‘ਚੰਨ ਪ੍ਰਦੇਸੀ’ ਤੇ ‘ਬਦਲਾ ਜੱਟੀ ਦਾ’ ਫਿਲਮ ਕਰਨ ਵਾਲੀ ਸੁਨੀਤਾ ਧੀਰ ਨੇ ਮਾਂ ਨੂੰ ਕਿਵੇਂ ਐਕਟਿੰਗ ਲਈ ਮਨਾਇਆ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਚੰਨ ਪ੍ਰਦੇਸੀ ਵਿੱਚ ‘ਚੰਨੀ’ ਅਤੇ ਬਦਲਾ ਜੱਟੀ ਦਾ ਵਿੱਚ 'ਗੁਲਾਬੋ' ਜਿਹੇ ਮਜ਼ਬੂਤ ਕਿਰਦਾਰ ਨਿਭਾਉਣ ਵਾਲੀ ਸੁਨੀਤਾ ਧੀਰ ਪੰਜਾਬੀ ਮਨੋਰੰਜਨ ਜਗਤ ਦਾ ਜਾਣਿਆ ਪਛਾਣਿਆ ਚਿਹਰਾ ਹਨ।

ਥਿਏਟਰ ਅਤੇ ਫ਼ਿਲਮਾਂ ਵਿੱਚ ਮਾਰਮਿਕ ਭੂਮਿਕਾਵਾਂ ਨਿਭਾਉਣ ਦੇ ਨਾਲ-ਨਾਲ ਉਹ ਅਕਾਦਮਿਕਤਾ ਨਾਲ ਵੀ ਜੁੜੇ ਰਹੇ ਹਨ।

ਉਨ੍ਹਾਂ ਨੂੰ ਪੰਜਾਬੀ ਮਨੋਰੰਜਨ ਜਗਤ ਵਿੱਚ ਲਗਭਗ 4 ਦਹਾਕੇ ਹੋ ਚੁੱਕੇ ਹਨ। ਉਹ ਕਰੀਬ 30 ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਵੀ ਰਹੇ ਹਨ।

ਸੁਨੀਤਾ ਧੀਰ ਨੇ ਸਾਲ 1981 ਵਿੱਚ ਆਈ ਪੰਜਾਬੀ ਫ਼ਿਲਮ ਚੰਨ ਪ੍ਰਦੇਸੀ ਨਾਲ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਪਹਿਲਾਂ ਸਾਲ 1976-1978 ਤੱਕ ਉਹ ਪੰਜਾਬ ਸਰਕਾਰ ਦੀ ਡਰਾਮਾ ਰੀਪਰਟੋਰੀ ਵਿੱਚ ਵੀ ਬਤੌਰ ਕਲਾਕਾਰ ਜੁੜੇ ਰਹੇ ਹਨ।

ਨਾਮੀ ਨਾਟਕਕਾਰ ਬਲਵੰਤ ਗਾਰਗੀ ਹੁਰਾਂ ਨਾਲ ਉਨ੍ਹਾਂ ਨੇ ਆਪਣਾ ਪਹਿਲਾ ਨਾਟਕ ‘ਮਿਰਜ਼ਾ ਸਾਹਿਬਾਂ’ ਖੇਡਿਆ ਸੀ।

ਸੁਨੀਤਾ ਧੀਰ ਮੂਲ ਰੂਪ ਤੋਂ ਸੰਗਰੂਰ ਨੇੜਲੇ ਧੂਰੀ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਸਤਪਾਲ ਧੀਰ ਇੱਕ ਕਾਰੋਬਾਰੀ ਸਨ।

ਉਨ੍ਹਾਂ ਦੀ ਮਾਂ ਦਾ ਨਾਮ ਸੱਤਿਆ ਧੀਰ ਹੈ। ਸੁਨੀਤਾ ਧੀਰ ਦੱਸਦੇ ਹਨ ਕਿ ਉਹ ਇੱਕ ਸਾਂਝੇ ਪਰਿਵਾਰ ਵਿੱਚ ਜੰਮੇ ਪਲੇ ਹਨ।

ਸਕੂਲ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਉਨ੍ਹਾਂ ਨੇ ਧੂਰੀ ਤੋਂ ਹੀ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਤੋਂ ਐਕਟਿੰਗ ਡਿਪਲੋਮਾ ਕੀਤਾ।

ਪਟਿਆਲਾ ਦੀ ਪੰਜਾਬੀ ਯੁਨੀਵਰਸਿਟੀ ਤੋਂ ਐਮਫਿਲ ਕਰਨ ਬਾਅਦ ਪੰਜਾਬੀ ਯੁਨੀਵਰਸਿਟੀ ਤੇ ਯੂਐੱਸ ਦੇ ਈਸਟ ਵੈਸਟ ਸੈਂਟਰ ਹਵਾਈ ਦੇ ਸਾਂਝੇ ਪ੍ਰੋਗਰਾਮ ਤਹਿਤ ਪੀਐੱਚਡੀ ਕੀਤੀ।

ਉਨ੍ਹਾਂ ਦੀ ਸਾਰੀ ਪੜ੍ਹਾਈ ਐਕਟਿੰਗ ਖੇਤਰ ਵਿੱਚ ਰਹੀ।

ਕਿਵੇਂ ਮਿਲਿਆ ਪਹਿਲਾ ਨਾਟਕ

ਸੁਨੀਤਾ ਧੀਰ ਦੱਸਦੇ ਹਨ ਕਿ ਧੂਰੀ ਦੇ ਕਾਲਜ ਤੋ ਜਿੱਥੋਂ ਉਨ੍ਹਾਂ ਨੇ ਗ੍ਰੈਜੁਏਸ਼ਨ ਕੀਤੀ ਉਹ ਪੰਜਾਬ ਯੁਨੀਵਰਸਿਟੀ ਅਧੀਨ ਆਉਂਦਾ ਸੀ, ਅੱਗੇ ਦੀ ਪੜ੍ਹਾਈ ਲਈ ਉਨ੍ਹਾਂ ਨੂੰ ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਆਉਣਾ ਪੈਣਾ ਸੀ।

ਉਹ ਦੱਸਦੇ ਹਨ ਕਿ ਇਸ ਲਈ ਪੰਜਾਬ ਯੁਨੀਵਰਸਿਟੀ ਤੋਂ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਲਈ ਉਹ ਆਪਣੇ ਪਿਤਾ ਨਾਲ ਚੰਡੀਗੜ੍ਹ ਆਏ।

ਇੱਥੇ ਉਨ੍ਹਾਂ ਦੀ ਮੁਲਾਕਾਤ ਬਲਵੰਤ ਗਾਰਗੀ ਹੁਰਾਂ ਨਾਲ ਹੋਈ।

ਸੁਨੀਤਾ ਦੇ ਪਿਤਾ ਮਨੋਰੰਜਨ ਖ਼ੇਤਰ ਅਤੇ ਇਸ ਨਾਲ ਜੁੜੀਆਂ ਸ਼ਖ਼ਸੀਅਤਾਂ ਨਾਲ ਜਾਣ-ਪਛਾਣ ਰੱਖਦੇ ਸਨ।

ਆਪਣੇ ਪਿਤਾ ਨੂੰ ਯਾਦ ਕਰਦਿਆਂ ਸੁਨੀਤਾ ਧੀਰ ਦੱਸਦੇ ਹਨ ਕਿ ਉਹ ਇੱਕ ਦੋਸਤ ਦੀ ਤਰ੍ਹਾਂ ਸਨ।

ਸੁਨੀਤਾ ਕਹਿੰਦੇ ਹਨ, “ਉਸ ਜ਼ਮਾਨੇ ਵਿੱਚ ਲੋਕ ਬਹੁਤ ਘੱਟ ਪੜ੍ਹਦੇ ਸੀ, ਪਰ ਮੇਰੇ ਪਿਤਾ ਨੇ ਇਕਨਾਮਿਕਸ ਵਿਚ ਬੀ.ਏ. ਆਨਰਜ਼ ਕੀਤੀ ਸੀ। ਉਹ ਫ਼ਿਲਮ ਫੇਅਰ ਅਤੇ ਰੀਡਰਾਜ਼ ਡਾਇਜੈਸਟ ਜਿਹੇ ਮੈਗਜ਼ੀਨ ਪੜ੍ਹਦੇ ਸੀ।”

ਸੁਨੀਤਾ ਦੇ ਪਿਤਾ ਅਤੇ ਬਲਵੰਤ ਗਾਰਗੀ ਦੀ ਆਪਸੀ ਗੱਲਬਾਤ ਬਾਅਦ ਗਾਰਗੀ ਹੁਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਆਪਣੀ ਬੇਟੀ ਨੂੰ ਥੀਏਟਰ ਵਿੱਚ ਦਾਖ਼ਲਾ ਕਰਵਾ ਦੇਣ।

ਸੁਨੀਤਾ ਦੱਸਦੇ ਹਨ ਕਿ ਪਿਤਾ ਇਸ ਲਈ ਰਾਜ਼ੀ ਹੋ ਗਏ ਅਤੇ ਦਾਖ਼ਲਾ ਕਰਵਾ ਦਿੱਤਾ ਪਰ ਮਾਂ ਨਰਾਜ਼ ਹੋ ਗਈ।

ਉਹ ਦੱਸਦੇ ਹਨ, “ਮਾਂ ਸੋਚਦੀ ਸੀ ਕਿ ਐੱਮਏ ਬਾਅਦ ਦੋ ਸਾਲਾਂ ਨੂੰ ਇਸ ਦਾ ਵਿਆਹ ਕਰ ਦੇਆਂਗੀ, ਇਹ ਥੀਏਟਰ ਕਿਉਂ ਜੁਆਇਨ ਕਰ ਰਹੀ ਹੈ।”

ਸੁਨੀਤਾ ਧੀਰ ਦੱਸਦੇ ਹਨ ਕਿ ਉਸ ਵੇਲੇ ਧੂਰੀ ਜਿਹੇ ਸ਼ਹਿਰ ਤੋਂ ਕਿਸੇ ਕੁੜੀ ਦਾ ਥੀਏਟਰ ਵਿੱਚ ਜਾਣਾ ਬਹੁਤੇ ਸਨਮਾਨ ਨਾਲ ਨਹੀਂ ਸੀ ਵੇਖਿਆ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਮਾਂ ਨੇ ਦਿਲੋਂ ਉਨ੍ਹਾਂ ਦੇ ਅਤੇ ਪਿਤਾ ਦੇ ਇਸ ਫ਼ੈਸਲੇ ਨੂੰ ਮਨਜ਼ੂਰ ਨਹੀਂ ਸੀ ਕੀਤਾ।

ਥੀਏਟਰ ਵਿੱਚ ਦਾਖਲਾ ਲੈਣ ਦੇ ਦੋ ਮਹੀਨੇ ਬਾਅਦ ਸੁਨੀਤਾ ਧੀਰ ਨੇ ਪਹਿਲਾ ਨਾਟਕ ‘ਮਿਰਜ਼ਾ ਸਾਹਿਬਾਂ’ ਖੇਡਿਆ।

ਸੁਨੀਤਾ ਧੀਰ ਨੇ ਦੱਸਿਆ ਕਿ ਇਹ ਨਾਟਕ ਦੇਖਣ ਲਈ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੀ ਪਹੁੰਚੇ ਸਨ।

ਇਸ ਨਾਟਕ ਵਿੱਚ ਉਨ੍ਹਾਂ ਨੇ ਸਾਹਿਬਾਂ ਦਾ ਕਿਰਦਾਰ ਨਿਭਾਇਆ। ਸੁਨੀਤਾ ਧੀਰ ਨੇ ਦੱਸਿਆ ਕਿ ਇਸ ਨਾਟਕ ਵਿੱਚ ਅਨੁਪਮ ਖੇਰ ਵੀ ਸਨ।

ਕਿਰਨ ਖੇਰ(ਉਸ ਵੇਲੇ ਨਾਮ ਕਿਰਨ ਠਾਕੁਰ ਸਿੰਘ ਸੀ) ਨੇ ਕਾਸਟਿਊਮ ਡਿਜ਼ਾਈਨ ਕੀਤੇ ਸੀ।

ਬਲਵੰਤ ਗਾਰਗੀ ਜੀ ਦੇ ਕਹਿਣ ‘ਤੇ ਇਸ ਨਾਟਕ ਨੂੰ ਦੇਖਣ ਲਈ ਸੁਨੀਤਾ ਧੀਰ ਨੇ ਆਪਣੇ ਮਾਪਿਆਂ ਨੂੰ ਵੀ ਸੱਦਿਆ।

ਉਨ੍ਹਾਂ ਦੇ ਪਿਤਾ ਕਿਸੇ ਕਾਰਨ ਨਹੀਂ ਆ ਸਕੇ, ਪਰ ਮਾਂ ਆਈ।

ਸੁਨੀਤਾ ਧੀਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਨੇ ਇਹ ਨਾਟਕ ਦੇਖਿਆ ਤਾਂ ਉਨ੍ਹਾਂ ਦੇ ਫ਼ੈਸਲੇ ਨੂੰ ਮਨਜ਼ੂਰ ਕਰ ਲਿਆ ਅਤੇ ਕਿਹਾ ਕਿ ਇਹ ਨਾਟਕ ਕਿਸੇ ਫਿਲਮ ਤੋਂ ਵੀ ਵੱਧ ਖ਼ੂਬਸੂਰਤ ਸੀ।

ਧੀਰ ਦੱਸਦੇ ਹਨ ਕਿ ਉਸ ਵੇਲੇ ਮਾਂ ਨੇ ਵੀ ਸੋਚ ਲਿਆ ਕਿ ਆਲੇ-ਦੁਆਲੇ ਦੇ ਲੋਕ ਕੀ ਕਹਿੰਦੇ ਹਨ ਉਸ ਇਸ ਦੀ ਪਰਵਾਹ ਨਹੀਂ ਕਰਨਗੇ।

ਸੁਨੀਤਾ ਧੀਰ ਨੇ ਕਿਹਾ, “ਉਸ ਵੇਲੇ ਧੂਰੀ ਜਿਹੇ ਛੋਟੇ ਜਿਹੇ ਸ਼ਹਿਰ ਤੋਂ ਕਿਸੇ ਕੁੜੀ ਦਾ ਥੀਏਟਰ ਵਿੱਚ ਜਾਣਾ ਬਹੁਤ ਵੱਡਾ ਮਸਲਾ ਸੀ। ਜਦੋਂ ਲੋਕ ਗੱਲਾਂ ਕਰਦੇ ਨੇ ਤੁਹਾਡਾ ਨੁਕਸਾਨ ਤਾਂ ਹੁੰਦਾ ਹੈ। ਪਰ ਮੈਂ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ।”

‘ਚੰਨ ਪਰਦੇਸੀ’ ਦੀ ਸਫਲਤਾ ਦੇ ਬਾਵਜੂਦ ਸੁਨੀਤਾ ਨੇ ਲਗਾਤਾਰ ਹੋਰ ਫ਼ਿਲਮਾਂ ਕਿਉਂ ਨਹੀਂ ਕੀਤੀਆਂ ?

ਸਾਲ 1981 ਵਿੱਚ ਜਦੋਂ ਸੁਨੀਤਾ ਧੀਰ ਦੀ ਪਹਿਲੀ ਫ਼ਿਲਮ ‘ਚੰਨ ਪਰਦੇਸੀ’ ਆਈ, ਤਾਂ ਉਹ ਉਸ ਵੇਲੇ ਯੂਨੀਵਰਸਿਟੀ ਪੜ੍ਹਦੇ ਸਨ।

ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਮੰਨੀ ਜਾਂਦੀ ਹੈ।

ਸੁਨੀਤਾ ਧੀਰ ਦੱਸਦੇ ਹਨ ਕਿ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਪੇਸ਼ਕਸ਼ ਆਈ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਪੜ੍ਹਾਈ ਪੂਰੀ ਕਰਨ ਲਈ ਕੁਝ ਸਾਲ ਫ਼ਿਲਮਾਂ ਤੋਂ ਦੂਰ ਰਹੇ।

ਪੜ੍ਹਾਈ ਕਰਨ ਬਾਅਦ ਉਨ੍ਹਾਂ ਨੇ ਫਿਰ ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ, ਕਹਿਰ ਤੇ ਵਿਸਾਖੀ ਜਿਹੀਆਂ ਫ਼ਿਲਮਾਂ ਕੀਤੀਆਂ।

ਵਿਆਹ ਤੋਂ ਬਾਅਦ 14 ਸਾਲ ਉਹ ਫਿਰ ਫ਼ਿਲਮਾਂ ਤੋਂ ਦੂਰ ਰਹੇ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ।

ਸਾਲ 2004 ਤੋਂ ਬਾਅਦ ਫ਼ਿਲਮ ਯਾਰਾਂ ਨਾਲ ਬਹਾਰਾਂ ਤੋਂ ਉਨ੍ਹਾਂ ਨੇ ਮੁੜ ਫ਼ਿਲਮਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਫਿਰ ਹਰ ਸਾਲ ਵਿੱਚ ਤਕਰੀਬਨ ਦੋ-ਤਿੰਨ ਫ਼ਿਲਮਾਂ ਕਰਦੇ ਆ ਰਹੇ ਹਨ।

ਸ਼ੁਰੂਆਤ ਵਿੱਚ ਫ਼ਿਲਮਾਂ ਤੋਂ ਇਲਾਵਾ ਸੁਨੀਤਾ ਧੀਰ ਨੇ ਬਲਵੰਤ ਗਾਰਗੀ, ਵਰਿਆਮ ਸਿੰਘ, ਹਰਪਾਲ ਟਿਵਾਣਾ ਜਿਹੀਆਂ ਹਸਤੀਆਂ ਨਾਲ ਥੀਏਟਰ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਨੇ ਬ੍ਰਟੋਲਟ ਬ੍ਰੇਖਤ ਜਿਹੇ ਕੌਮਾਂਤਰੀ ਨਾਟਕਕਾਰਾਂ ਦੇ ਨਾਟਕ ਵੀ ਖੇਡੇ। ਸੁਨੀਤਾ ਧੀਰ ਨੇ ਬਲਵੰਤ ਗਾਰਗੀ ਦੇ ਲਿਖੇ ਅਤੇ ਡਾਇਰਕੈਟ ਕੀਤੇ ਨਾਟਕ ‘ਕੇਸਰੋ’ ਦੇ ਪੰਜਾਬ ਵਿੱਚ ਕਰੀਬ 79 ਸ਼ੋਅ ਕੀਤੇ।

ਉਨ੍ਹਾਂ ਨੇ ਰਾਮ ਸਰੂਪ ਅਣਖੀ ਦੀ ਕਹਾਣੀ ‘ਖਾਰਾ ਦੁੱਧ’ ਸਮੇਤ ਟੋਬਾ ਟੇਕ ਸਿੰਘ, ਏਕਸ ਕੇ ਹਮ ਬਾਰਕ, ਜਵਾਹਰ ਭਾਟਾ ਸਮੇਤ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।

ਯੂਐੱਸ ਦੇ ਹਵਾਈ ਵਿੱਚ ਮਿਲੀ ‘ਮਾਂ’ ਨੂੰ ਯਾਦ ਕਰਦਿਆਂ ਰੋ ਪਏ ਸੁਨੀਤਾ ਧੀਰ

ਪੀਐੱਚਡੀ ਕਰਦਿਆਂ ਸੁਨੀਤਾ ਧੀਰ ਇੱਕ ਸਾਲ ਯੂਐੱਸ ਦੇ ਈਸਟ ਵੈੱਸਟ ਸੈਂਟਰ ਹਵਾਈ ਵਿੱਚ ਵੀ ਰਹੇ ਹਨ।

ਉਹ ਦੱਸਦੇ ਹਨ ਕਿ ਉੱਥੇ ਇੱਕ ਸਿਸਟਮ ਸੀ ਜਿਸ ਮੁਤਾਬਕ ਉੱਥੇ ਪੜ੍ਹਦੇ ਵਿਦਿਆਰਥੀਆਂ ਨੂੰ ਕੁਝ ਸਥਾਨਕ ਪਰਿਵਾਰਾਂ ਨਾਲ ਮਿਲਵਾਇਆ ਜਾਂਦਾ ਸੀ, ਜਿਨ੍ਹਾਂ ਵਿੱਚੋਂ ਉਹ ਮਰਜ਼ੀ ਮੁਤਾਬਕ ਆਪਣੀ ਹੋਸਟ ਫੈਮਿਲੀ ਚੁਣ ਸਕਦੇ ਸੀ।

ਉਹ ਪਰਿਵਾਰ ਵੀਕੈਂਡ ‘ਤੇ ਉਨ੍ਹਾਂ ਨੂੰ ਘੁਮਾਉਣ ਲੈ ਜਾਂਦੇ ਸੀ, ਜਾਂ ਆਪਣੇ ਘਰ ਲੈ ਜਾਂਦੇ ਸੀ।

ਸੁਨੀਤਾ ਦੱਸਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਉਹ ਆਪਣੇ ਹੋਸਟ ਪਰਿਵਾਰ ਨਾਲ ਸਾਂਝੀ ਕਰ ਸਕਦੇ ਸੀ ਅਤੇ ਉਨ੍ਹਾਂ ਵਿਚਕਾਰ ਭਾਵੁਕ ਰਿਸ਼ਤਾ ਬਣ ਗਿਆ ਸੀ।

ਸੁਨੀਤਾ ਧੀਰ ਦੱਸਦੇ ਹਨ ਕਿ ਉਨ੍ਹਾਂ ਦੇ ਹੋਸਟ ਮਾਪਿਆ ਦੀ ਆਪਣੀ ਕੋਈ ਔਲਾਦ ਨਹੀਂ ਸੀ ਅਤੇ ਉਨ੍ਹਾਂ ਨੇ ਸੁਨੀਤਾ ਤੋਂ ਇਲਾਵਾ ਦੋ ਹੋਰ ਲੜਕਿਆਂ ਨੂੰ ਇਸੇ ਤਰ੍ਹਾਂ ‘ਗੋਦ’ ਲਿਆ ਹੋਇਆ ਸੀ।

ਸੁਨੀਤਾ ਆਪਣੀ ‘ਹੋਸਟ’ ਮਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਅਤੇ ਦੱਸਿਆ, “ਮੇਰੀ ਹੋਸਟ ਮਾਂ ਤਿੰਨ ਵਾਰ ਮੈਨੂੰ ਮਿਲਣ ਇੰਡੀਆ ਵੀ ਆਈ, ਮੇਰੀ ਮਾਂ ਅਤੇ ਉਹ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝਦੀਆਂ ਸੀ ਪਰ ਇੱਕ ਦੂਜੇ ਦਾ ਹੱਥ ਫੜ ਕੇ ਬਹਿੰਦੀਆਂ ਸੀ ਅਤੇ ਭਾਵਨਾਵਾਂ ਸਮਝਦੀਆਂ ਸੀ।”

ਉਨ੍ਹਾਂ ਦੱਸਿਆ ਕਿ ਉਹ ਸੁਨੀਤਾ ਨੂੰ ‘ਥੈਂਕਸਗਿਵਿੰਗ’ ‘ਤੇ ਚਿੱਠੀਆਂ ਲਿਖਦੇ ਸੀ।

ਸੁਨੀਤਾ ਕਹਿੰਦੇ ਹਨ, “ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਜਿਸ ਥੈਂਕਸਗਿਵਿੰਗ ‘ਤੇ ਮੇਰੀ ਚਿੱਠੀ ਨਾ ਆਵੇ ਤਾਂ ਸਮਝਣਾ ਕਿ ਮੈਂ ਇਸ ਦੁਨੀਆ ਵਿੱਚ ਨਹੀਂ ਹਾਂ।”

ਇਸ ਦੱਸਦਿਆਂ ਸੁਨੀਤਾ ਧੀਰ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਕਿਹਾ ਕਿ ਹੁਣ ਛੇ ਸਾਲ ਤੋਂ ਉਨ੍ਹਾਂ ਦੀ ਚਿੱਠੀ ਨਹੀਂ ਆ ਰਹੀ, ਉਹ ਇਸ ਦੁਨੀਆ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, “ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ।”

ਸੁਨੀਤਾ ਧੀਰ ਆਪਣੀ ਮਾਂ ਅਤੇ ਪਿਤਾ ਬਾਰੇ ਵੀ ਉਸ ਭਾਵੁਕਤਾ ਨਾਲ ਗੱਲ ਕਰਦੇ ਹਨ।

ਆਪਣੀ ਮਾਂ ਬਾਰੇ ਉਹ ਦੱਸਦੇ ਹਨ ਕਿ ਉਹ ਉਨ੍ਹਾਂ(ਆਪਣੀ ਮਾਂ) ਦਾ ਕਾਫੀ ਖਿਆਲ ਰੱਖਦੇ ਹਨ।।

ਸੁਨੀਤਾ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਸਾਰੀ ਉਮਰ ਉਨ੍ਹਾਂ ਦੇ ਨਾਲ ਹੀ ਰਹੇ ਹਨ ਅਤੇ ਹੁਣ ਵੀ ਪਿਛਲੇ ਤੀਹ ਸਾਲ ਤੋਂ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ।

ਉਹ ਦੱਸਦੇ ਹਨ ਕਿ ਪਿਤਾ ਦੀ ਮੌਤ ਅਤੇ ਭਰਾ ਦੇ ਯੂ.ਐਸ ਚਲਾ ਜਾਣ ਬਾਅਦ, ਉਹ ਆਪਣੀ ਮਾਂ ਨੂੰ ਪਟਿਆਲ਼ਾ ਲੈ ਆਏ ਜਿੱਥੇ ਉਹ ਯੁਨੀਵਰਸਿਟੀ ਦੇ ਇੱਕ ਛੋਟੇ ਜਿਹੇ ਫ਼ਲੈਟ ਵਿੱਚ ਰਹਿੰਦੇ ਸਨ।

ਸੁਨੀਤਾ ਧੀਰ ਨੇ ਦੱਸਿਆ, “ਘਰ ਵਿੱਚ ਰਹਿਣ ਦੀ ਆਦਤ ਕਰਕੇ ਮਾਂ ਨੂੰ ਫ਼ਲੈਟ ਵਿੱਚ ਰਹਿਣਾ ਔਖਾ ਲਗਦਾ ਸੀ, ਫਿਰ ਮੈਂ ਕਿਰਾਏ ‘ਤੇ ਇੱਕ ਘਰ ਲੈ ਲਿਆ। ਕੁਝ ਸਮੇਂ ਬਾਅਦ ਮੇਰੇ ਪਹਿਲਾਂ ਤੋਂ ਖਰੀਦੇ ਹੋਏ ਇੱਕ ਪਲਾਟ ‘ਤੇ ਘਰ ਬਣਵਾ ਲਿਆ ਜਿੱਥੇ ਹੁਣ ਅਸੀਂ ਰਹਿੰਦੇ ਹਾਂ।”

ਪਤੀ ਨਾਲ ਥੋੜ੍ਹੇ ਸਮੇਂ ਦਾ ਸਾਥ ਅਤੇ ਗੋਦ ਲਈ ਧੀ

ਸੁਨੀਤਾ ਧੀਰ ਦੇ ਪਤੀ ਇੱਕ ਕਾਰੋਬਾਰੀ ਸਨ, ਉਹ ਲੰਡਨ ਤੋਂ ਪੜ੍ਹੇ ਸਨ। ਸੁਨੀਤਾ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਤੀ ਨਾਲ ਬਹੁਤ ਥੋੜ੍ਹਾ ਸਮਾਂ ਮਿਲਿਆ।

ਵਿਆਹ ਤੋਂ 12-13 ਸਾਲ ਬਾਅਦ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ। ਸੁਨੀਤਾ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਕਰੀਬ ਦੋ ਸਾਲ ਉਹ ਬੇਹਦ ਉਦਾਸੀ ਵਿੱਚ ਰਹੇ।

ਉਨ੍ਹਾਂ ਦੱਸਿਆ, “ਮੇਰੇ ਪਤੀ ਨੇ ਮੈਨੂੰ ਬਹੁਤ ਕੁਝ ਸਿਖਾਇਆ , ਜੋ ਜ਼ਿੰਦਗੀ ਵਿੱਚ ਮੇਰੇ ਕੰਮ ਆਇਆ। ਉਹ ਬਹੁਤ ਵੱਡੇ ਦਿਲ ਵਾਲੇ ਇਨਸਾਨ ਸਨ।”

ਸੁਨੀਤਾ ਧੀਰ ਬਾਇਓਲਾਜੀਕਲ ਮਾਂ ਨਹੀਂ ਹਨ। ਉਨ੍ਹਾਂ ਨੇ ਆਪਣੀ ਭੈਣ ਦੀ ਬੇਟੀ ਰੂਹੀ ਨੂੰ ਗੋਦ ਲਿਆ ਹੋਇਆ ਹੈ।

ਸੁਨੀਤਾ ਦੱਸਦੇ ਹਨ ਕਿ ਉਹ ਕਰੀਬ ਡੇਢ ਸਾਲ ਦੀ ਸੀ ਜਦੋਂ ਉਨ੍ਹਾਂ ਦੀ ਮਾਂ ਨਾਲ ਉਨ੍ਹਾਂ ਕੋਲ ਆਈ ਸੀ ਅਤੇ ਫਿਰ ਉੱਥੇ ਹੀ ਰਹੀ।

ਪਤੀ ਦੀ ਮੌਤ ਤੋਂ ਬਾਅਦ, ਸੁਨੀਤਾ ਨੇ ਉਸ ਨੂੰ ਗੋਦ ਲੈ ਲਿਆ। ਸੁਨੀਤਾ ਦੱਸਦੇ ਹਨ ਕਿ ਉਹ ਬੱਚੀ ਨੂੰ ਪੜ੍ਹਾ ਕੇ ਆਪਣੇ ਪੈਰਾਂ ’ਤੇ ਖੜ੍ਹੀ ਕਰਨਾ ਚਾਹੁੰਦੇ ਸੀ।

ਉਹ ਦੱਸਦੇ ਹਨ ਕਿ ਹੁਣ ਰੂਹੀ ਥਾਪਰ ਕਾਲਜ ਤੋਂ ਐਮ.ਏ ਮਨੋਵਿਗਿਆਨ ਕਰ ਚੁੱਕੇ ਹਨ ਅਤੇ ਬੀਐੱਡ ਦੀ ਪੜ੍ਹਾਈ ਕੀਤੀ ਹੈ।

ਸੁਨੀਤਾ ਧੀਰ ਦੀ ਬੇਟੀ ਰੂਹੀ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ।

ਸੁਨੀਤਾ ਦੱਸਦੇ ਹਨ ਕਿ ਦੋਹਾਂ ਮਾਂਵਾਂ-ਧੀਆਂ ਦੀ ਉਮਰ ਵਿਚਕਾਰ 32 ਸਾਲ ਦਾ ਫ਼ਰਕ ਹੈ, ਪਰ ਉਹ ਇੱਕ ਦੂਜੇ ਦੀਆਂ ਦੋਸਤ ਹਨ।

ਰੰਗ ਮੰਚ ਅਤੇ ਪੰਜਾਬੀ ਸਿਨੇਮਾ ਲਈ ਸੋਚ

ਅਦਾਕਾਰੀ ਦੇ ਨਾਲ-ਨਾਲ ਸੁਨੀਤਾ ਧੀਰ, ਐਕਟਿੰਗ ਦੀ ਪੜ੍ਹਾਈ ਨਾਲ ਵੀ ਜੁੜੇ ਰਹੇ ਹਨ।

ਪਟਿਆਲ਼ਾ ਦੀ ਪੰਜਾਬੀ ਯੁਨੀਵਰਸਿਟੀ ਦੇ ਥੀਏਟਰ ਵਿਭਾਗ ਵਿੱਚ ਪੜ੍ਹਾਉਂਦਿਆਂ ਸੁਨੀਤਾ ਧੀਰ ਨੇ ਵਿਦਿਆਰਥੀਆਂ ਨੂੰ ਐਕਟਿੰਗ ਦੇ ਗੁਰ ਸਿਖਾਏ ਹਨ।

‘ਸਟਾਈਲਜ਼ ਆਫ ਐਕਟਿੰਗ’ ਸਿਰਲੇਖ ਹੇਠ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ।

ਧੀਰ ਇਹ ਵੀ ਕਹਿੰਦੇ ਹਨ ਕਿ ਪੰਜਾਬ ਯੁਨੀਵਰਸਿਟੀ ਅਤੇ ਪੰਜਾਬੀ ਯੁਨੀਵਰਸਿਟੀ ਦੇ ਥੀਏਟਰ ਵਿਭਾਗਾਂ ਦੀ ਪੰਜਾਬੀ ਸਿਨੇਮਾ ਨੂੰ ਵੱਡੀ ਦੇਣ ਹੈ, ਕਿਉਂਕਿ ਥੀਏਟਰ ਦੀਆਂ ਬਾਰੀਕੀਆਂ ਜਾਨਣ ਵਾਲੇ ਲੋਕ ਪੰਜਾਬੀ ਸਿਨੇਮਾ ਵਿੱਚ ਜਾ ਰਹੇ ਹਨ।

ਸੁਨੀਤਾ ਧੀਰ ਮੰਨਦੇ ਹਨ ਕਿ ਪੰਜਾਬੀ ਸਿਨੇਮਾ ਨੇ ਕਾਫ਼ੀ ਤਰੱਕੀ ਕੀਤੀ ਹੈ ਪਰ ਹਾਲੇ ਵੀ ਕਹਾਣੀਆਂ ‘ਤੇ ਤਵੱਜੋ ਦੇਣ ਦੀ ਬਹੁਤ ਲੋੜ ਹੈ।

ਉਹ ਕਹਿੰਦੇ ਹਨ ਕਿ ਪੰਜਾਬੀ ਸਿਨੇਮਾ ਵਿੱਚ ਇੱਕੋ ਜਿਹੀਆਂ ਫ਼ਿਲਮਾਂ ਬਣਦੀਆਂ ਹਨ ਅਤੇ ਹਾਲੇ ਤੱਕ ਪੰਜਾਬੀ ਸਿਨੇਮਾ ਵਿੱਚ ਉਸ ਤਰ੍ਹਾਂ ਸਾਹਿਤ ‘ਤੇ ਕੰਮ ਨਹੀਂ ਹੋਇਆ ਹੈ ਜੋ ਹੋਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਸਾਡੇ ਸਾਹਿਤ ਵਿੱਚੋਂ ਕਹਾਣੀਆਂ ਲੈ ਕੇ ਫ਼ਿਲਮਾਂ ਬਣਨ ਤਾਂ ਪੰਜਾਬੀ ਸਿਨੇਮਾ ਹੋਰ ਵੱਡਾ ਹੋ ਸਕਦਾ ਹੈ।

ਰੰਗ ਮੰਚ ਬਾਰੇ ਸੁਨੀਤਾ ਧੀਰ ਕਹਿੰਦੇ ਹਨ ਕਿ ਇਸ ਮਾਧਿਅਮ ਵਿੱਚ ਸਮਾਜ ਨੂੰ ਬਦਲਣ ਦੀ ਸਮਰੱਥਾ ਹੈ, ਪਰ ਅਜੋਕੇ ਸਮੇਂ ਥੀਏਟਰ ਨੂੰ ਸਹੀ ਢੰਗ ਨਾਲ ਪ੍ਰਮੋਟ ਨਹੀਂ ਕੀਤਾ ਜਾ ਰਿਹਾ।

ਉਹ ਕਹਿੰਦੇ ਹਨ, “ਸਾਡੀ ਕੋਈ ਠੋਸ ਸੱਭਿਆਚਾਰਕ ਨੀਤੀ ਹਾਲੇ ਤੱਕ ਨਹੀਂ ਬਣੀ। ਪੰਜਾਬ ਦੇ ਹਰ ਸ਼ਹਿਰ ਵਿੱਚ ਇੱਕ ਜਾਂ ਦੋ ਥੀਏਟਰ ਅਜਿਹੇ ਹੋਣੇ ਚਾਹੀਦੇ ਹਨ ਜਿੱਥੇ ਹੋਰ ਕੋਈ ਸਮਾਗਮ ਨਾ ਹੋਵੇ ਅਤੇ ਜੋ ਸਿਰਫ਼ ਰੰਗ ਮੰਚ ਲਈ ਹੋਵੇ। ਅਸੀਂ ਅਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤਾਂ ਆਰਟ ਖੁਦ ਪ੍ਰਮੋਟ ਹੋਏਗੀ। ”

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)