਤੋਂ ਬਚਣ ਜਾਂ ਸਟੈਲਥ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਪਹਿਲਾ ਜਹਾਜ਼ ਹੈਵ ਬਲੂ ਸੀ। ਇਸ ਨੂੰ ਲੌਕਹੀਡ ਮਾਰਟਿਨ ਨੇ ਤਿਆਰ ਕੀਤਾ ਅਤੇ ਇਹ ਆਪਣੀ ਬਣਾਵਟ ਦੇ ਹਿਸਾਬ ਨਾਲ ਬਣਨ ਵਾਲੇ ਸਾਰੇ ਜਹਾਜ਼ਾਂ ਤੋਂ ਵੱਖ ਸੀ।"
ਇਸ ਤੋਂ ਬਾਅਦ, ਐੱਫ-117 ਜਹਾਜ਼ ਵਿਕਸਤ ਕੀਤਾ ਗਿਆ ਜਿਸਦੀ ਵਰਤੋਂ ਅਮਰੀਕੀ ਹਵਾਈ ਸੈਨਾ ਦੁਆਰਾ ਕਈ ਮਿਸ਼ਨਾਂ ਵਿੱਚ ਕੀਤੀ ਗਈ ਅਤੇ ਇਹ ਇਕਲੌਤਾ ਸਟੈਲਥ ਲੜਾਕੂ ਜਹਾਜ਼ ਵੀ ਹੈ ਜਿਸ ਨੂੰ 1999 ਵਿੱਚ ਯੂਗੋਸਲਾਵੀਆ ਯੁੱਧ ਦੌਰਾਨ ਸਰਬੀਆ ਦੇ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਮਾਰ ਸੁੱਟਿਆ ਗਿਆ ਸੀ।
ਭਵਿੱਖ ਵਿੱਚ ਹਵਾਈ ਯੁੱਧ ਕਿਵੇਂ ਹੋਵੇਗਾ?
ਏਅਰ ਕਮੋਡੋਰ ਰਜ਼ਾ ਹੈਦਰ ਦੇ ਅਨੁਸਾਰ, "ਅੱਜ ਦੇ ਹਵਾਈ ਯੁੱਧ ਵਿੱਚ, ਜਹਾਜ਼ ਸਭ ਕੁਝ ਨਹੀਂ ਹੈ ਪਰ ਇਹ ਪੂਰੀ ਜੰਗ ਦਾ ਇੱਕ ਹਿੱਸਾ ਹੈ। ਮਲਟੀ-ਡੋਮੇਨ ਓਪਰੇਸ਼ਨਾਂ ਵਿੱਚ, ਕਈ ਹੋਰ ਪ੍ਰਣਾਲੀਆਂ ਇਕੱਠੇ ਕੰਮ ਕਰ ਰਹੀਆਂ ਹਨ, ਜਿਸ ਕਾਰਨ ਭਵਿੱਖ ਵਿੱਚ, ਜਹਾਜ਼ ਦੇ ਆਧੁਨਿਕੀਕਰਨ ਦੇ ਨਾਲ, ਹੋਰ ਸਹਾਇਕ ਪ੍ਰਣਾਲੀਆਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ।"
ਉਨ੍ਹਾਂ ਨੇ ਆਧੁਨਿਕ ਹਵਾਈ ਯੁੱਧ ਦੀ ਉਦਾਹਰਣ ਦਿੰਦੇ ਹੋਏ ਕਿਹਾ, "ਇਸ ਵਿੱਚ ਇੱਕ ਕੋਲੈਬੋਰੇਟਿਵ ਕੌਂਬੈਕਟ ਏਅਰਕ੍ਰਾਫਟ ਲਾਇਲ ਵਿੰਗਮੈਨ ਕਾਨਸੈਪਟ ਹੈ। ਇਸ ਵਿੱਚ, ਜਹਾਜ਼ ਦੇ ਨਾਲ ਸਟੈਲਥ ਡਰੋਨ ਹਨ ਜੋ ਇੱਕ ਢਾਲ ਵਜੋਂ ਕੰਮ ਕਰਦੇ ਹਨ ਅਤੇ ਜੇਕਰ ਕੋਈ ਮਿਜ਼ਾਈਲ ਜਹਾਜ਼ ਵੱਲ ਚਲਾਈ ਜਾਂਦੀ ਹੈ, ਤਾਂ ਇਹ ਡਰੋਨ ਇਸ ਦੇ ਰਸਤੇ ਵਿੱਚ ਆਉਂਦੇ ਹਨ ਅਤੇ ਜਹਾਜ਼ ਨੂੰ ਬਚਾਉਂਦੇ ਹਨ।"
ਰਜ਼ਾ ਹੈਦਰ ਦੇ ਅਨੁਸਾਰ, "ਦੋ ਤੋਂ ਅੱਠ ਡਰੋਨ ਇੱਕ ਪਾਇਲਟ ਦੇ ਨਾਲ ਹੁੰਦੇ ਹਨ ਅਤੇ ਉਹ ਪਾਇਲਟ ਨੂੰ ਜਾਣਕਾਰੀ ਵੀ ਦੇ ਰਹੇ ਹੁੰਦੇ ਹਨ। ਇਸੇ ਤਰ੍ਹਾਂ, ਮਿਜ਼ਾਈਲ ਦੀ ਰੇਂਜ ਵਧਦੀ ਜਾ ਰਹੀ ਹੈ, ਉਨ੍ਹਾਂ ਵਿੱਚ ਬਦਲਾਅ ਆ ਰਹੇ ਹਨ ਅਤੇ ਸਮੇਂ ਦੇ ਨਾਲ ਇਹ ਹਵਾਈ ਯੁੱਧ ਹੁਣ ਏਅਰੋਸਪੇਸ ਯੁੱਧ ਵੱਲ ਵਧ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












