ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਕੀ ਰੱਖੀ ਸਰਕਾਰ ਅੱਗੇ ਮੰਗ

ਅਮ੍ਰਿਤਪਾਲ ਦੀ ਮਾਂ

ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮ੍ਰਿਤਪਾਲ ਸਿੰਘ ਉੱਤੇ ਪੁਲਿਸ ਨੇ ਪਹਿਲਾਂ ਹੀ ਐੱਨਐੱਸਏ ਲਗਾਇਆ ਗਿਆ ਹੈ, ਇਸ ਲਈ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ।

ਅਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਫੌਜੀ ਹਵਾਈ ਅੱਡੇ ਤੋਂ ਅਸਾਮ ਲਿਜਾਇਆ ਗਿਆ, ਇੱਥੇ ਉਨ੍ਹਾਂ ਦੇ 9 ਸਾਥੀ ਪਹਿਲਾਂ ਹੀ ਬੰਦ ਹਨ।

ਅਮ੍ਰਿਤਪਾਲ ਦੁਬਈ ਤੋਂ ਅਗਸਤ 2022 ਵਿੱਚ ਵਾਪਸ ਪਰਤਿਆ ਸੀ ਅਤੇ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਨ ਤੋਂ ਬਾਅਦ ਉਸ ਨੇ ਨਸ਼ਿਆ ਖਿਲਾਫ਼ ਮੁਹਿੰਮ ਛੇੜਨ ਅਤੇ ਅਮ੍ਰਿਤ ਸੰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਵਿੱਢਿਆ ਸੀ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ 23 ਫਰਵਰੀ ਨੂੰ ਤਰਨ ਤਾਰਨ ਜਿਲ੍ਹੇ ਦੇ ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਜ਼ਬਰੀ ਕਬਜਾ ਕਰ ਲਿਆ ਸੀ।

ਉਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵੱਡੇ ਇਕੱਠ ਨਾਲ ਕੁੱਟਮਾਰ ਨੇ ਨਿੱਜੀ ਝਗੜੇ ਵਿੱਚ ਗ੍ਰਿਫ਼ਤਾਰ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਵਾਉਣ ਗਏ ਸਨ। ਇਹ ਐਕਸ਼ਨ ਹਿੰਸਕ ਹੋ ਗਿਆ ਅਤੇ ਕਈ ਪੁਲਿਸ ਵਾਲੇ ਇਸ ਦੌਰਾਨ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਵਾਲੇ 16 ਕੇਸ ਦਰਜ ਕੀਤੇ ਗਏ ਸਨ।

ਜਦੋਂ 18 ਮਾਰਚ ਨੂੰ ਪੁਲਿਸ ਨੇ ਉਨ੍ਹਾਂ ਨੂੰ ਜਲੰਧਰ ਦੇ ਸ਼ਾਹਕੋਟ ਵਿੱਚੋਂ ਲੰਘਦੇੇ ਸਮੇਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅਮ੍ਰਿਤਪਾਲ ਪੁਲਿਸ ਤੋਂ ਬਚ ਨਿਕਲਿਆ ਸੀ।

ਪੁਲਿਸ ਨੇ ਕੀ ਦੱਸਿਆ

ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ
ਤਸਵੀਰ ਕੈਪਸ਼ਨ, ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ

ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਐੱਨਐੱਸਏ ਤਹਿਤ ਅੱਜ ਸਵੇਰੇ ਲਗਭਗ 6:45 ਵਜੇ ਰੋਡੇ ਪਿੰਡ ਤੋਂ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

ਆਤਮ ਸਮਰਪਣ ਬਾਰੇ ਬੋਲਦਿਆਂ ਉਨ੍ਹਾਂ ਇਸ ਗੱਲ ਨੂੰ ਸਪਸ਼ਟ ਤੌਰ 'ਤੇ ਕਿਹਾ ਕਿ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਈਜੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ''ਰੋਡੇ ਪਿੰਡ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ, ਪਰ ਅਮ੍ਰਿਤਪਾਲ ਗੁਰਦੁਆਰਾ ਸਾਹਿਬ 'ਚ ਸੀ। ਗੁਰਦੁਆਰਾ ਸਾਹਿਬ ਦੀ ਮਰਿਆਦਾ ਸੁਪਰੀਮ ਹੈ ਅਤੇ ਉਸ ਨੂੰ ਬਣਾਈ ਰੱਖਦੇ ਹੋਏ ਇੱਕ ਸੰਦੇਸ਼ ਉਸ ਕੋਲ ਪਹੁੰਚਾਇਆ ਗਿਆ ਕਿ ਉਹ ਸਾਰੇ ਪਾਸਿਓਂ ਘਿਰ ਗਿਆ ਹੈ ਤੇ ਹੁਣ ਉਸ ਕੋਲ ਭੱਜਣ ਦਾ ਕੋਈ ਰਾਹ ਨਹੀਂ ਹੈ।''

ਇਹ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦਾ ਸਾਂਝਾ ਆਪਰੇਸ਼ਨ ਸੀ।

ਆਈਜੀ ਗਿੱਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਇਸ ਦੌਰਾਨ ਲੋਕਾਂ ਨੇ ਪੰਜਾਬ 'ਚ ਸ਼ਾਂਤੀ ਬਣਾਈ ਰੱਖੀ।

ਨਾਲ ਹੀ ਉਨ੍ਹਾਂ ਸੂਬੇ ਦੀ ਅਜਿਹੇ ਤੱਤਾਂ ਨੂੰ ਵੀ ਚੇਤਾਵਨੀ ਦਿੱਤੀ ਜੋ ਸੂਬੇ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਅਮ੍ਰਿਤਪਾਲ ਗ੍ਰਿਫ਼ਤਾਰੀ ਤੋਂ ਪਹਿਲਾਂ ਕੀ ਬੋਲੇ

ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਉਣ ਦੇ ਨਾਲ ਹੀ ਇੱਕ ਵੀਡੀਓ ਵੀ ਵਾਇਰਲ ਹੋ ਗਿਆ, ਜਿਸ 'ਚ ਅਮ੍ਰਿਤਪਾਲ ਆਪਣੀ ਗ੍ਰਿਫ਼ਤਾਰੀ ਬਾਰੇ ਬੋਲਦੇ ਦਿਖਾਈ ਦੇ ਰਹੇ ਹਨ।

ਵੀਡੀਓ ਵਿੱਚ ਅਮ੍ਰਿਤਪਾਲ ਕਹਿ ਰਹੇ ਹਨ,''ਪਿਛਲੇ 1 ਮਹੀਨੇ 'ਚ ਜੋ ਕੁਝ ਵਾਪਰਿਆ ਹੈ ਉਹ ਤੁਸੀਂ ਸਭ ਵੇਖਿਆ ਹੈ। ਮੈਂ ਉਹ ਸਭ ਮੁੜ ਦੁਹਰਾਉਣਾ ਨਹੀਂ, ਸੰਖੇਪ 'ਚ ਗੱਲ ਕਰਨੀ ਹੈ।''

''ਜੇ ਇੱਕਲੀ ਗ੍ਰਿਫ਼ਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫ਼ਤਾਰੀ ਦੇ ਬਹੁਤ ਤਰੀਕੇ ਸੀ, ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ। ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ, ਦੁਨੀਆਂ ਭਰ ਦੇ ਸਾਹਮਣੇ ਹੋਇਆ ਹੈ।''

''ਜੋ ਸਿੱਖ ਨੌਜਵਾਨਾਂ 'ਤੇ ਜ਼ਬਰ ਢਾਇਆ ਗਿਆ ਹੈ, ਦੇਖੋ ਸੱਚੇ ਪਾਤਸ਼ਾਹ ਸਤਿਗੁਰ ਦੀ ਕਚਹਿਰੀ 'ਚ ਅਸੀਂ ਦੋਸ਼ੀਂ ਨਹੀਂ। ਦੁਨਿਆਵੀਂ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ।''

''ਸੋ ਇੱਕ ਮਹੀਨੇ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ 'ਤੇ ਲੜੇ ਹਾਂ, ਇਸ ਧਰਤੀ 'ਤੇ ਲੜਾਂਗੇ, ਇਹ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ।''

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

''ਇਸ ਕਰਕੇ ਜਿਹੜੇ ਇਹ ਝੂਠੇ ਕੇਸ, ਪਰਚੇ ਸਾਡੇ 'ਤੇ ਪਏ ਨੇ ਇਨ੍ਹਾਂ ਦਾ ਸਾਹਮਣਾ ਅਸੀਂ ਅਦਾਲਤ 'ਚ ਕਰ ਲਵਾਂਗੇ।''

''ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਇੰਨਾਂ ਸਮਾਂ ਰੂਹਪੋਸ਼ ਹੋ ਜਾਣਾ ਸੰਭਵ ਨਹੀਂ ਹੁੰਦਾ ਹੈ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ।''

''ਅੱਜ ਉਸੇ ਅਸਥਾਨ ਉੱਤੇ ਅਸੀਂ ਆਪ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਹੈ।''

''ਇਹ ਗ੍ਰਿਫ਼ਤਾਰੀ ਅੰਤ ਨਹੀਂ ਸ਼ੁਰੂਆਤ ਹੈ। ਜਿਹੜਾ ਝੂਠ ਦਾ ਸੰਸਾਰ ਸਾਡੇ ਖ਼ਿਲਾਫ਼ ਸਿਰਜਿਆ ਗਿਆ ਹੈ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਭੰਨਣਗੇ ਤੇ ਛੇਤੀ ਹੀ ਅਸੀਂ ਸੰਗਤਾਂ 'ਚ ਵਿਚਾਰਾਂਗੇ।''

ਹਾਲਾਂਕਿ, ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਖੂਫ਼ੀਆ ਜਾਣਕਾਰੀ ਦੇ ਅਧਾਰ 'ਤੇ ਰੋਡੇ ਪਿੰਡ ਨੂੰ ਘੇਰਾ ਪਾ ਰੱਖਿਆ ਸੀ ਅਤੇ ਅਮ੍ਰਿਤਪਾਲ ਲਈ ਭੱਜਣ ਦਾ ਕੋਈ ਰਾਹ ਨਹੀਂ ਸੀ।

ਇਸੇ ਦੌਰਾਨ ਅਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਉਨ੍ਹਾਂ ਨੇ ਆਤਮ ਸਮਰਪਣ ਕੀਤਾ ਹੈ।''

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਉਹ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ।

ਅਮ੍ਰਿਤਪਾਲ ਦੀ ਮਾਂ ਅਨੁਸਾਰ, ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ 'ਭਾਈ ਸਾਹਿਬ' ਤੱਕ ਮਤਲਬ ਸੀ ਤੇ ਉਹ ਉਨ੍ਹਾਂ ਕੋਲ ਹੈ, ਇਸ ਲਈ ਬਾਕੀ, ਜਿਨ੍ਹਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਗਿਆ, ਉਨ੍ਹਾਂ ਨੂੰ ਛੱਡਿਆ ਜਾਵੇ।

ਉਨ੍ਹਾਂ ਮੁਤਾਬਕ, ਉਹ ਅਮ੍ਰਿਤਪਾਲ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਨਗੇ।

'ਸਾਨੂੰ ਤਾਂ ਟੀਵੀ ਤੋਂ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ' - ਅਮ੍ਰਿਤਪਾਲ ਸਿੰਘ ਦੇ ਚਾਚਾ

ਅਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ

ਅਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਸਵੇਰੇ ਸਵਾ ਸੱਤ ਵਜੇ ਟੀਵੀ ਦੀਆਂ ਖ਼ਬਰਾਂ ਰਾਹੀਂ ਪਤਾ ਲੱਗਿਆ।

ਉਨ੍ਹਾਂ ਕਿਹਾ, ''ਭਾਈ ਸਾਹਿਬ ਦੀ ਜਿੱਥੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦਸਤਾਰਬੰਦੀ ਹੋਈ ਸੀ, ਉੱਥੇ ਹੀ ਉਨ੍ਹਾਂ ਗ੍ਰਿਫ਼ਤਾਰੀ ਦਿੱਤੀ ਹੈ।''

ਉਨ੍ਹਾਂ ਆਖਿਆ, ''ਸਾਡੀ ਚਿੰਤਾ ਦੂਰ ਹੋਈ ਹੈ ਕਿ ਚਲੋ ਇੱਕ ਪਾਸੇ ਕੰਮ ਖ਼ਤਮ ਹੋਇਆ ਅਤੇ ਹੁਣ ਦੂਜਾ ਸ਼ੁਰੂ ਹੋਵੇਗਾ। ਕਿਉਂਕਿ ਹੁਣ ਤੱਕ ਸਾਨੂੰ ਤਾਂ ਇਹੀ ਸੀ ਕਿ ਪੁਲਿਸ ਕੋਲ ਹੈ।''

''ਅਸੀਂ ਤਾਂ ਉਸੇ ਦਿਨ ਤੋਂ ਕਹਿ ਰਹੇ ਹਾਂ ਕਿ ਜਿੱਥੇ ਵੀ ਹਨ, ਜਿਸ ਤਰ੍ਹਾਂ ਉਹ ਕਹਿੰਦੇ ਹਨ, ਗ੍ਰਿਫ਼ਤਾਰੀ ਦੇ ਦੇਣੀ ਚਾਹੀਦੀ ਹੈ। ਸਾਨੂੰ ਪਤਾ ਹੈ ਕਿ ਕਿਤੇ ਲੁਕਣਾ ਜਾਂ ਭੱਜਣਾ ਠੀਕ ਨਹੀਂ ਅਤੇ ਨਾ ਹੀ ਅਜਿਹਾ ਕੀਤਾ ਜਾ ਸਕਦਾ ਹੈ।''

ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਵੀਡੀਓ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਲੱਗਦਾ ਹੈ ਜਿਵੇਂ ਗ੍ਰਿਫ਼ਤਾਰੀ ਆਪ ਦਿੱਤੀ ਹੋਵੇ।

1 ਮਹੀਨੇ ਤੋਂ ਵੱਧ ਸਮੇਂ ਤੋਂ ਸੀ ਪੁਲਿਸ ਨੂੰ ਭਾਲ਼

ਅਮ੍ਰਿਤਪਾਲ ਸਿੰਘ ਗ੍ਰਿਫ਼ਤਾਰ

ਤਸਵੀਰ ਸਰੋਤ, Getty Images

18 ਮਾਰਚ ਤੋਂ ਪੁਲਿਸ ਅਮ੍ਰਿਤਪਾਲ ਸਿੰਘ ਦੀ ਭਾਲ਼ ਵਿੱਚ ਸੀ, ਹਾਲਾਂਕਿ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੇ ਕਈ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਕਈਆਂ ਨੂੰ ਵੀ ਰਿਹਾਅ ਵੀ ਕਰ ਦਿੱਤਾ ਗਿਆ ਸੀ।

ਇਸ ਸਿਲਸਿਲੇ 'ਚ ਅਮ੍ਰਿਤਪਾਲ ਦੇ ਚਾਚੇ ਸਣੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ , ਜਿਨ੍ਹਾਂ ਵਿੱਚੋਂ 9 ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਉੱਤੇ ਐਨਐਸਏ (ਰਾਸ਼ਟਰੀ ਸੁਰੱਖਿਆ ਕਾਨੂੰਨ) ਲਗਾਇਆ ਗਿਆ ਹੈ।

ਇਸ ਦੌਰਾਨ ਅਮ੍ਰਿਤਪਾਲ ਸਿੰਘ ਦੇ ਕਥਿਤ ਤੌਰ ’ਤੇ ਪਹਿਰਾਵੇ ਬਦਲਣ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮਣ ਦੀਆਂ ਤਸਵੀਰਾਂ ਅਤੇ ਵੀਡੀਓ ਮੀਡੀਆ ਰਾਹੀ ਸਾਹਮਣੇ ਆਉਂਦੀਆਂ ਰਹੀਆਂ, ਪਰ ਪੁਲਿਸ ਨੇ ਇਨ੍ਹਾਂ ਵੀਡੀਓ ਜਾਂ ਤਸਵੀਰਾਂ ਦੀ ਅਧਿਕਾਰਤ ਤੌਰ ਉੱਤੇ ਕਦੇ ਪੁਸ਼ਟੀ ਨਹੀਂ ਕੀਤੀ ਸੀ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੀ ਐਨਐਸਏ ਸਣੇ 16 ਮਾਮਲੇ ਦਰਜ ਹਨ।

ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਦੀ ਮੋਗਾ ਤੋਂ ਗ੍ਰਿਫ਼ਤਾਰੀ ਲਈ ਕੀਤੇ ਆਪ੍ਰੇਸ਼ਨ ਬਾਰੇ ਪੰਜਾਬ ਪੁਲਿਸ ਨੇ ਕੀ ਦੱਸਿਆ

ਪੰਜਾਬ ਪੁਲਿਸ ਨੇ ਇਸਦੀ ਜਾਣਕਾਰੀ ਇੱਕ ਟਵੀਟ ਕਰਕੇ ਦਿੱਤੀ ਤੇ ਲਿਖਿਆ ਕਿ ''ਅਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।''

''ਪੰਜਾਬ ਪੁਲਿਸ ਵੱਲੋਂ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।''

ਨਾਲ ਹੀ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਲਿਖਿਆ, ''ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ, ਕੋਈ ਵੀ ਜਾਅਲੀ ਖ਼ਬਰਾਂ ਸਾਂਝੀਆਂ ਨਾ ਕਰੋ, ਹਮੇਸ਼ਾਂ ਤਸਦੀਕ ਕਰੋ ਅਤੇ ਸਾਂਝਾ ਕਰੋ।''

ਅਮ੍ਰਿਤਪਾਲ ਸਿੰਘ ਗ੍ਰਿਫ਼ਤਾਰ

ਤਸਵੀਰ ਸਰੋਤ, Punjab Police/Twitter

ਜਸਬੀਰ ਸਿੰਘ ਰੋਡੇ ਬੋਲੇ- 'ਆਪ ਦਿੱਤੀ ਗ੍ਰਿਫ਼ਤਾਰੀ'

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੇ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਜਸਬੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਰੋਡੇ ਪਿੰਡ ਤੋਂ ਗ੍ਰਿਫ਼ਤਾਰੀ ਦੇਣਾ ਚਾਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਲਈ ਉਹ ਆਪ ਵੀ ਰੋਡੇ ਪਿੰਡ ਪਹੁੰਚ ਗਏ ਸਨ।

ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਦੱਸਦਿਆਂ ਜਸਬੀਰ ਸਿੰਘ ਰੋਡੇ ਨੇ ਕਿਹਾ, ਅਮ੍ਰਿਤਪਾਲ ਸਿੰਘ ਨੇ ਪਹਿਲਾਂ ਨਿਤਨੇਮ ਦਾ ਪਾਠ ਕੀਤਾ ਫਿਰ ਸੰਗਤ ਨੂੰ ਸੰਖੇਪ ਰੂਪ ਵਿੱਚ ਸੰਬੋਧਨ ਕੀਤਾ ਤੇ ਫਿਰ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਗ੍ਰਿਫ਼ਤਾਰੀ ਤੇ ਦਿੱਤੀ।

ਜਸਬੀਰ ਸਿੰਘ ਰੋਡੇ
ਤਸਵੀਰ ਕੈਪਸ਼ਨ, ਜਸਬੀਰ ਸਿੰਘ ਰੋਡੇ

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਹੋਈ ਮੁਲਾਕਾਤ 'ਚ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ 'ਮੈਂ ਆਪ ਹੀ ਸੰਗਤ ਨੂੰ ਆਪਣੇ ਹਾਲਾਤ ਦੱਸ ਦਿਆਂਗਾ ਕਿ ਮੈਂ ਗ੍ਰਿਫ਼ਤਾਰੀ ਆਪਣੀ ਮਰਜ਼ੀ ਨਾਲ ਦੇ ਰਿਹਾ ਹਾਂ ਤੇ ਹੁਣ ਤੱਕ ਗ੍ਰਿਫ਼ਤਾਰੀ ਕਿਉਂ ਨਹੀਂ ਦਿੱਤੀ ਇਹ ਵੀ ਦੱਸ ਦਿਆਂਗਾ।''

ਉਨ੍ਹਾਂ ਦਾਅਵਾ ਕੀਤਾ ਕਿ ਅਮ੍ਰਿਤਪਾਲ ਨੇ ਆਪ ਹੀ ਗ੍ਰਿਫ਼ਤਾਰੀ ਦਿੱਤੀ ਹੈ।

ਜਸਬੀਰ ਸਿੰਘ ਮੁਤਾਬਕ, ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ।

ਵੀਡੀਓ ਕੈਪਸ਼ਨ, ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਮੋਗਾ ਤੋਂ ਹੋਈ, ਅਸਾਮ ਦੇ ਡਿਬੜੂਗੜ੍ਹ ਜੇਲ੍ਹ ਭੇਜਿਆ ਗਿਆ
ਲਾਈਨ

ਅਮ੍ਰਿਤਪਾਲ ਦੇ ਕੇਸ ਬਾਰੇ ਖਾਸ ਗੱਲਾਂ

  • ਅਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ ਨੂੰ ਤੜਕੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ
  • ਅਮ੍ਰਿਤਪਾਲ ਦੇ 9ਸਾਥੀਆਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਸੀ, ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੈ
  • ਅਮ੍ਰਿਤਪਾਲ ਨੇ ਜਥੇਦਾਰ ਨੂੰ ਵਿਸਾਖੀ ’ਤੇ ਸਰਬੱਤ ਖਾਲਸਾ ਸੱਦਣਾ ਦੀ ਗੱਲ ਆਖੀ ਸੀ
  • ਜਥੇਦਾਰ ਨੇ ਵਿਸਾਖੀ ਦੇ ਮੇਲੇ ਮੌਕੇ ਸਰਬੱਤ ਖਾਲਸਾ ਨਹੀਂ ਬੁਲਾਇਆ ਸੀ
  • 10 ਅਪ੍ਰੈਲ ਨੂੰ ਅਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਸੀ
  • ਪੁਲਿਸ 18 ਮਾਰਚ ਤੋਂ ਅਮ੍ਰਿਤਪਾਲ ਸਿੰਘ ਦੀ ਭਾਲ਼ ਕਰ ਰਹੀ ਸੀ
  • ਅਮ੍ਰਿਤਪਾਲ ਸਿੰਘ ਖਿਲਾਫ਼ ਵੀ ਐਨਐਸਏ ਸਣੇ 16 ਮਾਮਲੇ ਦਰਜ ਹਨ
ਲਾਈਨ
ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਫੌਜੀ ਹਵਾਈ ਅੱਡੇ ਤੋਂ ਅਸਾਮ ਲੈ ਕੇ ਜਾਇਆ ਗਿਆ ਹੈ

ਅਮ੍ਰਿਤਪਾਲ ਸਿੰਘ ਦਾ ਪਿਛੋਕੜ

ਅਮ੍ਰਿਤਪਾਲ ਸਿੰਘ ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਗਸਤ 2022 ਵਿੱਚ ਪੰਜਾਬ ਵਾਪਸ ਆਇਆ ਸੀ। ਉਸ ਦਾ ਪਿੰਡ ਜੱਲੂਪੁਰ ਖੇੜਾ ਹੈ।

ਅਮ੍ਰਿਤਪਾਲ ਨੇ ਪੰਜਾਬ ਆ ਕੇ ਅਮ੍ਰਿਤ ਸੰਚਾਰ ਕੀਤਾ ਅਤੇ ਆਪਣੀਆਂ ਕਾਰਵਾਈਆਂ ਪੰਜਾਬ ਵਿੱਚ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਅਮ੍ਰਿਤਪਾਲ ਨੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ।

29 ਸਤੰਬਰ ਨੂੰ ਪਿੰਡ ਰੋਡੇ 'ਚ ਅਮ੍ਰਿਤਪਾਲ ਦੀ ਦਸਤਾਰਬੰਦੀ ਹੋਈ ਸੀ।

ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰੋਡੇ ਪਿੰਡ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ।

ਅਮ੍ਰਿਤਪਾਲ ਸਿੰਘ ਨੇ ਭਿੰਡਰਾਵਾਲੇ ਵਰਗਾ ਪਹਿਰਾਵਾ, ਭਾਸ਼ਾ ਤੇ ਚਾਲ-ਢਾਲ ਅਪਣਾਉਣ ਤੋਂ ਬਾਅਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਮੁਖੀ ਬਣਨ ਸਮੇਂ ਸਮਾਗਮ ਲਈ ਇਸੇ ਪਿੰਡ ਦੀ ਚੋਣ ਕੀਤੀ ਸੀ।

'ਵਾਰਿਸ ਪੰਜਾਬ ਦੇ' ਜਥੇਬੰਦੀ ਕਿਸਾਨੀ ਅੰਦੋਲਨ ਦੌਰਾਨ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਬਣਾਈ ਸੀ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ ਸੀ।

ਅਮ੍ਰਿਤਪਾਲ ਸਿੰਘ ਗ੍ਰਿਫ਼ਤਾਰ

ਤਸਵੀਰ ਸਰੋਤ, ANI/Twitter

ਅਮ੍ਰਿਤਪਾਲ ਖਿਲਾਫ਼ ਕਿਉਂ ਤੇ ਕਿਵੇਂ ਹੋਈ ਕਾਰਵਾਈ ?

23 ਫਰਵਰੀ ਨੂੰ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਜਨਾਲਾ ਥਾਣਾ ਦਾ ਘਿਰਾਓ ਕੀਤਾ, ਜਿਸ ਦੌਰਾਨ ਹਿੰਸਾ ਹੋਈ।

ਅਮ੍ਰਿਤਪਾਲ ਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ ਨੇ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਸੀ।

ਇਸ ਕਾਰਵਾਈ ਦੌਰਾਨ ਪੰਜਾਬ ਵਿੱਚ ਮੋਬਾਇਲ ਇੰਟਰਨੈੱਟ ਉੱਤੇ ਪਾਬੰਦੀ ਲਾ ਦਿੱਤੀ ਸੀ, ਜੋ ਬਾਅਦ ਵਿੱਚ 3 ਜ਼ਿਲ੍ਹਿਆਂ ’ਚ ਕੁਝ ਸਮਾਂ ਰਹੀ।

ਪੁਲਿਸ ਮੁਤਾਬਕ 18 ਮਾਰਚ ਨੂੰ ਨਾਕੇ ਤੋੜ ਕੇ ਅਮ੍ਰਿਤਪਾਲ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ।

ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਵਕੀਲ ਅਮ੍ਰਿਤਪਾਲ ਦੇ ਪੁਲਿਸ ਹਿਰਾਸਤ ਵਿੱਚ ਹੋਣ ਦਾ ਉਦੋਂ ਤੱਕ ਦਾਅਵਾ ਕਰਦੇ ਰਹੇ ਹਨ, ਜਦੋਂ ਤੱਕ ਉਸ ਨੇ ਆਪ ਵੀਡੀਓ ਪਾ ਕੇ ਪੁਲਿਸ ਹਿਰਾਸਤ ਵਿੱਚ ਨਾ ਹੋਣ ਦਾ ਐਲਾਨ ਨਹੀਂ ਕਰ ਦਿੱਤਾ।

ਅਮ੍ਰਿਤਪਾਲ ਸਿੰਘ ਗ੍ਰਿਫ਼ਤਾਰ

ਤਸਵੀਰ ਸਰੋਤ, Ravinder Singh Robin/BBC

ਦਰਅਸਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਵਕੀਲ ਨੇ ਹਾਈਕੋਰਟ ਵਿੱਚ ਅਮ੍ਰਿਤਪਾਲ ਨੂੰ ਪੁਲਿਸ ਹਿਰਾਸਤ ਵਿੱਚ ਹੋਣ ਦਾ ਦਾਅਵਾ ਕਰਦਿਆਂ ਅਦਾਲਤ ਵਿੱਚ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ ਸੀ।

ਪੁਲਿਸ ਮੁਤਾਬਕ, ਅਮ੍ਰਿਤਪਾਲ ਦਾ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਦਾ ਸੀ, ਉਸ ਤੋਂ ਬਾਅਦ ਕਈ ਹੋਰ ਕਥਿਤ ਵੀਡੀਓ ਵੀ ਸਾਹਮਣੇ ਆਏ।

ਉਦੋਂ ਤੱਕ ਅਮ੍ਰਿਤਪਾਲ ਦੇ 9 ਸਾਥੀਆਂ ਨੂੰ ਡਿਬਰੂਗੜ੍ਹ ਅਸਾਮ ਭੇਜਿਆ ਗਿਆ ਸੀ, ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੈ, ਹੁਣ ਉਸ ਦੇ 9 ਸਾਥੀ ਉੱਥੇ ਬੰਦ ਹਨ।

ਅਮ੍ਰਿਤਪਾਲ ਸਿੰਘ ਖਿਲਾਫ਼ ਐੱਨਐੱਸਏ ਸਮੇਤ ਹੋਰ ਕਈ ਸਖਤ ਧਾਰਾਵਾਂ ਤਹਿਤ 16 ਮਾਮਲੇ ਦਰਜ ਹਨ।

ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)