You’re viewing a text-only version of this website that uses less data. View the main version of the website including all images and videos.
'ਕਦੇ ਸਾਡੇ ਵੱਡੇ ਗੋਰਿਆਂ ਤੋਂ ਆਜ਼ਾਦੀ ਮੰਗਦੇ ਸਨ ਅੱਜ ਗੋਰੇ ਸਾਡੇ ਤੋਂ ਆਜ਼ਾਦੀ ਮੰਗ ਰਹੇ ਹਨ'- ਯੂਕੇ ’ਚ ਦੰਗਿਆਂ ’ਤੇ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕੋਈ 70-75 ਵਰ੍ਹੇ ਪਹਿਲਾਂ ਸਾਡੇ ਵੱਡੇ ਇੰਡੀਆ ਅਤੇ ਪਾਕਿਸਤਾਨ ’ਚ ਗੋਰਿਆਂ ਕੋਲੋਂ ਆਜ਼ਾਦੀ ਲੈਣ ਲਈ ਘਰੋਂ ਨਿਕਲੇ ਸਨ। ਹੁਣ ਤੁਸੀਂ ਵੇਖਿਆ ਹੀ ਹੋਣਾ ਹੈ ਕਿ ਯੂਕੇ ਵਿੱਚ ਗੋਰਿਆਂ ਦੇ ਜੱਥੇ ਬਾਹਰ ਨਿਕਲੇ ਹਨ ਉਹ ਸਾਡੇ ਤੋਂ ਆਜ਼ਾਦੀ ਮੰਗ ਰਹੇ ਹਨ।
ਹੋਟਲਾਂ ’ਤੇ, ਦੁਕਾਨਾਂ ’ਤੇ, ਮਸੀਤਾਂ ’ਤੇ ਹਮਲੇ ਹੋ ਰਹੇ ਹਨ। ਜਿਹੜੇ ਗੋਰੇ ਅੱਧੀ ਦੁਨੀਆਂ ’ਤੇ ਰਾਜ ਕਰਦੇ ਸਨ, ਉਹ ਹੁਣ ਸਾਡੇ ਵਰਗੇ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਇੱਥੇ ਆ ਕੇ ਸਾਡੀਆਂ ਜੋਬਾਂ (ਨੌਕਰੀਆਂ) ਖੋਹ ਲਈਆਂ ਹਨ।
ਤੁਸੀਂ ਛੋਟੀਆਂ ਕਿਸ਼ਤੀਆਂ ’ਚ ਬੈਠ ਕੇ ਆ ਵੜਦੇ ਹੋ ਅਤੇ ਫਿਰ ਸਾਰੀ ਉਮਰ 4 ਸਟਾਰ ਹੋਟਲਾਂ ’ਚ ਸਾਡੀ ਸਰਕਾਰ ਦੇ ਖਰਚੇ ’ਤੇ ਰਹਿੰਦੇ ਹੋ। ਤੁਸੀਂ ਸਾਡੇ ਕੋਲੋਂ ਸਾਡਾ ਬਰਤਾਨੀਆ ਖੋਹ ਲਿਆ ਹੈ।
ਯੂਕੇ ਦੇ ਮੀਡੀਆ ਅਤੇ ਸਰਕਾਰ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਇਹ ਵਹਿਸ਼ੀ ਹੋਏ ਜੱਥਿਆਂ ਨੂੰ ਕੀ ਕਿਹਾ ਜਾਵੇ।
ਵਜ਼ੀਰ-ਏ-ਆਜ਼ਮ ਕਹਿੰਦਾ ਹੈ ਕਿ ਇਹ ਬਦਮਾਸ਼ ਹਨ, ਮੀਡੀਆ ਕਹਿੰਦਾ ਹੈ ਕਿ ਇਹ ਪ੍ਰੋ-ਯੂਕੇ ਮੁਜ਼ਹਾਰੇ ਹੋ ਰਹੇ ਹਨ। ਕੋਈ ਸਿਆਣੇ ਆ ਕੇ ਦੱਸਦੇ ਹਨ ਕਿ ਇਹ ਗਰੀਬ ਗੋਰਿਆਂ ਦਾ ਰੋਸ ਨਿਕਲ ਰਿਹਾ ਹੈ।
ਕੋਈ ਇਹ ਨਹੀਂ ਦੱਸਦਾ ਕਿ ਇਹ ਗੁੱਸਾ ਗੋਰੇ ਮੁਲਕਾਂ ’ਚੋਂ ਆਏ ਪਰਵਾਸੀਆਂ ’ਤੇ ਕਿਉਂ ਨਹੀਂ ਨਿਕਲਦਾ।
ਯੂਕਰੇਨ ’ਚ ਜੰਗ ਹੁੰਦੀ ਹੈ, ਉੱਥੋਂ ਲੋਕ ਨੱਸ ਕੇ ਇੱਥੇ ਪਹੁੰਚਦੇ ਹਨ। ਹਕੂਮਤ ਵੀ ਅਤੇ ਗੋਰੇ ਸ਼ਹਿਰੀ ਵੀ ਘਰਾਂ ਦੇ ਬੂਹੇ ਖੋਲ੍ਹ ਕੇ ਉਨ੍ਹਾਂ ਨੂੰ ਜੀ-ਆਇਆਂ ਨੂੰ ਆਖਦੇ ਹਨ। ਆਖਣਾ ਵੀ ਚਾਹੀਦਾ ਹੈ। ਪਰ ਉੱਧਰ ਅਫਗਾਨਿਸਤਾਨ ’ਚ ਯੂਕੇ ਕੁਝ 40 ਵਰ੍ਹਿਆਂ ਤੋਂ ਜੰਗ ਵਿੱਚ ਆਪਣਾ ਹਿੱਸਾ ਪਾ ਰਿਹਾ ਹੈ।
ਕੋਈ ਉੱਥੋਂ ਨੱਸ ਕੇ ਆ ਜਾਵੇ ਤਾਂ ਗੋਰਿਆਂ ਦਾ ਕਲਚਰ ਖਤਰੇ ’ਚ ਪੈ ਜਾਂਦਾ ਹੈ। ਇਸ ਨੂੰ ਨਸਲਵਾਦ ਕਹਿ ਲਓ, ਨਸਲਪ੍ਰਸਤੀ ਕਹਿ ਲਓ ਜਾਂ ਫਿਰ ਉਹ ਪੁਰਾਣੀ ਬਿਮਾਰੀ ਕਿ ਗੋਰੇ ਰੰਗ ਦਾ ਬੰਦਾ ਕਿਸੇ ਦੂਜੇ ਰੰਗ ਦੇ ਬੰਦੇ ਨੂੰ ਇਨਸਾਨ ਨਹੀਂ ਸਮਝਦਾ।
ਗੋਰਾ ਭਾਵੇਂ ਮਾੜਾ-ਮੋਟਾ ਹੀ ਪੜ੍ਹਿਆ ਹੋਵੇ, ਹਿੰਦੁਸਤਾਨ, ਪਾਕਿਸਤਾਨ ਵਰਗੇ ਮੁਲਕ ’ਚ ਜਾ ਕੇ ਆਪਣੇ ਆਪ ਨੂੰ ਪ੍ਰਧਾਨ ਸਮਝਣ ਲੱਗ ਪੈਂਦਾ ਹੈ ਤੇ ਉੱਥੋਂ ਜੇ ਕੋਈ ਸਰਜਨ ਬਣ ਕੇ ਵੀ ਆ ਜਾਵੇ ਤਾਂ ਕਈ ਗੋਰਿਆਂ ਲਈ ਉਹ ਇਮੀਗ੍ਰੈਂਟ, ਇਲੀਗਲ ਅਤੇ ਜੇ ਜ਼ਿਆਦਾ ਗੁੱਸਾ ਆ ਜਾਵੇ ਤਾਂ ਉਹ ਪਾਕੀ ਹੀ ਰਹਿੰਦਾ ਹੈ।
ਸਿਆਣੇ ਇਹ ਵੀ ਸਮਝਾਉਂਦੇ ਹਨ ਕਿ ਵੇਖੋ ਬਰਤਾਨੀਆ ਦਾ ਗਰੀਬ ਗੋਰਾ ਸਵੇਰੇ ਘਰੋਂ ਨਿਕਲਦਾ ਹੈ ਤਾਂ ਅੰਡੇ, ਡਬਲ ਰੋਟੀ ਪਟੇਲ ਜੀ ਦੀ ਦੁਕਾਨ ਤੋਂ ਖਰੀਦਦਾ ਹੈ।
ਟਰੇਨ ’ਤੇ ਬਹਿੰਦਾ ਹੈ ਤਾਂ ਉੱਥੇ ਕੰਡਕਟਰ ਮੀਰ ਪੁਰੀ ਹੁੰਦਾ ਹੈ ਤੇ ਜੇ ਉਬਰ ’ਤੇ ਬੈਠ ਜਾਵੇ ਤਾਂ ਡਰਾਇਵਰ ਕੋਈ ਜੇਹਲਮ ਜਾਂ ਲੁਧਿਆਣੇ ਦਾ ਹੋਵੇਗਾ।
ਜਦੋਂ ਕਿਸੇ ਢਾਕੇ ਵਾਲੇ ਦੇ ਢਾਬੇ ਤੋਂ ਚਿਕਨ ਟਿੱਕਾ ਮਸਾਲਾ ਖਾ-ਖਾ ਕੇ ਬਿਮਾਰ ਹੋਵੇਗਾ ਤਾਂ ਇਲਾਜ ਤਾਂ ਉਸ ਦਾ ਕੋਈ ਗੁਜਰਾਤ ਤੋਂ ਆਇਆ ਡਾਕਟਰ ਹੀ ਕਰੇਗਾ।
ਨਰਸ ਵੀ ਜਮਾਇਕਾ ਦੀ, ਤੇ ਫਿਰ ਦਵਾਈ ਲੈਣ ਲਈ ਫਾਰਮੇਸੀ ’ਤੇ ਜਾਵੇਗਾ, ਉੱਥੇ ਵੀ ਕੋਈ ਸਾਡਾ ਭੈਣ-ਭਰਾ ਹੀ ਖਲੋਤਾ ਹੋਵੇਗਾ।
ਯੂਕੇ ਦੇ ਸਿਆਸਤਦਾਨਾਂ ਨੇ ਆਪਣੀਆਂ ਸਾਰੀਆਂ ਹੀ ਨਲਾਇਕੀਆਂ ਦਾ ਮਲਬਾ ਬਾਹਰੋਂ ਆਏ ਕਾਲੇ ਅਤੇ ਭੂਰੇ ਲੋਕਾਂ ’ਤੇ ਪਾ ਦਿੱਤਾ ਹੈ।
ਯੂਕੇ ਇੱਕ ਇੰਡਸਟਰੀਅਲ ਮੁਲਕ ਸੀ। ਫੈਕਟਰੀਆਂ ਚੱਲਦੀਆਂ ਸਨ, ਮਿੱਲ੍ਹਾਂ ਚੱਲਦੀਆਂ ਸਨ। ਕੋਈ ਸ਼ੈਅ ਬਣਾਉਂਦਾ ਸੀ ਅਤੇ ਫਿਰ ਦੁਨੀਆ ਨੂੰ ਵੇਚਦਾ ਸੀ।
ਹੁਣ ਯੂਰਪ ਤੋਂ ਵੀ ਵੱਖਰਾ ਹੋ ਗਿਆ ਹੈ। ਖੇਤਾਂ ’ਚ ਕੰਮ ਕਰਨ ਲਈ ਮਜ਼ਦੂਰ ਵੀ ਨਹੀਂ ਮਿਲਦੇ। ਡਾਕਟਰ-ਨਰਸਾਂ ਤਾਂ ਪਹਿਲਾਂ ਹੀ ਬਾਹਰੋਂ ਆਉਂਦੇ ਸਨ।
ਹੁਣ ਗੋਰੀ ਅਵਾਮ ਨੂੰ ਬੱਸ ਇਹ ਕਹਿ ਛੱਡਦੇ ਹਨ ਕਿ ਅਸੀਂ ਇੱਕ ਜ਼ਮਾਨੇ ’ਚ ਦੁਨੀਆ ਦੇ ਬਾਦਸ਼ਾਹ ਸੀ। ਹੁਣ ਬਾਹਰੋਂ ਲੋਕਾਂ ਨੇ ਆ ਕੇ ਸਾਡੀ ਬਾਦਸ਼ਾਹੀ ਖੋਹ ਲਈ ਹੈ।
ਸੱਚੀ ਗੱਲ ਤਾਂ ਇਹ ਹੈ ਕਿ ਬਾਦਸ਼ਾਹੀ ਨੂੰ ਕੋਈ ਖਤਰਾ ਨਹੀਂ ਹੈ। ਬਸ ਫ਼ਰਕ ਇੰਨਾ ਪਿਆ ਹੈ ਕਿ ਪਹਿਲਾਂ ਬਰਤਾਨੀਆ ਦੇ ਬਾਦਸ਼ਾਹ ਜਾਂ ਮਲਿਕਾ ਦਾ ਹੁਕਮ ਅੱਧੀ ਦੁਨੀਆ ਵਿੱਚ ਚੱਲਦਾ ਸੀ।
ਹੁਣ ਜਿਹੜਾ ਸਾਡਾ ਬਾਦਸ਼ਾਹ ਹੈ, ਉਸ ਦੀ ਗੱਲ ਉਸ ਦਾ ਪੁੱਤਰ ਹੈਨਰੀ ਵੀ ਨਹੀਂ ਸੁਣਦਾ ਹੈ।
ਬਰਤਾਨੀਆ ਨੇ ਹਿੰਦੁਸਤਾਨ ’ਤੇ ਕਈ ਸੌ ਸਾਲ ਹਕੂਮਤ ਕੀਤੀ ਅਤੇ ਫਾਰਮੂਲਾ ਉਨ੍ਹਾਂ ਕੋਲ ਇੱਕੋ ਹੀ ਸੀ, ਜਿਸ ਨੂੰ ਉਦੋਂ ਕਹਿੰਦੇ ਸਨ ‘ਡਿਵਾਈਡ ਐਂਡ ਰੂਲ’।
ਹਿੰਦੂ ਨੂੰ ਮੁਸਲਮਾਨ ਨਾਲ ਲੜਾਓ ਅਤੇ ਪੰਜਾਬੀ ਨੂੰ ਪੰਜਾਬੀ ਨਾਲ ਲੜਾਓ। ਹੁਣ ਲੱਗਦਾ ਹੈ ਕਿ ਇਹੀ ਫਾਰਮੂਲਾ ਉਹ ਆਪਣੇ ਮੁਲਕ ’ਚ ਵੀ ਲੈ ਆਏ ਹਨ।
ਇੱਥੇ ਵੀ ਗਰੀਬ ਨੂੰ ਦੱਸੀ ਜਾ ਰਹੇ ਹਨ ਕਿ ਉਹ ਵੇਖੋ ਬਾਹਰੋਂ ਆਏ ਗਰੀਬ ਤੁਹਾਡਾ ਹੱਕ ਮਾਰਦੇ ਪਏ ਹਨ।
ਕਈ ਇਲਾਕਿਆਂ ’ਚ ਲੋਕਾਂ ਨੇ ਇੱਕਠੇ ਹੋ ਕੇ ਕਿਹਾ ਹੈ ਕਿ ਅਸੀਂ ਮਜ਼ਹਬ ਅਤੇ ਰੰਗ ਦੇ ਨਾਮ ’ਤੇ ਨਹੀਂ ਲੜਨਾ ਹੈ ਅਤੇ ਇਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਅਕਲ ਅਤੇ ਕਾਨੂੰਨ ਅੱਧੀ ਦੁਨੀਆ ਨੂੰ ਦੱਸਣ ਗਏ ਸੀ, ਉਹ ਜ਼ਰਾ ਆਪਣੇ ਘਰ ’ਤੇ ਵੀ ਲਾਗੂ ਕਰਨ।
ਸ਼ਾਇਦ ਪੁਰਾਣੀ ਬਿਮਾਰੀ ਨੂੰ ਕੋਈ ਆਰਾਮ ਆਵੇ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ