1971 ਦੀ ਜੰਗ: ਜਦੋਂ ਲੋਂਗੇਵਾਲਾ ਦੀ ਲੜਾਈ 'ਚ ਭਾਰਤੀ ਹਵਾਈ ਫੌਜ ਨੇ 45 ਟੈਂਕਾਂ 'ਚ ਆਏ 2000 ਪਾਕ ਫੌਜੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ

    • ਲੇਖਕ, ਰੇਹਾਲ ਫ਼ਜ਼ਲ
    • ਰੋਲ, ਬੀਬੀਸੀ ਪੰਜਾਬੀ

ਕਿਹਾ ਜਾਂਦਾ ਹੈ ਕਿ ਹਵਾਈ ਫੌਜ ਦੀ ਬਦੌਲਤ ਤੁਸੀਂ ਲੜਾਈ ਜਿੱਤੋ ਜਾਂ ਨਾ ਵੀ ਜਿੱਤੋ, ਪਰ ਉਸ ਦੀ ਗ਼ੈਰ-ਮੌਜੂਦਗੀ ਵਿੱਚ ਤੁਹਾਡੀ ਹਾਰ ਨਿਸ਼ਚਿਤ ਹੈ।

1971 ਦੀ ਲੜਾਈ ਵਿੱਚ ਪਾਕਿਸਤਾਨ ਨੇ ਇੱਕ ਅਹਿਮ ਕਦਮ ਚੁੱਕਦੇ ਹੋਏ ਜੈਸਲਮੇਰ ਸੈਕਟਰ ਵਿੱਚ ਆਪਣੇ ਲਗਭਗ 2000 ਫੌਜੀਆਂ ਨੂੰ ਟੈਂਕਾਂ ਨਾਲ ਵਾੜ ਦਿੱਤਾ। ਉਸ ਦਾ ਉਦੇਸ਼ ਅਚਾਨਕ ਹਮਲਾ ਕਰ ਕੇ ਰਾਮਗੜ੍ਹ ਅਤੇ ਜੈਸਲਮੇਰ 'ਤੇ ਕਬਜ਼ਾ ਕਰਨਾ ਸੀ।

ਦਸੰਬਰ ਦੀ ਸ਼ੁਰੂਆਤ ਤੋਂ ਹੀ ਗੱਬਰ ਦੇ ਨਜ਼ਦੀਕ ਦੇ ਪਿੰਡਾਂ ਵਿੱਚ ਇਹ ਅਫ਼ਵਾਹ ਫੈਲੀ ਹੋਈ ਸੀ ਕਿ ਪਾਕਿਸਤਾਨੀ ਦਾਅਵਾ ਕਰ ਰਹੇ ਹਨ ਕਿ ਉਹ 4 ਦਸੰਬਰ ਨੂੰ ਜੈਸਲਮੇਰ ਵਿੱਚ ਨਾਸ਼ਤਾ ਕਰਨਗੇ।

3 ਦਸੰਬਰ ਨੂੰ ਭਾਰਤ ਦੇ ਕਈ ਹਵਾਈ ਟਿਕਾਣਿਆਂ 'ਤੇ ਹਮਲਾ ਕਰ ਕੇ ਪਾਕਿਸਤਾਨ ਨੇ 'ਅਪ੍ਰੇਸ਼ਨ ਚੰਗੇਜ਼ ਖਾਂ' ਦੀ ਸ਼ੁਰੂਆਤ ਕਰ ਦਿੱਤੀ ਸੀ। 5 ਦਸੰਬਰ, 1971 ਨੂੰ ਭਾਰਤੀ ਫੌਜ ਦੇ ਇਤਿਹਾਸ ਦੀ ਇੱਕ ਮਹੱਤਵਪੂਰਨ ਤਰੀਕ ਮੰਨਿਆ ਜਾਂਦਾ ਹੈ।

4-5 ਦਸੰਬਰ ਦੀ ਦਰਮਿਆਨੀ ਰਾਤ ਚਾਂਦਨੀ ਰਾਤ ਸੀ। ਲੋਂਗੇਵਾਲਾ ਦੇ ਆਸ-ਪਾਸ ਮੱਠੀ-ਮੱਠੀ ਹਵਾ ਚੱਲ ਰਹੀ ਸੀ। ਲੋਂਗੇਵਾਲਾ ਦੀ ਚੌਂਕੀ 'ਤੇ 23 ਪੰਜਾਬ ਦੀ ਅਲਫਾ ਕੰਪਨੀ ਨੂੰ ਤੈਨਾਤ ਕੀਤਾ ਗਿਆ ਸੀ।

ਇਹ ਜਗ੍ਹਾ ਜੈਸਲਮੇਰ ਤੋਂ 120, ਰਾਮਗੜ੍ਹ ਤੋਂ 55 ਅਤੇ ਕੌਮਾਂਤਰੀ ਸਰਹੱਦ ਤੋਂ 20 ਕਿਲੋਮੀਟਰ ਦੂਰ ਸੀ।

ਲੋਂਗੇਵਾਲਾ-ਰਾਮਗੜ੍ਹ ਰੋਡ 'ਤੇ ਪੱਧਰੀ ਜ਼ਮੀਨ 'ਤੇ ਇੱਕ ਹੈਲੀਪੈਡ ਬਣਵਾਇਆ ਗਿਆ ਸੀ ਜਿਸ ਦੀ ਚੌਂਕੀ ਤੋਂ ਦੂਰੀ 700 ਮੀਟਰ ਸੀ।

ਭਾਰਤੀ ਫੌਜੀਆਂ ਦੇ ਕੋਲ ਦੋ ਮੀਡੀਅਮ ਮਸ਼ੀਨ ਗੰਨ, 81 ਐੱਮਐੱਮ ਦੇ ਦੋ ਮੋਰਟਾਰ, ਹਮਲਾ ਕਰਨ ਵਾਲੇ ਟੈਂਕਾਂ ਤੋਂ ਬਚਾਅ ਲਈ ਮੋਢੇ 'ਤੇ ਚਲਾਏ ਜਾਣ ਵਾਲੇ ਚਾਰ ਰਾਕੇਟ ਲਾਂਚਰ ਅਤੇ ਇੱਕ ਰਿਕੋਏਲੈਸ ਗੰਨ ਸੀ।

ਉਨ੍ਹਾਂ ਕੋਲ ਕੁਝ ਬਾਰੂਦੀ ਸੁਰੰਗਾਂ ਸਨ ਜਿਨ੍ਹਾਂ ਨੂੰ ਉਦੋਂ ਤੱਕ ਵਿਛਾਇਆ ਨਹੀਂ ਗਿਆ ਸੀ।

ਗਸ਼ਤੀ ਦਲ ਨੇ ਟੈਂਕਾਂ ਦੇ ਚੱਲਣ ਦੀ ਆਵਾਜ਼ ਸੁਣੀ

ਚੌਂਕੀ ਦੇ ਇੰਚਾਰਜ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੇ ਕੈਪਟਨ ਧਰਮਵੀਰ ਭਾਨ ਦੀ ਅਗਵਾਈ ਵਿੱਚ ਕੁਝ ਫੌਜੀਆਂ ਨੂੰ ਅੱਗੇ ਗਸ਼ਤ ਲਗਾਉਣ ਲਈ ਭੇਜਿਆ ਸੀ।

ਬਾਅਦ ਵਿੱਚ ਧਰਮਵੀਰ ਭਾਨ ਨੇ ਏਅਰ ਮਾਰਸ਼ਲ ਭਰਤ ਕੁਮਾਰ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਸੀ, "ਰਾਤ ਦੀ ਸ਼ਾਂਤੀ ਅਚਾਨਕ ਟੈਂਕਾਂ ਦੇ ਇੰਜਣ ਤੋਂ ਪੈਦਾ ਹੋਈ ਹਲਕੀ ਆਵਾਜ਼ ਅਤੇ ਉਨ੍ਹਾਂ ਦੇ ਹੌਲੀ-ਹੌਲੀ ਅੱਗੇ ਵਧਣ ਦੀ ਗੜਗੜਾਹਟ ਨਾਲ ਭੰਗ ਹੋ ਗਈ। ਸ਼ੁਰੂ ਵਿੱਚ ਅਸੀਂ ਅੰਦਾਜ਼ਾ ਨਹੀਂ ਲਗਾ ਸਕੇ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ।"

"ਸਾਡੀ ਪੂਰੀ ਪਲਟੂਨ ਧਿਆਨ ਲਾ ਕੇ ਉਸ ਆਵਾਜ਼ ਨੂੰ ਸੁਣ ਰਹੀ ਸੀ। ਜਦੋਂ ਆਵਾਜ਼ ਵਧਦੀ ਗਈ ਤਾਂ ਮੈਂ ਕੰਪਨੀ ਕਮਾਂਡਰ ਮੇਜਰ ਕੁਲਦੀਪ ਚਾਂਦਪੁਰੀ ਨਾਲ ਵਾਇਰਲੈੱਸ 'ਤੇ ਸੰਪਰਕ ਕੀਤਾ।"

"ਉਨ੍ਹਾਂ ਨੇ ਮੈਨੂੰ ਕਿਹਾ, ਹੋ ਸਕਦਾ ਹੈ ਕੋਈ ਵਾਹਨ ਰੇਤ ਵਿੱਚ ਫਸ ਗਿਆ ਹੋਵੇ। ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੇ ਸ਼ਬਦ ਸਨ, 'ਜਾਹ ਸੌਂ ਜਾਹ।"

ਪਾਕਿਸਤਾਨੀ ਟੈਂਕਾਂ ਦੀ ਹੌਲੀ ਗਤੀ

12 ਵਜੇ ਦੇ ਬਾਅਦ ਪਾਕਿਸਤਾਨੀ ਟੈਂਕ ਧਰਮਵੀਰ ਦੀਆਂ ਅੱਖਾਂ ਦੇ ਸਾਹਮਣੇ ਆ ਗਏ ਸਨ। ਉਹ ਟੈਂਕ ਬਹੁਤ ਹੌਲੀ-ਹੌਲੀ ਵਧ ਰਹੇ ਸਨ ਅਤੇ ਉਨ੍ਹਾਂ ਦੀ ਲਾਈਟ ਬੁਝੀ ਹੋਈ ਸੀ।

ਇਹ ਟੈਂਕ ਇਸ ਲਈ ਵੀ ਹੌਲੀ-ਹੌਲੀ ਵਧ ਰਹੇ ਸਨ ਕਿਉਂਕਿ ਉਹ ਪੱਕੀ ਸੜਕ 'ਤੇ ਨਾ ਚੱਲ ਕੇ ਰੇਤ ਵਿੱਚ ਅੱਗੇ ਵਧ ਰਹੇ ਸਨ।

ਸ਼ੁਰੂ ਵਿੱਚ ਜਦੋਂ ਧਰਮਵੀਰ ਨੇ ਆਪਣੇ ਕੰਪਨੀ ਕਮਾਂਡਰ ਨੂੰ ਇਸ ਬਾਰੇ ਸੂਚਿਤ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਸਵੇਰੇ 4 ਵਜੇ ਉਨ੍ਹਾਂ ਦਾ ਬਟਾਲੀਅਨ ਹੈੱਡਕੁਆਰਟਰ ਨਾਲ ਸੰਪਰਕ ਹੋ ਸਕਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਸੂਚਿਤ ਕੀਤਾ ਕਿ ਪਾਕਿਸਤਾਨੀ ਟੈਂਕ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਏ ਹਨ ਅਤੇ ਲੋਂਗੇਵਾਲਾ ਵੱਲ ਵਧ ਰਹੇ ਹਨ।

ਮੇਜਰ ਚਾਂਦਪੁਰੀ ਨੇ ਬਟਾਲੀਅਨ ਹੈੱਡਕੁਆਰਟਰ ਨੂੰ ਫੋਨ ਕੀਤਾ ਅਤੇ ਮਦਦ ਤੇ ਹਥਿਆਰਾਂ ਦੀ ਮੰਗ ਕੀਤੀ।

ਸਾਢੇ ਬਾਰ੍ਹਾਂ ਵਜੇ ਦੇ ਆਸ-ਪਾਸ ਪਾਕਿਸਤਾਨੀ ਟੈਂਕਾਂ ਨੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਉਸ ਜਗ੍ਹਾ ਆ ਕੇ ਰੁਕ ਗਏ ਜਿੱਥੇ ਕੰਡਿਆਲੀ ਤਾਰ ਲੱਗੀ ਹੋਈ ਸੀ। ਉਨ੍ਹਾਂ ਨੇ ਸਮਝਿਆ ਕਿ ਉੱਥੇ ਬਾਰੂਦੀ ਸੁਰੰਗਾਂ ਵਿਛੀਆਂ ਹੋਈਆਂ ਹਨ।

ਡਾਕਟਰ ਯੂਪੀ ਥਪਲਿਆਲ ਆਪਣੀ ਕਿਤਾਬ 'ਦਿ 1971 ਵਾਰ ਐਨ ਇਲੈੱਸਟਰੇਟਡ ਹਿਸਟਰੀ' ਵਿੱਚ ਲਿਖਦੇ ਹਨ, "ਇਸ ਦਾ ਫਾਇਦਾ ਚੁੱਕ ਕੇ ਭਾਰਤੀ ਫੌਜੀਆਂ ਨੇ ਆਪਣੀ ਸਥਿਤੀ ਥੋੜ੍ਹੀ ਮਜ਼ਬੂਤ ਕਰ ਲਈ।"

"ਜਿਵੇਂ ਹੀ ਸੂਰਜ ਦੀ ਪਹਿਲੀ ਕਿਰਨ ਪਈ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਚੌਂਕੀ 'ਤੇ ਹਮਲਾ ਕਰ ਦਿੱਤਾ।"

ਹਵਾਈ ਫੌਜ ਦੀ ਮਦਦ ਲੈਣ ਦਾ ਫ਼ੈਸਲਾ

ਜਦੋਂ ਮੇਜਰ ਜਨਰਲ ਆਰਐੱਫ਼ ਖੰਬਾਤਾ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹ ਅਚਾਨਕ ਹੋਏ ਇਸ ਹਮਲੇ ਤੋਂ ਹੈਰਾਨ ਰਹਿ ਗਏ।

ਉਨ੍ਹਾਂ ਨੂੰ ਤੁਰੰਤ ਅੰਦਾਜ਼ਾ ਹੋ ਗਿਆ ਕਿ ਇਹ ਗੰਭੀਰ ਸਥਿਤੀ ਹੈ ਅਤੇ ਇਸ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਬਹੁਤ ਸਾਧਨ ਨਹੀਂ ਹਨ।

ਉਨ੍ਹਾਂ ਦੀ ਉਮੀਦ ਦੀ ਕਿਰਨ ਹਵਾਈ ਫੌਜ ਸੀ। ਲਗਭਗ 2 ਵਜੇ ਰਾਤ ਨੂੰ ਉਨ੍ਹਾਂ ਨੇ ਜੈਸਲਮੇਰ ਹਵਾਈ ਟਿਕਾਣੇ ਦੇ ਵਿੰਗ ਕਮਾਂਡਰ ਐੱਮਐੱਸ ਬਾਵਾ ਨਾਲ ਵਾਇਰਲੈੱਸ 'ਤੇ ਸੰਪਰਕ ਕੀਤਾ।

ਏਅਰ ਮਾਰਸ਼ਲ ਭਰਤ ਕੁਮਾਰ ਆਪਣੀ ਕਿਤਾਬ 'ਦਿ ਐਪਿਕ ਬੈਟਲ ਆਫ਼ ਲੋਂਗੇਵਾਲਾ' ਵਿੱਚ ਲਿਖਦੇ ਹਨ, "ਜੈਸਲਮੇਰ ਹਵਾਈ ਟਿਕਾਣੇ 'ਤੇ ਮੌਜੂਦ ਹੰਟਰ ਜਹਾਜ਼ ਰਾਤ ਵਿੱਚ ਉਡਾਣ ਨਹੀਂ ਭਰ ਸਕਦੇ ਸਨ, ਇਸ ਲਈ ਸਵੇਰ ਤੱਕ ਇੰਤਜ਼ਾਰ ਕੀਤਾ ਗਿਆ।"

"ਬੇਸ ਕਮਾਂਡਰ ਨੇ ਮੇਜਰ ਜਨਰਲ ਖੰਬਾਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਵੇਰ ਦੀ ਪਹਿਲੀ ਕਿਰਨ 'ਤੇ ਹੰਟਰ ਜਹਾਜ਼ ਉਡਾਣ ਭਰਨਗੇ ਅਤੇ ਪਾਕਿਸਤਾਨੀ ਟੈਂਕਾਂ ਨੂੰ ਲੱਭ ਕੇ ਖ਼ਤਰੇ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕਰਨਗੇ।"

"ਸਵੇਰੇ 4 ਵਜੇ ਬਾਵਾ ਨੇ ਸਕਵਾਡਰਨ ਲੀਡਰ ਆਰਐੱਨ ਬਾਲੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ।"

ਰਿਕਾਏਲੈਸ ਗੰਨ ਨਾਲ ਟੈਂਕਾਂ 'ਤੇ ਫਾਇਰ

ਇਸ ਵਿਚਕਾਰ 5 ਵੱਜ ਕੇ 15 ਮਿੰਟ 'ਤੇ ਮੇਜਰ ਚਾਂਦਪੁਰੀ ਨੇ ਬ੍ਰਿਗੇਡੀਅਰ ਰਾਮਦੌਸ ਨਾਲ ਸੰਪਰਕ ਕੀਤਾ।

ਰਾਮਦੌਸ ਨੇ ਬਾਅਦ ਵਿੱਚ ਹਾਲਾਤ ਦਾ ਵਰਣਨ ਕਰਦੇ ਹੋਏ ਕਿਹਾ, "ਜਦੋਂ ਪਾਕਿਸਤਾਨ ਦਾ ਲੀਡ ਟੈਂਕ ਲੋਂਗੇਵਾਲਾ ਪੋਸਟ ਦੇ ਦੱਖਣ ਪੱਛਮ ਵਿੱਚ ਗੋਟਾਰੂ ਸੜਕ 'ਤੇ ਸਿਰਫ਼ ਇੱਕ ਕਿਲੋਮੀਟਰ ਦੂਰ ਰਹਿ ਗਿਆ ਤਾਂ ਚਾਂਦਪੁਰੀ ਨੇ ਆਪਣੀ ਰਿਕਾਏਲੈਸ ਗੰਨ ਨਾਲ ਉਸ 'ਤੇ ਫਾਇਰ ਕੀਤਾ।"

"ਪਰ ਨਿਸ਼ਾਨਾ ਸਹੀ ਨਹੀਂ ਲੱਗਿਆ। ਬਦਲੇ ਵਿੱਚ ਪਾਕਿਤਸਾਨੀ ਟੈਂਕ ਨੇ ਚੌਂਕੀ ਦੇ ਢਾਂਚੇ ਨੂੰ ਮਲਬੇ ਵਿੱਚ ਬਦਲ ਦਿੱਤਾ। ਸਿਰਫ਼ ਉਸ ਦੇ ਨਾਲ ਖੜ੍ਹਾ ਮੰਦਰ ਬਚਿਆ ਰਹਿ ਗਿਆ। ਫਿਰ ਉਸ ਨੇ ਊਠਾਂ ਲਈ ਰੱਖੇ ਗਏ ਚਾਰੇ ਵਿੱਚ ਅੱਗ ਲਾ ਦਿੱਤੀ।"

ਇਸ ਤੋਂ ਪਹਿਲਾਂ ਪਾਕਿਸਤਾਨੀ ਟੈਂਕਾਂ ਨੂੰ ਸਰਹੱਦ ਤੋਂ 16 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ 6 ਘੰਟੇ ਲੱਗ ਗਏ ਸਨ।

ਪਾਕਿਸਤਾਨ ਦੀ 18 ਕੈਵੇਲਰੀ ਦੇ ਰੈਜੀਮੈਂਟਲ ਕਮਾਂਡਰ ਬ੍ਰਿਗੇਡੀਅਰ ਜ਼ੈੱਡ ਏ ਖ਼ਾਨ ਨੇ ਆਪਣੀ ਕਿਤਾਬ 'ਦਿ ਵੇ ਇਟ ਵਾਜ਼, ਇਨਸਾਈਡ ਦਿ ਪਾਕਿਸਤਾਨੀ ਆਰਮੀ' ਵਿੱਚ ਲਿਖਿਆ, "ਮੈਂ ਜੀਪ 'ਤੇ ਸਭ ਤੋਂ ਅੱਗੇ ਚੱਲ ਰਿਹਾ ਸੀ ਅਤੇ ਲੋਂਗੇਵਾਲਾ ਪੋਸਟ ਦੇ ਦੱਖਣ ਵਿੱਚ ਰਿੱਜ ਤੱਕ ਪਹੁੰਚ ਗਿਆ ਸੀ। ਲਗਭਗ ਸਾਢੇ ਸੱਤ ਵਜੇ ਮੈਨੂੰ ਲੋਂਗੇਵਾਲਾ ਵੱਲੋਂ ਵਿਸਫੋਟਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਏ ਨੇ ਪੂਰੇ ਆਸਮਾਨ ਨੂੰ ਘੇਰ ਲਿਆ।"

ਹੰਟਰ ਜਹਾਜ਼ਾਂ ਨੇ ਹਮਲਾ ਬੋਲਿਆ

ਜਿਵੇਂ ਹੀ ਪਾਕਿਸਤਾਨੀ ਟੈਂਕ ਲੋਂਗੇਵਾਲਾ ਦੀ ਚੌਕੀ 'ਤੇ ਅਗਲਾ ਹਮਲਾ ਬੋਲਣ ਦੀ ਤਿਆਰੀ ਕਰ ਰਹੇ ਸਨ ਜੈਸਲਮੇਰ ਤੋਂ ਉੱਡੇ ਭਾਰਤੀ ਹੰਟਰ ਜਹਾਜ਼ ਉਨ੍ਹਾਂ ਦੇ ਉੱਪਰ ਆ ਗਏ।

ਉਸ ਸਮੇਂ ਪਾਕਿਸਤਾਨ ਦਾ ਲੀਡ ਟੈਂਕ ਚੌਂਕੀ ਤੋਂ ਸਿਰਫ਼ 1000 ਗਜ਼ ਦੀ ਦੂਰੀ 'ਤੇ ਸੀ। ਹੰਟਰਾਂ ਨੂੰ ਦੇਖਦੇ ਹੀ ਪਾਕਿਸਤਾਨੀ ਟੈਂਕ ਗੋਲਾਈ ਵਿੱਚ ਘੁੰਮਣ ਅਤੇ ਧੂੰਆਂ ਕੱਢਣ ਲੱਗੇ।

ਹੰਟਰ ਫਾਈਟਰ ਜਹਾਜ਼ ਚਲਾ ਰਹੇ ਸਨ ਸਕਵਾਡਰਨ ਲੀਡਰ ਡੀਕੇ ਦਾਸ ਅਤੇ ਫਲਾਈਟ ਲੈਫਟੀਨੈਂਟ ਰਮੇਸ਼ ਗੋਸਾਈਂ।

ਬਾਅਦ ਵਿੱਚ ਡੀਕੇ ਦਾਸ ਨੇ ਇੱਕ ਇੰਟਰਵਿਊ ਵਿੱਚ ਦੱਸਿਆ, "ਜਦੋਂ ਅਸੀਂ ਲੋਂਗੇਵਾਲਾ ਦੇ ਕੋਲ ਪਹੁੰਚੇ ਤਾਂ ਮੈਂ ਹੇਠ ਜੋ ਦ੍ਰਿਸ਼ ਦੇਖਿਆ ਉਸ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗਾ।"

"ਜ਼ਮੀਨ 'ਤੇ ਦੁਸ਼ਮਣ ਦੇ ਟੈਂਕ ਕਾਲੀ ਮਾਚਿਸ ਦੇ ਡੱਬੇ ਵਾਂਗ ਲੱਗ ਰਹੇ ਸਨ। ਉਨ੍ਹਾਂ ਵਿੱਚੋਂ ਕੁਝ ਖੜ੍ਹੇ ਸਨ ਤਾਂ ਕੁਝ ਚੱਲ ਰਹੇ ਸਨ। ਮੈਂ ਦੇਖ ਸਕਦਾ ਸੀ ਕਿ ਸਾਡੇ ਉੱਪਰ ਟਰੇਸਰ ਫਾਇਰ ਕੀਤੇ ਜਾ ਰਹੇ ਸਨ।"

ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਐਂਟੀ-ਏਅਰਕ੍ਰਾਫਟ ਤੋਪਾਂ ਦੀ ਰੇਂਜ ਤੋਂ ਬਚਣ ਲਈ ਪਹਿਲਾਂ ਆਪਣੀ ਉਚਾਈ ਵਧਾਈ ਅਤੇ ਫਿਰ ਅਚਾਨਕ ਗੋਤਾ ਖਾਧਾ ਅਤੇ ਦਿਸ਼ਾ ਬਦਲ ਕੇ ਹਮਲਾ ਕਰਨ ਦਾ ਫ਼ੈਸਲਾ ਕੀਤਾ।

ਦਾਸ ਯਾਦ ਕਰਦੇ ਹਨ, "ਜਿਵੇਂ ਹੀ ਮੇਰੇ ਰਾਕੇਟਾਂ ਨੇ ਟੈਂਕ ਨੂੰ ਹਿਟ ਕੀਤਾ, ਤਾਂ ਅਚਾਨਕ ਸਾਰੇ ਟੈਂਕਾਂ ਨੇ ਅੱਗੇ ਵਧਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬਾਰੀ ਰਮੇਸ਼ ਦੀ ਸੀ। ਮੇਰੇ ਵਾਂਗ ਉਹ ਵੀ ਹੇਠਾਂ ਆਇਆ ਅਤੇ ਉਸ ਨੇ ਵੀ ਇੱਕ ਟੈਂਕ ਤਬਾਹ ਕਰ ਦਿੱਤਾ।"

ਹੰਟਰ ਜਹਾਜ਼ਾਂ ਦੇ ਲਗਾਤਾਰ ਹਮਲੇ

ਇਸ ਦੇ ਬਾਅਦ ਦਾਸ ਅਤੇ ਰਮੇਸ਼ ਨੇ ਦੋ ਬਾਰ ਹੋਰ ਟੈਂਕਾਂ 'ਤੇ ਹਮਲੇ ਕੀਤੇ। ਆਪਣੇ ਉੱਪਰ ਹੁੰਦੇ ਹਮਲਿਆਂ ਤੋਂ ਬਚਣ ਲਈ ਪਾਕਿਸਤਾਨੀ ਟੈਂਕਾਂ ਨੇ ਚੱਕਰਦਾਰ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ।

ਇਸ ਨਾਲ ਧੂੜ ਉੱਡਣੀ ਸ਼ੁਰੂ ਹੋ ਗਈ ਅਤੇ ਭਾਰਤੀ ਪਾਇਲਟਾਂ ਲਈ ਟੈਂਕਾਂ 'ਤੇ ਨਿਸ਼ਾਨਾ ਲਗਾਉਣਾ ਮੁਸ਼ਕਿਲ ਹੋ ਗਿਆ।

ਰਾਕੇਟ ਖ਼ਤਮ ਹੋਣ ਦੇ ਬਾਅਦ ਸਕਵਾਡਰਨ ਲੀਡਰ ਦਾਸ ਨੇ 30 ਐੱਮਐੱਮ ਐਡਮ ਗੰਨ ਦਾ ਇੱਕ ਟੈਂਕ 'ਤੇ ਫਾਇਰ ਕੀਤਾ ਜਿਸ ਨਾਲ ਉਸ ਵਿੱਚ ਅੱਗ ਲੱਗ ਗਈ।

ਇਸ ਤੋਂ ਬਾਅਦ ਸੂਰਜ ਛਿਪਣ ਤੱਕ ਥੋੜ੍ਹੀ-ਥੋੜ੍ਹੀ ਦੇਰ 'ਤੇ ਭਾਰਤੀ ਜਹਾਜ਼ਾਂ ਦਾ ਪਾਕਿਸਤਾਨੀ ਟੈਂਕਾਂ 'ਤੇ ਹਮਲਾ ਜਾਰੀ ਰਿਹਾ।

ਦੁਪਹਿਰ ਹੁੰਦੇ-ਹੁੰਦੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ 17 ਟੈਂਕ ਅਤੇ 23 ਹੋਰ ਵਾਹਨ ਤਬਾਹ ਕਰ ਦਿੱਤੇ ਸਨ।

ਪਾਕਿਸਤਾਨੀ ਬ੍ਰਿਗੇਡੀਅਰ ਜ਼ੈੱਡ ਏ ਖ਼ਾਨ ਨੇ ਲਿਖਿਆ, "ਸਵੇਰੇ ਸੱਤ ਵਜੇ ਤੋਂ ਪੂਰਾ ਦਿਨ ਭਾਰਤੀ ਹਵਾਈ ਫੌਜ ਦੇ ਚਾਰ ਹੰਟਰ ਜਹਾਜ਼ ਬਿਨਾਂ ਕਿਸੇ ਰੁਕਾਵਟ ਦੇ ਸਾਡੇ ਉੱਪਰ ਆ ਕੇ ਬੰਬ ਵਰਸਾਉਂਦੇ ਰਹੇ। ਜਿਵੇਂ ਹੀ ਰਾਤ ਹੋਈ ਹਵਾਈ ਹਮਲੇ ਬੰਦ ਹੋ ਗਏ।"

ਉਸ ਸਮੇਂ ਪਾਕਿਸਤਾਨ ਦੇ ਕੋਲ ਦੋ ਬਦਲ ਸਨ। ਨੰਬਰ ਇੱਕ ਉਹ ਆਪਣੀਆਂ ਸਰਹੱਦਾਂ ਵਿੱਚ ਵਾਪਸ ਪਰਤ ਜਾਣ ਜਾਂ ਫਿਰ ਤੋਂ ਸੰਗਠਿਤ ਹੋ ਕੇ ਆਪਣੇ ਮੁੱਖ ਉਦੇਸ਼ ਰਾਮਗੜ੍ਹ ਅਤੇ ਜੈਸਲਮੇਰ 'ਤੇ ਕਬਜ਼ਾ ਕਰਨ ਦੀ ਦੁਬਾਰਾ ਕੋਸ਼ਿਸ਼ ਕਰਨ।"

ਓਵਰਹੀਟਿੰਗ ਅਤੇ ਏਅਰ ਕਵਰ ਨਾ ਹੋਣ ਦਾ ਨਤੀਜਾ

ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਰਾਮਗੜ੍ਹ ਅਤੇ ਜੈਸਲਮੇਰ 'ਤੇ ਕਬਜ਼ਾ ਕਰਨ ਦਾ ਵਿਚਾਰ ਤਾਂ ਤਿਆਗ ਦਿੱਤਾ।

ਉਸੇ ਰਾਤ 22 ਕੈਵੇਲਰੀ ਦੇ ਪਾਕਿਸਤਾਨੀ ਫੌਜ ਮਸਿਤਵਾਰੀ ਭੀਤ ਅਤੇ ਗੱਬਰ ਦੇ ਇਲਾਕੇ ਵਿੱਚ ਵਾਪਸ ਪਰਤ ਗਏ, ਪਰ ਲੋਂਗੇਵਾਲਾ 'ਤੇ ਕਬਜ਼ਾ ਕਰਨ ਦਾ ਬਦਲ ਅਜੇ ਵੀ ਉਨ੍ਹਾਂ ਦੇ ਕੋਲ ਸੀ।

ਬ੍ਰਿਗੇਡੀਅਰ ਜਹਾਂਜ਼ੇਬ ਅਰਬ ਦੀ ਅਗਵਾਈ ਵਿੱਚ ਇੱਕ ਪਾਕਿਸਤਾਨੀ ਬ੍ਰਿਗੇਡ ਨੇ ਅਗਲੀ ਸਵੇਰ ਲੋਂਗੇਵਾਲਾ 'ਤੇ ਹਮਲਾ ਕਰਨ ਦੀ ਫਿਰ ਯੋਜਨਾ ਬਣਾਈ।

28 ਬਲੂਚ ਨੂੰ ਵੀ ਕਿਹਾ ਗਿਆ ਕਿ ਉਹ ਲੋਂਗੇਵਾਲਾ-ਜੈਸਲਮੇਰ ਰੋਡ 'ਤੇ ਵਧ ਕੇ ਘੋਟਾਰੂ 'ਤੇ ਕਬਜ਼ਾ ਕਰ ਲੈਣ।

ਸ਼ਾਮ ਹੁੰਦੇ-ਹੁੰਦੇ ਲੋਂਗੇਵਾਲਾ ਦੀ ਲੜਾਈ ਖ਼ਤਮ ਹੋ ਚੁੱਕੀ ਸੀ। ਇਸ ਲੜਾਈ ਵਿੱਚ ਪਾਕਿਸਤਾਨੀ ਫੌਜੀਆਂ ਦੀ ਹਾਰ ਦਾ ਕਾਰਨ ਸੀ, ਉਨ੍ਹਾਂ ਦੇ ਸ਼ਰਮਨ ਅਤੇ ਟੀ-59 ਚੀਨੀ ਟੈਂਕਾਂ ਦਾ ਰੇਗਿਸਤਾਨ ਵਿੱਚ ਬਹੁਤ ਹੌਲੀ ਰਫ਼ਤਾਰ ਨਾਲ ਅੱਗੇ ਵਧਣਾ।

ਓਵਰਹੀਟਿੰਗ ਕਾਰਨ ਕਈ ਪਾਕਿਸਤਾਨੀ ਟੈਂਕਾਂ ਦੇ ਇੰਜਣ ਫੇਲ੍ਹ ਹੋ ਗਏ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜੀਆਂ ਨੂੰ ਉੱਥੇ ਹੀ ਛੱਡਣਾ ਪਿਆ। ਖੁੱਲ੍ਹੇ ਰੇਗਿਸਤਾਨ ਵਿੱਚ ਉਨ੍ਹਾਂ ਦੇ ਟੈਂਕਾਂ ਨੂੰ ਕੋਈ ਕਵਰ ਨਹੀਂ ਮਿਲਿਆ।

ਦੂਜੀ ਸਭ ਤੋਂ ਵੱਡੀ ਗੱਲ ਇੰਨੇ ਵੱਡੇ ਅਭਿਆਨ ਲਈ ਪਾਕਿਸਤਾਨ ਕੋਲ ਕੋਈ ਏਅਰ ਕਵਰ ਨਹੀਂ ਸੀ, ਇਸ ਲਈ ਜਦੋਂ ਭਾਰਤੀ ਜਹਾਜ਼ਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਤਾਂ ਉਹ 'ਸਿਟਿੰਗ ਡਕ' ਦੀ ਤਰ੍ਹਾਂ ਡਿੱਗਦੇ ਗਏ।

ਇਸ ਲੜਾਈ ਵਿੱਚ ਕੁੱਲ ਮਿਲਾ ਕੇ ਪਾਕਿਸਤਾਨ ਦੇ 45 ਵਿੱਚੋਂ 36 ਟੈਂਕ ਤਬਾਹ ਹੋ ਗਏ। ਦੂਜੇ ਵਿਸ਼ਵ ਯੁੱਧ ਦੇ ਬਾਅਦ ਕਿਸੇ ਇੱਕ ਦੇਸ਼ ਨੇ ਇੱਕ ਲੜਾਈ ਵਿੱਚ ਇੰਨੇ ਟੈਂਕ ਕਦੇ ਨਹੀਂ ਖੋਏ ਸਨ।

ਬ੍ਰਿਗੇਡੀਅਰ ਜ਼ੈੱਡ ਏ ਖ਼ਾਨ ਨੇ ਲਿਖਿਆ, "ਸਾਡੇ ਪੰਜ ਟੈਂਕ ਕਮਾਂਡਰ ਜਾਮ ਹੋਈ ਮਸ਼ੀਨਗੰਨ ਨੂੰ ਆਪਣੇ ਪੈਰਾਂ ਨਾਲ ਖੋਲ੍ਹਣ ਦੇ ਯਤਨ ਵਿੱਚ ਮਾਰੇ ਗਏ। ਇਸ ਦੇ ਬਾਅਦ ਮਸ਼ੀਨ ਗੰਨਾਂ ਨੂੰ ਡੀਜ਼ਲ ਨਾਲ ਧੋ ਕੇ ਠੀਕ ਕੀਤਾ ਜਾਣ ਲੱਗਿਆ।"

"ਇਸ ਤੋਂ ਇਲਾਵਾ, ਦੂਜੇ ਵਿਸ਼ਵ ਯੁੱਧ ਦੌਰਾਨ ਵਰਤੀਆਂ ਗਈਆਂ 12.7 ਐੱਮਐੱਮ ਐਂਟੀ-ਏਅਰਕ੍ਰਾਫਟ ਤੋਪਾਂ ਹੁਣ ਆਧੁਨਿਕ ਜੰਗੀ ਜਹਾਜ਼ਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸਨ।"

ਇਸ ਲੜਾਈ ਦੇ ਨਤੀਜੇ ਦਾ ਅਸਰ ਇਹ ਰਿਹਾ ਕਿ ਭਾਰਤ ਨੇ ਆਪਣੀ ਪੂਰੀ ਫੌਜੀ ਤਾਕਤ ਪੂਰਬੀ ਸੈਕਟਰ ਵਿੱਚ ਲਾ ਦਿੱਤੀ।

ਇਸ ਲੜਾਈ ਨੂੰ ਸਿਰਫ਼ ਇਸ ਲਈ ਨਹੀਂ ਯਾਦ ਰੱਖਿਆ ਜਾਵੇਗਾ ਕਿ ਇਸ ਵਿੱਚ ਪਾਕਿਸਤਾਨ ਦੇ ਬਹੁਤ ਸਾਰੇ ਟੈਂਕ ਤਬਾਹ ਹੋਏ, ਬਲਕਿ ਇਸ ਲਈ ਵੀ ਯਾਦ ਰੱਖਿਆ ਜਾਵੇਗਾ ਕਿ ਇਸ ਲੜਾਈ ਨਾਲ ਪਾਕਿਸਤਾਨੀ ਫੌਜ ਦੇ ਮਨੋਬਲ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ।

ਲੜਾਈ ਵਿੱਚ ਬਹਾਦਰੀ ਦਿਖਾਉਣ ਲਈ ਭਾਰਤੀ ਕੰਪਨੀ ਕਮਾਂਡਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਬਹਾਦਰੀ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਮਹਾਵੀਰ ਚੱਕਰ ਦਿੱਤਾ ਗਿਆ, ਜਦਕਿ ਪਾਕਿਸਤਾਨ ਦੇ ਡਿਵੀਜ਼ਨਲ ਕਮਾਂਡਰ ਮੇਜਰ ਜਨਰਲ ਬੀਐੱਮ ਮੁਸਤਫ਼ਾ ਨੂੰ ਜਾਂਚ ਦੇ ਬਾਅਦ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

'ਬਾਰਡਰ ਫਿਲਮ 'ਚ ਹਵਾਈ ਫੌਜ ਦੀ ਭੂਮਿਕਾ ਦਾ ਸਹੀ ਚਿਤਰਨ ਨਹੀਂ'

ਇਸ ਲੜਾਈ ਦੀ ਜਿੱਤ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਭਾਰਤੀ ਹਵਾਈ ਫੌਜ ਨੇ।

ਹਾਲਾਂਕਿ ਜਦੋਂ 1997 ਵਿੱਚ ਇਸ ਲੜਾਈ 'ਤੇ ਆਧਾਰਿਤ ਫਿਲਮ 'ਬਾਰਡਰ' ਆਈ ਤਾਂ ਇਸ ਵਿੱਚ ਦਿਖਾਇਆ ਗਿਆ ਕਿ ਇਹ ਲੜਾਈ ਮੁੱਖ ਤੌਰ 'ਤੇ ਫੌਜ ਨੇ ਜਿੱਤੀ ਸੀ ਅਤੇ ਹਵਾਈ ਫੌਜ ਦੀ ਇਸ ਜਿੱਤ ਵਿੱਚ ਸਿਰਫ਼ ਸਹਾਇਕ ਭੂਮਿਕਾ ਸੀ।

ਏਅਰ ਮਾਰਸ਼ਲ ਭਰਤ ਕੁਮਾਰ ਲਿਖਦੇ ਹਨ, "ਬਾਰਡਰ ਫਿਲਮ ਵਿੱਚ ਲੋਂਗੇਵਾਲਾ ਦੀ ਲੜਾਈ ਨੂੰ ਜਿਸ ਤਰ੍ਹਾਂ ਵੀ ਦਿਖਾਇਆ ਗਿਆ ਹੋਵੇ, ਪਰ ਹਕੀਕਤ ਇਹ ਹੈ ਕਿ ਭਾਰਤੀ ਹਵਾਈ ਫੌਜ ਦੇ ਇਤਿਹਾਸ ਵਿੱਚ ਲੋਂਗੇਵਾਲਾ ਦੀ ਲੜਾਈ ਨੂੰ ਹਮੇਸ਼ਾ ਇੱਕ ਮੀਲ ਦਾ ਪੱਥਰ ਮੰਨਿਆ ਜਾਵੇਗਾ ਜਿਸ ਵਿੱਚ ਹਵਾਈ ਫੌਜ ਦੇ ਸਿਰਫ਼ ਚਾਰ ਹੰਟਰ ਜਹਾਜ਼ਾਂ ਨੇ 45 ਟੈਂਕਾਂ ਦੇ ਨਾਲ ਆਏ ਲਗਭਗ 2000 ਪਾਕਿਸਤਾਨੀ ਫੌਜੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ।"

ਲੜਾਈ ਦੇ ਛੇ ਸਾਲ ਬਾਅਦ ਉੱਥੇ ਇੱਕ ਵਿਜੇ ਸਤੰਭ (ਯੁੱਧ ਸਮਾਰਕ) ਬਣਾਇਆ ਗਿਆ ਜਿਸ ਦਾ ਉਦਘਾਟਨ ਲੜਾਈ ਦੇ ਦੌਰਾਨ ਰੱਖਿਆ ਮੰਤਰੀ ਰਹੇ ਜਗਜੀਵਨ ਰਾਮ ਨੇ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)