You’re viewing a text-only version of this website that uses less data. View the main version of the website including all images and videos.
ਕਲਸਟਰ ਬੰਬ: ਯੂਕਰੇਨ ਨੂੰ ਅਮਰੀਕਾ ਉਹ ਬੰਬ ਕਿਉਂ ਦੇ ਰਿਹਾ ਜਿਨ੍ਹਾਂ ਦੀ ਵਰਤੋਂ ’ਤੇ 100 ਦੇਸਾਂ ਵਿੱਚ ਪਾਬੰਦੀ ਹੈ
- ਲੇਖਕ, ਮੇਜਲਿਨ ਹਲਪਰਟ ਤੇ ਫ਼ੈਂਕ ਗਾਰਡਨਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਨੇ ਯੂਕਰੇਨ ਨੂੰ ਕਲਸਟਰ ਹਥਿਆਰ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਹਥਿਆਰ ਯੂਕਰੇਨ ਨੂੰ ਰੂਸ ਦੇ ਖ਼ਿਲਾਫ਼ ਆਪਣੇ ਜਵਾਬੀ ਹਮਲਿਆਂ ਨੂੰ ਤੇਜ਼ ਕਰਨ ਵਿੱਚ ਮਦਦ ਕਰਨਗੇ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਨੇ ਕਲਸਟਰ ਹਥਿਆਰਾਂ ਨਾਲ ਨਾਗਰਿਕਾਂ ਨੂੰ ਹੋਣ ਵਾਲੇ ਘਾਤਕ ਨੁਕਸਾਨ ਦੇ ਜੋਖ਼ਮ ਨੂੰ ਦੇਖਦਿਆਂ ਇਨ੍ਹਾਂ ਦੀ ਸਪਲਾਈ ’ਤੇ ਰੋਕ ਲਗਾਈ ਸੀ। ਜਦੋਂ ਕਿ ਯੂਕਰੇਨ ਲਗਾਤਾਰ ਹਥਿਆਰਾਂ ਦੀ ਮੰਗ ਕਰ ਰਿਹਾ ਸੀ।
ਕਲਸਟਰ ਹਥਿਆਰ ਬਹੁਤ ਖਤਰਨਾਕ ਹੁੰਦੇ ਹਨ। ਵੱਡੇ ਖੇਤਰ ਵਿੱਚ ਲੱਖਾਂ ਛੋਟੇ ਬੰਬ ਫੈਲਾਉਣ ਵਾਲੇ ਇਨ੍ਹਾਂ ਹਥਿਆਰਾਂ ਦੀ ਭਿਆਨਕਤਾ ਨੂੰ ਦੇਖਦਿਆਂ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਨੇ ਇਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਅਜਿਹੇ ਹਥਿਆਰ ਹਨ, ਜਿਨ੍ਹਾਂ ਵਿੱਚ ਇੱਕੋ ਸਮੇਂ ਕਈ ਬੰਬ ਹੁੰਦੇ ਹਨ। ਇਹ ਬੰਬ ਰਾਕੇਟ, ਮਿਜ਼ਾਈਲਾਂ ਜਾਂ ਤੋਪਾਂ ਜ਼ਰੀਏ ਦਾਗੇ ਜਾਂਦੇ ਹਨ।
ਇੱਕ ਟੀਵੀ ਇੰਟਰਵਿਊ ਵਿੱਚ ਇਸ ਫੈਸਲੇ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ, "ਇਹ ਮੇਰੇ ਲਈ ਬਹੁਤ ਔਖਾ ਫ਼ੈਸਲਾ ਹੈ। ਅਸੀਂ ਇਸ ਬਾਰੇ ਆਪਣੇ ਸਹਿਯੋਗੀਆਂ ਨਾਲ ਗੱਲ ਕੀਤੀ। ਅਸੀਂ ਇਸ 'ਤੇ ਕੈਪੀਟਲ ਹਿੱਲ ਵਿੱਚਲੇ ਆਪਣੇ ਸਹਿਯੋਗੀਆਂ ਨਾਲ ਵੀ ਗੱਲ ਕੀਤੀ।"'
ਬਾਇਡਨ ਨੇ ਕਿਹਾ ਕਿ ਯੂਕਰੇਨ ਕੋਲ ਹਥਿਆਰ ਖ਼ਤਮ ਹੋ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਕਲਸਟਰ ਹਥਿਆਰ ਭੇਜਣ ਦਾ ਫ਼ੈਸਲਾ ਕੀਤਾ ਹੈ।
ਹਾਲਾਂਕਿ ਅਗਲੇ ਹਫਤੇ ਲਿਥੁਆਨੀਆ 'ਚ ਹੋਣ ਵਾਲੀ ਨਾਟੋ ਦੀ ਬੈਠਕ 'ਚ ਉਨ੍ਹਾਂ ਨੂੰ ਇਸ ਮਾਮਲੇ 'ਤੇ ਸਹਿਯੋਗੀ ਦੇਸ਼ਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
'ਯੂਕਰੇਨ ਇਸ ਦੀ ਵਰਤੋਂ ਸਿਰਫ਼ ਆਪਣੇ ਬਚਾਅ ਲਈ ਕਰੇਗਾ'
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਨਿਯਮਤ ਮੀਡੀਆ ਵਾਰਤਾ 'ਚ ਇਸ ਯੋਜਨਾ ਨਾਲ ਜੁੜੇ ਸਵਾਲਾਂ ਬਾਰੇ ਜਵਾਬ ਦਿੰਦਿਆਂ ਕਿਹਾ, ''ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਹਥਿਆਰ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਬੰਬ ਕਿਸੇ ਵੀ ਸਮੇਂ ਫਟ ਸਕਦੇ ਹਨ। ਜੋ ਇਸ ਦਾ ਵੱਡਾ ਖ਼ਤਰਾ ਹੈ। ''
"ਇਸੇ ਲਈ ਅਸੀਂ ਇਸ ਫ਼ੈਸਲੇ ਨੂੰ ਜਿੰਨਾ ਚਿਰ ਸੰਭਵ ਹੋ ਸਕਿਆ ਮੁਲਤਵੀ ਕੀਤਾ।"
ਉਨ੍ਹਾਂ ਕਿਹਾ, "ਯੂਕਰੇਨ ਇਨ੍ਹਾਂ ਬੰਬਾਂ ਦੀ ਵਰਤੋਂ ਕਿਸੇ ਵਿਦੇਸ਼ੀ ਧਰਤੀ 'ਤੇ ਨਹੀਂ ਕਰੇਗਾ। ਉਹ ਇਨ੍ਹਾਂ ਦੀ ਵਰਤੋਂ ਸਿਰਫ਼ ਆਪਣੀ ਸੁਰੱਖਿਆ ਲਈ ਕਰੇਗਾ।"
ਉਨ੍ਹਾਂ ਕਿਹਾ ਕਿ ਹੁਣ ਯੂਕਰੇਨ ਕੋਲ ਹਥਿਆਰਾਂ ਦੀ ਘਾਟ ਹੈ। ਇਸ ਕਮੀ ਨੂੰ ਪੂਰਾ ਕਰਨ ਦੀ ਲੋੜ ਹੈ। ਇਸੇ ਲਈ ਅਮਰੀਕਾ ਵੀ ਹਥਿਆਰਾਂ ਦਾ ਉਤਪਾਦਨ ਵਧਾ ਰਿਹਾ ਹੈ।
ਉਨ੍ਹਾਂ ਕਿਹਾ, “ਅਸੀਂ ਇਸ ਸੰਘਰਸ਼ ਦੌਰਾਨ ਕਿਸੇ ਵੀ ਸਮੇਂ ਯੂਕਰੇਨ ਨੂੰ ਨਿਹੱਥਾ ਨਹੀਂ ਛੱਡ ਸਕਦੇ।”
ਯੁਕਰੇਨ - ਰੂਸ ਜੰਗ: ਕਲਸਟਰ ਬੰਬ
- ਅਮਰੀਕਾ ਯੂਕਰੇਨ ਨੂੰ ਕਲਸਟਰ ਹਥਿਆਰ ਭੇਜ ਸਕਦਾ ਹੈ
- ਇਹ ਬੇਹੱਦ ਤਬਾਹਕੁੰਨ ਘਾਤਕ ਹਥਿਆਰ ਹਨ।
- ਕਲਸਟਰ ਬੰਬ ਲੰਬੇ ਸਮੇਂ ਤੱਕ ਬਿਨ੍ਹਾਂ ਫਟਿਆਂ ਪਏ ਰਹਿੰਦੇ ਹਨ।
- ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਇਸ 'ਤੇ ਪਾਬੰਦੀ ਹੈ।
- ਅਮਰੀਕਾ ਦੇ ਕਲਸਟਰ ਹਥਿਆਰਾਂ ਦੇ ਫੇਲ ਹੋਣ ਦੀ ਸੰਭਾਵਨਾ ਨਹੀਂ ਹੈ।
- ਯੂਕਰੇਨ ਅਤੇ ਰੂਸ ਦੋਵੇਂ ਯੁੱਧ ਦੀ ਸ਼ੁਰੂਆਤ ਤੋਂ ਹੀ ਕਲਸਟਰ ਬੰਬਾਂ ਦੀ ਵਰਤੋਂ ਕਰ ਰਹੇ ਹਨ।
- ਕਲਸਟਰ ਬੰਬ ਭੇਜਣ ਦੇ ਅਮਰੀਕਾ ਦੇ ਫ਼ੈਸਲੇ ਨਾਲ ਸਹਿਯੋਗੀ ਦੇਸ਼ ਨਾਰਾਜ਼ ਹੋ ਸਕਦੇ ਹਨ
ਕਲਸਟਰ ਹਥਿਆਰ ਕਾਫ਼ੀ ਵਿਵਾਦਪੂਰਨ ਰਹੇ ਹਨ। ਇਨ੍ਹਾਂ ਹਥਿਆਰਾਂ ਤੋਂ ਸੁੱਟੇ ਗਏ ਬੰਬ ਉਸੇ ਸਮੇਂ 'ਤੇ ਨਹੀਂ ਫਟਦੇ। ਸੁੱਟੇ ਜਾਣ ਤੋਂ ਬਾਅਦ, ਉਹ ਸਾਲਾਂ ਤੱਕ ਪਏ ਰਹਿੰਦੇ ਹਨ ਅਤੇ ਬਾਅਦ ਵਿੱਚ ਫਟ ਜਾਂਦੇ ਹਨ।
ਸੁਲੀਵਨ ਦਾ ਕਹਿਣਾ ਹੈ ਕਿ ਅਮਰੀਕਾ ਯੂਕਰੇਨ ਨੂੰ ਜੋ ਕਲਸਟਰ ਹਥਿਆਰ ਭੇਜੇਗਾ, ਉਨ੍ਹਾਂ ਦੇ ਅਸਫ਼ਲ ਹੋਣ ਦੀ ਸੰਭਾਵਨਾ 2.5 ਫ਼ੀਸਦੀ ਹੈ।
ਇਸ ਦੇ ਨਾਲ ਹੀ ਰੂਸ ਦੇ ਕਲਸਟਰ ਹਥਿਆਰਾਂ ਦੇ ਸਹੀ ਸਮੇਂ 'ਤੇ ਨਾ ਫਟਣ ਦੀ ਸੰਭਾਵਨਾ 30 ਤੋਂ 40 ਫ਼ੀਸਦੀ ਹੈ।
ਇਸ ਮਾਮਲੇ 'ਤੇ ਇੱਕ ਦੂਜੀ ਮੀਡੀਆ ਗੱਲਬਾਤ ਦੌਰਾਨ ਪੈਂਟਾਗਨ ਨੇ ਇਹ ਯਕੀਨੀ ਤੌਰ 'ਤੇ ਕਿਹਾ ਹੈ ਕਿ ਉਹ ਹਜ਼ਾਰਾਂ ਹਥਿਆਰ ਤਿਆਰ ਹਨ। ਪਰ ਇਹ ਨਹੀਂ ਦੱਸਿਆ ਕਿ ਉਹ ਯੂਕਰੇਨ ਨੂੰ ਕਿੰਨੇ ਕਲਸਟਰ ਹਥਿਆਰ ਭੇਜ ਰਿਹਾ ਹੈ।
ਅਮਰੀਕੀ ਕਾਨੂੰਨ ਮੁਤਾਬਕ ਉਹ ਅਜਿਹੇ ਹਥਿਆਰ ਨਹੀਂ ਭੇਜ ਸਕਦਾ, ਜਿਸ ਵਿੱਚ ਬੰਬ ਨਾ ਫਟਣ ਦੀ ਸੰਭਾਵਨਾ ਇੱਕ ਫੀਸਦੀ ਤੋਂ ਵੱਧ ਹੋਵੇ।
ਪਰ ਅਮਰੀਕੀ ਰਾਸ਼ਟਰਪਤੀ ਯੂਕਰੇਨ ਦੇ ਮਾਮਲੇ ਵਿੱਚ ਇਸ ਕਾਨੂੰਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ।
ਸੰਯੁਕਤ ਰਾਸ਼ਟਰ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਯੂਕਰੇਨ ਨੇ ਇਸ ਲੜਾਈ ਵਿੱਚ ਕਲਸਟਰ ਬੰਬਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ। ਹਾਲਾਂਕਿ ਯੂਕਰੇਨ ਨੇ ਇਸ ਦਾਅਵੇ ਤੋਂ ਲਗਾਤਾਰ ਇਨਕਾਰ ਕੀਤਾ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਤੋਂ ਪੁੱਛਿਆ ਗਿਆ ਸੀ ਕਿ ਕੀ ਰੂਸ ਕਲਸਟਰ ਬੰਬਾਂ ਦੀ ਵਰਤੋਂ ਕਰ ਸਕਦਾ ਹੈ। ਇਸ 'ਤੇ ਤਤਕਾਲੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਸੀ ਕਿ ਜੇਕਰ ਇਹ ਸੱਚ ਹੈ ਤਾਂ ਇਹ 'ਜੰਗੀ ਅਪਰਾਧ' ਹੈ।
ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫੌਜ ਦੇ ਅਧਿਕਾਰੀ ਯੂਕਰੇਨ ਨੂੰ ਤੋਪਾਂ ਨਾਲ ਚੱਲਣ ਵਾਲੇ ਹਥਿਆਰ ਭੇਜਣ ਦੀ ਤਿਆਰੀ ਕਰ ਰਹੇ ਹਨ।
ਹਰ ਬੰਬ ਦੇ ਅੰਦਰ 88 ਵੱਖ-ਵੱਖ ਛੋਟੇ ਬੰਬ ਹੁੰਦੇ ਹਨ। ਇਹ ਬੰਬ ਯੂਕਰੇਨ ਵਿੱਚ ਪਹਿਲਾਂ ਤੋਂ ਤੈਨਾਤ ਹੋਵਿਤਜ਼ਰ ਤੋਪਾਂ ਤੋਂ ਦਾਗੇ ਜਾਣਗੇ।
ਅਮਰੀਕਾ ਨੇ ਹਾਲ ਹੀ ਵਿੱਚ ਯੂਕਰੇਨ ਨੂੰ 800 ਕਰੋੜ ਡਾਲਰਾਂ ਦੀ ਕੀਮਤ ਦੇ ਹਥਿਆਰ ਭੇਜੇ ਹਨ। ਇਨ੍ਹਾਂ ਵਿੱਚ ਬ੍ਰੈਡਲੀ, ਸਟ੍ਰਾਈਕਰ ਲੜਾਕੂ ਵਾਹਨ, ਹਵਾਈ ਰੱਖਿਆ ਮਿਜ਼ਾਈਲਾਂ ਅਤੇ ਬਾਰੂਦੀ ਸੁਰੰਗਾਂ ਨੂੰ ਨਸ਼ਟ ਕਰਨ ਵਾਲੇ ਔਜਾਰ ਸ਼ਾਮਲ ਹਨ।
ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਰੂਸ ਅਤੇ ਯੂਕਰੇਨ ਦੋਵਾਂ ਨੂੰ ਕਲਸਟਰ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਦੇਸ਼ਾਂ ਨੂੰ ਕਿਹਾ ਕਿ ਇਹ ਬਹੁਤ ਖਤਰਨਾਕ ਹਥਿਆਰ ਹਨ ਤੇ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ।
ਕਲਸਟਰ ਹਥਿਆਰਾਂ ਨਾਲ ਸਬੰਧਤ ਕੌਮਾਂਤਰੀ ਸਮਝੌਤੇ ਵਿੱਚ 120 ਤੋਂ ਵੱਧ ਦੇਸ਼ਾਂ ਨੇ ਇਨ੍ਹਾਂ ਦੀ ਵਰਤੋਂ, ਉਤਪਾਦਨ ਅਤੇ ਭੰਡਾਰ ਨਾ ਕਰਨ ਦੀ ਵਚਨਬੱਧਤਾ ਜਤਾਈ ਹੈ।
ਇਨ੍ਹਾਂ ਦੇਸ਼ਾਂ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਹਥਿਆਰ ਕਿਸੇ ਹੋਰ ਦੇਸ਼ ਨੂੰ ਵੀ ਨਹੀਂ ਦੇਣਗੇ।
ਕਲਸਟਰ ਹਥਿਆਰ ਕੀ ਹਨ?
ਕਲਸਟਰ ਹਥਿਆਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਰਾਕੇਟ, ਮਿਜ਼ਾਈਲਾਂ ਜਾਂ ਤੋਪਾਂ ਰਾਹੀਂ ਇੱਕ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਛੋਟੇ ਬੰਬ ਫੈਲਾਏ ਜਾਂਦੇ ਹਨ। ਇਹ ਅਸਮਾਨ ਵਿੱਚ ਫੈਲਾਏ ਜਾਂਦੇ ਹਨ।
ਇਹ ਬੰਬ ਵੱਡਾ ਧਮਾਕਾ ਕਰਨ ਦੇ ਇਰਾਦੇ ਨਾਲ ਦਾਗੇ ਜਾਂਦੇ ਹਨ, ਪਰ ਇਨ੍ਹਾਂ ਦਾ ਵੱਡਾ ਹਿੱਸਾ ਤੁਰੰਤ ਨਹੀਂ ਫਟਦਾ। ਖਾਸ ਤੌਰ 'ਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਗਿੱਲੀ ਜਾਂ ਨਰਮ ਜ਼ਮੀਨ 'ਤੇ ਡਿੱਗਦੇ ਹਨ।
ਇਹ ਬੰਬ ਹਟਾਏ ਜਾਣ ਦੌਰਾਨ ਫਟ ਸਕਦੇ ਹਨ। ਇਸ ਕਾਰਨ ਉਨ੍ਹਾਂ ਨੂੰ ਹਟਾਉਣ ਵਾਲੇ ਮਾਰੇ ਜਾ ਸਕਦੇ ਹਨ ਜਾਂ ਅਪਾਹਜ ਹੋ ਸਕਦੇ ਹਨ।
ਇਹ ਉਦੋਂ ਹੋਰ ਵੀ ਘਾਤਕ ਬਣ ਜਾਂਦੇ ਹਨ ਜਦੋਂ ਇਨ੍ਹਾਂ ਦੀ ਵਰਤੋਂ ਇੱਕ ਥਾਂ ਟਿੱਕ ਕੇ ਬੈਠੀ ਸੈਨਾ ਖ਼ਿਲਾਫ਼ ਕੀਤੀ ਜਾਂਦੀ ਹੈ।
ਖ਼ਾਸ ਤੌਰ 'ਤੇ ਬੰਕਰਾਂ 'ਚ ਪੁਜ਼ੀਸ਼ਨਾਂ ਲੈਣ ਜਾਂ ਕਵਰ ਲੈਣ ਵਾਲੇ ਫੌਜੀਆਂ ਲਈ ਇਹ ਕਾਫੀ ਘਾਤਕ ਸਿੱਧ ਹੁੰਦੇ ਹਨ। ਕਲਸਟਰ ਬੰਬਾਂ ਕਾਰਨ ਉਨ੍ਹਾਂ ਲਈ ਅੱਗੇ ਵਧਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਫਟਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਨ੍ਹਾਂ 'ਤੇ ਪਾਬੰਦੀ ਕਿਉਂ ਲਗਾਈ ਗਈ ਹੈ?
ਬ੍ਰਿਟੇਨ, ਫਰਾਂਸ ਅਤੇ ਜਰਮਨੀ ਸਮੇਤ 100 ਤੋਂ ਵੱਧ ਦੇਸ਼ਾਂ ਨੇ ਇੱਕ ਕੌਮਾਂਤਰੀ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।
ਨਾਗਰਿਕਾਂ 'ਤੇ ਇਸ ਦੇ ਘਾਤਕ ਨਤੀਜਿਆਂ ਦੇ ਮੱਦੇਨਜ਼ਰ, ਇਸ ਸਮਝੌਤੇ ਦੇ ਤਹਿਤ ਉਨ੍ਹਾਂ ਦੀ ਵਰਤੋਂ ਅਤੇ ਸਟੋਰੇਜ ’ਤੇ ਪਾਬੰਦੀ ਲਗਾਈ ਗਈ ਹੈ।
ਖ਼ਾਸ ਕਰਕੇ ਬੱਚਿਆਂ ਨੂੰ ਇਨ੍ਹਾਂ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਕਿਉਂਕਿ ਖੇਤ ਤਾਂ ਕਿਸੇ ਹੋਰ ਥਾਂ ਪਈ ਅਹਿਜੀ ਚੀਜ਼ ਨੂੰ ਖਿਡੋਣਾ ਸਮਝ ਸਕਦੇ ਹਨ।
ਮਨੁੱਖੀ ਅਧਿਕਾਰ ਸੰਗਠਨਾਂ ਨੇ ਅਜਿਹੇ ਬੰਬਾਂ ਨੂੰ 'ਘਿਨਾਉਣੇ' ਕਰਾਰ ਦਿੱਤਾ ਹੈ। ਉਸ ਨੇ ਕਲਸਟਰ ਬੰਬਾਂ ਨਾਲ ਕੀਤੇ ਹਮਲਿਆਂ ਨੂੰ ਜੰਗੀ ਅਪਰਾਧ ਕਿਹਾ ਹੈ।
ਇੰਨੇ ਖ਼ਤਰਨਾਕ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਕੌਣ ਕਰ ਰਿਹਾ ਹੈ?
ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਦੋਵੇਂ ਧਿਰਾਂ ਇਸ ਦੀ ਵਰਤੋਂ ਕਰ ਰਹੀਆਂ ਹਨ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚੋਂ ਕਿਸੇ ਨੇ ਵੀ ਕਲਸਟਰ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਸਬੰਧੀ ਹੋਏ ਕੌਮਾਂਤਰੀ ਸਮਝੌਤੇ 'ਤੇ ਦਸਤਖਤ ਨਹੀਂ ਕੀਤੇ ਹਨ।
ਅਮਰੀਕਾ ਨੇ ਵੀ ਇਸ 'ਤੇ ਦਸਤਖ਼ਤ ਨਹੀਂ ਕੀਤੇ ਹਨ।
ਪਰ ਇਸ ਨੇ ਰੂਸ ਵਲੋਂ ਇਸਦੀ ਵਰਤੋਂ ਦੀ ਨਿੰਦਾ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸੀ ਕਲਸਟਰ ਬੰਬਾਂ ਦੇ ਨਾ ਫਟਣ ਦੀ ਸੰਭਾਵਨਾ 40 ਫੀਸਦੀ ਤੱਕ ਹੈ।
ਯੂਕਰੇਨ ਕਲਸਟਰ ਹਥਿਆਰਾਂ ਦੀ ਮੰਗ ਕਿਉਂ ਕਰ ਰਿਹਾ ਹੈ?
ਯੂਕਰੇਨੀ ਫ਼ੌਜ ਕੋਲ ਮੌਜੂਦ ਗੋਲੇ ਲਗਾਤਾਰ ਘੱਟ ਰਹੇ ਹਨ। ਕਿਉਂਕਿ ਰੂਸੀ ਫ਼ੌਜ ਵਾਂਗ ਯੂਕਰੇਨ ਦੀ ਫ਼ੌਜ ਵੀ ਇਸ ਦੀ ਅੰਨ੍ਹੇਵਾਹ ਵਰਤੋਂ ਕਰ ਰਹੀ ਹੈ।
ਜਿਸ ਰਫ਼ਤਾਰ ਨਾਲ ਇਹ ਗੋਲੇ ਵਰਤੇ ਜਾ ਰਹੇ ਹਨ, ਉਸ ਗਿਣਤੀ ਨਾਲ ਯੂਕਰੇਨ ਦੇ ਸਹਿਯੋਗੀ ਦੇਸ਼ ਇਨ੍ਹਾਂ ਦੀ ਸਪਲਾਈ ਕਰਨ ਦੇ ਸਮਰੱਥ ਨਹੀਂ ਹਨ।
ਯੂਕਰੇਨ ਦੀ ਫੌਜ ਲਈ 1000 ਕਿਲੋਮੀਟਰ ਤੱਕ ਫ਼ੈਲੇ ਜੰਗੀ ਇਲਾਕੇ ਵਿੱਚ ਡੱਟਕੇ ਬੈਠੇ ਰੂਸੀ ਫੌਜੀਆਂ ਨੂੰ ਪਿੱਛੇ ਧੱਕਣਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਗੋਲਾ ਬਾਰੂਦ ਦੀ ਕਮੀ ਦੇ ਮੱਦੇਨਜ਼ਰ ਯੂਕਰੇਨ ਨੇ ਅਮਰੀਕਾ ਤੋਂ ਕਲਸਟਰ ਹਥਿਆਰਾਂ ਦੀ ਸਪਲਾਈ ਤੇਜ਼ ਕਰਨ ਦੀ ਮੰਗ ਕੀਤੀ ਹੈ।
ਅਮਰੀਕਾ ਦੇ ਫ਼ੈਸਲੇ ਦਾ ਕੀ ਹੋਵੇਗਾ ਪ੍ਰਭਾਵ?
ਇਸ ਦਾ ਫ਼ੌਰੀ ਪ੍ਰਭਾਵ ਇਹ ਹੋਵੇਗਾ ਕਿ ਅਮਰੀਕਾ ਦਾ ਨੈਤਿਕ ਅਸਰ ਘੱਟ ਹੋ ਜਾਵੇਗਾ। ਕਿਉਂਕਿ ਇਸ ਲੜਾਈ ਵਿੱਚ ਹੁਣ ਤੱਕ ਉਹ ਕਲਸਟਰ ਬੰਬਾਂ ਦੀ ਵਰਤੋਂ ਦਾ ਵਿਰੋਧ ਕਰਦਾ ਰਿਹਾ ਹੈ।
ਰੂਸ ਦੇ ਕਈ ਜੰਗੀ ਅਪਰਾਧਾਂ ਦੇ ਸਬੂਤ ਮਿਲੇ ਹਨ। ਪਰ ਹੁਣ ਅਮਰੀਕਾ 'ਤੇ ਦੋਗਲੇਪਣ ਦਾ ਦੋਸ਼ ਲਗਾਇਆ ਜਾ ਸਕਦਾ ਹੈ।
ਅਸਲ ਵਿੱਚ, ਕਲਸਟਰ ਹਥਿਆਰ ਉਹ ਬੰਬ ਹਨ ਜੋ ਲੁਕੇ ਹੋਏ ਹੋਣ ਤੇ ਹਰ ਪਾਸੇ ਫ਼ੈਲੇ ਹੋਏ ਹੋਣ। ਇਨ੍ਹਾਂ 'ਤੇ ਜ਼ਿਆਦਾਤਰ ਦੇਸ਼ਾਂ 'ਚ ਪਾਬੰਦੀ ਹੈ।
ਇਨ੍ਹਾਂ ਬੰਬਾਂ ਦੀ ਵਰਤੋਂ ਕਰਨ ਦੇ ਫ਼ੈਸਲੇ ਨੂੰ ਲੈ ਕੇ ਅਮਰੀਕਾ ਦੇ ਸਹਿਯੋਗੀ ਪੱਛਮੀ ਦੇਸ਼ਾਂ ਵਿੱਚ ਵਿਚਾਰਕ ਟਕਰਾਅ ਪੈਦਾ ਹੋ ਸਕਦਾ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਇਹ ਚੰਗਾ ਮੌਕਾ ਹੋ ਸਕਦਾ ਹੈ। ਇਸ ਨਾਲ ਪੱਛਮੀ ਦੇਸ਼ਾਂ ਵਿੱਚ ਮੱਤਭੇਦ ਪੈਦਾ ਕਰਨ ਦਾ ਉਨ੍ਹਾਂ ਦਾ ਮਕਸਦ ਸਫ਼ਲ ਹੋ ਜਾਵੇਗਾ।