You’re viewing a text-only version of this website that uses less data. View the main version of the website including all images and videos.
ਰੋਟੀ ਜਾਂ ਚੌਲ, ਰਾਤ ਨੰ ਕੀ ਖਾਣਾ ਚਾਹੀਦਾ ਹੈ? ਰੋਟੀ ਤੇ ਚੌਲ ਨੂੰ ਕਿਸ ਵਿੱਚ ਰੂਪ ਖਾਣਾ ਸਿਹਤ ਲਈ ਚੰਗਾ ਹੈ
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਕਈ ਵਾਰ ਲੋਕਾਂ ਵਿੱਚ ਇਹ ਬਹਿਸ ਹੁੰਦੀ ਹੈ ਕਿ ਚੌਲ ਖਾਣਾ ਸਿਹਤ ਲਈ ਚੰਗਾ ਹੈ ਜਾਂ ਰੋਟੀ।
ਬਹੁਤ ਸਾਰੇ ਲੋਕ ਰਾਤ ਦੇ ਖਾਣੇ ਵਿੱਚ ਚੌਲ ਅਤੇ ਰੋਟੀ ਦੋਵੇਂ ਖਾਂਦੇ ਹਨ ਅਤੇ ਉਹ ਇਸ ਵਿੱਚ ਸੰਤੁਲਨ ਪਾਉਂਦੇ ਹਨ।
ਬਿਹਾਰ, ਪੱਛਮੀ ਬੰਗਾਲ ਜਾਂ ਓਡੀਸ਼ਾ ਵਰਗੇ ਸੂਬਿਆਂ ਵਿੱਚ ਚੌਲ ਲੋਕਾਂ ਦਾ ਮੁੱਖ ਭੋਜਨ ਹੈ।
ਜਦੋਂ ਕਿ ਪੰਜਾਬ ਜਾਂ ਮੱਧ ਪ੍ਰਦੇਸ਼ ਸਣੇ ਕੁਝ ਹੋਰ ਇਲਾਕਿਆਂ ਵਿੱਚ ਲੋਕ ਰੋਟੀ ਖਾਣਾ ਪਸੰਦ ਕਰਦੇ ਹਨ।
ਪਰ ਮਾਹਰ ਇਸ ਬਹਿਸ ਨੂੰ ਸਿਰਫ਼ ਚੌਲਾਂ ਅਤੇ ਰੋਟੀਆਂ ਦੇ ਆਧਾਰ 'ਤੇ ਨਹੀਂ ਦੇਖਦੇ।
ਤੁਹਾਡੀ ਡਿਨਰ ਪਲੇਟ ਵਿੱਚ ਰੋਟੀ ਹੋਣੀ ਚਾਹੀਦੀ ਹੈ ਜਾਂ ਚੌਲ, ਇਹ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ।
ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਚੌਲ ਜਾਂ ਰੋਟੀ ਖਾ ਰਹੇ ਹੋ।
ਤੁਸੀਂ ਕਿਵੇਂ ਖਾਂਦੇ ਹੋ, ਇਹ ਜ਼ਿਆਦਾ ਮਹੱਤਵਪੂਰਨ ਹੈ।
ਸਾਡੀ ਥਾਲੀ ਵਿੱਚ ਚੌਲ ਹੋਣ ਜਾਂ ਰੋਟੀ, ਦੋਵਾਂ ਵਿੱਚ ਕਾਰਬੋਹਾਈਡਰੇਟ ਪਾਏ ਜਾਂਦੇ ਹਨ।
ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਰੋਟੀ ਵਿੱਚ ਚੌਲਾਂ ਨਾਲੋਂ ਘੱਟ ਕਾਰਬੋਹਾਈਡਰੇਟ ਹੁੰਦੇ ਹਨ, ਇਸ ਲਈ ਇਹ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਹੈ।
ਨਿਊਟ੍ਰੀਫਾਈ ਟੂਡੇ ਲਈ ਡਾਇਟਿਕਸ ਦੇ ਮੁਖੀ ਅਤੇ ਮੁੰਬਈ ਸਥਿਤ ਡਾਇਟੀਸ਼ੀਅਨ ਨਾਜ਼ਨੀਨ ਹੁਸੈਨ ਕਹਿੰਦੇ ਹਨ, "ਜੇਕਰ ਤੁਸੀਂ ਮੋਟੇ ਆਟੇ ਜਾਂ ਉੱਚ ਫਾਈਬਰ ਤੋਂ ਬਣੀ ਰੋਟੀ ਖਾਂਦੇ ਹੋ, ਤਾਂ ਇਹ ਠੀਕ ਹੈ। ਪਰ ਜੇਕਰ ਤੁਸੀਂ ਪੂਰੀ ਤਰ੍ਹਾਂ ਰਿਫਾਇੰਡ ਆਟੇ ਤੋਂ ਬਣੀ ਰੋਟੀ ਖਾ ਰਹੇ ਹੋ, ਤਾਂ ਇਹ ਚੌਲਾਂ ਵਰਗੀ ਹੈ ਅਤੇ ਇਸਨੂੰ ਖਾਣ ਤੋਂ ਬਾਅਦ ਵੀ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।"
ਉਹ ਕਹਿੰਦੇ ਹਨ ਕਿ ਲੰਬੇ ਪਾਲਿਸ਼ ਕੀਤੇ ਚੌਲ ਖਾਣਾ ਸਿਹਤ ਲਈ ਚੰਗਾ ਨਹੀਂ ਹੈ, ਪਰ ਇਸ ਸਬੰਧ ਵਿੱਚ ਬਿਨ੍ਹਾਂ ਪਾਲਿਸ਼ ਕੀਤੇ ਛੋਟੇ ਚੌਲ ਬਿਹਤਰ ਹਨ।
ਫਾਈਬਰ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਕਟਰ ਜਾਂ ਡਾਇਟੀਸ਼ੀਅਨ ਅਕਸਰ ਲੋਕਾਂ ਨੂੰ ਭੂਰੇ ਚੌਲ ਜਾਂ ਪਾਲਿਸ਼ ਨਾ ਕੀਤੇ ਚੌਲ ਖਾਣ ਦੀ ਸਲਾਹ ਦਿੰਦੇ ਹਨ।
ਇੱਕ ਹੋਰ ਸਿਫਾਰਸ਼ ਹੈ ਕਿ ਚੌਲ ਦਾਲ, ਦਹੀਂ ਜਾਂ ਸਬਜ਼ੀਆਂ ਦੇ ਨਾਲ ਖਾਓ। ਚੌਲਾਂ ਦਾ ਦਲੀਆ ਜਾਂ ਪੁਲਾਓ ਖਾਣਾ ਵੀ ਸਰੀਰ ਲਈ ਲਾਭਦਾਇਕ ਹੈ।
ਚੌਲ ਜਾਂ ਰੋਟੀ ਬਿਹਤਰ ਕੀ ਹੈ
ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਐਮ ਵਲੀ ਕਹਿੰਦੇ ਹਨ, "ਜਿਸ ਤਰ੍ਹਾਂ ਦਾ ਆਟਾ ਅਸੀਂ ਅੱਜ ਖਾ ਰਹੇ ਹਾਂ, ਉਹ ਖੰਡ, ਮੈਦੇ ਅਤੇ ਨਮਕ ਵਾਂਗ ਚਿੱਟਾ ਜ਼ਹਿਰ ਬਣ ਰਿਹਾ ਹੈ।"
"ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਇਹ ਵੀ ਗ਼ਲਤ ਹੈ ਕਿ ਅਸੀਂ ਰੋਟੀਆਂ ਜ਼ਿਆਦਾ ਖਾਂਦੇ ਹਾਂ ਅਤੇ ਸਬਜ਼ੀਆਂ ਘੱਟ। ਜੇਕਰ ਤੁਸੀਂ ਚੌਲਾਂ ਦੇ ਨਾਲ ਜ਼ਿਆਦਾ ਸਬਜ਼ੀਆਂ ਖਾਂਦੇ ਹੋ, ਤਾਂ ਇਸਦਾ ਗਲਾਈਸੈਮਿਕ ਇੰਡੈਕਸ ਸੁਧਰਦਾ ਹੈ, ਜਿਸਦਾ ਮਤਲਬ ਹੈ ਕਿ ਇਸ ਤੋਂ ਪੈਦਾ ਹੋਣ ਵਾਲੀ ਸ਼ੂਗਰ ਸਰੀਰ ਵਿੱਚ ਹੌਲੀ-ਹੌਲੀ ਘੁਲ ਜਾਂਦੀ ਹੈ। ਇਸ ਤਰ੍ਹਾਂ, ਇਹ ਰੋਟੀ ਨਾਲੋਂ ਵਧੀਆ ਬਣ ਜਾਂਦੀ ਹੈ।"
ਡਾਕਟਰ ਵਲੀ ਕਹਿੰਦੇ ਹਨ ਕਿ ਜੇਕਰ ਤੁਸੀਂ ਰੋਟੀ ਦੇ ਆਟੇ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਲੌਕੀ ਨਾਲ ਗੁੰਨ੍ਹਦੇ ਹੋ, ਯਾਨੀ ਕਿ ਜੇਕਰ ਰੋਟੀ ਸਿਰਫ਼ ਆਟੇ ਦੀ ਨਹੀਂ ਬਣਾਈ ਜਾਂਦੀ, ਤਾਂ ਇਸਨੂੰ ਮੁਕਾਬਲਤਨ ਪੌਸ਼ਟਿਕ ਬਣਾਇਆ ਜਾ ਸਕਦਾ ਹੈ।
ਚੌਲਾਂ ਅਤੇ ਰੋਟੀ ਵਿੱਚ ਬੁਨਿਆਦੀ ਅੰਤਰ ਇਹ ਹੈ ਕਿ ਚੌਲ ਉਨ੍ਹਾਂ ਲੋਕਾਂ ਲਈ ਬਿਹਤਰ ਹਨ ਜਿਨ੍ਹਾਂ ਨੂੰ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ, ਜਿਵੇਂ ਕਿ ਉਹ ਲੋਕ ਜੋ ਤੀਬਰ ਸਰੀਰਕ ਮਿਹਨਤ ਵਿੱਚ ਲੱਗੇ ਰਹਿੰਦੇ ਹਨ।
ਪਰ ਜੇਕਰ ਤੁਸੀਂ ਜ਼ਿਆਦਾ ਖਾਣ ਤੋਂ ਬਚਣਾ ਚਾਹੁੰਦੇ ਹੋ ਜਾਂ ਜ਼ਿਆਦਾ ਨਹੀਂ ਖਾਣਾ ਚਾਹੁੰਦੇ ਹੋ, ਤਾਂ ਰੋਟੀ ਤੁਹਾਡੇ ਲਈ ਇੱਕ ਬਿਹਤਰ ਬਦਲ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਫਾਈਬਰ ਹੁੰਦਾ ਹੈ।
ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ।
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਡਾਇਟੀਸ਼ੀਅਨ ਵਜੋਂ ਸੇਵਾਵਾਂ ਨਿਭਾ ਰਹੇ ਮਾਲਾ ਮਨਰਾਲ ਕਹਿੰਦੇ ਹਨ, "ਜੇ ਤੁਸੀਂ ਚੰਗੀ ਪ੍ਰੋਟੀਨ ਵਾਲੀ ਰੋਟੀ ਖਾਓ ਤਾਂ ਬਿਹਤਰ ਹੋਵੇਗਾ। ਮਾਸਾਹਾਰੀ ਲੋਕਾਂ ਲਈ ਬਹੁਤ ਸਾਰੇ ਵਿਕਲਪ ਹਨ ਅਤੇ ਸ਼ਾਕਾਹਾਰੀ ਰੋਟੀ ਦੇ ਨਾਲ ਸਬਜ਼ੀਆਂ ਜਾਂ ਦਾਲ ਆਦਿ ਲੈ ਸਕਦੇ ਹਨ।"
ਮਾਲਾ ਮਨਰਾਲ ਕਹਿੰਦੇ ਹਨ, "ਤੁਹਾਨੂੰ ਕੀ ਖਾਣਾ ਚਾਹੀਦਾ ਹੈ ਇਹ ਤੁਹਾਡੇ ਕੰਮ ਅਤੇ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਬੈਠ ਕੇ ਕੰਮ ਕਰਦੇ ਹੋ, ਤਾਂ ਤੁਹਾਨੂੰ ਘੱਟ ਕੈਲੋਰੀਆਂ ਦੀ ਲੋੜ ਹੁੰਦੀ ਹੈ।"
"ਅਸੀਂ ਅਜਿਹੇ ਲੋਕਾਂ ਨੂੰ ਰੋਟੀ ਖਾਣ ਦੀ ਸਲਾਹ ਦਿੰਦੇ ਹਾਂ, ਕਿਉਂਕਿ ਜੇਕਰ ਉਹ ਬਹੁਤ ਜ਼ਿਆਦਾ ਚੌਲ ਖਾਂਦੇ ਹਨ, ਤਾਂ ਮੋਟਾਪੇ ਦਾ ਖ਼ਤਰਾ ਹੁੰਦਾ ਹੈ।"
ਮਾਲਾ ਮਨਰਾਲ ਕਹਿੰਦੇ ਹਨ, "ਹਰ ਵਿਅਕਤੀ ਨੂੰ ਉਸਦੀ ਸਰੀਰਕ ਗਤੀਵਿਧੀ ਅਤੇ ਉਮਰ ਦੇ ਆਧਾਰ 'ਤੇ ਇੱਕ ਨਿਸ਼ਚਿਤ ਮਾਤਰਾ ਵਿੱਚ ਕੈਲੋਰੀਜ਼ ਦੀ ਲੋੜ ਹੁੰਦੀ ਹੈ।"
"ਮੰਨ ਲਓ ਕਿ ਕਿਸੇ ਨੂੰ 1600 ਕਿਲੋ ਕੈਲੋਰੀਜ਼ ਦੀ ਲੋੜ ਹੈ, ਤਾਂ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਉਸਨੂੰ ਇਸਦਾ 60 ਫ਼ੀਸਦ ਕਾਰਬੋਹਾਈਡਰੇਟ, 20 ਫ਼ੀਸਦ ਪ੍ਰੋਟੀਨ ਅਤੇ ਤਕਰੀਬਨ 20 ਫ਼ੀਸਦ ਚਰਬੀ ਤੋਂ ਮਿਲੇ।"
ਇਸ ਵਿੱਚ ਕਾਰਬੋਹਾਈਡਰੇਟ ਲਈ ਰੋਟੀ, ਚੌਲ, ਇਡਲੀ, ਉਪਮਾ ਅਤੇ ਪ੍ਰੋਟੀਨ ਲਈ ਦਾਲ ਜਾਂ ਮਾਸਾਹਾਰੀ ਲੋਕਾਂ ਲਈ ਅੰਡੇ ਵਰਗੀਆਂ ਚੀਜ਼ਾਂ ਸ਼ਾਮਲ ਹਨ।
ਕਿਸੇ ਵਿਅਕਤੀ ਨੂੰ ਚੌਲ ਖਾਣੇ ਚਾਹੀਦੇ ਹਨ ਜਾਂ ਰੋਟੀ, ਇਹ ਬਹੁਤ ਹੱਤ ਤੱਕ ਉਸਦੀ ਸਿਹਤ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣ ਤੋਂ ਪਰਹੇਜ਼ ਕਰਨ ਅਤੇ ਜ਼ਿਆਦਾ ਫਾਈਬਰ ਵਾਲਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਫ਼ਰਿੱਜ ਵਿੱਚ ਰੱਖੇ ਚੌਲ ਫਾਈਬਰ ਦੀ ਮਾਤਰਾ ਦੇ ਮਾਮਲੇ ਵਿੱਚ ਬਿਹਤਰ ਮੰਨੇ ਜਾਂਦੇ ਹਨ।
ਨਾਜ਼ਨੀਨ ਕਹਿੰਦੇ ਹਨ, "ਚੌਲਾਂ ਨੂੰ ਫਰਿੱਜ ਵਿੱਚ ਰੱਖਣ ਨਾਲ ਇਸਦਾ ਰੋਧਕ ਸਟਾਰਚ ਫਾਈਬਰ ਵਿੱਚ ਬਦਲ ਜਾਂਦਾ ਹੈ। ਇਸਦਾ ਮਤਲਬ ਹੈ ਕਿ ਇਸਨੂੰ ਖਾਣ ਨਾਲ ਸ਼ੂਗਰ ਦਾ ਪੱਧਰ ਅਚਾਨਕ ਨਹੀਂ ਵਧਦਾ।"
ਕੀ ਲੋਕਾਂ ਦਾ ਭੋਜਨ ਵੀ ਇਲਾਕਿਆਂ ਦੇ ਆਧਾਰ ਉੱਤੇ ਤੈਅ ਹੁੰਦਾ ਹੈ?
ਇਹ ਮੰਨਿਆ ਜਾਂਦਾ ਹੈ ਕਿ ਬਚਪਨ ਤੋਂ ਹੀ ਅਸੀਂ ਜੋ ਵੀ ਖਾਣ ਦੇ ਆਦੀ ਹੁੰਦੇ ਹਾਂ, ਉਹ ਆਮ ਤੌਰ 'ਤੇ ਸਾਡੇ ਲਈ ਪਚਾਉਣਾ ਸੌਖਾ ਹੁੰਦਾ ਹੈ ਅਤੇ ਉਹੀ ਭੋਜਨ ਸਾਨੂੰ ਸੰਤੁਸ਼ਟੀ ਵੀ ਦਿੰਦਾ ਹੈ।
ਨਾਜ਼ਨੀਨ ਹੁਸੈਨ, "ਕਿਸੇ ਖ਼ਾਸ ਇਲਾਕੇ ਵਿੱਚ ਜੋ ਵੀ ਪੈਦਾ ਹੁੰਦਾ ਹੈ, ਉਹ ਉਸ ਇਲਾਕੇ ਦਾ ਮੁੱਖ ਭੋਜਨ ਬਣ ਜਾਂਦਾ ਹੈ ਅਤੇ ਆਮ ਤੌਰ 'ਤੇ ਲੋਕਾਂ ਨੂੰ ਅਜਿਹਾ ਭੋਜਨ ਖਾਣਾ ਚਾਹੀਦਾ ਹੈ।"
ਉਦਾਹਰਣ ਵਜੋਂ, ਕਸ਼ਮੀਰ ਦੇ ਲੋਕਾਂ ਲਈ ਚੌਲ ਮੁੱਖ ਭੋਜਨ ਹੈ, ਉਨ੍ਹਾਂ ਲਈ ਰੋਟੀ ਨੂੰ ਚੌਲਾਂ ਨਾਲੋਂ ਵਧੀਆ ਨਹੀਂ ਕਿਹਾ ਜਾ ਸਕਦਾ।
ਡਾਕਟਰ ਵਲੀ ਕਹਿੰਦੇ ਹਨ, "ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਲੋਕਾਂ ਨੂੰ ਰੋਟੀਆਂ ਪਕਾਉਣੀਆਂ ਵੀ ਨਹੀਂ ਆਉਂਦੀਆਂ। ਜੇਕਰ ਤੁਸੀਂ ਭਾਰਤ ਵੱਲ ਦੇਖੋ, ਤਾਂ ਜ਼ਿਆਦਾਤਰ ਲੋਕ ਚੌਲ ਖਾਂਦੇ ਹਨ।"
"ਦੱਖਣੀ ਭਾਰਤ ਵਿੱਚ, ਸ਼ੂਗਰ ਦੇ ਮਰੀਜ਼ ਵੀ ਚੌਲ ਖਾਂਦੇ ਹਨ, ਪਰ ਉਹ ਚੌਲਾਂ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਹੋਰ ਮਸਾਲੇ ਪਾ ਕੇ ਪਕਾਉਂਦੇ ਹਨ ਤਾਂ ਜੋ ਇਨ੍ਹਾਂ ਨੂੰ ਹਜ਼ਮ ਕਰਨ ਲਈ ਪੈਨਕ੍ਰੀਅਸ 'ਤੇ ਜ਼ਿਆਦਾ ਦਬਾਅ ਨਾ ਪਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ