ਅਮ੍ਰਿਤਪਾਲ ਘਟਨਾਕਰਮ ਤੇ ਭਗਵੰਤ ਮਾਨ ਦੇ ਹਿੰਦੀ ਸੰਦੇਸ਼ ਦਾ ਮਤਲਬ ਸਮਝੋ -ਨਜ਼ਰੀਆ

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਸਬੰਧਤ 154 ਲੋਕਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪਰ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਹਨ।
ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਕਿਹਾ ਹੈ, “ਦੇਸ਼ ਖ਼ਿਲਾਫ਼ ਪੰਜਾਬ ਵਿੱਚ ਪਨਪਣ ਵਾਲੀ ਕਿਸੇ ਵੀ ਤਾਕਤ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਧਰਮ ਨਿਰਪੱਖ਼ ਪਾਰਟੀ ਹੈ। ਦੇਸ ਵਿਰੋਧੀ ਕਿਸੇ ਤਾਕਤ ਨੂੰ ਪੰਜਾਬ ਵਿੱਚ ਸਿਰ ਨਹੀਂ ਚੁੱਕਣ ਦਿਆਂਗੇ।''
ਆਪਣੇ ਹਿੰਦੀ ਵਿੱਚ ਜਾਰੀ ਕੀਤੇ ਸੰਖ਼ੇਪ ਵੀਡੀਓ ਸੰਦੇਸ਼ ਦੌਰਾਨ ਮਾਨ ਨੇ ਕਿਹਾ, “ਮੇਰੇ ਖੂਨ ਦੀ ਇੱਕ-ਇੱਕ ਬੂੰਦ ਪੰਜਾਬ ਲਈ ਹੈ।”
ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਮ੍ਰਿਤਪਾਲ ਨੇ ਨੰਗਲ ਅੰਬੀਆ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੱਪੜੇ ਬਦਲੇ ਸਨ ਅਤੇ ਫਰਾਰ ਹੋ ਗਏ।
ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।
ਪੰਜਾਬ ਵਿੱਚ ਚੱਲ ਰਹੇ ਇਸ ਵਰਤਾਰੇ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।

ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।


ਤਸਵੀਰ ਸਰੋਤ, Getty Images
ਅਮ੍ਰਿਤਪਾਲ ਘਟਨਾਕਰਮ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ?
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਸਿੰਘ ਦੀ ਯੋਜਨਾ ਲੰਮੀ ਸੀ ਤਾਂ ਉਸ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੀਦਾ ਸੀ।
ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਉਸ ਨੂੰ ਸਿਖਲਾਈ ਦੇ ਕੇ ਪੰਜਾਬ ਭੇਜਿਆ ਗਿਆ ਸੀ ਅਤੇ ਉਹ ਕਾਹਲ਼ਾ ਵਗ ਗਿਆ।
ਅਮ੍ਰਿਤਪਾਲ ਸਿੰਘ ਨੂੰ ਜਿੰਨਾਂ ਲੋਕਾਂ ਨੇ ਟਰੇਨਿੰਗ ਦੇ ਕੇ ਪੰਜਾਬ ਵਿੱਚ ਭੇਜਿਆ ਸੀ, ਉਹਨਾਂ ਤੋਂ ਗਲਤੀਆਂ ਹੋ ਗਈਆਂ। ਜੇਕਰ ਉਹ ਅਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਸੀ।
ਉਸ ਨੂੰ ਅਰਾਮ ਨਾਲ ਪਹਿਲਾਂ ਲੋਕਾਂ ਵਿੱਚ ਕੰਮ ਕਰਕੇ ਅਧਾਰ ਬਣਾਉਣਾ ਚਾਹੀਦਾ ਸੀ।
“ਮੈਨੂੰ ਲੱਗਦਾ ਹੈ ਕਿ ਹੁਣ ਤੱਕ ਸਰਕਾਰ ਨੇ ਵੀ ਅਤੇ ਕੇਂਦਰ ਨੇ ਵੀ ਉਸ ਨੂੰ ਕਾਰਵਾਈਆਂ ਕਰਨ ਦਿੱਤੀਆਂ ਸਨ।”

'ਘਰ ਤੋਂ ਫੜਨ ਦੀ ਬਜਾਏ ਵੱਡਾ ਹੱਲਾ ਕਿਉਂ ਹੋਇਆ?'
ਜਗਤਾਰ ਸਿੰਘ ਕਹਿੰਦੇ ਹਨ, ਜਿਸ ਥਾਂ ਤੋਂ ਅਮ੍ਰਿਤਪਾਲ ਸਿੰਘ ਭੱਜਿਆ ਉਹ ਉਸ ਦਾ ਇਲਾਕਾ ਨਹੀਂ ਸੀ। ਪਰ ਪੇਸ਼ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ, ਜਿਵੇਂ ਸਭ ਗਲੀਆਂ ਜਾਣਦਾ ਹੋਵੇ।''
''ਸਵਾਲ ਇਹ ਹੈ ਕਿ ਉਸ ਨੂੰ ਘਰੋਂ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ, ਇੰਨਾ ਵੱਡਾ ਤਮਾਸ਼ਾ ਕਰਨ ਪਿੱਛੇ ਕੀ ਸਿਆਸਤ ਹੈ।ਇਸ ਘਟਨਾ ਵਿੱਚ ਕਈ ਚੀਜਾਂ ਸਮਝ ਤੋਂ ਬਾਹਰ ਹਨ।''
ਜਗਤਾਰ ਸਿੰਘ ਜਰਨੈਲ ਸਿੰਘ ਭਿੰਡਰਾਵਾਲੇ ਦਾ ਵੀ ਇੱਕ ਕਿੱਸਾ ਸਾਂਝਾ ਕਰਦੇ ਹਨ, ਜਦੋਂ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ ਸੀ।
''ਇੱਕ ਵਾਰ ਜਦੋਂ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਪੁਲਿਸ ਫੜਨ ਦੀ ਤਿਆਰੀ ਕਰ ਰਹੀ ਸੀ ਤਾਂ ਉਹਨਾਂ ਨੂੰ ਅੰਦਾਜਾ ਹੋ ਗਿਆ। ਉਹ ਚੰਦੋਕਲ੍ਹਾਂ ( ਹਰਿਆਣਾ) ਤੋਂ ਲੁਧਿਆਣਾ ਚੱਲੇ ਸਨ ਪਰ ਉਹ ਟਰੱਕ ਵਿੱਚ ਬੈਠ ਕੇ ਕਿਸੇ ਹੋਰ ਥਾਂ ਚਲੇ ਗਏ।”
ਉਸ ਸਮੇਂਂ ਤੋਂ ਬਾਅਦ ਅਜਿਹਾ ਕੇਸ ਦੂਜੀ ਵਾਰ ਅਮ੍ਰਿਤਪਾਲ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ।
ਪਰ ਇਸ ਵਿੱਚ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਅਮ੍ਰਿਤਪਾਲ ਦਾ ਪਿੰਡ ਜੱਲੂਖੇੜਾ ਹੈ, ਤੇ ਜੇ ਉੱਥੋਂ ਮੋਗਾ ਜਾਣਾ ਹੈ ਤਾਂ ਸਿੱਧਾ ਰੂਟ ਗੋਇੰਬਵਾਲ ਸਾਹਿਬ ਹੈ, ਗੋਇੰਦਵਾਲ-ਸੁਲਤਾਨਪੁਰ ਲੋਧੀ ਉਹ ਪੁਲ ਲੰਘਣਾ ਹੈ।
“ਅਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ ਹੈ, ਇਹ ਮੋਗਾ ਲਈ ਹਰੀਕੇ ਵਾਲੇ ਰਸਤੇ ਕਿਉਂ ਗਏ?''
'‘ਇਨ੍ਹਾਂ ਹਰੀਕੇ ਨਾਕਾ ਲਾਇਆ ਹੋਇਆ ਸੀ ਇਨ੍ਹਾਂ ਨੇ, ਬਹੁਤ ਵੱਡਾ ਅਤੇ ਉਹ ਵੀ ਵਾਇਆ ਹਰੀਕੇ ਗਏ, ਮੇਰੇ ਇਹ ਗੱਲਾਂ ਕੁਝ ਪੱਲੇ ਨਹੀਂ ਪੈ ਰਹੀਆਂ।’’
''ਉਸ ਦੇ ਚਾਚਾ ਅਤੇ ਹੋਰਾਂ ਨੂੰ ਅਸਾਮ ਇਸ ਲਈ ਭੇਜਿਆ ਜਾ ਰਿਹਾ ਹੈ ਕਿ ਕੋਈ ਗੱਲ ਬਾਹਰ ਨਾ ਆਵੇ।”

ਤਸਵੀਰ ਸਰੋਤ, Social Media
'ਸਾਰੇ ਆਪਰੇਸ਼ਨ ਦਿੱਲੀ ਤੋਂ ਹੀ ਬਣਾਏ ਜਾਂਦੇ ਹਨ'
ਜਗਤਾਰ ਸਿੰਘ ਦੱਸਦੇ ਹਨ ਕਿ ਕੇਂਦਰ ਦੀਆਂ ਏਜੰਸੀਆਂ ਲੰਮੇਂ ਸਮੇਂ ਤੋਂ ਪੰਜਾਬ ਉਪਰ ਨਜ਼ਰ ਰੱਖ ਰਹੀਆਂ ਹਨ।
ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਜੋ ਕਈ ਸਾਲਾਂ ਤੋਂ ਹੋ ਰਿਹਾ ਹੈ, ਉਹ ਪੰਜਾਬ ਦੀ ਯੁੱਧਨੀਤਿਕ ਸਥਿਤੀ ਦੀ ਮਹੱਤਤਾ ਹੈ।
ਇਸ ਕਾਰਨ ਕਿਸੇਂ ਸਮੇਂ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਦਿੱਲੀ ਤੋਂ ਹੀ ਆਉਂਦੀ ਸੀ।
ਭਾਵੇਂ ਕਿ ਲਿਖਤੀ ਰੂਪ ਵਿੱਚ ਨਾ ਹੋਵੇ ਪਰ ਮਨਜੂਰੀ ਦਿੱਲੀ ਦੀ ਹੀ ਹੁੰਦੀ ਸੀ।
ਪੰਜਾਬ ਦੇ ਸਾਰੇ ਆਪਰੇਸ਼ਨ ਦਿੱਲੀ ਤੋਂ ਹੀ ਬਣਾਏ ਜਾਂਦੇ ਹਨ।
ਇਸ ਆਪਰੇਸ਼ਨ ਵਿੱਚ ਵੀ ਪੰਜਾਬ ਸਰਕਾਰ ਵਲੋਂ ਕੇਂਦਰੀ ਏਜੰਸੀਆਂ ਦੀ ਮਦਦ ਲਏ ਜਾਣ ਦੇ ਸਪੱਸ਼ਟ ਸੰਕੇਤ ਨਜ਼ਰ ਆ ਰਹੇ ਹਨ।
ਪਰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਕੇਂਦਰੀ ਏਜੰਸੀਆਂ ਨੂੰ ਇੰਨੀਆਂ ਤਜਰਬੇਕਾਰ ਮੰਨਿਆ ਜਾਂਦਾ ਹੈ, ਰਾਅ ਅਤੇ ਐੱਨਆਈਏ ਦੇ ਦੋਵੇਂ ਮੁਖੀ ਪੰਜਾਬ ਤੋਂ ਹਨ, ਫੇਰ ਇਸ ਆਪਰੇਸ਼ਨ ਦੀ ਯੋਜਨਾ ਬੰਦੀ ਇੰਨੀ ਮਾੜੀ ਕਿਉਂ ਲੱਗੀ।
ਜਿਵੇਂ ਅਮ੍ਰਿਤਪਾਲ ਦੇ ਪਿਤਾ ਨੇ ਵੀ ਸਵਾਲ ਚੁੱਕਿਆ ਹੈ ਕਿ ਜੇਕਰ ਅਮ੍ਰਿਤਪਾਲ ਨੂੰ ਗ੍ਰਿਫਤਾਰ ਹੀ ਕਰਨਾ ਸੀ ਤਾਂ ਉਸਦੇ ਘਰ ਤੋਂ ਕਿਉਂ ਨਹੀਂਂ ਚੁੱਕਿਆ ਗਿਆ।
‘‘ਜੇ ਬਾਹਰ ਵੀ ਫੜਨਾ ਸੀ ਤਾਂ ਘਰ ਤੋਂ ਨਿਕਲਦੇ ਨੂੰ ਚੁੱਕ ਲੈਂਦੇ, ਇਸ ਤਰ੍ਹਾਂ ਮਾਮਲਾ ਉਛਾਲਣਾ, 7 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰਨ, ਅਜਿਹਾ ਕਿਉਂ ਕੀਤਾ ਗਿਆ, ਇਸ ਪਿੱਛੇ ਸਿਆਸਤ ਕੀ ਹੈ।’’

ਹੁਣ ਤੱਕ ਕੀ -ਕੀ ਹੋਇਆ
- ਅਮ੍ਰਿਤਪਾਲਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ 18 ਮਾਰਚ ਤੋਂ ਕਾਰਵਾਈ ਕਰ ਰਹੀ ਹੈ
- ਪੁਲਿਸ ਮੁਤਾਬਕ ਅਮ੍ਰਿਤਪਾਲ ਫਰਾਰ ਹੋ ਗਿਆ ਪਰ ਉਨ੍ਹਾਂ ਦੇ 154 ਕਾਰਕੁਨ ਹਿਰਾਸਤ ਵਿੱਚ ਹਨ
- ਮੋਬਾਇਲ ਇੰਟਰਨੈੱਟ ਉੱਤੇ 18 ਮਾਰਚ ਨੂੰ ਹੀ ਪਾਬੰਦੀ ਲਾ ਦਿੱਤੀ ਸੀ, ਜੋ ਹੁਣ 3 ਜ਼ਿਲ੍ਹਿਆਂ ਤੱਕ ਸੀਮਤ ਹੈ
- ਅਮ੍ਰਿਤਪਾਲ ਦੇ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ
- ‘ਵਾਰਿਸ ਪੰਜਾਬ ਦੇ’ ਵਕੀਲ ਨੇ ਹਾਈਕੋਰਟ ਵਿੱਚ ਬੰਦੀ ਨੂੰ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ
- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇੰਨੀ ਵੱਡੀ ਪੁਲਿਸ ਨਫ਼ਰੀ ਵਿੱਚ ਉਹ ਕਿਵੇਂ ਬਚ ਗਿਆ
- ਪੁਲਿਸ ਮੁਤਾਬਕ ਅਮ੍ਰਿਤਪਾਲ ਦਾ ਆਖਰੀ ਵਾਰ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਵਿੱਚ ਦਿਖਿਆ
- ਅਮ੍ਰਿਤਪਾਲ ਦੇ 7 ਸਾਥੀਆਂ ਨੂੰ ਦਿਬੜੂਗੜ੍ਹ ਅਸਾਮ ਭੇਜਿਆ ਗਿਆ ਹੈ, ਉਨ੍ਹਾਂ ਉੱਤੇ NSA ਲੱਗਿਆ ਹੈ
- ਪੰਜਾਬ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਹੈ ਅਤੇ ਨਾਕੇਬੰਦੀ ਕੀਤੀ ਗਈ ਹੈ ਤੇ ਫਲੈਗ ਮਾਰਚ ਹੋ ਰਹੇ ਹਨ
- ਪੰਜਾਬ ਸਣੇ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ

ਕੰਪਿਊਟਰ ਦੇਣ ਦੀ ਗੱਲ ਅਤੇ ਪੜਾਈ ਦਾ ਮਾਮਲਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਨਾਵਾਂ ਨੂੰ ਨੌਕਰੀਆਂ ਅਤੇ ਕੰਪਿਊਟਰ ਦੇਣ ਦੀ ਗੱਲ ਦਾ ਸਹੀ ਅਰਥ, ਇਹੋ ਹੈ ਕਿ ਇਹ ਚੀਜ਼ਾਂ ਨੌਜਵਾਨਾਂ ਨੂੰ ਦੇਣੀਆਂ ਹੀ ਚਾਹੀਦੀਆਂ ਹਨ।
“ਅਮ੍ਰਿਤਪਾਲ ਸਿੰਘ ਹੁਰਾਂ ਨੇ ਆ ਕੇ ਪ੍ਰਚਾਰ ਕੀਤਾ ਕਿ ਪੜਨ ਦੀ ਲੋੜ ਨਹੀਂ ਹੈ। ਇਹਨਾਂ ਨੇ ਸਿਰ ਦੇਣ ਅਤੇ ਲੈਣ ਦੀ ਗੱਲ ਸ਼ੁਰੂ ਕੀਤੀ ਸੀ। ਇਹ ਗੱਲ ਵੱਖਰੀ ਹੈ ਕਿ ਜਦੋਂ ਮੌਕਾ ਆਇਆ ਤਾਂ ਅਮ੍ਰਿਤਪਾਲ ਸਿੰਘ ਖੁਦ ਲਾਪਤਾ ਹੋ ਗਏ।”

ਭਗਵੰਤ ਮਾਨ ਦੇ ਹਿੰਦੀ ਸੰਦੇਸ਼ ਦਾ ਕੀ ਅਰਥ ਹੈ?
ਜਗਤਾਰ ਸਿੰਘ ਕਹਿੰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸੰਦੇਸ਼ ਹਿੰਦੀ ਵਿੱਚ ਦਿੱਤਾ ਤਾਂ ਇਹ ਸਮਝਣ ਦੀ ਲੋੜ ਹੈ ਕਿ ਉਹ ਕਿਹੜੇ ਸੂਬਿਆਂ ਨੂੰ ਸੁਣਾਉਣਾ ਚਹੁੰਦੇ ਸਨ।
ਇਹ ਪੰਜਾਬ ਲਈ ਹੁੰਦਾ ਤਾਂ ਉਹਨਾਂ ਨੂੰ ਪੰਜਾਬੀ ਵਿੱਚ ਬੋਲਣਾ ਚਾਹੀਦਾ ਸੀ।
“ਦੂਜੇ ਉਹਨਾਂ ਨੇ ਕਿਹਾ ਕਿ ‘ਮੇਰੇ ਖੂਨ ਦੀ ਇੱਕ-ਇੱਕ ਬੂੰਦ ਪੰਜਾਬ ਲਈ ਹੈ’, ਇਸ ਬਾਰੇ ਮੈਨੂੰ ਯਾਦ ਹੈ ਕਿ ਕਿਸੇ ਸਮੇਂ ਇੰਦਰਾ ਗਾਂਧੀ ਅਜਿਹਾ ਕਹਿੰਦੇ ਸਨ। ਉਹ ਇਸ ਤਰ੍ਹਾਂ ਦੇ ਭਾਸ਼ਨ ਦਿੰਦੇ ਸਨ ਕਿ ਮੇਰਾ ਖੂਨ ਦੇਸ਼ ਦੇ ਲੇਖੇ ਲਈ ਹੈ।”
“ਅਮ੍ਰਿਤਪਾਲ ਦੇ ਮਾਮਲੇ ਵਿੱਚ ਜੋ ਉਹਨਾਂ ਨੇ ਕਿਹਾ ਹੈ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ, ਇਹ ਇੱਕ ਮੁੱਖ ਮੰਤਰੀ ਦਾ ਕੰਮ ਹੈ। ਪਰ ਮਹਾਰਾਸ਼ਟਰ ਵਿੱਚ ਇੱਕ ਹਿੰਦੂ ਗਰੁੱਪ ਵੱਲੋਂ ਮੁਸਲਮਾਨਾਂ ਖਿਲਾਫ਼ ਬਿਆਨਬਾਜੀ ਕੀਤੀ ਜਾ ਰਹੀ ਹੈ, ਉੱਥੇ ਕੋਈ ਕਾਰਵਾਈ ਨਹੀਂ ਹੁੰਦੀ।”
“ਜਦੋਂ ਪੰਜਾਬ ਵਿੱਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਦਿਖਾਇਆ ਜਾਂਦਾ ਹੈ ਜਿਵੇਂ ਕੋਈ ਅੱਗ ਲੱਗ ਗਈ ਹੋਵੇ।”

ਕੀ ਸਰਕਾਰ ਵਿੱਚ ਲੋਕਾਂ ਦਾ ਭਰੋਸਾ ਵਧੇਗਾ?
ਜਗਤਾਰ ਸਿੰਘ ਕਹਿੰਦੇ ਹਨ ਕਿ ਇਸ ਕਾਰਵਾਈ ਨਾਲ ਸਰਕਾਰ ਦੀ ਜਿਆਦਾ ਚੰਗੀ ਤਸਵੀਰ ਬਣ ਕੇ ਸਾਹਮਣੇ ਨਹੀਂ ਆਈ ਸਗੋਂ ਬਦਨਾਮੀ ਹੀ ਹੋਈ ਹੈ। ਇਸ ਦਾ ਨਕਾਰਤਮਕ ਪ੍ਰਭਾਵ ਗਿਆ ਹੈ।
ਉਹ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤਾਂ ਸ਼ਾਇਦ ਇਸ ਦਾ ਪੰਜਾਬ ਸਰਕਾਰ ਦੀ ਦਿੱਖ ਨੂੰ ਕੁਝ ਫਾਇਦਾ ਹੋ ਸਕਦਾ ਸੀ, ਪਰ ਹੁਣ ਤਾਂ ਇਸ ਦਾ ਅਸਰ ਨਾਂਹਪੱਖ਼ੀ ਹੀ ਲੱਗ ਰਿਹਾ ਹੈ।
ਜਿੱਥੇ ਜਿਸ ਇਨਸਾਨ ਨੂੰ ਤੁਸੀਂ ਫੜਨਾ ਸੀ, ਜੇ ਉਹ ਨਿਕਲ ਗਿਆ ਤਾਂ ਬਾਕੀ ਮੈਟਰ ਨਹੀਂ ਕਰਦਾ। ਮੇਰੇ ਖ਼ਿਆਲ ਵਿੱਚ ਇਹ ਬਹੁਤ ਹੀ ਘਟੀਆ ਯੋਜਨਾਬੰਦੀ ਵਾਲਾ ਆਪਰੇਸ਼ਨ ਹੈ।
ਹੁਣ ਦਿੱਤੀ ਤੋਂ ਲਗਾਤਾਰ ਇਹ ਖ਼ਬਰਾਂ ਲੱਗ ਰਹੀਆਂ ਹਨ ਕਿ ਇਸ ਆਪਰੇਸ਼ਨ ਦੀ ਨਿਗਰਾਨੀ ਵੀ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ।
ਜਿਵੇਂ ਖ਼ਬਰਾਂ ਆ ਰਹੀਆਂ ਹਨ ਕਿ ਕਈ ਦਿਨਾਂ ਤੋਂ ਆਪਰੇਸ਼ਨ ਦੀ ਤਿਆਰੀ ਸੀ, ਜੇ ਤਿਆਰੀ ਅਜਿਹੀ ਹੁੰਦੀ ਹੈ ਤਾਂ ਗੱਲ ਸਮਝੋਂ ਬਾਹਰੀ ਹੈ, ਇਸ ਵਿੱਚ ਤਾਂ ਕੇਂਦਰੀ ਏਜੰਸੀਆਂ ਦੀ ਕਾਰਗੁਜ਼ਾਰੀ ਦੀ ਵੀ ਸਮਝ ਨਹੀਂ ਪੈਂਦੀ।
''ਭਗਵੰਤ ਮਾਨ ਮੁੱਖ ਮੰਤਰੀ ਆਪ ਦੇ ਹੀ ਨਹੀਂ, ਉਨ੍ਹਾਂ ਦਾ ਦਿੱਲੀ ਵਾਲਿਆਂ ਨਾਲ ਵੀ ਪੂਰਾ ਤਾਲਮੇਲ ਹੈ। ਜਾਣਿ ਕਿ ਭਾਜਪਾ ਦੀ ਸਰਕਾਰ ਨਾਲ। ਕਿੱਥੇ ਕੌਣ ਕਿਹਦੀ ਸਿਆਸਤ ਕਰਨ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੈ।''
''ਜੇਕਰ ਇੰਨੇ ਦਿਨ ਦੀ ਯੋਜਨਾਬੰਦੀ ਤੋਂ ਬਾਅਦ ਆਪਰੇਸ਼ਨ ਸਿਰ੍ਹੇ ਨਹੀਂ ਚੜ੍ਹਿਆ ਤਾਂ ਸਵਾਲ ਦਿੱਲੀ ਵਾਲਿਆਂ ਦੇ ਨਾਲ ਪੰਜਾਬ ਸਰਕਾਰ ਉੱਤੇ ਜ਼ਿਆਦਾ ਹੈ।''
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)












