ਈ ਸਿਗਰਟ ਤੋਂ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਕਿਉਂ ਹੈ, ਇਸ ਦੇ ਖ਼ਤਰਨਾਕ ਅਸਰ ਬਾਰੇ ਜਾਣੋ

ਤਸਵੀਰ ਸਰੋਤ, Getty Images
ਬ੍ਰਿਟੇਨ ਦੀ ਰਹਿਣ ਵਾਲੀ 12 ਸਾਲਾ ਸਾਰਾ ਗ੍ਰਿਫਿਨ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਦਮੇ ਦਾ ਦੌਰਾ ਪਿਆ ਸੀ।
ਉਸ ਨੂੰ ਹਸਪਤਾਲ ’ਚ ਭਰਤੀ ਕਰਵਾਉਣ ਤੱਕ ਦੀ ਨੌਬਤ ਆ ਗਈ ਸੀ।
ਚਾਰ ਦਿਨਾਂ ਤੱਕ ਹਸਪਤਾਲ ’ਚ ਕੋਮਾ ’ਚ ਰਹੀ ਸਾਰਾ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ, ਪਰ ਵੇਪਿੰਗ ਦੀ ਆਦਤ ਉਸ ਦੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਚੁੱਕੀ ਹੈ।
ਸਾਰਾ ਦੀ ਮਾਂ ਮੈਰੀ ਨੇ ਬੀਬੀਸੀ ਪੱਤਰਕਾਰ ਡੌਮਿਨਿਕ ਹਿਊਜ਼ ਅਤੇ ਲੂਸੀ ਵਾਟਕਿੰਸਨ ਨੂੰ ਦੱਸਿਆ, “ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਇੱਕ ਫੇਫੜਾ ਲਗਭਗ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁੱਕਿਆ ਹੈ।”
“ਉਸ ਦੀ ਸਾਹ ਪ੍ਰਣਾਲੀ ਅਜਿਹੀ ਹੋ ਗਈ ਹੈ, ਜਿਵੇਂ ਕਿਸੇ 12 ਸਾਲ ਦੇ ਬੱਚੇ ਦੀ ਬਜਾਏ 80 ਸਾਲ ਦੇ ਬਜ਼ੁਰਗ ਦੀ ਹੋਵੇ।”
ਮੈਰੀ ਅੱਗੇ ਦੱਸਦੇ ਹਨ, “ਇਲਾਜ ਦੌਰਾਨ ਸਾਰਾ ਦੀ ਹਾਲਤ ਵੇਖ ਕੇ ਇਕ ਵਾਰ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਸੀ ਕਿ ਮੈਂ ਆਪਣੀ ਧੀ ਨੂੰ ਗੁਆ ਲਵਾਂਗੀ।"
"ਸਾਰਾ ਨੇ ਹੁਣ ਵੇਪਿੰਗ ਛੱਡ ਦਿੱਤੀ ਹੈ ਅਤੇ ਹੁਣ ਉਹ ਲੋਕਾਂ ਨੂੰ ਵੇਪਿੰਗ ਨਾ ਕਰਨ ਲਈ ਜਾਗਰੂਕ ਕਰ ਰਹੀ ਹੈ।”
ਸਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਬੱਚਿਆਂ ਨੂੰ ਵੇਪਿੰਗ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਹੈ।
ਸਾਰਾ ਨੂੰ ਵੇਪਿੰਗ ਦੀ ਆਦਤ ਉਸ ਸਮੇਂ ਪਈ ਸੀ, ਜਦੋਂ ਉਹ ਕਰੀਬ 9 ਸਾਲ ਦੀ ਸੀ।

ਤਸਵੀਰ ਸਰੋਤ, Getty Images
ਭਾਰਤ ’ਚ ਵੀ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਕੋਲ ਵੇਪਿੰਗ ਡਿਵਾਈਸ ਮਿਲਣ ਦੀਆਂ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਹੈ।
ਕੁਝ ਮਾਵਾਂ ਵੱਲੋਂ ਬਣਾਏ ਗਏ ਸੰਗਠਨ ‘ਮਦਰਸ ਅਗੇਂਸਟ ਵੇਪਿੰਗ’ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਸੰਸਦ ਮੈਂਬਰਾਂ ਨੂੰ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਉਨ੍ਹਾਂ ਨੇ ਔਰਤ ਸੰਸਦ ਮੈਂਬਰਾਂ ਨੂੰ ਲਿਖੀ।
ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ 6-7 ਸਾਲ ਦੀ ਉਮਰ ਤੱਕ ਦੇ ਬੱਚਿਆਂ ਕੋਲ ਈ-ਸਿਗਰੇਟ ਵਰਗੇ ਉਤਪਾਦ ਮਿਲਣਾ ਉਨ੍ਹਾਂ ਦੀ ਸਿਹਤ ਦੇ ਨਾਲ ਖਿਲਵਾੜ ਹੈ।
ਈ-ਸਿਗਰਟ ਕੀ ਹੁੰਦੀ ਹੈ ?

ਤਸਵੀਰ ਸਰੋਤ, GETTY IMAGES
ਈ-ਸਿਗਰਟ ਬੈਟਰੀ ਨਾਲ ਚੱਲਦੀ ਹੈ। ਇਸ ’ਚ ਤਰਲ ਪਦਾਰਥ ਹੁੰਦਾ ਹੈ।
ਇਸ ਤਰਲ ਨੂੰ ਬੈਟਰੀ ਜ਼ਰੀਏ ਗਰਮ ਕਰਨ ਤੋਂ ਬਾਅਦ ਸਾਹ ਦੇ ਜ਼ਰੀਏ ਅੰਦਰ ਖਿੱਚਿਆ ਜਾਂਦਾ ਹੈ।
ਤਰਲ ਪਦਾਰਥ ’ਚ ਆਮ ਤੌਰ ’ਤੇ ਤੰਬਾਕੂ ਨਾਲ ਤਿਆਰ ਹੋਣ ਵਾਲੇ ਨਿਕੋਟੀਨ ਦੀ ਕੁਝ ਮਾਤਰਾ ਹੁੰਦੀ ਹੈ।
ਇਸ ਤੋਂ ਇਲਾਵਾ ਪ੍ਰੋਪਲੀਨ ਗਲਾਈਕੋਲ, ਕਾਰਸੀਨੋਜਨ, ਐਕਰੋਲਿਨ, ਬੈਂਜਿਨ ਆਦਿ ਰਸਾਇਣ ਅਤੇ ਫਲੇਵਰਿੰਗ ਦੀ ਵਰਤੋਂ ਕੀਤੀ ਜਾਂਦੀ ਹੈ।
ਹੁਣ ਇਹ ਉਤਪਾਦ ਬਾਜ਼ਾਰ ’ਚ ਪੈੱਨ, ਪੈੱਨਡਰਾਈਵ, ਯੂਐਸਬੀ ਜਾ ਫਿਰ ਕਿਸੇ ਖਿਡੌਣੇ ਦੇ ਰੂਪ ’ਚ ਆਕਰਸ਼ਕ ਪੈਕਿੰਗ ’ਚ ਵੀ ਉਪਲਬਧ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੇਪਿੰਗ ਯੰਤਰਾਂ ਦਾ ਰੁਝਾਨ ਨਾ ਸਿਰਫ ਵਿਦੇਸ਼ਾਂ ’ਚ ਸਗੋਂ ਭਾਰਤ ’ਚ ਵੀ ਲਗਾਤਾਰ ਵੱਧ ਰਿਹਾ ਹੈ।
ਅੰਕੜੇ ਕੀ ਕਹਿੰਦੇ ਹਨ ?

ਤਸਵੀਰ ਸਰੋਤ, Getty Images
ਬ੍ਰਿਟੇਨ ’ਚ ਹਾਲ ਹੀ ਵਿੱਚ ਹੋਏ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ 11 ਤੋਂ 17 ਸਾਲ ਦੀ ਉਮਰ ਦੇ ਹਰ ਪੰਜ ’ਚੋਂ ਇੱਕ ਬੱਚੇ ਨੇ ਵੇਪਿੰਗ ਅਜ਼ਮਾਈ ਹੋਈ ਹੈ। ਇਹ ਅੰਕੜਾ 2020 ਦੀ ਤੁਲਨਾ ’ਚ ਤਿੰਨ ਗੁਣਾ ਵੱਧ ਹੈ।
2021 ’ਚ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ 11-15 ਸਾਲ ਦੀ ਉਮਰ ਦੇ ਹਰ 10 ਬੱਚਿਆਂ ’ਚੋਂ ਇੱਕ ਬੱਚਾ ਇਸ ਦੀ ਵਰਤੋਂ ਕਰ ਰਿਹਾ ਹੈ।
ਨਾਰਦਨ ਆਇਰਲੈਂਡ ਚੈਸਟ, ਹਾਰਟ ਐਂਡ ਸਟ੍ਰੋਕ ਦੀ ਫਿਡੇਲਮਾ ਕਾਰਟਰ ਦਾ ਕਹਿਣਾ ਹੈ ਕਿ ਬ੍ਰਿਟੇਨ ’ਚ 17 ਫ਼ੀਸਦ ਨੌਜਵਾਨ ਨਿਯਮਿਤ ਤੌਰ ’ਤੇ ਵੇਪਿੰਗ ਦੀ ਵਰਤੋਂ ਕਰ ਰਹੇ ਹਨ।
ਥਿੰਕ ਚੇਂਜ ਫੋਰਮ ਵੱਲੋਂ ਇਸ ਸਾਲ ਜੁਲਾਈ ਮਹੀਨੇ ਕੀਤੇ ਇੱਕ ਗਏ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ 14 ਤੋਂ 17 ਸਾਲ ਦੀ ਉਮਰ ਦੇ 96% ਵਿਦਿਆਰਥੀ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਵੇਪਿੰਗ ’ਤੇ ਪਾਬੰਦੀ ਹੈ ਅਤੇ 89% ਨੂੰ ਇਸ ਦਾ ਅੰਦਾਜ਼ਾ ਹੀ ਨਹੀਂ ਹੈ ਕਿ ਇਸ ਦੇ ਕੀ ਖ਼ਤਰੇ ਹੋ ਸਕਦੇ ਹਨ।
ਭਾਰਤ ’ਚ ਗਲੋਬਲ ਯੂਥ ਟੋਬੈਕੋ ਸਰਵੇਖਣ-4 ਦੇ ਅਨੁਸਾਰ ਦੇਸ਼ ’ਚ 2.8% ਕਿਸ਼ੋਰਾਂ ਨੇ ਕਦੇ ਨਾ ਕਦੇ ਵੇਪਿੰਗ ਦੀ ਵਰਤੋਂ ਜ਼ਰੂਰ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਦੇ ਮਾਮਲੇ ’ਚ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਭਾਰਤ ਹੀ ਹੈ।
ਲੈਂਸੇਟ ਜਰਨਲ ਦੇ ਇੱਕ ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਹਰ ਸਾਲ ਤਕਰੀਬਨ 10 ਲੱਖ ਲੋਕ ਸਿਗਰਟਨੋਸ਼ੀ ਦੇ ਕਾਰਨ ਆਪਣੀ ਜਾਨ ਗੁਆਉਂਦੇ ਹਨ।
ਬੱਚਿਆਂ ਦੇ ਲਈ ਦੋਹਰਾ ਖ਼ਤਰਾ

ਤਸਵੀਰ ਸਰੋਤ, GETTY IMAGES
ਗ੍ਰੇਟਰ ਨੋਇਡਾ ਦੇ ਫੋਰਟਿਸ ਹਸਪਤਾਲ ’ਚ ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ ਦੇ ਵਧੀਕ ਨਿਰਦੇਸ਼ਕ ਡਾ ਰਾਜੇਸ਼ ਕੁਮਾਰ ਗੁਪਤਾ ਨੇ ਬੀਬੀਸੀ ਸਹਿਯੋਗੀ ਆਰ. ਦਵਿਵੇਦੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵੇਪਿੰਗ ਨਾਲ ਬੱਚਿਆਂ ਨੂੰ ਦੋਹਰਾ ਖ਼ਤਰਾ ਹੁੰਦਾ ਹੈ।
“ਇੱਕ ਤਾਂ ਇਸ ’ਚ ਵਰਤੇ ਜਾਣ ਵਾਲੇ ਕਈ ਤਰ੍ਹਾਂ ਦੇ ਰਸਾਇਣ, ਨਿਕੋਟੀਨ ਆਦਿ ਉਨ੍ਹਾਂ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।"
"ਦੂਜਾ ਇੱਕ ਵਾਰ ਇਸ ਦੀ ਆਦਤ ਪੈ ਜਾਣ ਤੋਂ ਬਾਅਦ ਅੱਗੇ ਜਾ ਕੇ ਸਿੱਧੇ ਤੌਰ ’ਤੇ ਸਿਗਰੇਟ ਜਾ ਬੀੜੀ ਪੀਣ ਦੀ ਸੰਭਾਵਨਾ ਹੋਰ ਜ਼ਿਆਦਾ ਵੱਧ ਜਾਂਦੀ ਹੈ।”
‘ਦ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ’ ਵੱਲੋਂ ਕੀਤੀ ਗਈ ਇੱਕ ਤਾਜ਼ਾ ਖੋਜ ਦਰਸਾਉਂਦੀ ਹੈ ਕਿ ਭਾਰਤ ’ਚ 15-30 ਸਾਲ ਦੀ ਉਮਰ ਦੇ 61% ਨੌਜਵਾਨਾਂ ਦੇ ਭਵਿੱਖ ’ਚ ਵੇਪਿੰਗ ਸ਼ੁਰੂ ਕਰਨ ਦੀ ਸੰਭਾਵਨਾ ਮੌਜੂਦ ਹੈ।
ਇਸ ਦੇ ਨਾਲ ਹੀ ਆਸਟ੍ਰੇਲੀਅਨ ਨੈਸ਼ਨਲ ਹੈਲਥ ਐਂਡ ਰਿਸਰਚ ਕਾਉਂਸਲ ਪ੍ਰੋਗਰਾਮ ਦੇ ਤਹਿਤ ਇੱਕ ਕੌਮਾਂਤਰੀ ਅਧਿਐਨ ਦੇ ਦੌਰਾਨ ਭਾਰਤ ’ਚ ਵੇਪਿੰਗ ਦੀ ਵਰਤੋਂ ਨਾ ਕਰਨ ਵਾਲੇ ਕਿਸ਼ੋਰਾਂ ਅਤੇ ਨੌਜਵਾਨਾਂ ’ਚੋਂ 31% ਭਵਿੱਖ ’ਚ ਇਸ ਦਾ ਅਨੁਭਵ ਲੈਣ ਦੀ ਖ਼ਾਹਿਸ਼ ਰੱਖਦੇ ਹਨ।
ਸਿਗਰਟ ਛੱਡਣ ਦਾ ਬਦਲ ਨਹੀਂ

ਤਸਵੀਰ ਸਰੋਤ, GETTY IMAGES
ਦੋ ਦਹਾਕੇ ਪਹਿਲਾਂ 2003 ’ਚ ਈ-ਸਿਗਰਟ ਬਣਾਉਣ ਵਾਲੇ ਚੀਨੀ ਫਾਰਮਾਸਿਸਟ ਹੋਨ ਲਿਕ ਨੇ ਦਾਅਵਾ ਤਾਂ ਇਹੀ ਕੀਤਾ ਸੀ ਕਿ ਇਸ ਦੀ ਮਦਦ ਨਾਲ ਲੋਕ ਆਸਾਨੀ ਨਾਲ ਸਿਗਰਟਨੋਸ਼ੀ ਤੋਂ ਛੁਟਕਾਰਾ ਪਾ ਸਕਣਗੇ।
ਪਰ ਸਿਗਰਟ ਦੀ ਆਦਤ ਨੂੰ ਛੁਡਾਉਣ ਲਈ ਬਣੀ ਈ-ਸਿਗਰੇਟ ਹੀ ਹੁਣ ਦੁਨੀਆ ਭਰ ਦੇ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ।
ਅਜਿਹੀ ਕੋਈ ਪ੍ਰਮਾਣਿਕ ਖੋਜ ਨਹੀਂ ਹੈ ਜੋ ਇਹ ਸਿੱਧ ਕਰੇ ਕਿ ਈ-ਸਿਗਰੇਟ ਦੀ ਵਰਤੋਂ ਨਾਲ ਸਿਗਰੇਟ ਦੀ ਆਦਤ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਕੀ ਸਿਗਰੇਟ ਦੀ ਤੁਲਨਾ ’ਚ ਵੇਪਿੰਗ ਘੱਟ ਘਾਤਕ ਹੈ ?
ਇਸ ਸਵਾਲ ਦੇ ਜਵਾਬ ’ਚ ਡਾ ਰਾਜੇਸ਼ ਗੁਪਤਾ ਦਾ ਕਹਿਣਾ ਹੈ ਕਿ ਇਹ ਤਾਂ ਉਹੀ ਗੱਲ ਹੋਈ ਕਿ ਦੋ ਤਰ੍ਹਾਂ ਦੇ ਜ਼ਹਿਰ ’ਚੋਂ ਕਿਹੜਾ ਬਿਹਤਰ ਹੈ।
ਉਹ ਅੱਗੇ ਕਹਿੰਦੇ ਹਨ , “ਈ-ਸਿਗਰੇਟ’ ਜ਼ਰੀਏ ਸਿਗਰਟਨੋਸ਼ੀ ਛੱਡਣ ਦੀ ਸੰਭਾਵਨਾ ਪੂਰੀ ਤਰ੍ਹਾਂ ਨਾਲ ਹੀ ਬਕਵਾਸ ਹੈ।ਹਾਰਵਰਡ ਹੈਲਥ ’ਤੇ ਪ੍ਰਕਾਸ਼ਿਤ ਇੱਕ ਖੋਜ ਦੇ ਮੁਤਾਬਕ ਵੇਪਿੰਗ ਕਰਨ ਵਾਲੇ 10 ਤੋਂ 14% ਲੋਕ ਹੀ ਸਿਗਰਟਨੋਸ਼ੀ ਦੀ ਆਦਤ ਤੋਂ ਛੁਟਕਾਰਾ ਹਾਸਲ ਕਰ ਪਾਉਂਦੇ ਹਨ।”
ਮਾਪਿਆਂ ’ਚ ਚਿੰਤਾ

ਗਾਜ਼ੀਆਬਾਦ ਦੀ ਰਹਿਣ ਵਾਲੀ ਵਿਨੀਤਾ ਤਿਵਾਰੀ ਇੱਕ ਨਾਮੀ ਸਕੂਲ ’ਚ ਅਧਿਆਪਕ ਹਨ ਅਤੇ ਉਨ੍ਹਾਂ ਦੀ ਬੇਟੀ ਨੇ ਇਸੇ ਸਾਲ ਕਾਲਜ ’ਚ ਦਾਖ਼ਲਾ ਲਿਆ ਹੈ।
ਬੀਬੀਸੀ ਸਹਿਯੋਗੀ ਆਰ ਦਿਵੇਦੀ ਨਾਲ ਗੱਲਬਾਤ ਕਰਦਿਆਂ ਵਿਨੀਤਾ ਨੇ ਦੱਸਿਆ ਕਿ ਹਮੇਸ਼ਾ ਇਹੀ ਫਿਕਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਧੀ ਵੀ ਬੁਰੀ ਸੰਗਤ ’ਚ ਨਾ ਪੈ ਜਾਵੇ। ਉਹ ਆਪਣੀ ਧੀ ਦੀਆਂ ਗਤੀਵਿਧੀਆਂ ਅਤੇ ਦੋਸਤਾਂ ਨਾਲ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਆਦਿ ’ਤੇ ਨਜ਼ਰ ਰੱਖਦੇ ਹਨ।
ਪਰ ਇਹ ਸਭ ਇੰਨਾ ਸੌਖਾ ਕੰਮ ਨਹੀਂ ਹੈ। ਹੁਣ ਮੈਰੀ ਦਾ ਮਾਮਲਾ ਹੀ ਵੇਖ ਲਓ। ਉਨ੍ਹਾਂ ਨੂੰ ਸਾਰਾ ਦੀ ਇਸ ਆਦਤ ਬਾਰੇ ਆਸਾਨੀ ਨਾਲ ਪਤਾ ਨਹੀਂ ਲੱਗਾ ਸੀ।
ਬੇਲਫਾਸਟ ਵਸਨੀਕ ਸਾਰਾ ਗ੍ਰਿਫਿਨ ਦਾ ਬੈੱਡਰੂਮ ਇੱਕ ਆਮ ਬੱਚੇ ਦੇ ਬੈੱਡਰੂਮ ਵਰਗਾ ਹੀ ਸੀ। ਮੈਰੀ ਕਈ ਵਾਰ ਉਸ ਦੇ ਡਰੈਸਿੰਗ ਟੇਬਲ ਦੀ ਜਾਂਚ ਕਰਦੀ ਅਤੇ ਕਈ ਵਾਰ ਹੋਰ ਚੀਜ਼ਾਂ ਵੀ ਇੱਧਰ-ਉੱਧਰ ਕਰਦੀ ਰਹਿੰਦੀ ਸੀ।
ਪਰ ਸਾਰਾ ਕੋਲ ਉਨ੍ਹਾਂ ਨੂੰ ਲੁਕਾਉਣ ਲਈ ਕਈ ਨਵੇਂ-ਨਵੇਂ ਤਰੀਕੇ ਹੁੰਦੇ ਸਨ। ਸਾਰਾ ਕਈ ਵਾਰ ਆਪਣਾ ਵੇਪਿੰਗ ਯੰਤਰ ਗਲੀਚੇ ਦੇ ਹੇਠਾਂ ਲੁਕੋ ਦਿੰਦੀ ਸੀ।
ਸਾਰਾ ਦੀ ਸਵੇਰ ਵੇਪਿੰਗ ਦੇ ਸੁੱਟੇ ਨਾਲ ਹੀ ਸ਼ੁਰੂ ਹੁੰਦੀ ਸੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਦਾ ਆਖ਼ਰੀ ਕੰਮ ਵੀ ਇਸ ਦਾ ਸੁੱਟਾ ਲੈਣਾ ਹੀ ਹੁੰਦਾ ਸੀ।
ਕਈ ਵਾਰ ਦਬਾਅ ’ਚ ਆ ਕੇ ਅਜਿਹਾ ਕਦਮ ਚੁੱਕਦੇ ਹਨ ਬੱਚੇ

ਤਸਵੀਰ ਸਰੋਤ, Getty Images
ਕਾਨਪੁਰ ਦੇ ਪੀਪੀਐਨ ਡਿਗਰੀ ਕਾਲਜ ’ਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ ਆਭਾ ਸਿੰਘ ਦਾ ਕਹਿਣਾ ਹੈ ਕਿ ਬੱਚੇ ਅਕਸਰ ਹੀ ਆਪਣੇ ਦੋਸਤਾਂ ਦੇ ਦਬਾਅ ਹੇਠ ਆ ਕੇ ਜਾਂ ਫਿਰ ਇੱਕ ਨਵਾਂ ਫੈਸ਼ਨ ਸਮਝ ਕੇ ਵੇਪਿੰਗ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਸੂਰਤ ’ਚ ਸਭ ਤੋਂ ਜ਼ਰੂਰੀ ਹੈ ਕਿ ਮਾਪੇ ਇਸ ਬਾਰੇ ’ਚ ਚੰਗੀ ਤਰ੍ਹਾਂ ਨਾਲ ਜਾਗਰੂਕ ਹੋਣ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਇਸ ਦੇ ਮਾਰੂ ਨਤੀਜਿਆਂ ਤੋਂ ਜਾਣੂ ਕਰਵਾ ਸਕਣ।
ਥਿੰਕ ਚੇਂਜ ਫੋਰਮ ਦੇ ਸਰਵੇਖਣ ’ਚ 39% ਕਿਸ਼ੋਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਮਾਪਿਆਂ, ਅਧਿਆਪਕਾਂ ਜਾਂ ਫਿਰ ਮੀਡੀਆ ਜ਼ਰੀਏ ਈ-ਸਿਗਰਟ ਦੇ ਹਾਨੀਕਾਰਕ ਹੋਣ ਸਬੰਧੀ ਜਾਣਕਾਰੀ ਹਾਸਲ ਹੋਈ ਹੈ।
ਪਾਬੰਦੀਆਂ ਸਖ਼ਤੀ ਨਾਲ ਲਾਗੂ ਨਹੀਂ ਹੋ ਰਹੀਆਂ

ਤਸਵੀਰ ਸਰੋਤ, Getty Images
18 ਸਤੰਬਰ 2019 ਨੂੰ ਭਾਰਤ ’ਚ ਈ-ਸਿਗਰੇਟ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਸਬੰਧ ’ਚ 5 ਦਸੰਬਰ 2019 ਨੂੰ ਇੱਕ ਗਜ਼ਟ ਜਾਰੀ ਕੀਤਾ ਗਿਆ ਸੀ, ਜਿਸ ਦੇ ਅਨੁਸਾਰ ਈ-ਸਿਗਰੇਟ ਦੇ ਉਤਪਾਦਨ, ਜਮ੍ਹਾ ਕਰਨ, ਦਰਾਮਦ-ਬਰਾਮਦ, ਖ਼ਰੀਦ ਅਤੇ ਵਿਕਰੀ ਸਭ ’ਤੇ ਪਾਬੰਦੀ ਹੈ।
ਪਹਿਲੀ ਵਾਰ ਅਪਰਾਧ ਕਰਨ ’ਤੇ 1 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਮੁੜ ਦੋਸ਼ੀ ਪਾਏ ਜਾਣ ਦੀ ਸੂਰਤ ’ਚ 3 ਸਾਲ ਦੀ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਹਾਲਾਂਕਿ ਅਸਲੀਅਤ ਤਾਂ ਇਹੀ ਹੈ ਕਿ ਪਾਬੰਦੀਆਂ ਦੇ ਬਾਵਜੂਦ ਈ-ਸਿਗਰੇਟ ਜਾਂ ਵੇਪਿੰਗ ਯੰਤਰ ਆਸਾਨੀ ਨਾਲ ਉਪਲਬਧ ਹਨ। ਇਨ੍ਹਾਂ ਨੂੰ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਪਰ ਸਕੂਲਾਂ ਦੇ ਨਜ਼ਦੀਕੀ ਖੇਤਰ ’ਚ ਇੰਨ੍ਹਾ ਦੀ ਉਪਲਬਧਤਾ ਭਾਰੀ ਚਿੰਤਾ ਦਾ ਮੁੱਦਾ ਹੈ।
‘ਮਦਰਸ ਅਗੇਂਸਟ ਵੇਪਿੰਗ’ ਨੇ ਸੰਸਦ ਮੈਂਬਰਾਂ ਨੂੰ ਲਿਖੇ ਆਪਣੇ ਪੱਤਰ ’ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇਸ ’ਚ ਸੰਸਦ ਮੈਂਬਰਾਂ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਯਤਨ ਕਰਨ।
ਪਾਬੰਦੀਆਂ ਦੇ ਮਾਮਲੇ ’ਚ ਬ੍ਰਿਟੇਨ ’ਚ ਵੀ ਕੁਝ ਅਜਿਹੀ ਹੀ ਸਥਿਤੀ ਹੈ। ਉੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੇਪਿੰਗ ਯੰਤਰ ਵੇਚਣ ’ਤੇ ਪਾਬੰਦੀ ਹੈ। ਪਰ ਸਾਰਾ ਗ੍ਰੀਫਿਨ ਨੇ ਇਸ ਨੂੰ ਕਾਊਂਟਰ ਤੋਂ ਹਾਸਲ ਕੀਤਾ ਸੀ।
ਅਜਿਹੇ ’ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਹੇ ਹਨ।
ਵੇਪਿੰਗ ਯੰਤਰ ਅਤੇ ਫਲੇਵਰਡ ਗਮ ਆਦਿ ਵਰਗੀਆਂ ਚੀਜ਼ਾਂ ਦੀ ਪੈਕਿੰਗ ਨੂੰ ਬੱਚਿਆਂ ਦੇ ਲਿਹਾਜ਼ ਤੋਂ ਦਿਲਕਸ਼ ਬਣਾਉਣ ਤੋਂ ਇਲਾਵਾ, ਉਨ੍ਹਾ ਨੂੰ ਦੁਕਾਨਾਂ ’ਚ ਸਾਹਮਣੇ ਰੱਖਣ ’ਤੇ ਵੀ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।















