You’re viewing a text-only version of this website that uses less data. View the main version of the website including all images and videos.
ਜਦੋਂ ਪ੍ਰੋਫੈਸਰ ਨੇ ਅਦਾਲਤ 'ਚ ਵਿਗਿਆਨਿਕ ਤਰਕ ਦੇ ਕੇ ਕਿਹਾ, 'ਮੈਂ ਆਪਣੇ ਪਤੀ ਨੂੰ ਨਹੀਂ ਮਾਰਿਆ', ਫਿਰ ਫੈਸਲਾ ਕੀ ਹੋਇਆ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਨਿਊਜ਼, ਲੰਡਨ
ਜੱਜ ਨੇ ਪੁੱਛਿਆ, "ਕੀ ਤੁਸੀਂ ਕੈਮਿਸਟਰੀ ਦੇ ਪ੍ਰੋਫੈਸਰ ਹੋ?"
ਮਮਤਾ ਪਾਠਕ ਨੇ ਸਤਿਕਾਰ ਨਾਲ ਹੱਥ ਜੋੜ ਕੇ ਜਵਾਬ ਦਿੱਤਾ, "ਹਾਂ"।
ਮਮਤ, ਚਿੱਟੀ ਸਾੜੀ ਪਹਿਨੀ, ਨੱਕ 'ਤੇ ਐਨਕਾਂ ਲਗਾਈਆਂ, ਸੇਵਾਮੁਕਤ ਕਾਲਜ ਅਧਿਆਪਕਾ ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਦੀ ਇੱਕ ਅਦਾਲਤ ਵਿੱਚ ਦੋ ਜੱਜਾਂ ਦੇ ਸਾਹਮਣੇ ਖੜ੍ਹੀ ਸੀ, ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਕੋਈ ਫੋਰੈਂਸਿਕ ਕੈਮਿਸਟਰੀ ਦਾ ਲੈਕਚਰ ਦੇ ਰਹੀ ਹੋਵੇ।
"ਪੋਸਟ-ਮਾਰਟਮ ਵਿੱਚ," ਉਨ੍ਹਾਂ ਨੇ ਦਲੀਲ ਦਿੱਤੀ। ਉਨ੍ਹਾਂ ਦੀ ਆਵਾਜ਼ ਕੰਬ ਰਹੀ ਸੀ ਪਰ ਰੰਜਿਸ਼ ਵਿੱਚ ਕਿਹਾ, "ਸਹੀ ਰਸਾਇਣਕ ਵਿਸ਼ਲੇਸ਼ਣ ਤੋਂ ਬਿਨਾਂ ਥਰਮਲ ਬਰਨ ਅਤੇ ਇਲੈਕਟ੍ਰਿਕ ਬਰਨ ਮਾਰਕ ਵਿੱਚ ਫਰਕ ਕਰਨਾ ਸੰਭਵ ਨਹੀਂ ਹੈ।"
ਬੈਂਚ ਦੇ ਪਾਰ, ਜਸਟਿਸ ਵਿਵੇਕ ਅਗਰਵਾਲ ਨੇ ਉਨ੍ਹਾਂ ਨੂੰ ਯਾਦ ਦਿਵਾਇਆ, "ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਬਿਜਲੀ ਦੇ ਕਰੰਟ ਦੇ ਸਪੱਸ਼ਟ ਸੰਕੇਤ ਸਨ।"
ਇਹ ਇੱਕ ਦੁਰਲੱਭ, ਲਗਭਗ ਅਸਲੀਅਤ ਤੋਂ ਪਰੇ ਪਲ਼ ਸੀ, ਜਦੋਂ ਇੱਕ 63 ਸਾਲਾ ਔਰਤ, ਜਿਸ 'ਤੇ ਆਪਣੇ ਪਤੀ ਨੂੰ ਬਿਜਲੀ ਦੇ ਕਰੰਟ ਨਾਲ ਮਾਰਨ ਦਾ ਇਲਜ਼ਾਮ ਸੀ, ਅਦਾਲਤ ਨੂੰ ਸਮਝਾ ਰਹੀ ਸੀ ਕਿ ਕਿਵੇਂ ਐਸਿਡ ਅਤੇ ਟਿਸ਼ੂ ਪ੍ਰਤੀਕ੍ਰਿਆਵਾਂ ਨਾਲ ਜਲਣ ਦੀ ਪ੍ਰਕਿਰਤੀ ਦਾ ਪਤਾ ਲੱਗਦਾ ਹੈ।
ਉਨ੍ਹਾਂ ਦੀ ਅਪ੍ਰੈਲ ਦੀ ਸੁਣਵਾਈ ਦੌਰਾਨ ਵੀਡੀਓ ਵਿੱਚ ਕੈਦ ਹੋਈ ਇਹ ਗੱਲਬਾਤ ਭਾਰਤ ਵਿੱਚ ਵਾਇਰਲ ਹੋ ਗਈ ਅਤੇ ਇੰਟਰਨੈੱਟ ʼਤੇ ਸੰਨਸਨੀ ਫੈਲ ਗਈ।
ਪਰ ਅਦਾਲਤ ਵਿੱਚ ਮਾਹਰਾਂ ਵਰਗਾ ਕੋਈ ਵੀ ਵਿਸ਼ਵਾਸ ਇਸਤਗਾਸਾ ਪੱਖ ਦੇ ਕੇਸ ਨੂੰ ਪਲਟ ਨਹੀਂ ਸਕਿਆ - ਇੱਕ ਜੀਵਨ ਸਾਥੀ ਦਾ ਕਤਲ ਅਤੇ ਸ਼ੱਕ ਅਤੇ ਵਿਆਹੁਤਾ ਵਿਵਾਦ ਦੀਆਂ ਜੜ੍ਹਾਂ ਵਿੱਚ ਵੱਸਿਆ ਕਤਲ ਦਾ ਮਕਸਦ।
ਪਿਛਲੇ ਮਹੀਨੇ ਹਾਈ ਕੋਰਟ ਨੇ ਮਮਤਾ ਪਾਠਕ ਦੀ ਅਪੀਲ ਰੱਦ ਕਰ ਦਿੱਤੀ ਅਤੇ ਅਪ੍ਰੈਲ 2021 ਵਿੱਚ ਆਪਣੇ ਪਤੀ, ਇੱਕ ਸੇਵਾਮੁਕਤ ਡਾਕਟਰ, ਨੀਰਜ ਪਾਠਕ ਦੇ ਕਤਲ ਲਈ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਮਮਤਾ ਪਾਠਕ ਦੀਆਂ ਦਲੀਲਾਂ
ਜਦੋਂ ਪਾਠਕ ਨੇ ਇੱਕ ਜੋਸ਼ੀਲੇ, ਸਵੈ-ਦਲੀਲ ਵਾਲੇ ਬਚਾਅ 'ਤੇ ਬਹਿਸ ਕੀਤੀ, ਜਿਸ ਵਿੱਚ ਪੋਸਟਮਾਰਟਮ ਦੀਆਂ ਖ਼ਾਮੀਆਂ, ਘਰ ਦੀ ਇਨਸੂਲੇਸ਼ਨ ਅਤੇ ਇੱਥੋਂ ਤੱਕ ਕਿ ਇੱਕ ਇਲੈਕਟ੍ਰੋਕੈਮੀਕਲ ਸਿਧਾਂਤ ਦਾ ਹਵਾਲਾ ਦਿੱਤਾ ਗਿਆ।
ਅਦਾਲਤ ਨੇ ਮੌਕਾ-ਏ-ਵਾਰਦਾਤ ਦੇ ਸਬੂਤਾਂ ਨੂੰ ਸਹੀ ਮੰਨਦੇ ਹੋਏ ਸਿੱਟਾ ਕੱਢਿਆ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਫਿਰ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਗਿਆ ਸੀ।
ਅਦਾਲਤ ਵਿੱਚ, ਦੋ ਬੱਚਿਆਂ ਦੀ ਮਾਂ, ਮਮਤਾ ਨੇ ਕੇਸ ਫਾਈਲਾਂ ਦੇ ਢੇਰ 'ਤੇ ਨਜ਼ਰ ਮਾਰੀ ਅਤੇ ਉਨ੍ਹਾਂ ਨੂੰ ਪਲਟਦੇ ਹੋਏ ਅਚਾਨਕ ਗੁੱਸੇ ਵਿੱਚ ਆ ਗਈ।
ਉਨ੍ਹਾਂ ਨੇ ਇੱਕ ਫੋਰੈਂਸਿਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਦਲੀਲ ਦਿੱਤੀ, "ਸਰ, ਬਿਜਲੀ ਦੇ ਜਲਣ ਦੇ ਨਿਸ਼ਾਨ ਮੌਤ ਤੋਂ ਪਹਿਲਾਂ ਦੇ ਹਨ ਜਾਂ ਬਾਅਦ ਦੇ ਇਹ ਪੋਸਟਮਾਰਟਮ ਵਿੱਚ ਨਹੀਂ ਪਛਾਣਿਆ ਜਾ ਸਕਦਾ।"
"ਉਨ੍ਹਾਂ (ਡਾਕਟਰਾਂ) ਨੇ ਪੋਸਟਮਾਰਟਮ ਰਿਪੋਰਟ ਵਿੱਚ ਇਹ ਕਿਵੇਂ ਲਿਖਿਆ ਕਿ ਇਹ ਇੱਕ ਇਲੈਕਟ੍ਰਿਕ ਜਲਣ ਦਾ ਨਿਸ਼ਾਨ ਸੀ?"
ਮਾਹਿਰਾਂ ਦਾ ਕਹਿਣਾ ਹੈ ਕਿ ਸੂਖ਼ਮ ਦ੍ਰਿਸ਼ਟੀ ਤੋਂ ਵਾਚੀਏ ਤਾਂ ਮੌਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਿਜਲੀ ਦੇ ਜਲਣ ਦੇ ਨਿਸ਼ਾਨ ਇੱਕੋ ਜਿਹੇ ਦਿਖਾਈ ਦਿੰਦੇ ਹਨ, ਜਿਸ ਕਾਰਨ ਮਿਆਰੀ ਜਾਂਚ ਨਿਰਣਾਇਕ ਨਹੀਂ ਹੈ।
ਇੱਕ ਪੇਪਰ ਦੇ ਅਨੁਸਾਰ, ਚਮੜੀ ਦੇ ਬਦਲਾਅ ਦਾ ਡੂੰਘਾ ਅਧਿਐਨ ਇਹ ਦੱਸ ਸਕਦਾ ਹੈ ਕਿ ਕੀ ਜਲਣ ਦੇ ਨਿਸ਼ਾਨ ਮੌਤ ਤੋਂ ਪਹਿਲਾਂ ਦੇ ਸਨ ਜਾਂ ਬਾਅਦ ਦੇ।
ਇਸ ਮਗਰੋਂ ਰਸਾਇਣਕ ਪ੍ਰਤੀਕ੍ਰਿਆਵਾਂ 'ਤੇ ਇੱਕ ਸਹਿਜ ਚਰਚਾ ਹੋਈ, ਜਿਸ ਤੋਂ ਬਾਅਦ ਜੱਜ ਨੇ ਪ੍ਰਯੋਗਸ਼ਾਲਾ ਪ੍ਰਕਿਰਿਆਵਾਂ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਮਮਤਾ ਨੇ ਵੱਖ-ਵੱਖ ਐਸਿਡਾਂ ਬਾਰੇ ਗੱਲ ਕੀਤੀ, ਦੱਸਿਆ ਕਿ ਇੱਕ ਇਲੈਕਟ੍ਰੌਨ ਮਾਈਕ੍ਰੋਸਕੋਪ ਦੀ ਵਰਤੋਂ ਕਰ ਕੇ ਅੰਤਰ ਕੀਤਾ ਜਾ ਸਕਦਾ ਹੈ, ਜੋ ਕਿ ਪੋਸਟਮਾਰਟਮ ਕਮਰੇ ਵਿੱਚ ਸੰਭਵ ਨਹੀਂ ਹੈ।
ਉਨ੍ਹਾਂ ਨੇ ਜੱਜ ਨੂੰ ਇਲੈਕਟ੍ਰੌਨ ਮਾਈਕ੍ਰੋਸਕੋਪੀ ਅਤੇ ਵੱਖ-ਵੱਖ ਐਸਿਡਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਿਛੋਕੜ ਵਿੱਚ ਖੜ੍ਹੀਆਂ ਤਿੰਨ ਵਕੀਲ ਔਰਤਾਂ ਮੁਸਕਰਾਈਆਂ।
ਮਮਤਾ ਨੇ ਅੱਗੇ ਜਾਰੀ ਰੱਖਦਿਆਂ ਕਿਹਾ ਕਿ ਉਹ ਇੱਕ ਸਾਲ ਤੋਂ ਜੇਲ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ।
ਮਮਤਾ ਨੇ ਪਤੀ ਦੀ ਮੌਤ ਦਾ ਸੰਭਾਵਿਤ ਕਾਰਨ ਇਹ ਦੱਸਿਆ
ਆਪਣੀਆਂ ਸਟਿੱਕਰਾਂ ਨਾਲ ਭਰੀਆਂ ਟੈਬ ਫਾਈਲਾਂ ਨੂੰ ਪਲਟਦੇ ਹੋਏ ਅਤੇ ਫੋਰੈਂਸਿਕ ਦਵਾਈ 'ਤੇ ਕਿਤਾਬਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਜਾਂਚ ਵਿੱਚ ਕਥਿਤ ਖ਼ਾਮੀਆਂ ਵੱਲ ਇਸ਼ਾਰਾ ਕੀਤਾ।
ਜਿਸ ਵਿੱਚ, ਮੌਕਾ-ਏ-ਵਾਰਦਾਤ ਦੀ ਜਾਂਚ ਨਾ ਹੋਣ ਤੋਂ ਲੈ ਕੇ ਘਟਨਾ ਸਥਾਨ 'ਤੇ ਯੋਗ ਇਲੈਕਟ੍ਰੀਕਲ ਅਤੇ ਫੋਰੈਂਸਿਕ ਮਾਹਰਾਂ ਦੀ ਅਣਹੋਂਦ ਤੱਕ ਦੀ ਗੱਲ ਕੀਤੀ ਗਈ।
ਉਨ੍ਹਾਂ ਨੇ ਕਿਹਾ, "ਸਾਡਾ ਘਰ ਦਾ 2017 ਤੋਂ 2022 ਤੱਕ ਬੀਮਾ ਹੋਇਆ ਸੀ ਅਤੇ ਜਾਂਚਾਂ ਨੇ ਪੁਸ਼ਟੀ ਕੀਤੀ ਕਿ ਇਹ ਬਿਜਲੀ ਦੀਆਂ ਅੱਗਾਂ ਤੋਂ ਸੁਰੱਖਿਅਤ ਸੀ।"
ਮਮਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਨਾਲ ਪੀੜਤ ਸਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਅਸਲ ਕਾਰਨ "ਬੁਢਾਪੇ ਕਾਰਨ ਉਨ੍ਹਾਂ ਦੀਆਂ ਕੋਰੋਨਰੀ ਧਮਨੀਆਂ ਦਾ ਸੁੰਗੜਨਾ ਅਤੇ ਕੈਲਸੀਫਿਕੇਸ਼ਨ" ਸੀ।
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਨ੍ਹਾਂ ਦੀਆਂ ਕੋਰੋਨਰੀ ਧਮਨੀਆਂ ਫਿਸਲ ਗਈਆਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਹੇਮੇਟੋਮਾ ਹੋ ਗਿਆ ਸੀ, ਪਰ ਇਸ ਦੀ ਪੁਸ਼ਟੀ ਕਰਨ ਲਈ ਕੋਈ ਸੀਟੀ ਸਕੈਨ ਨਹੀਂ ਕੀਤਾ ਗਿਆ।
65 ਸਾਲਾ ਨੀਰਜ ਪਾਠਕ 29 ਅਪ੍ਰੈਲ 2021 ਨੂੰ ਆਪਣੇ ਪਰਿਵਾਰਕ ਘਰ ਵਿੱਚ ਮ੍ਰਿਤ ਮਿਲੇ ਸਨ। ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਬਿਜਲੀ ਦਾ ਝਟਕਾ ਦੱਸਿਆ ਗਿਆ ਸੀ। ਕੁਝ ਦਿਨਾਂ ਬਾਅਦ, ਮਮਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ।
ਪੁਲਿਸ ਨੇ ਜੋੜੇ ਦੇ ਘਰ ਤੋਂ ਦੋ-ਪਿੰਨ ਪਲੱਗ ਵਾਲੀ 11 ਮੀਟਰ ਲੰਬੀ ਬਿਜਲੀ ਦੀ ਤਾਰ ਅਤੇ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਸੀ। 10 ਗੋਲੀਆਂ ਦੀ ਇੱਕ ਪੱਤੇ ਵਿੱਚ ਨੀਂਦ ਦੀਆਂ ਗੋਲੀਆਂ ਦੀਆਂ ਛੇ ਗੋਲੀਆਂ ਮਿਲੀਆਂ ਸਨ।
ਪੋਸਟਮਾਰਟਮ ਰਿਪੋਰਟ ਵਿੱਚ 1 ਮਈ ਨੂੰ ਪੋਸਟਮਾਰਟਮ ਤੋਂ 36 ਤੋਂ 72 ਘੰਟੇ ਪਹਿਲਾਂ ਕਈ ਥਾਵਾਂ 'ਤੇ ਬਿਜਲੀ ਦੇ ਝਟਕੇ ਕਾਰਨ ਕਾਰਡੀਓਰੇਸਪੀਰੇਟਰੀ ਸਦਮੇ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਸੀ।
ਮਮਤਾ ਨੇ ਜੱਜਾਂ ਨੂੰ ਦੱਸਿਆ, "ਪਰ ਮੇਰੀਆਂ ਉਂਗਲੀਆਂ ਦੇ ਨਿਸ਼ਾਨ ਗੋਲੀਆਂ ਦੇ ਪੱਤੇ 'ਤੇ ਨਹੀਂ ਮਿਲੇ।"
ਪਰ ਉਨ੍ਹਾਂ ਦੀਆਂ ਦਲੀਲਾਂ ਜਲਦੀ ਹੀ ਬੇਕਾਰ ਹੋ ਗਈਆਂ, ਜਿਸ ਨਾਲ ਜੱਜ ਅਗਰਵਾਲ ਅਤੇ ਦੇਵਨਾਰਾਇਣ ਸਿਨਹਾ ਅਸੰਤੁਸ਼ਟ ਹੋ ਗਏ।
ਜੋੜਾ ਵੱਖ-ਵੱਖ ਰਹਿ ਰਿਹਾ ਸੀ
ਲਗਭਗ ਚਾਰ ਦਹਾਕਿਆਂ ਤੋਂ ਮਮਤਾ ਅਤੇ ਨੀਰਜ ਪਾਠਕ ਮੱਧ ਪ੍ਰਦੇਸ਼ ਦੇ ਸੋਕੇ ਵਾਲੇ ਜ਼ਿਲ੍ਹਾ - ਛੱਤਰਪੁਰ ਵਿੱਚ ਇੱਕ ਸਥਿਰ ਮੱਧ-ਵਰਗੀ ਜੀਵਨ ਬਤੀਤ ਕਰ ਰਹੇ ਸਨ।
ਇਹ ਇਲਾਕਾ ਆਪਣੇ ਖੇਤਾਂ, ਗ੍ਰੇਨਾਈਟ ਖਾਣਾਂ ਅਤੇ ਛੋਟੇ ਕਾਰੋਬਾਰਾਂ ਲਈ ਜਾਣਿਆ ਜਾਂਦਾ ਹੈ।
ਉਹ ਸਥਾਨਕ ਸਰਕਾਰੀ ਕਾਲਜ ਵਿੱਚ ਰਸਾਇਣ ਵਿਗਿਆਨ ਪੜ੍ਹਾਉਂਦੇ ਸਨ ਅਤੇ ਨੀਰਜ ਜ਼ਿਲ੍ਹਾ ਹਸਪਤਾਲ ਵਿੱਚ ਮੁੱਖ ਮੈਡੀਕਲ ਅਫ਼ਸਰ ਸਨ।
ਉਨ੍ਹਾਂ ਨੇ ਦੋ ਪੁੱਤਰਾਂ ਦੀ ਪਰਵਰਿਸ਼ ਕੀਤੀ, ਇੱਕ ਵਿਦੇਸ਼ ਵਿੱਚ ਵਸਿਆ ਹੋਇਆ ਹੈ, ਦੂਜਾ ਆਪਣੀ ਮਾਂ ਨਾਲ ਘਰੇ ਹੀ ਰਹਿੰਦਾ ਹੈ।
ਨੀਰਜ ਨੇ 39 ਸਾਲ ਸਰਕਾਰੀ ਡਾਕਟਰ ਵਜੋਂ ਸੇਵਾ ਕਰਨ ਤੋਂ ਬਾਅਦ 2019 ਵਿੱਚ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਅਤੇ ਫਿਰ ਘਰ ਵਿੱਚ ਇੱਕ ਨਿੱਜੀ ਕਲੀਨਿਕ ਖੋਲ੍ਹ ਲਿਆ।
ਇਹ ਘਟਨਾ ਮਹਾਵਾਰੀ ਦੌਰਾਨ ਵਾਪਰੀ ਸੀ। ਨੀਰਜ ਨੂੰ ਕੋਵਿਡ ਦੇ ਲੱਛਣ ਸਨ ਅਤੇ ਉਹ ਪਹਿਲੀ ਮੰਜ਼ਿਲ ʼਤੇ ਸਨ।
ਮਮਤਾ ਅਤੇ ਉਨ੍ਹਾਂ ਦਾ ਬੇਟਾ ਨਿਤੀਸ਼ ਹੇਠਾਂ ਰਹਿੰਦੇ ਸਨ। ਗਰਾਊਂਡ ਫਲੋਰ ਤੋਂ ਦੋ ਪੌੜੀਆਂ ਨੀਰਜ ਦੇ ਕਮਰਿਆਂ ਨੂੰ ਉਸ ਦੇ ਨਿੱਜੀ ਕਲੀਨਿਕ ਦੀ ਖੁੱਲ੍ਹੀ ਗੈਲਰੀ ਅਤੇ ਵੇਟਿੰਗ ਰੂਮ ਨਾਲ ਜੋੜਦੀਆਂ ਸਨ, ਜਿੱਥੇ ਅੱਧਾ ਦਰਜਨ ਸਟਾਫ ਲੈਬ ਅਤੇ ਮੈਡੀਕਲ ਸਟੋਰ ਦੇ ਵਿਚਕਾਰ ਘੁੰਮਦਾ ਰਹਿੰਦਾ ਸੀ।
97 ਪੰਨਿਆਂ ਦੇ ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਮਮਤਾ ਨੇ 29 ਅਪ੍ਰੈਲ ਨੂੰ ਆਪਣੇ ਪਤੀ ਨੀਰਜ ਨੂੰ ਆਪਣੇ ਬਿਸਤਰੇ 'ਤੇ ਬੇਹੋਸ਼ ਪਾਇਆ, ਪਰ 1 ਮਈ ਤੱਕ ਕਿਸੇ ਡਾਕਟਰ ਜਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ।
ਇਸ ਦੀ ਬਜਾਏ, ਉਹ ਆਪਣੇ ਵੱਡੇ ਪੁੱਤਰ ਨੂੰ ਝਾਂਸੀ ਲੈ ਗਈ। ਡਰਾਈਵਰ ਦੇ ਅਨੁਸਾਰ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ 130 ਕਿਲੋਮੀਟਰ ਤੋਂ ਵੱਧ ਦੂਰ ਗਏ ਸਨ ਅਤੇ ਉਸੇ ਸ਼ਾਮ ਵਾਪਸ ਆ ਗਈ।
ਜਦੋਂ ਉਨ੍ਹਾਂ ਨੇ ਅੰਤ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਮੌਤ ਬਾਰੇ ਨਹੀਂ ਪਤਾ ਸੀ।
ਇਸ ਚੁੱਪ ਦੇ ਪਿੱਛੇ ਇੱਕ ਵਿਆਹ ਦੀਆਂ ਪਰੇਸ਼ਾਨੀਆਂ ਸਨ। ਜੱਜਾਂ ਨੇ ਲੰਬੇ ਸਮੇਂ ਤੋਂ ਚੱਲ ਰਹੇ ਵਿਆਹੁਤਾ ਵਿਵਾਦ ਉੱਤੇ ਧਿਆਨ ਕੇਂਦਰਿਤ ਕੀਤਾ ਜਿਸ ਵਿੱਚ ਜੋੜਾ ਵੱਖਰਾ ਰਹਿੰਦਾ ਸੀ ਅਤੇ ਮਮਤਾ ਨੂੰ ਆਪਣੇ ਪਤੀ 'ਤੇ ਬੇਵਫ਼ਾਈ ਦਾ ਸ਼ੱਕ ਸੀ।
ਜਿਸ ਦਿਨ ਉਨ੍ਹਾਂ ਦੀ ਮੌਤ ਹੋਈ, ਉਸ ਦਿਨ ਸਵੇਰੇ, ਨੀਰਜ ਨੇ ਇੱਕ ਸਾਥੀ ਨੂੰ ਫ਼ੋਨ ਕਰਕੇ ਇਲਜ਼ਾਮ ਲਗਾਇਆ ਕਿ ਮਮਤਾ ਉਨ੍ਹਾਂ ਨੂੰ "ਤਸੀਹੇ" ਦੇ ਰਹੀ ਹੈ, ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕਰ ਰਹੀ ਹੈ, ਉਨ੍ਹਾਂ ਨੂੰ ਕਈ ਦਿਨਾਂ ਤੱਕ ਖਾਣਾ ਨਹੀਂ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾ ਰਹੀ ਹੈ।
ਉਨ੍ਹਾਂ ਨੇ ਉਸ 'ਤੇ ਨਕਦੀ, ਏਟੀਐੱਮ ਕਾਰਡ, ਕਾਰ ਦੀਆਂ ਚਾਬੀਆਂ ਅਤੇ ਬੈਂਕ ਫਿਕਸਡ ਡਿਪਾਜ਼ਿਟ ਦਸਤਾਵੇਜ਼ ਖੋਹਣ ਦਾ ਵੀ ਇਲਜ਼ਾਮ ਲਗਾਇਆ। ਮਦਦ ਦੀ ਗੁਹਾਰ ਲਗਾਉਂਦੇ ਹੋਏ, ਨੀਰਜ ਦੇ ਪੁੱਤਰ ਨੇ ਇੱਕ ਦੋਸਤ ਨਾਲ ਸੰਪਰਕ ਕੀਤਾ ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਫਿਰ ਸੇਵਾਮੁਕਤ ਡਾਕਟਰ ਨੂੰ ਕਥਿਤ "ਮਮਤਾ ਦੀ ਹਿਰਾਸਤ" ਤੋਂ ਬਚਾਇਆ।
ਜੋੜਾ ਹਾਲ ਦੇ ਸਮੇਂ ਵਿੱਚ ਵੱਖ-ਵੱਖ ਰਹਿ ਰਿਹਾ ਸੀ, ਜਿਸ ਨਾਲ ਅਦਾਲਤ ਦਾ ਸ਼ੱਕ ਵਧਿਆ।
ਮਮਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ "ਸਭ ਤੋਂ ਵਧੀਆ ਮਾਂ" ਹੈ ਅਤੇ ਸਬੂਤ ਵਜੋਂ ਆਪਣੇ ਬੱਚਿਆਂ ਦੇ ਜਨਮਦਿਨ ਦੇ ਕਾਰਡ ਦਿਖਾਏ ਸਨ। ਉਨ੍ਹਾਂ ਨੇ ਆਪਣੇ ਪਤੀ ਨੂੰ ਖਾਣਾ ਖੁਆਉਂਦੇ ਹੋਏ ਦੀਆਂ ਫੋਟੋਆਂ ਅਤੇ ਪਰਿਵਾਰ ਨਾਲ ਤਸਵੀਰਾਂ ਵੀ ਦਿਖਾਈਆਂ।
ਫਿਰ ਵੀ, ਜੱਜ ਟਸ ਤੋਂ ਮਸ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਪਿਆਰ ਦੇ ਅਜਿਹੇ ਸੰਕੇਤ ਮਕਸਦ ਨਹੀਂ ਮਿਟਾਉਂਦੇ, ਆਖ਼ਰਕਾਰ, ਇੱਕ "ਪਿਆਰ ਕਰਨ ਵਾਲੀ ਮਾਂ" ਇੱਕ "ਸ਼ੱਕੀ ਪਤਨੀ" ਵੀ ਹੋ ਸਕਦੀ ਹੈ।
ਪੰਜਾਹ ਮਿੰਟ ਦੀ ਗਵਾਹੀ ਤੋਂ ਬਾਅਦ, ਸਵਾਲਾਂ ਤੋਂ ਬਚਣ ਅਤੇ ਅਦਾਲਤ ਦੇ ਸ਼ੱਕ ਦੇ ਸਾਹਮਣੇ ਆਪਣਾ ਬਚਾਅ ਕਰਨ ਤੋਂ ਬਾਅਦ, ਮਮਤਾ ਦੇ ਸਬਰ ਦਾ ਬੰਨ੍ਹ ਪਹਿਲੀ ਵਾਰ ਟੁੱਟਿਆ।
ਉਨ੍ਹਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, "ਮੈਨੂੰ ਇੱਕ ਗੱਲ ਪਤਾ ਹੈ... ਮੈਂ ਉਸ ਨੂੰ ਨਹੀਂ ਮਾਰਿਆ।"
ਕੁਝ ਪਲ਼ ਬਾਅਦ ਉਨ੍ਹਾਂ ਨੇ ਕਬੂਲ ਕੀਤਾ, "ਮੈਂ ਇਸ ਨੂੰ ਹੋਰ ਨਹੀਂ ਸਹਿ ਸਕਦੀ।"
ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਜੱਜ ਅਗਰਵਾਲ ਨੇ ਕਿਹਾ, "ਤੁਹਾਨੂੰ ਇਸਦੀ ਆਦਤ ਹੋਣੀ ਚਾਹੀਦੀ ਹੈ... ਤੁਸੀਂ ਕਾਲਜ ਵਿੱਚ 50 ਮਿੰਟ ਲਈ ਕਲਾਸਾਂ ਲੈ ਰਹੇ ਹੋਵੋਗੇ।"
ਮਮਤਾ ਨੇ ਕਿਹਾ, "40 ਮਿੰਟ, ਸਰ ਪਰ ਉਹ ਛੋਟੇ ਬੱਚੇ ਹਨ।"
ਜੱਜ ਨੇ ਜ਼ੋਰ ਦੇ ਕੇ ਕਿਹਾ, "ਕਾਲਜ ਵਿੱਚ ਛੋਟੇ ਬੱਚੇ? ਪਰ ਤੁਹਾਡਾ ਅਹੁਦਾ ਸਹਾਇਕ ਪ੍ਰੋਫੈਸਰ ਹੈ।"
ਉਨ੍ਹਾਂ ਨੇ ਜਵਾਬ ਦਿੱਤਾ, "ਪਰ ਉਹ ਬੱਚੇ ਹਨ, ਸਰ।"
ਜੱਜ ਅਗਰਵਾਲ ਨੇ ਤੇਜ਼ੀ ਨਾਲ ਰੋਕਦਿਆਂ ਕਿਹਾ, "ਸਾਨੂੰ ਅਜਿਹੀਆਂ ਕਹਾਣੀਆਂ ਨਾ ਸੁਣਾਓ।"
ਮਮਤਾ ਨੇ ਨਾ ਸਿਰਫ਼ ਆਪਣੇ ਬਚਾਅ ਵਜੋਂ, ਸਗੋਂ ਇੱਕ ਅਧਿਆਪਕ ਵਜੋਂ ਵੀ ਲੜਾਈ ਲੜੀ, ਵਿਗਿਆਨ ਰਾਹੀਂ ਆਪਣੀ ਬੇਗ਼ੁਨਾਹੀ ਸਾਬਤ ਕਰਨ ਦੀ ਉਮੀਦ ਵਿੱਚ, ਅਦਾਲਤ ਨੂੰ ਇੱਕ ਰਸਾਇਣ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਬਦਲ ਦਿੱਤਾ।
ਅਖ਼ੀਰ ਵਿੱਚ, ਠੰਢੇ ਤੱਤ ਉਨ੍ਹਾਂ ਦੀਆਂ ਸਿੱਖਿਆ ਨਾਲੋਂ ਜ਼ਿਆਦਾ ਮਜ਼ਬੂਤ ਸਾਬਤ ਹੋਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ