You’re viewing a text-only version of this website that uses less data. View the main version of the website including all images and videos.
ਪੰਜਾਬ: 'ਪੰਜਾਬੀਆਂ ਦੀ ਕਮਾਈ ਦਾ ਦਸਵੰਧ ਖਾ ਰਹੀ ਹੈ ਪਰਾਲੀ ਦੀ ਅੱਗ, ਗਰਭ 'ਚ ਬੱਚਿਆਂ ਉੱਤੇ ਵੀ ਹੋਣ ਲੱਗਾ ਅਸਰ'
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ 'ਚ ਹਰ ਸਾਲ ਪਰਾਲੀ ਸਾੜੇ ਜਾਣ ਮਗਰੋਂ ਬਹਿਸ ਛਿੜ ਜਾਂਦੀ ਹੈ ਕਿ ਇਸ ਦਾ ਧੂੰਆਂ ਦਿੱਲੀ ਜਾ ਰਿਹਾ ਹੈ ਜਾਂ ਲਾਹੌਰ।
ਇਸ ਗੱਲ ਦੀ ਚਰਚਾ ਘੱਟ ਹੀ ਹੁੰਦੀ ਹੈ, ਧੂੰਆਂ ਕਿੱਧਰੇ ਵੀ ਜਾਵੇ ਪਰ ਪੰਜਾਬ ਵਿੱਚ ਇਸ ਦਾ ਕੀ ਅਸਰ ਪੈਂਦਾ ਹੈ ਅਤੇ ਪੰਜਾਬੀਆਂ ਦੀ ਸਿਹਤ ਅਤੇ ਜੇਬ ਨੂੰ ਇਹ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਬਾਰੇ ਗੱਲ ਛੇੜੀ ਹੈ ਨਵੀਂ ਅਧਿਐਨ ਰਿਪੋਰਟ ਨੇ।
ਆਮ ਕਰਕੇ ਧੂੰਆਂ ਠੰਡਾ ਹੁੰਦੇ ਹੀ ਪਰਾਲੀ ਸਾੜੇ ਜਾਣ ਉੱਤੇ ਹੁੰਦੀ ਬਹਿਸ ਵੀ ਅਗਲੇ ਸੀਜ਼ਨ ਤੱਕ ਠੰਡੀ ਪੈ ਜਾਂਦੀ ਹੈ। ਪਰ ਇਸ ਮਾਮਲੇ ਦਾ ਸਭ ਤੋਂ ਅਹਿਮ ਪਹਿਲੂ ਹੈ ਕਿ ਪੰਜਾਬੀ ਲੰਬੇ ਸਮੇਂ ਤੱਕ ਆਪਣੀ ਸਿਹਤ ਅਤੇ ਕਮਾਈ ਰਾਹੀਂ ਇਸ ਦਾ ਹਰਜਾਨਾ ਭਰਦੇ ਹਨ।
ਮੀਡ ਸਵੀਡਨ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੌਜੀ (ਆਈਆਈਟੀ) ਰੋਪੜ ਨੇ ਇਸ ਵਰਤਾਰੇ ਬਾਰੇ ਨਵਾਂ ਅਧਿਐਨ ਕੀਤਾ ਹੈ।
ਇਸ ਅਧਿਐਨ ਮੁਤਾਬਕ ਪੰਜਾਬ 'ਚ ਵੱਸਦੇ 71 ਫੀਸਦ ਪਰਿਵਾਰ ਆਪਣੀ ਆਮਦਨੀ ਦਾ ਘਟੋ-ਘੱਟ ਦੱਸਵਾਂ ਹਿੱਸਾ ਡਾਕਟਰ ਜਾਂ ਹਸਪਤਾਲਾਂ ਦੇ ਭੁਗਤਾਨ ਕਰਨ 'ਚ ਲਗਾਉਂਦੇ ਹਨ।
ਅਧਿਐਨ ਮੁਤਾਬਕ ਜਿੱਥੇ ਪਰਾਲੀ ਸਾੜੀ ਜਾਂਦੀ ਹੈ, ਉੱਥੇ ਸਾਹ, ਦਿਲ, ਅੱਖਾਂ, ਫੇਫੜਿਆਂ ਦੀ ਸੱਮਸਿਆਵਾਂ ਦੇ ਨਾਲ-ਨਾਲ ਬਾਂਝਪਣ ਦਾ ਜੋਖ਼ਮ ਵੀ ਬਹੁਤ ਵੱਧ ਗਿਆ ਹੈ।
ਪੰਜਾਬ 'ਚ ਕਿੱਥੇ ਹੋਇਆ ਅਧਿਐਨ
'ਇੰਨਸਾਈਟਸ ਐਂਡ ਰਿਆਲਿਜ਼ਮ ਆਫ਼ ਸਟੱਬਲ ਬਰਨਿੰਗ ਇੰਨ ਇੰਡੀਆ: ਹੈੱਲਥ ਇਕਨੋਮਿਕਸ ਐਨਾਲਸਿਸ' ਨਾਮ ਦਾ ਇਹ ਅਧਿਐਨ ਦਸੰਬਰ 2024 'ਚ ਮੁਕੰਮਲ ਹੋਇਆ ਸੀ।
ਪਰਾਲੀ ਸਾੜਨ ਤੋਂ ਪ੍ਰਭਾਵਿਤ ਘਰਾਂ ਦੀ ਸਿਹਤ ਅਤੇ ਹੋਰ ਸਮਾਜਿਕ-ਆਰਥਿਕ ਵਿਸ਼ੇਸ਼ਤਾਵਾਂ ਨਾਲ ਸਬੰਧਤ ਡਾਟਾ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੋਗਾ, ਸੰਗਰੂਰ, ਰੋਪੜ ਅਤੇ ਪਟਿਆਲਾ ਤੋਂ ਲਿਆ ਗਿਆ ਹੈ।
ਇਸ ਅਧਿਐਨ ਦਾ ਮਕਸਦ ਪਰਾਲੀ ਸੜਨ ਦੇ ਸਿਹਤ ਅਤੇ ਆਰਥਿਕਤਾ ਤੇ ਪੈਂਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਸੀ।
ਕੀ ਕਹਿੰਦੇ ਹਨ ਅਧਿਐਨ ਦੇ ਨਤੀਜੇ
ਹੈੱਲਥ ਰਿਲੇਟਿਡ ਕੁਆਲਿਟੀ ਆਫ਼ ਲਾਈਫ (ਐੱਚਆਰਕਯੂਓਐੱਲ) ਦਾ ਅਰਥ ਹੈ ਸਿਹਤ ਸਬੰਧੀ ਜੀਵਨ ਗੁਣਵੱਤਾ।
ਅਧਿਐਨ 'ਚ ਦੱਸਿਆ ਗਿਆ ਹੈ ਕਿ ਆਮ ਦਿਨਾਂ 'ਚ ਪੰਜਾਬੀ ਆਬਾਦੀ ਦੀ ਐੱਚਆਰਕਿਊਓਐੱਲ ਯਾਨਿ ਸਿਹਤ ਸੰਬੰਧੀ ਜੀਵਨ ਗੁਣਵੱਤਾ 100 'ਚੋ 76.05 ਹੁੰਦੀ ਹੈ, ਜਦੋਂ ਕਿ ਪਰਵਾਸੀ ਮਜ਼ਦੂਰਾਂ ਦਾ ਐੱਚਆਰਕਿਊਓਐੱਲ 83.82 ਹੈ।
"ਪਰਵਾਸੀ ਮਜ਼ਦੂਰ ਝੋਨੇ ਦੀ ਲੁਆਈ ਵੇਲੇ ਵੱਧ ਗਿਣਤੀ ਵਿੱਚ ਹੁੰਦੇ ਹਨ,ਵਾਢੀਆਂ ਜ਼ਿਆਦਾਤਰ ਕੰਬਾਇਨ ਨਾਲ ਹੋਣ ਲੱਗੀਆਂ ਹਨ, ਇਸ ਲਈ ਉਹ ਪਰਾਲ਼ੀ ਸਾੜੇ ਜਾਣ ਦੇ ਸਮੇਂ ਪੰਜਾਬ 'ਚ ਮੌਜੂਦ ਨਹੀਂ ਹੁੰਦੇ, ਜਿਸ ਕਰਕੇ ਉਨ੍ਹਾਂ ਦੀ ਸਿਹਤ ਸੰਬੰਧੀ ਜੀਵਨ ਗੁਣਵੱਤਾ ਪੰਜਾਬ 'ਚ ਰਹਿ ਰਹੇ ਲੋਕਾਂ ਨਾਲੋਂ ਬਿਹਤਰ ਹੁੰਦੀ ਹੈ।"
ਅਧਿਐਨ 'ਚ ਅੱਗੇ ਦੱਸਿਆ ਗਿਆ ਹੈ ਕਿ ਪਰਾਲੀ ਸੜਨ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ 'ਚ ਐੱਚਆਰਕਿਊਓਐੱਲ ਦਾ ਪੱਧਰ 60.2 ਤੇ ਡਿੱਗ ਜਾਂਦਾ ਹੈ, ਜੋ ਕਿ ਸਿਹਤ ਨਾਲ ਸਬੰਧੀ ਬਹੁਤ ਗੰਭੀਰ ਸੱਮਸਿਆਵਾਂ ਪੈਦਾ ਕਰ ਸਕਦਾ ਹੈ।
ਸਿਹਤ ਅਤੇ ਜੇਬ 'ਤੇ ਕੀ ਅਸਰ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਜ਼ਹਿਰੀਲੀ ਗੈਸਾਂ ਦੇ ਕਣਾਂ ਦੇ ਰੂਪ ਵਿੱਚ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ, ਜੋ ਕਿ ਸਾਹ ਰਾਹੀਂ ਸਰੀਰ ਅੰਦਰ ਜਾ ਕੇ ਸਿਹਤ ਵਿਗਾੜ ਪੈਦਾ ਕਰਦੇ ਹਨ।
ਵੈਸੇ ਤਾਂ ਪਰਾਲੀ ਸੜਨ ਨਾਲ ਖੰਘ, ਸਾਹ ਲੈਣ ਵਿੱਚ ਸਮੱਸਿਆ, ਅੱਖਾਂ ਵਿੱਚ ਜਲਣ, ਚਮੜੀ 'ਤੇ ਧੱਫੜ, ਸਾਹ ਸੰਬੰਧੀ ਐਲਰਜੀ, ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਬਦਹਜ਼ਮੀ, ਭੁੱਖ ਨਾ ਲੱਗਣਾ, ਜਲਣ ਵਰਗੀਆਂ ਕਈ ਸਿਹਤ ਸਮੱਸਿਆਵਾਂ ਹੁੰਦੀਆਂ ਹਨ।
ਪਰ 2021 'ਚ ਹੋਏ ਇੱਕ ਅਧਿਐਨ ਦਾ ਦਾਅਵਾ ਹੈ ਕਿ ਹਵਾ ਪ੍ਰਦੂਸ਼ਣ ਕਰਕੇ ਗਰਭ ਵਿਚਲੇ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਜੀਵਨ ਦੇ ਪਹਿਲੇ ਸਾਲਾਂ ਤੱਕ ਪ੍ਰਭਾਵਿਤ ਰਹਿੰਦੇ ਹਨ।
ਇਸ ਵਿੱਚ ਸੈਲੂਲਰ ਪੱਧਰ 'ਤੇ ਡੀਐਨਏ ਬਦਲਾਅ ਸ਼ਾਮਲ ਹਨ। ਜਿਸ ਵਿੱਚ ਪਲੈਸੈਂਟਾ ਦੇ ਨਾਲ-ਨਾਲ ਆਕਸੀਡੇਟਿਵ ਤਣਾਅ ਪ੍ਰਤੀ ਸੈਲੂਲਰ ਪ੍ਰਤੀਕਿਰਿਆਵਾਂ ਹੁੰਦੀਆਂ ਹਨ।
ਪ੍ਰਦੂਸ਼ਣ-ਸੰਪਰਕ 'ਚ ਰਹਿਣ ਵਾਲੀਆਂ ਮਾਵਾਂ ਦੇ ਬੱਚੇ ਸਿਹਤ ਦੇ ਨਤੀਜੇ ਦਿਖਾਉਂਦੇ ਹਨ ਕਿ ਉਨ੍ਹਾਂ ਦੀ ਸਾਹ ਪ੍ਰਣਾਲੀ ਦੇ ਕਾਰਜ ਵਿੱਚ ਕਮੀ ਹੰਦੀ ਹੈ, ਉਨ੍ਹਾਂ ਦੀ ਇਮਊਨ ਸਥਿਤੀ, ਦਿਮਾਗੀ ਵਿਕਾਸ ਅਤੇ ਦਿਲ ਦੀਆਂ ਗਤੀਵਿਧੀਆਂ ਲਈ ਨਾਕਾਫ਼ੀ ਹੁੰਦਾ ਹੈ ।
ਅਧਿਐਨ 'ਚ ਸ਼ਾਮਲ ਸਕੂਲੀ ਬੱਚਿਆਂ ਦੇ ਫੇਫੜਿਆਂ ਦੇ ਕੰਮ ਉੱਤੇ ਬੁਰਾ ਅਸਰ ਪੈਂਦਾ ਹੈ ਅਤੇ ਪੀਐਮ (ਹਵਾ ਵਿਚਲੇ ਜ਼ਹਿਰੀ ਕਣਾਂ) ਦੇ ਵਧੇ ਹੋਏ ਪੱਧਰ ਵਿਚਕਾਰ ਮਹੱਤਵਪੂਰਨ ਸਬੰਧ ਦਿਖਾਈ ਦਿੰਦੇ ਹਨ। ਪੀਐਮ ਅਤੇ ਹੋਰ ਜ਼ਹਿਰੀਲੇ ਕਣਾਂ ਦਾ ਗਾੜ੍ਹਾਪਣ ਬੱਚਿਆਂ ਵਿੱਚ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ ।
ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਪਰਾਲੀ ਸਾੜਨ ਦੇ ਪ੍ਰਭਾਵਾਂ ਕਾਰਨ ਮਨੁੱਖੀ ਜੀਵਨ 'ਤੇ ਕਾਫ਼ੀ ਮਾੜੇ ਪ੍ਰਭਾਵ ਪੈਂਦੇ ਹਨ, ਬਿਮਾਰੀਆਂ ਦਾ ਬੋਝ ਵਧਦਾ ਹੈ ਅਤੇ ਮੌਤਾਂ ਹੁੰਦੀਆਂ ਹਨ।
ਉਦਾਹਰਣ ਵਜੋਂ, ਸਾਲ 2012 ਵਿੱਚ ਦੱਖਣੀ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਕਾਰਨ ਲਗਭਗ 50 ਲੱਖ ਮੌਤਾਂ ਹੋਈਆਂ।
ਇਸ ਦੇ ਨਾਲ ਹੀ, ਕਿਉਂਕਿ ਭਰੂਣਾਂ ਅਤੇ ਬੱਚਿਆਂ ਲਈ ਵਧੇਰੇ ਜੋਖਮ ਹੁੰਦੇ ਹਨ, ਅਧਿਐਨ ਵਿੱਚ ਸ਼ਾਮਲ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਪਿੰਡਾਂ ਵਿੱਚ ਬਾਂਝਪਨ ਇੱਕ ਮਹੱਤਵਪੂਰਨ ਸਮੱਸਿਆ ਸੀ, ਅਤੇ ਉਨ੍ਹਾਂ ਨੇ ਪਰਾਲੀ ਸਾੜਨ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ।
ਰਿਪੋਰਟ ਮੁਤਾਬਕ "ਹੁਣ ਤੱਕ, ਇਸ ਨੂੰ ਸਾਬਤ ਕਰਨ ਦੇ ਕੋਈ ਵਿਗਿਆਨਕ ਸਬੂਤ ਨਹੀਂ ਹੈ, ਪਰ ਅਧਿਐਨ ਦਰਸਾਉਂਦੇ ਹਨ ਕਿ ਹਵਾ ਪ੍ਰਦੂਸ਼ਣ ਔਰਤਾਂ ਵਿੱਚ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਲਈ, ਸੰਭਾਵਨਾ ਹੈ ਕਿ ਪਰਾਲੀ ਸਾੜਨ ਕਾਰਨ ਬਾਂਝਪਨ ਦਾ ਜੋਖਮ ਵੀ ਵਧਿਆ ਹੈ। ਭਵਿੱਖ ਦੇ ਅਧਿਐਨਾਂ ਵਿੱਚ ਵਿਸ਼ਲੇਸ਼ਣ ਵਿੱਚ ਮਰਦਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਣ ਉਨ੍ਹਾਂ ਦੇ ਪ੍ਰਜਨਣ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।"
ਪਰਾਲੀ ਸਾੜਨ ਦੇ ਨਾਲ ਸਿਹਤ ਸੰਬੰਧੀ ਵਧੇ ਮਸਲਿਆਂ ਦੇ ਨਾਲ ਲੋਕਾਂ ਦਾ ਖਰਚਾ ਵੀ ਵਧਿਆ ਹੈ। ਅਧਿਐਨ ਦੱਸਦੇ ਹਨ ਕਿ ਤਕਰੀਬਨ 71 ਫ਼ੀਸਦ ਪੰਜਾਬ 'ਚ ਵੱਸਦੇ ਪਰਿਵਾਰ ਆਪਣੀ ਆਮਦਨੀ ਦਾ ਘਟੋ-ਘੱਟ ਦੱਸਵਾਂ ਹਿੱਸਾ ਡਾਕਟਰਾਂ ਜਾਂ ਹਸਪਤਾਲਾਂ ਦੇ ਭੁਗਤਾਨ ਕਰਨ 'ਚ ਲਗਾਉਂਦੇ ਹਨ।
ਇੰਨਾ ਹੀ ਨਹੀਂ ਜਦੋਂ ਪਰਾਲੀ ਸੜਨ ਦੀ ਸਮੱਸਿਆ ਆਪਣੇ ਸਿਖ਼ਰ 'ਤੇ ਹੁੰਦੀ ਹੈ ਤਾਂ ਇਹ ਖ਼ਰਚ ਤਿੰਨ ਤੋਂ ਚਾਰ ਗੁਣਾਂ ਤੱਕ ਵਧ ਜਾਂਦਾ ਹੈ।
ਖੋਜਕਾਰ ਕਿ ਕਹਿੰਦੇ ਹਨ ?
ਸਵੀਡਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਕੌਸਤੁਵ ਦਲਾਲ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ, ਵਾਤਾਵਰਣ ਸੰਬੰਧੀ ਚਿੰਤਾਵਾਂ ਵਿੱਚ ਵਾਧੇ ਦੇ ਨਾਲ ਪਰਾਲੀ ਸਾੜਨ ਦੇ ਮੁੱਦੇ ਨੇ ਵਿਸ਼ਵ-ਵਿਆਪੀ ਧਿਆਨ ਖਿੱਚਿਆ ਹੈ।
"ਭਾਰਤ, ਖਾਸ ਕਰਕੇ ਦੇਸ ਦਾ ਉੱਤਰੀ ਖੇਤਰ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ।"
"ਭਾਰਤ ਵਿੱਚ, ਆਬਾਦੀ ਦਾ ਇੱਕ ਵੱਡਾ ਹਿੱਸਾ ਮਹੀਨੇ ਦੇ ਅੰਤ ਤੱਕ ਗੁਜ਼ਾਰਾ ਕਰਨ ਲਈ ਸੰਘਰਸ਼ ਕਰਦਾ ਹੈ। ਮਹਿੰਗਾਈ ਵੱਖ-ਵੱਖ ਖੇਤਰਾਂ ਵਿੱਚ ਲਾਗਤਾਂ ਨੂੰ ਵਧਾ ਰਹੀ ਹੈ, ਅਤੇ ਸਥਿਤੀ ਉਦੋਂ ਹੋਰ ਵੀ ਵਿਗੜ ਜਾਂਦੀ ਹੈ, ਜਦੋਂ ਪਰਿਵਾਰਾਂ ਨੂੰ ਆਪਣੀ ਆਮਦਨ ਦਾ 10 ਪ੍ਰਤੀਸ਼ਤ ਜਾਂ ਵੱਧ ਹਸਪਤਾਲ ਦੇ ਬਿੱਲਾਂ 'ਤੇ ਖਰਚ ਕਰਨ ਲਈ ਮਜਬੂਰ ਹੋਣਾ ਪਵੇ। ਇਹ ਕਿਸੇ ਭਿਆਨਕ ਚੀਜ਼ ਤੋਂ ਘੱਟ ਨਹੀਂ ਹੈ।"
ਉਨ੍ਹਾਂ ਅੱਗੇ ਕਿਹਾ, "ਜਦੋਂ ਅਸੀਂ ਸਕੂਲ ਵਿੱਚ ਸੀ, ਸਾਨੂੰ ਸਿਖਾਇਆ ਜਾਂਦਾ ਸੀ ਕਿ "ਸਿਹਤ ਹੀ ਧਨ ਹੈ" ਤੇ ਅੱਜ ਖੇਤਰ ਦੇ ਲੋਕ ਦੋਵੇਂ ਗੁਆ ਹੀ ਰਹੇ ਹਨ: ਆਪਣੀ ਮਿਹਨਤ ਨਾਲ ਕਮਾਏ ਪੈਸੇ, ਆਪਣੀ ਤੰਦਰੁਸਤੀ, ਅਤੇ ਬੇਸ਼ੱਕ ਆਪਣੇ ਕੁਦਰਤੀ ਸਰੋਤ।"
ਪ੍ਰੋਫੈਸਰ ਦਲਾਲ ਅੱਗੇ ਕਹਿੰਦੇ ਹਨ "ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਿੰਮੇਵਾਰੀ ਨੀਤੀ ਨਿਰਮਾਤਾਵਾਂ ਦੀ ਹੈ, ਪਰ ਅਜਿਹਾ ਲੱਗਦਾ ਹੈ ਜਿਵੇਂ ਕਿ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ।"
ਆਈਆਈਟੀ ਰੋਪੜ 'ਚ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਅਤੇ ਇਸ ਪ੍ਰੋਜੈਕਟ ਦੇ ਲੇਖਕ ਡਾ. ਪਰਵਿੰਦਰ ਸਿੰਘ ਨੇ ਇਨ੍ਹਾਂ ਨਤੀਜਿਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਪਰਾਲੀ ਸਾੜਨ ਵਿੱਚ ਸ਼ਾਮਲ ਲੋਕ ਇਸ ਦੇ ਨਕਾਰਾਤਮਕ ਨਤੀਜਿਆਂ ਤੋਂ ਜਾਣੂ ਹਨ। ਇਸ ਦੇ ਬਾਵਜੂਦ, ਉਹ ਪਰਾਲੀ ਪ੍ਰਬੰਧਨ ਦੀ ਲਾਗਤ ਤੋਂ ਬਚਣ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ।"
"ਉਹ ਜਾਣਦੇ ਹਨ ਕਿ ਪਰਾਲੀ ਸਾੜਨ ਨਾਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੋਵੇਗਾ ਅਤੇ ਡਾਕਟਰੀ ਖ਼ਰਚੇ ਹੋਣਗੇ, ਪਰ ਉਹ ਇਸ ਨੂੰ ਤੁਰੰਤ ਵਿੱਤੀ ਬੋਝ ਵਜੋਂ ਨਹੀਂ ਸਮਝਦੇ। ਇਸ ਦੇ ਉਲਟ, ਪਰਾਲੀ ਸਾੜਨ ਦਾ ਪ੍ਰਬੰਧਨ ਇੱਕ ਸਿੱਧੀ ਅਤੇ ਤੁਰੰਤ ਲਾਗਤ ਪੇਸ਼ ਕਰਦਾ ਹੈ।"
"ਹਾਲਾਂਕਿ, ਸੱਚਾਈ ਇਹ ਹੈ ਕਿ ਉਹ ਆਪਣੀ ਸਿਹਤ ਅਤੇ ਕੁਦਰਤੀ ਸਰੋਤਾਂ ਨਾਲ ਸਮਝੌਤਾ ਕਰਕੇ ਜੋ ਕੀਮਤ ਅਦਾ ਕਰ ਰਹੇ ਹਨ ਉਹ ਕਿਸੇ ਵੀ ਵਿੱਤੀ ਖਰਚੇ ਨਾਲੋਂ ਕਿਤੇ ਜ਼ਿਆਦਾ ਹੈ।"
ਡਾਕਟਰਾਂ ਦਾ ਕੀ ਕਹਿਣਾ ਹੈ ?
ਇਸ ਅਧਿਐਨ ਦੇ ਨਤੀਜਿਆਂ ਦੇ ਮਾਅਨੇ ਨੂੰ ਸਮਝਣ ਲਈ ਬੀਬੀਸੀ ਪੰਜਾਬੀ ਨੇ ਕੁਝ ਡਾਕਟਰਾਂ ਨਾਲ ਵੀ ਗੱਲ ਕੀਤੀ।
ਲੁਧਿਆਣਾ ਸਿਵਲ ਹਸਪਤਾਲ ਦੇ ਮੁੱਖ ਗਾਇਨੀਕੋਲੋਜਿਸਟ ਡਾ. ਅਨੁਪ੍ਰਿਯਾ ਨੇ ਦੱਸਿਆ, "ਪ੍ਰਦੂਸ਼ਣ ਦਾ ਬਾਂਝਪਨ 'ਤੇ ਕਿੰਨਾ ਅਸਰ ਪੈਂਦਾ ਹੈ, ਇਸ ਸੰਬੰਧੀ ਖੋਜਾਂ ਹੋ ਰਹੀਆਂ ਹਨ। ਪਰ ਪ੍ਰਦੂਸ਼ਣ ਜਿਵੇਂ ਪਰਾਲੀ ਸੜਨ ਤੋਂ ਉੱਠਣ ਵਾਲਾ ਧੂੰਆਂ ਤਣਾਅ ਦਾ ਇੱਕ ਮੁੱਖ ਕਾਰਨ ਬਣਦਾ ਹੈ, ਜਿਸ ਦਾ ਪ੍ਰਭਾਵ ਪ੍ਰਜਨਣ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ।"
"ਇਸ ਤੋਂ ਇਲਾਵਾ ਪਰਾਲੀ ਸੜਨ ਕਰਕੇ ਗਰਭ ਅਵਸਥਾ ਵੇਲੇ ਵੀ ਸਿਹਤ ਪੇਚੀਦਗੀਆਂ ਵੱਧ ਜਾਂਦੀਆਂ ਹਨ। ਜੱਚਾ ਸਾਹ, ਦਿਲ ਅਤੇ ਹੋਰ ਸੱਮਸਿਆਵਾਂ ਪੇਸ਼ ਆਉਂਦੀਆਂ ਹਨ , ਜਿਸ ਦਾ ਅਸਰ ਬੱਚੇ 'ਤੇ ਵੀ ਪੈਂਦਾ ਹੈ।"
ਕੰਨ ਨੱਕ ਅਤੇ ਗਲ਼ੇ ਸੰਬੰਧੀ ਰੋਗਾਂ ਦੇ ਮਾਹਰ ਡਾ. ਦਮਨਪ੍ਰੀਤ ਸਿੰਘ ਦੱਸਦੇ ਹਨ ਕਿ ਪਰਾਲੀ ਦੇ ਧੂੰਏ ਨਾਲ ਲਾਗ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ।
"ਬੇਸ਼ਕ, ਜਦੋਂ ਵਾਢੀ ਹੁੰਦੀ ਹੈ ਉਦੋਂ ਮਰੀਜ਼ਾ ਦੀ ਗਿਣਤੀ ਕਈ ਗੁਣਾਂ ਵੱਧ ਜਾਂਦੀ ਹੈ। ਪ੍ਰਦੂਸ਼ਣ ਬਹੁਤ ਸਾਰੇ ਰੋਗਾਂ ਦਾ ਜਿਵੇਂ ਖੰਘ, ਸਾਹ ਲੈਣ ਵਿੱਚ ਸਮੱਸਿਆ, ਅੱਖਾਂ ਵਿੱਚ ਜਲਣ, ਚਮੜੀ 'ਤੇ ਧੱਫੜ, ਸਾਹ ਸੰਬੰਧੀ ਐਲਰਜੀ, ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਬਦਹਜ਼ਮੀ, ਭੁੱਖ ਨਾ ਲੱਗਣਾ, ਜਲਣ ਵਰਗੀਆਂ ਕਈ ਸਿਹਤ ਸਮੱਸਿਆਵਾਂ ਦਾ ਇੱਕ ਪ੍ਰਮੁੱਖ ਕਾਰਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ