'ਨਕਲੀ ਬੌਸ, ਨਕਲੀ ਦਫ਼ਤਰ', ਇੱਥੇ ਖ਼ੁਦ ਪੈਸੇ ਦੇ ਕੇ ਕੰਮ ਕਰਨ ਦਾ 'ਦਿਖਾਵਾ' ਕਿਉਂ ਕਰ ਰਹੇ ਹਨ ਨੌਜਵਾਨ

    • ਲੇਖਕ, ਸਿਲਵੀਆ ਚਾਂਗ
    • ਰੋਲ, ਬੀਬੀਸੀ ਨਿਊਜ਼, ਹਾਂਗਕਾਂਗ

ਕੋਈ ਵੀ ਬਿਨ੍ਹਾਂ ਤਨਖ਼ਾਹ ਦੇ ਕੰਮ ਨਹੀਂ ਕਰਨਾ ਚਾਹੇਗਾ ਅਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕੰਮ ਕਰਨ ਲਈ ਆਪਣੇ ਬੌਸ ਨੂੰ ਪੈਸੇ ਦੇਣੇ ਪੈਣ।

ਪਰ ਚੀਨ ਵਿੱਚ ਨੌਜਵਾਨਾਂ ਅਤੇ ਬੇਰੁਜ਼ਗਾਰ ਲੋਕਾਂ ਵਿੱਚ ਕੰਪਨੀਆਂ ਨੂੰ ਪੈਸੇ ਦੇਣਾ ਅਤੇ ਉਨ੍ਹਾਂ ਲਈ ਕੰਮ ਕਰਨ ਦਾ ਦਿਖਾਵਾ ਕਰਨ ਦਾ ਚਲਨ ਆਮ ਹੋ ਗਿਆ ਹੈ। ਅਜਿਹੀਆਂ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ਵੀ ਵੱਧ ਰਹੀ ਹੈ।

ਚੀਨ ਦੀ ਸੁਸਤ ਆਰਥਿਕਤਾ ਅਤੇ ਨੌਕਰੀ ਬਾਜ਼ਾਰ ਦੇ ਵਿਚਕਾਰ ਇਹ ਰੁਝਾਨ ਵਧਿਆ ਹੈ।

ਅਸਲ ਨੌਕਰੀਆਂ ਲੱਭਣਾ ਔਖਾ ਹੋ ਗਿਆ ਹੈ, ਇਸ ਲਈ ਕੁਝ ਲੋਕਾਂ ਨੂੰ ਘਰ ਬੈਠਣ ਦੀ ਬਜਾਇ ਭੁਗਤਾਨ ਕਰਨਾ ਅਤੇ ਦਫ਼ਤਰ ਜਾਣਾ ਬਿਹਤਰ ਲੱਗਦਾ ਹੈ।

30 ਸਾਲਾ ਸ਼ੂਈ ਝੌਅ ਦਾ ਭੋਜਨ ਕਾਰੋਬਾਰ ਪਿਛਲੇ ਸਾਲ ਅਸਫਲ ਹੋ ਗਿਆ ਸੀ। ਉਨ੍ਹਾਂ ਨੇ ਹਾਂਗਕਾਂਗ ਤੋਂ 114 ਕਿਲੋਮੀਟਰ ਉੱਤਰ ਵਿੱਚ ਡੋਂਗਗੁਆਨ ਸ਼ਹਿਰ ਵਿੱਚ 'ਪ੍ਰੀਟੈਂਡ ਟੂ ਵਰਕ' (ਇੱਕ ਜਾਅਲੀ ਦਫ਼ਤਰ ਚਲਾਉਣ ਵਾਲੀ ਇੱਕ ਨਕਲੀ ਕੰਮ ਕਰਨ ਵਾਲੀ ਕੰਪਨੀ) ਨੂੰ 30 ਯੂਆਨ ਪ੍ਰਤੀ ਦਿਨ ਦੇਣਾ ਸ਼ੁਰੂ ਕਰ ਦਿੱਤਾ।

ਉੱਥੇ ਸ਼ੂਈ ਪੰਜ 'ਸਹਿਕਰਮੀਆਂ' ਨਾਲ ਬੈਠਦੇ ਹਨ।

ਸ਼ੂਈ ਕਹਿੰਦੇ ਹਨ,"ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।"

"ਇਹ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਇੱਕ ਗਰੁੱਪ ਦੇ ਰੂਪ ਵਿੱਚ ਇਕੱਠੇ ਕੰਮ ਕਰ ਰਹੇ ਹਾਂ।"

ਅਜਿਹੇ ਨਕਲੀ ਦਫ਼ਤਰ ਹੁਣ ਚੀਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਖੁੱਲ੍ਹ ਰਹੇ ਹਨ। ਇਨ੍ਹਾਂ ਵਿੱਚ ਸ਼ੇਨਜ਼ੇਨ, ਸ਼ੰਘਾਈ, ਨਾਨਜਿੰਗ, ਵੁਹਾਨ, ਚੇਂਗਦੂ ਅਤੇ ਕੁਨਮਿੰਗ ਵਰਗੇ ਸ਼ਹਿਰ ਸ਼ਾਮਲ ਹਨ।

ਅਕਸਰ ਇਹ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਦਫ਼ਤਰਾਂ ਵਾਂਗ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰ, ਇੰਟਰਨੈੱਟ ਕਨੈਕਸ਼ਨ, ਮੀਟਿੰਗ ਰੂਮ ਅਤੇ ਚਾਹ-ਕਾਫੀ ਰੂਮ ਵੀ ਹੁੰਦੇ ਹਨ।

ਇਨ੍ਹਾਂ ਦਫਤਰਾਂ ਵਿੱਚ ਬੈਠ ਕੇ ਸਮਾਂ ਬਿਤਾਉਣ ਦੀ ਬਜਾਇ ਇੱਥੇ ਆਉਣ ਵਾਲੇ ਲੋਕ ਕੰਪਿਊਟਰਾਂ ਦੀ ਵਰਤੋਂ ਨੌਕਰੀ ਲੱਭਣ ਜਾਂ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਵੀ ਕਰ ਸਕਦੇ ਹਨ।

ਇਸਦੇ ਲਈ ਉਹ ਰੋਜ਼ਾਨਾ 30 ਤੋਂ 50 ਯੂਆਨ ਖ਼ਰਚ ਕਰਦੇ ਹਨ। ਕਈ ਵਾਰ ਇਸ ਫੀਸ ਵਿੱਚ ਦੁਪਹਿਰ ਦਾ ਖਾਣਾ, ਸਨੈਕਸ ਅਤੇ ਕੁਝ ਪੀਣ ਦਾ ਸਮਾਨ ਵੀ ਦਿੱਤਾ ਜਾਂਦਾ ਹੈ।

ਕਿਉਂ ਵਧੇ 'ਪ੍ਰੀਟੈਂਡ ਟੂ ਵਰਕ' ਦਫ਼ਤਰ

ਅਜਿਹੇ ਦਫ਼ਤਰਾਂ ਦੀ ਪ੍ਰਸਿੱਧੀ ਉਸ ਸਮੇਂ ਵਧੀ ਹੈ ਜਦੋਂ ਚੀਨ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 14 ਫ਼ੀਸਦ ਤੋਂ ਉੱਪਰ ਹੈ।

ਇਸਦਾ ਮਤਲਬ ਹੈ ਕਿ ਚੰਗੀਆਂ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਣ ਵਾਲੇ ਲੋਕ ਵੀ ਨੌਕਰੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ ।

ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਨੌਕਰੀ ਬਾਜ਼ਾਰ ਵਿੱਚ ਦਾਖ਼ਲ ਹੋਣ ਵਾਲੇ ਅਜਿਹੇ ਗ੍ਰੈਜੂਏਟ ਨੌਜਵਾਨਾਂ ਦੀ ਗਿਣਤੀ 1 ਕਰੋੜ 22 ਲੱਖ ਤੱਕ ਪਹੁੰਚਣ ਦਾ ਅੰਦਾਜਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਨਿਊਜ਼ੀਲੈਂਡ ਦੀ ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ ਦੇ ਸਕੂਲ ਆਫ਼ ਮੈਨੇਜਮੈਂਟ ਦੇ ਸੀਨੀਅਰ ਲੈਕਚਰਾਰ ਡਾਕਟਰ ਕ੍ਰਿਸ਼ਚੀਅਨ ਯਾਓ, ਚੀਨੀ ਅਰਥਵਿਵਸਥਾ ਦੇ ਮਾਹਰ ਹਨ।

ਉਹ ਕਹਿੰਦੇ ਹਨ, "ਕੰਮ ਕਰਨ ਦਾ ਦਿਖਾਵਾ ਕਰਨਾ ਬਹੁਤ ਆਮ ਗੱਲ ਹੈ।"

"ਆਰਥਿਕ ਤਬਦੀਲੀਆਂ ਅਤੇ ਸਿੱਖਿਆ ਅਤੇ ਨੌਕਰੀ ਬਾਜ਼ਾਰ ਵਿਚਕਾਰ ਤਾਲਮੇਲ ਦੀ ਘਾਟ ਦਾ ਮਤਲਬ ਹੈ ਕਿ ਨੌਜਵਾਨਾਂ ਨੂੰ ਅਜਿਹੀਆਂ ਥਾਵਾਂ ਦੀ ਜ਼ਰੂਰਤ ਹੈ ਜਿੱਥੇ ਉਹ ਆਪਣੇ ਭਵਿੱਖ ਬਾਰੇ ਸੋਚ ਸਕਣ ਜਾਂ ਇੱਕ ਪਰਿਵਰਤਨਸ਼ੀਲ ਸਮੇਂ ਦੌਰਾਨ ਛੋਟੇ-ਮੋਟੇ ਕੰਮ ਕਰ ਸਕਣ।"

ਡਾਕਟਰ ਕ੍ਰਿਸ਼ਚੀਅਨ ਯਾਓ ਕਹਿੰਦੇ ਹਨ, "ਕੰਮ ਕਰਨ ਦਾ ਦਿਖਾਵਾ ਕਰਨ ਵਾਲੀਆਂ ਕੰਪਨੀਆਂ, ਇਨ੍ਹਾਂ ਅਸਥਾਈ ਹੱਲ ਦੀ ਲਿਸਟ ਵਿੱਚੋਂ ਇੱਕ ਹੈ।"

ਸ਼ੂਈ ਝੌਅ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਸ਼ੀਓਹੋਂਗਸ਼ੂ 'ਤੇ ਨਕਲੀ ਕੰਪਨੀ ਬਾਰੇ ਪਤਾ ਲੱਗਿਆ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਦਫ਼ਤਰ ਦਾ ਮਾਹੌਲ ਸਵੈ-ਅਨੁਸ਼ਾਸਨ ਵਿੱਚ ਸੁਧਾਰ ਕਰੇਗਾ। ਸ਼ੂਈ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਉੱਥੇ ਜਾ ਰਹੇ ਹਨ।

ਸ਼ੂਈ ਨੇ ਆਪਣੇ ਮਾਪਿਆਂ ਨੂੰ ਦਫ਼ਤਰ ਦੀਆਂ ਫੋਟੋਆਂ ਭੇਜੀਆਂ ਅਤੇ ਕਿਹਾ ਕਿ ਉਹ ਹੁਣ ਉਨ੍ਹਾਂ ਦੇ ਭਵਿੱਖ ਅਤੇ ਨੌਕਰੀ ਬਾਰੇ ਘੱਟ ਚਿੰਤਤ ਹੋਣ।

ਭਾਵੇਂ ਆਉਣ-ਜਾਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ, ਪਰ ਸ਼ੂਈ ਆਮ ਤੌਰ 'ਤੇ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਦਫ਼ਤਰ ਪਹੁੰਚਦਾ ਹੈ।

ਕਈ ਵਾਰ ਉਹ ਰਾਤ 11 ਵਜੇ ਤੱਕ ਉੱਥੇ ਰਹਿੰਦਾ ਹੈ ਅਤੇ ਕੰਪਨੀ ਮੈਨੇਜਰ ਦੇ ਚਲੇ ਜਾਣ ਤੱਕ ਨਹੀਂ ਆਪਣਾ ਕੰਮ ਕਰਦੇ ਰਹਿੰਦੇ ਹਨ।

ਉਹ ਕਹਿੰਦੇ ਹਨ ਕਿ ਉੱਥੇ ਆਉਣ ਵਾਲੇ ਹੋਰ ਲੋਕ ਉਨ੍ਹਾਂ ਦੇ ਦੋਸਤ ਬਣ ਗਏ ਹਨ।

ਸ਼ੂਈ ਕਹਿੰਦੇ ਹਨ ਕਿ ਜਦੋਂ ਕੋਈ ਨੌਕਰੀ ਦੀ ਭਾਲ ਵਿੱਚ ਰੁੱਝਿਆ ਹੁੰਦਾ ਹੈ, ਤਾਂ ਉਹ ਸਖ਼ਤ ਮਿਹਨਤ ਕਰਦਾ ਹੈ, ਪਰ ਆਪਣੇ ਖਾਲੀ ਸਮੇਂ ਵਿੱਚ ਹਰ ਕੋਈ ਗੱਲਾਂ ਕਰਦਾ ਹੈ, ਮਜ਼ਾਕ ਕਰਦਾ ਹੈ ਅਤੇ ਗੇਮਜ਼ ਖੇਡਦੇ ਹਨ। ਉਹ ਅਕਸਰ ਕੰਮ ਤੋਂ ਬਾਅਦ ਇਕੱਠੇ ਖਾਣਾ ਖਾਂਦੇ ਹਨ।

ਸ਼ੂਈ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਟੀਮ ਭਾਵਨਾ ਪਸੰਦ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੁਸ਼ ਹੈ।

ਨਕਲੀ ਦਫ਼ਤਰ ਆਉਣ ਦਾ ਕੀ ਕਾਰਨ ਹੈ

ਸ਼ਿਯਾਓਵੇਨ ਤਾਂਗ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਮਹੀਨੇ ਲਈ ਕੰਮ ਕਰਨ ਦਾ ਦਿਖਾਵਾ ਕਰਨ ਵਾਲੀ ਕੰਪਨੀ ਵੱਲੋਂ ਵਰਕ ਸਟੇਸ਼ਨ ਕਿਰਾਏ ਉੱਤੇ ਲਿਆ। 23 ਸਾਲ ਦੀ ਤਾਂਗ ਨੇ ਪਿਛਲੇ ਸਾਲ ਗ੍ਰੇਜੁਏਸ਼ਨ ਕੀਤੀ ਅਤੇ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਪੱਕੀ ਨੌਕਰੀ ਨਹੀਂ ਮਿਲ ਸਕੀ ਹੈ।

ਉਨ੍ਹਾਂ ਦੀ ਯੂਨਿਵਰਸਿਟੀ ਦਾ ਇੱਕ ਨਿਯਮ ਹੈ ਕਿ ਗ੍ਰੇਜੁਏਸ਼ਨ ਦੇ ਇੱਕ ਸਾਲ ਦੇ ਅੰਦਰ ਵਿਦਿਆਰਥੀਆਂ ਨੂੰ ਜਾਂ ਤਾਂ ਨੌਕਰੀ ਦਾ ਕੰਟ੍ਰੈਕਟ ਸਾਈਨ ਕਰਨਾ ਹੋਵੇਗਾ ਜਾਂ ਇੰਟਰਨਸ਼ਿਪ ਦਾ ਸਰਟੀਫਿਕੇਟ ਦੇਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਡਿਪਲੋਮਾ ਦਾ ਸਰਟੀਫਿਕੇਟ ਨਹੀਂ ਮਿਲੇਗਾ।

ਸ਼ਿਯਾਓਵੇਨ ਤਾਂਗ ਨੇ ਦਫ਼ਤਰ ਦੀ ਤਸਵੀਰ ਨੂੰ ਇੰਟਰਨਸ਼ਿਪ ਦੇ ਸਰਟੀਫ਼ਿਕੇਟ ਦੇ ਤੌਰ ਉੱਤੇ ਯੂਨਿਵਰਸਿਟੀ ਨੂੰ ਭੇਜਿਆ। ਹਕੀਕਤ ਵਿੱਚ ਤਾਂਗ ਨੇ ਨਕਲੀ ਦਫ਼ਤਰ ਦੀ ਰੋਜ਼ਾਨਾ ਦੀ ਫੀਸ ਦਿੱਤੀ ਅਤੇ ਉੱਥੇ ਬੈਠ ਕੇ ਆਨਲਾਈਨ ਲੇਖ ਲਿਖੇ, ਜਿਸ ਨਾਲ ਉਨ੍ਹਾਂ ਨੂੰ ਕੁਝ ਜੇਬ ਖ਼ਰਚ ਮਿਲ ਜਾਂਦਾ ਸੀ।

ਤਾਂਗ ਕਹਿੰਦੇ ਹਨ,"ਜੇ ਤੁਸੀਂ ਦਿਖਾਵਾ ਕਰਨਾ ਚਾਹੁੰਦੇ ਹੋ, ਤਾਂ ਅੰਤ ਤੱਕ ਦਿਖਾਵਾ ਕਰੋ"

ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਸੋਸ਼ਲ ਐਂਥਰੋਪੋਲੋਜੀ ਦੇ ਡਾਇਰੈਕਟਰ ਡਾ. ਬਿਆਓ ਸ਼ਿਆਂਗ ਕਹਿੰਦੇ ਹਨ ਕਿ ਚੀਨ ਵਿੱਚ ਕੰਮ ਕਰਨ ਦਾ ਦਿਖਾਵਾ ਕਰਨ ਦਾ ਰੁਝਾਨ ਨੌਕਰੀਆਂ ਦੀ ਘਾਟ ਕਾਰਨ ਪੈਦਾ ਹੋਈ "ਨਿਰਾਸ਼ਾ ਅਤੇ ਬੇਵਸੀ" ਦੀ ਭਾਵਨਾ ਤੋਂ ਆਇਆ ਹੈ।

ਉਹ ਕਹਿੰਦੇ ਹਨਮ, "ਕੰਮ ਕਰਨ ਦਾ ਦਿਖਾਵਾ ਕਰਨਾ ਇੱਕ ਅਜਿਹੀ ਚੀਜ਼ ਹੈ ਜੋ ਨੌਜਵਾਨ ਆਪਣੇ ਲਈ ਲੱਭਦੇ ਹਨ, ਤਾਂ ਜੋ ਉਹ ਆਪਣੇ ਆਪ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਦੂਰ ਕਰ ਸਕਣ ਅਤੇ ਆਪਣੇ ਲਈ ਇੱਕ ਥਾਂ ਬਣਾ ਸਕਣ।"

ਡੋਂਗਗੁਆਨ ਸ਼ਹਿਰ ਵਿੱਚ ਕੰਮ ਕਰਨ ਦਾ ਦਿਖਾਵਾ ਕਰਨ ਵਾਲੀ ਕੰਪਨੀ ਦੇ ਮਾਲਕ ਫੇਇਯੂ (ਇੱਕ ਕਾਲਪਨਿਕ ਨਾਮ) ਹੈ, ਜੋ 30 ਸਾਲ ਦੇ ਹਨ। ਉਹ ਕਹਿੰਦੇ ਹਨ, "ਮੈਂ ਵਰਕਸਟੇਸ਼ਨ ਨਹੀਂ ਵੇਚ ਰਿਹਾ, ਪਰ ਮੈਂ ਤੁਹਾਨੂੰ ਸਤਿਕਾਰ ਦੇ ਰਿਹਾ ਹਾਂ ਅਤੇ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਸੀਂ ਇੱਕ ਬੇਕਾਰ ਵਿਅਕਤੀ ਨਹੀਂ ਹੋ।"

ਫੇਇਯੂ ਖੁਦ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਚੁੱਕੇ ਹਨ। ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਦਾ ਆਪਣਾ ਪ੍ਰਚੂਨ ਦਾ ਕਾਰੋਬਾਰ ਬੰਦ ਹੋ ਗਿਆ ਸੀ। ਉਹ ਯਾਦ ਕਰਦੇ ਹਨ, "ਮੈਂ ਬਹੁਤ ਉਦਾਸ ਹੋ ਗਿਆ ਸੀ ਅਤੇ ਥੋੜ੍ਹਾ ਆਤਮਘਾਤੀ ਹੋ ਗਿਆ ਸੀ।"

ਉਨ੍ਹਾਂ ਅੱਗੇ ਕਿਹਾ,"ਤੁਸੀਂ ਸਥਿਤੀ ਨੂੰ ਬਦਲਣਾ ਚਾਹੁੰਦੇ ਹੋ, ਪਰ ਤੁਸੀਂ ਬੇਵੱਸ ਹੋ"।

ਇਸ ਸਾਲ ਅਪ੍ਰੈਲ ਵਿੱਚ, ਉਨ੍ਹਾਂ ਨੇ 'ਪ੍ਰੀਟੈਂਡ ਟੂ ਵਰਕ' ਲਈ ਇੱਕ ਇਸ਼ਤਿਹਾਰ ਦਿੱਤਾ ਅਤੇ ਇੱਕ ਮਹੀਨੇ ਦੇ ਅੰਦਰ ਸਾਰੇ ਵਰਕਸਟੇਸ਼ਨ ਭਰ ਗਏ। ਹੁਣ ਨਵੇਂ ਉਮੀਦਵਾਰਾਂ ਨੂੰ ਅਰਜ਼ੀ ਦੇਣੀ ਪੈਂਦੀ ਹੈ।

ਫੇਇਯੂ ਕਹਿੰਦੇ ਹਨ ਕਿ ਉਨ੍ਹਾਂ ਦੇ 40 ਪ੍ਰਤੀਸ਼ਤ ਗਾਹਕ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਹਨ। ਇਹ ਲੋਕ ਆਪਣੇ ਪੁਰਾਣੇ ਅਧਿਆਪਕਾਂ ਨੂੰ ਇੰਟਰਨਸ਼ਿਪ ਦਾ ਸਬੂਤ ਦੇਣ ਲਈ ਆਪਣੀਆਂ ਤਸਵੀਰਾਂ ਲੈਣ ਲਈ ਇੱਥੇ ਆਉਂਦੇ ਹਨ।

ਇਸ ਦੇ ਨਾਲ ਹੀ, ਗਾਹਕਾਂ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਹੈ ਜੋ ਆਪਣੇ ਮਾਪਿਆਂ ਦੇ ਦਬਾਅ ਨਾਲ ਨਜਿੱਠਣ ਲਈ ਇੱਥੇ ਆਉਂਦੇ ਹਨ।

ਬਾਕੀ 60 ਪ੍ਰਤੀਸ਼ਤ ਗਾਹਕ ਫ੍ਰੀਲਾਂਸਰ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿਜੀਟਲ ਨੌਮੈਡ ਹਨ। ਇਨ੍ਹਾਂ ਵਿੱਚ ਵੱਡੀਆਂ ਈ-ਕਾਮਰਸ ਕੰਪਨੀਆਂ ਲਈ ਕੰਮ ਕਰਨ ਵਾਲੇ ਅਤੇ ਔਨਲਾਈਨ ਕੰਟੈਂਟ ਲਿਖਣ ਵਾਲੇ ਲੋਕ ਵੀ ਸ਼ਾਮਲ ਹਨ। ਗਾਹਕਾਂ ਦੀ ਔਸਤ ਉਮਰ ਲਗਭਗ 30 ਸਾਲ ਹੈ, ਜਦੋਂ ਕਿ ਸਭ ਤੋਂ ਛੋਟਾ ਗਾਹਕ 25 ਸਾਲ ਦਾ ਹੈ।

ਰਸਮੀ ਤੌਰ 'ਤੇ, ਇਨ੍ਹਾਂ ਲੋਕਾਂ ਨੂੰ 'ਲਚਕਦਾਰ ਰੁਜ਼ਗਾਰ ਪੇਸ਼ੇਵਰ' ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਰਾਈਡ-ਹੇਲਿੰਗ ਅਤੇ ਟਰੱਕ ਡਰਾਈਵਰ ਵੀ ਸ਼ਾਮਲ ਹਨ।

ਫੇਇਯੂ ਕਹਿੰਦੇ ਹਨ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਾਰੋਬਾਰ ਲੰਬੇ ਸਮੇਂ ਵਿੱਚ ਲਾਭਦਾਇਕ ਹੋਵੇਗਾ ਜਾਂ ਨਹੀਂ। ਇਸ ਦੀ ਬਜਾਇ, ਉਹ ਇਸਨੂੰ ਇੱਕ ਸਮਾਜਿਕ ਪ੍ਰਯੋਗ ਵਜੋਂ ਦੇਖਣਾ ਪਸੰਦ ਕਰਦਾ ਹੈ।

ਉਹ ਕਹਿੰਦੇ ਹਨ, "ਇਹ ਇੱਜ਼ਤ ਬਣਾਈ ਰੱਖਣ ਲਈ ਝੂਠ ਦੀ ਵਰਤੋਂ ਹੈ, ਪਰ ਕੁਝ ਲੋਕਾਂ ਨੂੰ ਸੱਚਾਈ ਲੱਭਣ ਦਾ ਮੌਕਾ ਦਿੰਦਾ ਹੈ। ਜੇਕਰ ਅਸੀਂ ਸਿਰਫ਼ ਉਨ੍ਹਾਂ ਨੂੰ ਅਦਾਕਾਰੀ ਦੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਹਾਂ, ਤਾਂ ਅਸੀਂ ਧੋਖੇ ਵਿੱਚ ਹਾਂ।"

ਉਹ ਕਹਿੰਦੇ ਹਨ, "ਜਦੋਂ ਅਸੀਂ ਉਨ੍ਹਾਂ ਦੇ ਨਕਲੀ ਦਫ਼ਤਰ ਨੂੰ ਅਸਲ ਸ਼ੁਰੂਆਤ ਵਿੱਚ ਬਦਲਣ ਵਿੱਚ ਮਦਦ ਕਰਦੇ ਹਾਂ, ਤਾਂ ਉਦੋਂ ਹੀ ਇਹ ਸਮਾਜਿਕ ਪ੍ਰਯੋਗ ਸੱਚਮੁੱਚ ਆਪਣੇ ਵਾਅਦੇ 'ਤੇ ਖ਼ਰਾ ਉਤਰ ਸਕਦਾ ਹੈ।"

ਸ਼ੂਈ ਝੌਓ ਹੁਣ ਆਪਣਾ ਜ਼ਿਆਦਾਤਰ ਸਮਾਂ ਆਪਣੇ ਏਆਈ ਹੁਨਰਾਂ ਨੂੰ ਬਿਹਤਰ ਬਣਾਉਣ ਵਿੱਚ ਬਿਤਾ ਰਹੇ ਹਨ।

ਸ਼ੂਈ ਕਹਿੰਦੇ ਹਨ ਕਿ ਕੁਝ ਕੰਪਨੀਆਂ ਭਰਤੀ ਕਰਦੇ ਸਮੇਂ ਏਆਈ ਟੂਲਸ ਵਿੱਚ ਮਹਾਰਤ ਨੂੰ ਇੱਕ ਲੋੜ ਵਜੋਂ ਵਿਚਾਰ ਰਹੀਆਂ ਹਨ। ਇਸ ਲਈ ਉਸਦਾ ਮੰਨਣਾ ਹੈ ਕਿ ਏਆਈ ਹੁਨਰਾਂ ਨੂੰ ਸੁਧਾਰਨ ਨਾਲ ਉਨ੍ਹਾਂ ਲਈ ਸਥਾਈ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)