ਕੁੜੀਆਂ ਨੂੰ ਵਕਤ ਤੋਂ ਪਹਿਲਾਂ ਮਾਹਵਾਰੀ ਆਉਣ ਪਿੱਛੇ ਹਵਾ ਪ੍ਰਦੂਸ਼ਣ ਕਿਵੇਂ ਜ਼ਿੰਮੇਵਾਰ ਹੈ

    • ਲੇਖਕ, ਡੇਵਿਡ ਕੌਕਸ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਕੁੜੀਆਂ ਦਾ ਮਾਸਿਕ ਧਰਮ ਛੋਟੀ ਉਮਰ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਪਿੱਛੇ ਕੁਝ ਹੱਦ ਤੱਕ ਹੱਥ ਗੰਧਲੀ ਹੁੰਦੀ ਜਾ ਰਹੀ ਹਵਾ ਦਾ ਵੀ ਹੈ।

ਕਈ ਦਹਾਕਿਆਂ ਤੋਂ ਦੁਨੀਆਂ ਭਰ ਦੇ ਸਾਇੰਸਦਾਨ ਇਸ ਗੱਲ ਤੋਂ ਚਿੰਤਤ ਹਨ ਕਿ ਕੁੜੀਆਂ ਪਿਛਲੀਆਂ ਪੀੜ੍ਹੀਆਂ ਦੀ ਤੁਲਨਾ ਵਿੱਚ ਜਲਦੀ ਜਵਾਨ ਹੋ ਰਹੀਆਂ ਹਨ।

ਦੇਖਣ ਵਿੱਚ ਆ ਰਿਹਾ ਹੈ ਕਿ ਕੁੜੀਆਂ ਵਿੱਚ ਪਰਪੱਕਤਾ ਦੇ ਲੱਛਣ ਜਿਨ੍ਹਾਂ ਵਿੱਚ— ਮਾਸਿਕ ਧਰਮ ਦੀ ਸ਼ੁਰੂਆਤ, ਛਾਤੀਆਂ ਦਾ ਵਿਕਾਸ ਸ਼ਾਮਲ ਹਨ ਇਨ੍ਹਾਂ ਦੇ ਨਜ਼ਰ ਆਉਣ ਦੀ ਉਮਰ ਨਿਰੰਤਰ ਘਟਦੀ ਜਾ ਰਹੀ ਹੈ।

ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਕੁੜੀਆਂ ਦਾ ਮਾਸਿਕ ਧਰਮ ਇੱਕ ਸਦੀ ਪਹਿਲਾਂ ਦੀਆਂ ਕੁੜੀਆਂ ਦੇ ਮੁਕਾਬਲੇ ਚਾਰ ਸਾਲ ਜਲਦੀ ਸ਼ੁਰੂ ਹੋ ਰਿਹਾ ਹੈ।

ਮਈ ਵਿੱਚ ਨਵੇਂ ਡਾਟਾ ਨੇ ਦਰਸਾਇਆ ਹੈ ਕਿ ਜਦਕਿ ਸਾਲ 1950-1969 ਦੇ ਦਰਮਿਆਨ ਕੁੜੀਆਂ ਨੂੰ 12.5 ਸਾਲ ਦੀ ਉਮਰ ਤੋਂ ਮਾਹਵਾਰੀ ਸ਼ੁਰੂ ਹੁੰਦੀ ਸੀ, ਉੱਥੇ ਹੀ 2000ਵਿਆਂ ਦੇ ਸ਼ੁਰੂ ਵਿੱਚ ਇਹ ਉਮਰ ਘਟ ਕੇ 11.9 ਰਹਿ ਗਈ ਹੈ

ਦੁਨੀਆਂ ਭਰ ਵਿੱਚ ਨਜ਼ਰ ਆਇਆ ਰੁਝਾਨ

ਇਹ ਰੁਝਾਨ ਪੂਰੀ ਦੁਨੀਆਂ ਵਿੱਚ ਦੇਖਿਆ ਗਿਆ ਹੈ। ਦੱਖਣੀ ਕੋਰੀਆ ਵਿੱਚ ਸਾਇੰਸਦਾਨਾਂ ਨੇ ਚੇਤਾਵਨੀ ਵਾਲੇ ਲਹਿਜ਼ੇ ਵਿੱਚ ਦੱਸਿਆ ਹੈ ਕਿ ਕਿਵੇਂ ਕੁੜੀਆਂ ਵਿੱਚ ਪਰਪੱਕਤਾ ਦੇ ਲੱਛਣ (ਮਾਸਿਕ ਧਰਮ ਦੀ ਸ਼ੁਰੂਆਤ ਜਾਂ ਛਾਤੀਆਂ ਦਾ ਵਿਕਾਸ ) ਅੱਠ ਸਾਲ ਦੀ ਉਮਰ ਤੋਂ ਹੀ ਦਿਸਣੇ ਸ਼ੁਰੂ ਹੋ ਰਹੇ ਹਨ।

ਅਜਿਹੀਆਂ ਕੁੜੀਆਂ ਦੀ ਗਿਣਤੀ ਲਗਤਾਰ ਵਧ ਰਹੀ ਹੈ। 2008-2020 ਦੇ ਦੌਰਾਨ ਇਨ੍ਹਾਂ ਕੁੜੀਆਂ ਦੀ ਗਿਣਤੀ ਵਿੱਚ ਅੱਠ ਗੁਣਾਂ ਵਾਧਾ ਹੋਇਆ ਹੈ।

ਉਡਰੀ ਗੈਸਕਿਨਸ ਐਮੋਰੀ ਯੂਨੀਵਰਸਿਟੀ, ਅਟਲਾਂਟਾ ਅਮਰੀਕਾ ਵਿੱਚ ਸਹਾਇਕ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, “ਪਰਪੱਕਤਾ ਦੀ ਉਮਰ ਵਿੱਚ ਕਮੀ ਨੀਵੇਂ ਆਰਥਿਕ-ਸਮਾਜਿਕ ਵਰਗ ਅਤੇ ਐਥਨਿਕ ਘੱਟ ਗਿਣਤੀ ਭਾਈਚਾਰਿਆਂ ਵਿੱਚ ਜ਼ਿਆਦਾ ਸਪਸ਼ਟ ਹੈ। ਲੰਬੇ ਸਮੇਂ ਦੌਰਾਨ ਇਸ ਦੇ ਸਿਹਤ ਲਈ ਗੰਭੀਰ ਸਿੱਟੇ ਹੋ ਸਕਦੇ ਹਨ।”

ਗੈਸਕਿਨਸ ਵਰਗੇ ਖੋਜੀਆਂ ਦੀ ਚਿੰਤਾ ਦਾ ਖਾਸ ਵਿਸ਼ਾ ਤਾਂ ਪਰਪੱਕਤਾ ਦੀ ਜਲਦੀ ਸ਼ੁਰੂਆਤ ਹੈ, ਜਿਸਦੇ ਬਾਲਗ ਉਮਰ ਵਿੱਚ ਸਿਹਤ ਉੱਪਰ ਇੱਕ ਦੂਜੇ ਉੱਤੇ ਨਿਰਭਰ ਅਸਰ ਪੈ ਸਕਦੇ ਹਨ।

ਸਾਹਮਣੇ ਆ ਰਿਹਾ ਡਾਟਾ ਦਰਸਾਉਂਦਾ ਹੈ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਪ੍ਰਜਨਣ ਕਾਲ ਨੂੰ ਛੋਟਾ ਕਰੇਗਾ( ਕਿਉਂਕਿ ਔਰਤਾਂ ਦੀ ਮਾਹਵਾਰੀ ਜਲਦੀ ਬੰਦ ਹੋਵੇਗੀ। ਸਗੋਂ ਉਨ੍ਹਾਂ ਦੀ ਉਮਰ ਵੀ ਘਟੇਗੀ।

ਸਮੇਂ ਤੋਂ ਪਹਿਲਾਂ ਆਈ ਪਰਪੱਕਤਾ ਦਾ ਸੰਬੰਧ, (ਛਾਤੀ ਅਤੇ ਓਵਰੀਆਂ ਦਾ ਕੈਂਸਰ , ਪਾਚਨ ਵਿਗਾੜ ਜਿਵੇਂ ਕਿ ( ਮੋਟਾਪਾ ਅਤੇ ਦੂਜੀ ਕਿਸਮ ਦੀ ਡਾਇਬਿਟੀਜ਼) ਅਤੇ (ਦਿਲ ਦੀਆਂ ਬੀਮਾਰੀਆਂ ਦੇਖਿਆ ਗਿਆ ਹੈ।

ਸਾਇੰਸਦਾਨ ਅਜੇ ਵੀ ਇਸ ਪਿਛਲੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਵਿੱਚ ਜਨਤਕ ਸਿਹਤ ਦੇ ਪ੍ਰੋਫੈਸਰ ਬਰੈਂਡਾ ਏਸਕੇਨਾਜ਼ੀ ਇੱਕ ਹੋਰ ਖ਼ਤਰੇ ਤੋਂ ਸਾਵਧਾਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰੀਰ ਵਿੱਚ ਓਸਟਰੋਜਨ ਵਰਗੇ ਸੈਕਸ ਹਾਰਮੋਨ ਦੀ ਗਰਦਿਸ਼ ਹੁੰਦੀ ਹੈ ਤਾਂ ਇਸ ਨਾਲ ਸਰੀਰ ਵਿੱਚ ਰਸੌਲੀਆਂ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਕਿਉਂਕਿ ਇਹ ਹਾਰਮੋਨ ਸਰੀਰ ਵਿੱਚ ਸੈਲਾਂ ਦੀ ਵਿਕਾਸ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ।

ਉਹ ਇਹ ਵੀ ਕਹਿੰਦੇ ਹਨ, “ਅਜਿਹੇ ਸਿਧਾਂਤ ਹਨ ਕਿ ਸਰੀਰ ਇਨ੍ਹਾਂ ਹਾਰਮੋਨਾਂ ਦੇ ਸਰੀਰ ਵਿੱਚ ਜ਼ਿਆਦਾ ਲੰਬਾ ਸਮਾਂ ਵਹਿਣ ਕਾਰਨ ਪ੍ਰਜਨਣ ਅੰਗਾਂ ਨਾਲ ਜੁੜੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।”

ਭਾਵ ਕਿ ਜੇ ਪਰਪੱਕਤਾ ਜਲਦੀ ਸ਼ੁਰੂ ਹੋਵੇਗਾ ਤਾਂ ਕੋਈ ਔਰਤ ਬੱਚੇ ਪੈਦਾ ਕਰਨ ਦੀ ਸਥਿਤੀ ਵਿੱਚ ਦੂਜੀਆਂ ਔਰਤਾਂ ਦੇ ਮੁਕਾਬਲੇ ਜ਼ਿਆਦਾ ਦੇਰ ਰਹੇਗੀ। ਇਸ ਦੌਰਾਨ ਉਸ ਵਿੱਚ ਇਹ ਹਾਰਮੋਨ ਵੀ ਮੌਜੂਦ ਰਹਿਣਗੇ, ਜੋ ਇਨ੍ਹਾਂ ਸਮੱਸਿਆਵਾਂ ਦਾ ਕਰਨ ਬਣ ਸਕਦੇ ਹਨ।

ਇਸਦੇ ਸੰਭਾਵਿਤ ਸਮਾਜਿਕ ਨਤੀਜੇ ਵੀ ਹਨ। ਬਰੈਂਡਾ ਏਸਕੇਨਾਜ਼ੀ ਮੁਤਾਬਕ ਜਿਹੜੀਆਂ ਕੁੜੀਆਂ ਜਲਦੀ ਪਰਪੱਕ ਹੁੰਦੀਆਂ ਹਨ ਉਨ੍ਹਾਂ ਦੇ ਜਿਣਸੀ ਤੌਰ ਉੱਤੇ ਵੀ ਜਲਦੀ ਸਰਗਰਮ ਹੋਣ ਦੀ ਸੰਭਾਵਨਾ ਹੁੰਦੀ ਹੈ।

ਅਮਰੀਕਾ ਵਿੱਚ ਇਹ ਸਥਿਤੀ ਹੋਰ ਵੀ ਭਿਆਨਕ ਹੈ ਜਿੱਥੇ ਗਰਭਪਾਤ ਗੈਰ ਕਾਨੂੰਨੀ ਹੈ ਅਤੇ ਗਰਭ ਨਿਰੋਧਕ ਉਪਲੱਬਧ ਨਹੀਂ ਹਨ। ਇਸ ਕਾਰਨ ਜ਼ਿਆਦਾ ਕੁੜੀਆਂ ਅਲੱੜ੍ਹ ਉਮਰ ਵਿੱਚ ਗਰਭਵਤੀ ਹੋਣਗੀਆਂ, ਕਾਰਕਾਂ ਦਾ ਇਹ ਮਿਸ਼ਰਣ ਬਹੁਤ ਡਰਾਉਣਾ ਹੈ।

ਮੋਟਾਪਾ ਅਤੇ ਹਵਾ ਪ੍ਰਦੂਸ਼ਣ

ਪਰਪੱਕਤਾ ਦੀ ਸ਼ੁਰੂਆਤ ਲਈ ਸਰੀਰ ਦੀਆਂ ਦੋ ਪ੍ਰਣਾਲੀਆਂ ਜ਼ਿੰਮੇਵਾਰ ਹਨ— ਹਾਈਪੋਥੈਲਿਮਿਕ-ਪਿਚੂਇਟਰੀ-ਐਡਰਿਨਲ (ਐੱਚਪੀਏ) ਅਤੇ ਹਾਈਪੋਥੈਲਿਮਿਕ-ਪਿਚੂਇਟਰੀ-ਗੋਨੈਡਲ (ਐੱਚਪੀਜੀ)

ਇਹ ਦਿਮਾਗ ਦੇ ਉਸ ਹਿੱਸੇ ਨਾਲ ਜੁੜੀਆਂ ਹੁੰਦੀਆਂ ਹਨ ਜੋ ਸਰੀਰ ਵਿੱਚ ਕਈ ਜ਼ਰੂਰੀ ਪ੍ਰਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਜਿਵੇਂ, ਭੁੱਖ, ਤਾਪਮਾਨ ਕੰਟਰੋਲ। ਇਹ ਕੰਮ ਵੱਖ-ਵੱਖ ਰਸਾਂ (ਹਾਰਮੋਨਸ) ਦੇ ਰਾਹੀਂ ਕੀਤਾ ਜਾਂਦਾ ਹੈ।

ਗੈਸਕਿਨਸ ਕਹਿੰਦੇ ਹਨ ਕਿ 10 ਤੋਂ 20 ਸਾਲ ਪਹਿਲਾਂ ਤੱਕ, ਸਾਇੰਸਦਾਨਾਂ ਦਾ ਮੰਨਣਾ ਸੀ ਕਿ ਸਮੇਂ ਤੋਂ ਪਹਿਲਾਂ ਪਰਪੱਕਤਾ ਦਾ ਕਾਰਨ ਸਿਰਫ ਬਚਪਨ ਦਾ ਮੋਟਾਪਾ ਹੈ। ਜਿਸ ਕਾਰਨ ਫੈਟ ਸੈਲਾਂ ਦੇ ਪ੍ਰੋਟੀਨ ਐੱਚਪੀਏ ਅਤੇ ਐੱਚਪੀਜੀ ਨੂੰ ਸਰਗਰਮ ਕਰ ਦਿੰਦੇ ਹਨ।

ਉਹ ਕਹਿੰਦੇ ਹਨ, “ਇਹ ਤਾਂ ਹਾਲ ਹੀ ਵਿੱਚ ਹੋਇਆ ਕਿ ਇਹ ਇਸ ਪਿਛਲੇ ਸਾਰੇ ਕਾਰਕਾਂ ਦੀ ਵਿਆਖਿਆ ਨਹੀਂ ਕਰਦਾ ਹੈ।”

ਸਗੋਂ ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਕਈ ਅਧਿਐਨ ਇੱਕ ਹੋਰ ਕੀ ਕਾਰਨ – ਹਵਾ ਪ੍ਰਦੂਸ਼ਣ ਵੱਲ ਸੰਕੇਤ ਕਰਦੇ ਹਨ।

ਇਸ ਵਿੱਚੋਂ ਜ਼ਿਆਦਾਤਰ ਖੋਜਕਾਰਜ ਦੱਖਣੀ ਏਸ਼ੀਆ ਦੇ ਸਾਇੰਸਦਾਨਾਂ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਸਿਓਲ, ਬੁਸਾਨ ਸਮੇਤ ਦੁਨੀਆਂ ਦੇ 100 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ਦੀ ਚੋਣ ਹਵਾ ਦੀ ਗੁਣਵੱਤਾ ਦੇ ਸੂਚਕ ਅੰਕ ਦੇ ਅਧਾਰ ਉੱਤੇ ਕੀਤੀ ਗਈ।

ਸਿਓਲ ਦੀ ਇਵਹਾ ਵੂਮਿਨਜ਼ ਯੂਨੀਵਰਸਿਟੀ ਤੋਂ ਹਾਲ ਹੀ ਵਿੱਚ ਛਪੇ ਇੱਕ ਖੋਜ ਪਰਚੇ ਵਿੱਚ ਵੱਖ-ਵੱਖ ਕਿਸਮ ਦੇ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਣ ਅਤੇ ਪਰਪੱਕਤਾ ਦੇ ਜਲਦੀ ਸ਼ੁਰੂ ਹੋਣ ਦੇ ਵਾਰ-ਵਾਰ ਸਾਹਮਣੇ ਆਏ ਰਿਸ਼ਤੇ ਦੀ ਪਛਾਣ ਕੀਤੀ ਗਈ ਹੈ।

ਕੁਝ ਜ਼ਹਿਰੀਲੀਆਂ ਗੈਸਾਂ, ਜਿਵੇਂ— ਸਲਫਰ ਡਾਇਕਸਾਈਡ, ਨਾਈਟਰੋਜਨ ਡਾਇਕਸਾਈਡ, ਕਾਰਬਨ ਡਾਇਕਸਾਈਡ ਅਤੇ ਓਜ਼ੋਨ ਪ੍ਰਮੁੱਖ ਕਸੂਰਵਾਰ ਹਨ।

ਇਹ ਸਾਰੀਆਂ ਗੈਸਾਂ ਜਾਂ ਤਾਂ ਵਾਹਨਾਂ ਦੁਆਰਾ ਅਤੇ ਜਾਂ ਉਤਪਾਦਨ ਇਕਾਈਆਂ ਦੁਆਰਾ ਹਵਾ ਵਿੱਚ ਛੱਡੀਆਂ ਜਾਂਦੀਆਂ ਹਨ।

ਪੋਲੈਂਡ ਨੂੰ ਇਸਦੀਆਂ ਫੈਕਟਰੀਆਂ ਵਿੱਚ ਲਗਤਾਰ ਸਾੜੇ ਜਾਂਦੇ ਕੋਲੇ ਕਾਰਨ ਆਪਣੀ ਹਵਾ ਦੀ ਮਾੜੀ ਗੁਣਵੱਤਾ ਲਈ ਜਾਣਿਆ ਜਾਂਦਾ ਹੈ। ਸਾਲ 2022 ਵਿੱਚ, ਇੱਥੇ 1275 ਔਰਤਾਂ ਦੇ ਡਾਟਾ ਦਾ ਅਧਿਐਨ ਕੀਤਾ ਗਿਆ। ਇੱਥੇ ਨਾਈਟਰੋਜਨ ਗੈਸਾਂ ਦੇ ਸੰਪਰਕ ਵਿੱਚ ਰਹਿਣ ਦਾ ਮਾਹਵਾਰੀ 11 ਸਾਲ ਤੋਂ ਘੱਟ ਉਮਰ ਵਿੱਚ ਸ਼ੁਰੂ ਹੋਣ ਨਾਲ ਸੰਬੰਧ ਦੇਖਿਆ ਗਿਆ।

ਇਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਤਾਂ ਪਾਰਟੀਕੁਲਰ ਮੈਟਰ (ਪੀਪੀਐੱਮ) ਹਨ। ਕਣ ਜੋ ਨੰਗੀ ਅੱਖ ਨਾਲ ਦੇਖਣ ਲਈ ਬੇਹੱਦ ਸੂਖਮ ਹਨ।

ਇਹ ਕਣ ਹਵਾ ਵਿੱਚ ਕਈ ਸਰੋਤਾਂ ਤੋਂ ਸ਼ਾਮਲ ਹੁੰਦੇ ਹਨ। ਜਿਵੇਂ— ਉਸਾਰੀ ਦਾ ਕੰਮ, ਜੰਗਲਾਂ ਦੀ ਅੱਗ, ਬਿਜਲੀ ਘਰ, ਗੱਡੀਆਂ ਦੇ ਇੰਜਣ, ਅਤੇ ਇੱਥੋਂ ਤੱਕ ਕਿ ਧੂੜ ਨਾਲ ਭਰੇ ਰਾਹ, ਇਨ੍ਹਾਂ ਕਣਾਂ ਦੇ ਆਮ ਸੋਮੇ ਹਨ।

ਸਾਲ 2023 ਦੇ ਅਕਤੂਬਰ ਵਿੱਚ, ਗੈਸਕਿਨਸ ਅਤੇ ਉਨ੍ਹਾਂ ਦੇ ਸਹਿ ਕਰਮੀਆਂ ਨੇ ਦੇਖਿਆ ਕਿ ਅਮਰੀਕਾ ਦੀਆਂ ਕੁੜੀਆਂ ਬਹੁਤ ਜ਼ਿਆਦਾ ਇਨ੍ਹਾਂ ਕਣਾਂ (ਪੀਐੱਮ-2.5 ਅਤੇ ਪੀਐੱਮ-10) ਦੇ ਸੰਪਰਕ ਵਿੱਚ ਰਹਿੰਦੀਆਂ ਹਨ। ਉਹ ਆਪਣੀ ਮਾਂ ਦੀ ਕੁੱਖ ਵਿੱਚ ਵੀ ਅਤੇ ਬਚਪਨ ਦੌਰਾਨ ਵੀ ਇਨ੍ਹਾਂ ਦੇ ਸੰਪਰਕ ਵਿੱਚ ਰਹਿੰਦੀਆਂ ਹਨ।

ਉਹ ਆਪਣੀ ਮਾਂ ਦੀ ਕੁੱਖ ਵਿੱਚ ਵੀ ਅਤੇ ਬਚਪਨ ਦੌਰਾਨ ਵੀ ਇਨ੍ਹਾਂ ਦੇ ਸੰਪਰਕ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦੇ ਪਹਿਲੀ ਮਾਹਵਾਰੀ ਛੋਟੀ ਉਮਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਰਹਿੰਦੀ ਹੈ

ਗਾਸਕਿਨਜ਼ ਕਹਿੰਦੇ ਹਨ, "ਪੀਐੱਮ 2.5 ਕਣ ਖੂਨ ਦੇ ਪ੍ਰਵਾਹ ਵਿੱਚ ਬਹੁਤ ਸੌਖਿਆਂ ਦਾਖਲ ਹੋ ਸਕਦੇ ਹਨ।"

"ਤੁਸੀਂ ਸਾਹ ਲੈਣ ਸਮੇਂ ਉਨ੍ਹਾਂ ਨੂੰ ਆਪਣੇ ਫੇਫੜਿਆਂ ਤੱਕ ਪਹੁੰਚਾ ਦਿੰਦੇ ਹੋ ਅਤੇ ਉਨ੍ਹਾਂ ਨੂੰ ਫਿਲਟਰ ਨਹੀਂ ਕੀਤਾ ਜਾ ਸਕਦਾ। ਕੁਝ ਵੱਡੇ ਕਣ ਹੁੰਦੇ ਹਨ ਅਤੇ ਉਹ ਵੱਖ-ਵੱਖ ਅੰਗਾਂ ਤੱਕ ਪਹੁੰਚ ਸਕਦੇ ਹਨ।”

ਗਾਸਕਿਨ ਕਹਿੰਦੇ ਹਨ, “ਅਸੀਂ ਪਲੀਸੈਂਟਾ, ਓਵਰੀਜ਼ ਦੇ ਟਿਸ਼ੂਆਂ ਕੁਝ ਪੀਐੱਮ 2.5 ਦੇ ਕਣ ਇਕੱਠੇ ਹੁੰਦੇ ਦੇਖੇ ਹਨ ਤੇ ਇਹ ਕਣ ਸਰੀਰ ਵਿੱਚ ਕਿਸੇ ਵੀ ਜਗ੍ਹਾ ਜਾ ਸਕਦੇ ਹਨ।"

ਅੰਦਰੂਨੀ ਹਵਾ ਦੇ ਨਮੂਨਿਆਂ ਵਿੱਚ ਪਾਏ ਗਏ ਕਣਾਂ ਦੇ ਮਿਸ਼ਰਣਾਂ ਦੀ ਵਰਤੋਂ ਕਰਨ ਵਾਲੇ ਅਧਿਐਨਾਂ ਨੇ ਦਿਖਾਇਆ ਹੈ ਕਿ ਇਨ੍ਹਾਂ ਬਾਰੀਕ ਕਣਾਂ ਦੇ ਅੰਦਰ ਮੌਜੂਦ ਰਸਾਇਣ ਵਿਕਾਸ ਵਿੱਚ ਸ਼ਾਮਲ ਵੱਖ-ਵੱਖ ਹਾਰਮੋਨਾਂ ਖ਼ਾਸ ਕਰਕੇ ਐਂਡਰੋਜਨ ਅਤੇ ਐਸਟ੍ਰੋਜਨ ਲਈ ਰੀਸੈਪਟਰਾਂ ਨਾਲ ਜੁੜਨ ਦੇ ਸਮਰੱਥ ਹਨ।

ਇਹ ਸੰਭਾਵੀ ਤੌਰ 'ਤੇ ਇੱਕ ਅਜਿਹੀ ਪ੍ਰਤੀਕ੍ਰਿਆ ਹੈ ਜਿਸ ਦੀਆਂ ਕੜੀਆਂ ਜੁੜੀਆਂ ਹੋਈਆਂ ਹਨ ਤੇ ਇਸ ਬੱਚੀਆਂ ਦੇ ਜਲਦੀ ਵੱਡੇ ਹੋਣ ਨੂੰ ਉਤਸ਼ਾਹਿਤ ਕਰਦੀਆਂ ਹਨ।

ਗਾਸਕਿਨਜ਼ ਦਾ ਕਹਿਣਾ ਹੈ, "ਇਹ ਸਾਡੀ ਮੁੱਢਲੀ ਧਾਰਨਾ ਸੀ, ਜੋ ਕੁੜੀਆਂ ਪੀਐੱਮ 2.5 ਦੇ ਜ਼ਿਆਦਾ ਸੰਪਰਕ ਵਿੱਚ ਸਨ, ਉਨ੍ਹਾਂ ਨੇ ਅਜਿਹੇ ਹੋਰ ਰਸਾਇਣਾਂ ਦਾ ਸਾਹਮਣਾ ਵੀ ਕੀਤਾ ਸੀ ਜੋ ਜਾਂ ਤਾਂ ਐਸਟ੍ਰੋਜਨ ਵਰਗੇ ਹੀ ਹੋ ਜਾਂਦੇ ਹਨ ਜਾਂ ਆਮ ਤੌਰ 'ਤੇ ਐੱਚਪੀਏ ਅਤੇ ਇਸਦੇ ਨਿਯਮਤ ਸੰਕੇਤਾਂ ਵਿੱਚ ਵਿਗਾੜ ਪੈਦਾ ਕਰਦੇ ਹਨ ਜੋ ਸਰੀਰ ਨੂੰ ਪਹਿਲਾਂ ਜਵਾਨੀ ਵਿੱਚ ਜਾਣ ਲਈ ਪ੍ਰੇਰਿਤ ਕਰਦੇ ਸਨ।”

ਇਸ ਤੋਂ ਇਲਾਵਾ ਜਲਦ ਜਵਾਨ ਲਈ ਕਈ ਹੋਰ ਕਾਰਕ ਜਿੰਮੇਵਾਰ ਹੋਣ ਦੀ ਵੱਖ-ਵੱਖ ਕਾਰਕ ਦੀ ਸੰਭਾਵਨਾ ਵੀ ਹੈ।

ਕਈ ਹੋਰ ਕਾਰਕ ਵੀ ਜ਼ਿੰਮੇਵਾਰ

ਗੈਸਕਿਨਜ਼ ਸੁਝਾਅ ਦਿੰਦੇ ਹਨ ਕਿ ਪੀਐੱਮ 2.5 ਅਤੇ ਹੋਰ ਪ੍ਰਦੂਸ਼ਕਾਂ ਨਾਲ ਸਬੰਧਤ ਉਭਰ ਰਹੇ ਸਬੂਤ ਇਸ ਗੱਲ ਦੀ ਸਿਰਫ਼ ਇੱਕ ਉਦਾਹਰਣ ਹਨ ਕਿ ਕਿਵੇਂ ਵਾਤਾਵਰਣ ਦੇ ਹਾਨੀਕਾਰਕ ਰਸਾਇਣ ਸਰੀਰ ਵਿੱਚ ਪ੍ਰਵੇਸ਼ ਕਰ ਸਕਦੇ ਹਨ ਤੇ ਦੂਰਗਾਮੀ ਹਾਰਮੋਨਲ ਤਬਦੀਲੀਆਂ ਨੂੰ ਉਤੇਜਿਤ ਕਰ ਸਕਦੇ ਹਨ।

ਗਾਸਕਿਨਜ਼ ਕਹਿੰਦੇ ਹਨ, "ਜਲਦ ਜਵਾਨ ਹੋਈਆਂ ਕੁੜੀਆਂ ਬਾਰੇ ਪੜਚੋਲ ਤੋਂ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਸਰੀਰਕ ਰਸਾਇਣਾਂ ਕੁਦਰਤੀ ਬਦਲਾਵਾਂ ਨੂੰ ਜਲਦ ਕਰਨ ਵਿੱਚ ਨਿੱਜੀ ਹਾਈਜੀਨ ਲਈ ਵਰਤੇ ਜਾਂਦੇ ਰਸਾਇਣਾ ਦੀ ਵੀ ਯੋਗਦਾਨ ਹੈ।"

"ਹੁਣ ਬਹੁਤ ਸਾਰੀਆਂ ਕੰਪਨੀਆਂ ਸਰਗਰਮੀ ਨਾਲ ਉਸ ਪੀੜੀ ਨੂੰ ਮਾਰਕੀਟਿੰਗ ਜ਼ਰੀਏ ਅਜਿਹੇ ਉਤਪਾਦਾਂ ਦੀ ਵਰਤੋਂ ਲਈ ਉਤਸ਼ਾਹਿਤ ਕਰ ਰਹੀਆਂ ਹਨ।"

ਉਹ ਕਹਿੰਦੇ ਹਨ,“ਯਕੀਕਨ ਸਾਨੂੰ ਹਾਲੇ ਤੱਕ ਪੂਰੀ ਜਾਣਕਾਰੀ ਨਹੀਂ ਹੈ ਕਿ ਸਾਡੇ ਬਦਲਦੇ ਸੰਸਾਰ, ਰਹਿਣ-ਸਹਿਣ ਤੇ ਸਰੀਰ ਦੇ ਬਦਲਾਵਾਂ ਵਿੱਚਲਾ ਗੁੰਝਲਦਾਰ ਸਬੰਧ ਬੱਚਿਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਤ ਕਰ ਰਹੇ ਹੈ।”

“ਇੱਥੋਂ ਤੱਕ ਕਿ ਜਲਵਾਯੂ ਪਰਿਵਰਤਨ ਵਰਗੇ ਕਾਰਕਾਂ ਦੀ ਭੂਮਿਕਾ ਦੇ ਨਾਲ ਬਹੁਤ ਜ਼ਿਆਦਾ ਅਣਜਾਣ ਹੋਣ ਦੇ ਨਾਲ, ਅਸੀਂ ਅਜੇ ਵੀ ਬਹੁਤ ਕੁਝ ਨਹੀਂ ਜਾਣਦੇ ਹਾਂ।”

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਅਸੀਂ ਅਜੇ ਇਸ ਦੀ ਸ਼ੁਰੂਆਤ ’ਤੇ ਹਾਂ।"

ਉਹ ਕਹਿੰਦੀ ਹੈ। "ਸਾਨੂੰ ਨਹੀਂ ਪਤਾ ਕਿ ਕਿਵੇਂ ਗਰਮ ਵਾਤਾਵਰਣ ਕਿਵੇਂ ਮਾਹਵਾਰੀ ਚੱਕਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਂ ਸਮਾਜਿਕ ਕਾਰਕਾਂ ਦੀ ਭੂਮਿਕਾ ਇਸ ਨੂੰ ਵਧੇਰੇ ਪ੍ਰਭਾਵਿਤ ਕਰ ਰਹੀ ਹੈ।”

“ਫ਼ਿਰ ਵੀ ਮੁੱਢਲੀ ਖੋਜ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਵਾਤਾਵਰਣਕ ਰਸਾਇਣ, ਮੋਟਾਪਾ, ਮਾਨਸਿਕ ਤੇ ਸਮਾਜਿਕ ਮਸਲਿਆਂ ਦੇ ਸੁਮੇਲ ਮਾਹਵਾਰੀ ਦੀ ਉਮਰ ਨੂੰ ਘੱਟ ਹੋਣ ਲਈ ਜ਼ਿੰਮੇਵਾਰ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)