You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਵਿੱਚ ਹਿੰਦੂ ਔਰਤ ਦਾ ਗ਼ਲ ਵੱਢ ਕੇ ਕਤਲ ਕਰਨ ਦਾ ਕੀ ਹੈ ਪੂਰਾ ਮਾਮਲਾ, ਭਾਰਤ ਨੇ ਵੀ ਦਿੱਤੀ ਪ੍ਰਤੀਕਿਰਿਆ
- ਲੇਖਕ, ਸ਼ੁਮਾਇਲਾ ਖ਼ਾਨ
- ਰੋਲ, ਬੀਬੀਸੀ ਲਈ, ਕਰਾਚੀ ਤੋਂ
ਇਸ ਕਹਾਣੀ ਦੇ ਕੁਝ ਅੰਸ਼ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਹਿੰਦੂ ਔਰਤ ਦਾ ਸਿਰ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਔਰਤ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਇਹ ਘਟਨਾ ਸੈਂਟਰਲ ਸਿੰਧ ਦੇ ਸੰਘਾਰ ਜ਼ਿਲ੍ਹੇ ਦੇ ਸਿੰਝੋਰੋ ਇਲਾਕੇ ਵਿੱਚ ਹੋਈ ਹੈ। ਸਿੰਝੋਰੋ ਕਰਾਚੀ ਤੋਂ ਲਗਭਗ 250 ਕਿਲੋਮੀਟਰ ਦੂਰ ਹੈ।
40 ਸਾਲ ਦੀ ਦਯਾ ਭੀਲ ਵਿਧਵਾ ਸਨ ਤੇ ਉਨ੍ਹਾਂ ਦੇ ਪੁੱਤਰ ਸੁਮੇਰ ਚੰਦ ਭੀਲ ਨੇ ਦੱਸਿਆ ਕੀ ਪਰਿਵਾਰ ਖੇਤੀਬਾੜੀ ਕਰਦਾ ਹੈ।
ਭਾਰਤ ਨੇ ਵੀ ਇਸ ਕਤਲ ਉੱਤੇ ਪਾਕਿਸਤਾਨ ਨੂੰ ਸਵਾਲ ਕੀਤੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਨੂੰ ਕਿਹਾ ਹੈ।
ਸੁਮੇਰ ਚੰਦ ਮੁਤਾਬਕ ਘਟਨਾ ਕੁਝ ਇਸ ਤਰ੍ਹਾਂ ਹੋਈ। ਮੰਗਲਵਾਰ ਦੁਪਹਿਰ ਦਯਾ ਭੀਲ ਗੰਨੇ ਦੇ ਖੇਤ ਵਿੱਚ ਘਾਹ ਵੱਢਣ ਗਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧੀ ਵੀ ਸੀ। ਘਾਹ ਵੱਢਣ ਤੋਂ ਬਾਅਦ ਇੱਕ ਪੰਡ ਉਨ੍ਹਾਂ ਨੇ ਧੀ ਨੂੰ ਦੇ ਦਿੱਤੀ ਅਤੇ ਉਸ ਨੂੰ ਘਰ ਭੇਜ ਦਿੱਤਾ।
ਦਯਾ ਭੀਲ ਨੇ ਧੀ ਨੂੰ ਮੁੜ ਪਰਤਣ ਨੂੰ ਕਿਹਾ ਅਤੇ ਫਿਰ ਘਾਹ ਵੱਢਣ ਵਿੱਚ ਲੱਗ ਗਏ। ਸੁਮੇਰ ਚੰਦ ਦੱਸਦੇ ਹਨ ਕਿ ਜਦੋਂ ਉਹ ਸ਼ਾਮ ਨੂੰ ਘਰ ਪਹੁੰਚੇ ਤਾਂ ਉਨ੍ਹਾਂ ਨੇ ਭੈਣ ਨੂੰ ਦੱਸਿਆ ਕਿ ਮਾਂ ਹੁਣ ਤੱਕ ਖੇਤ ਤੋਂ ਨਹੀਂ ਪਰਤੇ ਹਨ।
ਇਸ ਤੋਂ ਬਾਅਦ ਉਹ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਮਾਂ ਦੀ ਭਾਲ ਲਈ ਖੇਤ ਵੱਲ ਨਿਕਲ ਗਏ। ਲੱਭਣ ਦੇ ਸਿਲਸਿਲੇ ਵਿੱਚ ਪਰਿਵਾਰ ਵਾਲੇ ਸਰੋਂ ਦੇ ਖੇਤ ਵਿੱਚ ਵੀ ਗਏ ਜਿੱਥੇ ਉਨ੍ਹਾਂ ਨੇ ਸਰੋਂ ਦੀ ਟਹਿਣੀਆਂ ਟੁੱਟੀ ਦੇਖੀਆਂ ਤੇ ਨਾਲ ਹੀ ਲਾਸ਼ ਪਈ ਸੀ।
ਸੁਮੇਰ ਚੰਦ ਦੱਸਦੇ ਹਨ, ’’ਮੇਰੀ ਮਾਂ ਦੀ ਲਾਸ਼ ਖੇਤ ਵਿੱਚ ਪਈ ਸੀ। ਜਦੋਂ ਅਸੀਂ ਨੇੜੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਸਿਰ ਸਰੀਰ ਤੋਂ ਵੱਖਰਾ ਕਰ ਦਿੱਤਾ ਗਿਆ ਹੈ। ਅਸੀਂ ਉਸੇ ਵੇਲੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਲਾਸ਼ ਨੂੰ ਘਟਨਾ ਵਾਲੀ ਥਾਂ ਤੋਂ ਲੈ ਗਈ।’’
ਸੁਮੇਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਦਯਾ ਭੀਲ ਦੇ ਰਿਸ਼ਤੇਦਾਰਾਂ ਨੇ ਸਥਾਨਕ ਸੜਕ ਉੱਤੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ।
‘ਨੱਕ ਅਤੇ ਕੰਨ ਕੱਟ ਦਿੱਤੇ ਸੀ’
ਦਯਾ ਭੀਲ ਦਾ ਪੋਸਟਮਾਰਟਮ ਸਿੰਝੋਰੋ ਦੇ ਹਸਪਤਾਲ ਵਿੱਚ ਹੋਇਆ।
ਸਿਹਤ ਵਿਭਾਗ ਦੀ ਇੱਕ ਮਹਿਲਾ ਡਾਕਟਰ ਮੁਤਾਬਕ, ਉਨ੍ਹਾਂ ਕੋਲ ਦਯਾ ਭੀਲ ਦਾ ਸਿਰ ਅਤੇ ਹੇਠਲਾ ਹਿੱਸਾ ਵੱਖੋ-ਵੱਖ ਲਿਆਂਦੇ ਗਏ ਸਨ। ਨਾਲ ਹੀ ਉਨ੍ਹਾਂ ਦੇ ਨੱਕ ਅਤੇ ਕੰਨ ਵੀ ਕੱਟ ਦਿੱਤੇ ਗਏ ਸਨ। ਪੁਲਿਸ ਨੂੰ ਹਾਲੇ ਤੱਕ ਇਹ ਅੰਗ ਨਹੀਂ ਮਿਲੇ ਹਨ।
ਨਾਮ ਨਾ ਦੱਸਣ ਦੀ ਸ਼ਰਤ ਉੱਤੇ ਮਹਿਲਾ ਡਾਕਟਰ ਨੇ ਕਿਹਾ ਦਯਾ ਭੀਲ ਦੇ ਸਿਰ ਉੱਤੇ ਡੂੰਘੀ ਸੱਟ ਦੇ ਨਿਸ਼ਾਨ ਸਨ ਜੋ ਕਿਸੇ ਤੇਜ਼ ਹਥਿਆਰ ਦੇ ਵਾਰ ਨਾਲ ਲੱਗੇ ਹੋਣਗੇ।
ਸਿਹਤ ਵਿਭਾਗ ਨੇ ਮੌਤ ਦਾ ਸਹੀ ਕਾਰਨ ਜਾਣਨ ਲਈ ਲਾਸ਼ ਦਾ ਕੈਮੀਕਲ ਮੁਲਾਂਕਣ ਕੀਤਾ ਜਿਸ ਦੇ ਨਤੀਜੇ ਅਜੇ ਨਹੀਂ ਆਏ ਹਨ।
ਮਹਿਲਾ ਡਾਕਟਰ ਨੇ ਦੱਸਿਆ, ‘‘ਬਲਾਤਕਾਰ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ। ਸਾਰੇ ਜ਼ਖ਼ਮ ਜਿਸਮ ਦੇ ਉੱਪਰਲੇ ਹਿੱਸੇ ’ਤੇ ਹਨ।’’
ਕਤਲ ਮਾਮਲੇ ’ਚ ਹੁਣ ਤੱਕ ਕੀ ਕੁਝ ਪਤਾ
- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹਿੰਦੂ ਔਰਤ ਦਯਾ ਭੀਲ ਦਾ ਸਿਰ ਵੱਢ ਕੇ ਕਤਲ
- ਘਟਨਾ ਸੈਂਟਰਲ ਸਿੰਧ ਦੇ ਸੰਘਾਰ ਜ਼ਿਲ੍ਹੇ ਦੇ ਸਿੰਝੋਰੋ ਇਲਾਕੇ ਵਿੱਚ ਹੋਈ
- ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ
- 40 ਸਾਲ ਦੀ ਦਯਾ ਭੀਲ ਵਿਧਵਾ ਸਨ, ਪਰਿਵਾਰ ਖੇਤੀਬਾੜੀ ਕਰਦਾ ਹੈ
- ਖੇਤ ਵਿੱਚ ਮਿਲੀ ਲਾਸ਼, ਸਿਰ ਤੋਂ ਧੜ ਵੱਖਰਾ ਸੀ, ਨੱਕ ਤੇ ਕੰਨ ਵੀ ਵੱਢੇ ਹੋਏ ਸਨ
- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਨੂੰ ਕਿਹਾ ਹੈ
ਇਹ ਵੀ ਪੜ੍ਹੋ:
ਡੌਗ ਸਕੌਡ ਦੀ ਮਦਦ
ਪੁਲਿਸ ਨੇ ਅਣਪਛਾਤੇ ਲੋਕਾਂ ਉੱਤੇ ਦਯਾ ਭੀਲ ਦੇ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਸ ਵਿੱਚ ਅੱਤਵਾਦ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਸਿੰਧ ਵਿੱਚ ਮਨੁੱਖੀ ਅਧਿਕਾਰ ਮੰਤਰਾਲੇ ਦੇ ਸਲਾਹਕਾਰ ਸੁਰੇਂਦਰ ਵਾਲਾਸਾਈ ਨੇ ਕਿਹਾ ਉਨ੍ਹਾਂ ਨੇ ਪੁਲਿਸ ਨੂੰ ਛੇਤੀ ਤਫ਼ਤੀਸ਼ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਤੁਰੰਤ ਕਤਲ ਕਰਨ ਵਾਲੇ ਲੋਕ ਫੜੇ ਜਾਣਗੇ ਅਤੇ ਫ਼ਿਰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਕਾਰਨ ਸਾਫ਼ ਹੋ ਸਕੇਗਾ।
ਪੁਲਿਸ ਨੇ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ। ਇਸੇ ਟੀਮ ਦੇ ਇੱਕ ਮੈਂਬਰ ਇੰਸਪੈਕਟਰ ਇਸ਼ਾਕ ਸੰਗਾਰਸੀ ਨੇ ਕਿਹਾ ਕਿ ਲਾਸ਼ ਤਾਂ ਸਰੋਂ ਦੇ ਖੇਤ ਤੋਂ ਮਿਲੀ ਪਰ ਉਨ੍ਹਾਂ ਨੂੰ ਉੱਥੇ ਕਿਸੇ ਦੇ ਪੈਰਾਂ ਦੇ ਨਿਸ਼ਾਨ ਨਹੀਂ ਦਿਖੇ ਹਨ।
ਉਸ ਤੋਂ ਬਾਅਦ ਟੋਹ ਲੈਣ ਵਾਲੇ ਕੁੱਤਿਆਂ ਦੀ ਮਦਦ ਲਈ ਗਈ ਅਤੇ ਇੱਕ ਕੁੱਤਾ ਦਯਾ ਭੀਲ ਦੇ ਭਰਾ ਦੇ ਦਰਵਾਜ਼ੇ ਉੱਤੇ ਜਾ ਕੇ ਰੁਕਿਆ ਸੀ। ਇੰਸਪੈਕਟਰ ਇਸ਼ਾਕ ਨੇ ਕਿਹਾ ਕਿ ਉਹ ਪੰਜ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਭਾਰਤ ਦਾ ਪ੍ਰਤੀਕਰਮ ਤੇ ਸੋਸ਼ਲ ਮੀਡੀਆ ’ਤੇ ਬਹਿਸ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਆਪਣੀ ਹਫ਼ਤਾਵਰ ਪ੍ਰੈੱਸ ਕਾਨਫਰੰਸ ਵਿੱਚ ਦਯਾ ਭੀਲ ਦੇ ਕਤਲ ਉੱਤੇ ਪ੍ਰਤੀਕਰਮ ਦਿੱਤਾ।
ਉਨ੍ਹਾਂ ਨੇ ਕਿਹਾ, ‘‘ਇਸ ਘਟਨਾ ਬਾਰੇ ਮੇਰੇ ਕੋਲ ਕੋਈ ਵਿਸਥਾਰਿਤ ਰਿਪੋਰਟ ਨਹੀਂ ਹੈ। ਇਸ ਲਈ ਇਸ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਾਂਗਾ ਪਰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਪਹਿਲਾਂ ਵੀ ਵਾਰ-ਵਾਰ ਇਹ ਕਿਹਾ ਹੈ ਕਿ ਪਾਕਿਸਤਾਨ ਆਪਣੇ ਘੱਟ-ਗਿਣਤੀਆਂ ਦਾ ਖ਼ਿਆਲ ਰੱਖੇ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਏ।’’
ਦਯਾ ਭੀਲ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮੀ ਹੈ। ਕਈ ਘੰਟਿਆਂ ਤੱਕ ਪਾਕਿਸਤਾਨ ਵਿੱਚ ਜਸਟਿਸ ਫ਼ਾਰ ਦਯਾ ਭੀਲ ਟਰੈਂਡ ਕਰ ਰਿਹਾ ਸੀ।
ਜਯ ਕੁਮਾਰ ਭਗਤ ਨਾਮ ਦੇ ਇੱਕ ਸਿਆਸੀ ਵਰਕਰ ਨੇ ਟਵੀਟ ਕੀਤਾ, ‘‘ਮੈਂ ਹੁਣ ਤੱਕ ਜਸਟਿਸ ਫਾਰ ਦਯਾ ਭੀਲ ਦਾ ਕੋਈ ਹੈਸ਼ਟੈਗ ਨਹੀਂ ਦੇਖਿਆ ਕਿਉਂਕਿ ਕਿਸੇ ਕੋਲ ਇਸ ਬੇਰਹਿਮ ਕਤਲ ਉੱਤੇ ਗੌਰ ਕਰਨ ਦਾ ਸਮਾਂ ਨਹੀਂ ਹੈ।''
''ਉਨ੍ਹਾਂ ਨੂੰ ਕਿਸੇ ਰਾਕਸ਼ਸ ਨੇ ਮਾਰਿਆ ਹੈ। ਉਹ ਕਿਸੇ ਵੱਡੇ ਘਰ ਤੋਂ ਨਹੀਂ ਸਨ, ਕੋਈ ਸੈਲੇਬਰਿਟੀ ਨਹੀਂ ਸਨ। ਇਹੀ ਕਾਰਨ ਹੈ ਕਿ ਮੁੱਖਧਾਰਾ ਦਾ ਮੀਡੀਆ ਵੀ ਉਨ੍ਹਾਂ ਦੀ ਖ਼ਬਰ ਨਹੀਂ ਦਿਖਾ ਰਿਹਾ।‘’
ਪੱਤਰਕਾਰ ਹਲਿਮਾ ਸੂਮਰੋ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਲਿਖਿਆ, ‘‘ਦਯਾ ਭੀਲ ਦੇ ਬਰਹਿਮੀ ਨਾਲ ਕਤਲ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਸਿੰਧ ਸਰਕਾਰ ਤੁਰੰਤ ਕਸੂਰਵਾਰ ਲੋਕਾਂ ਨੂੰ ਫੜੇ ਅਤੇ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਐਕਸ਼ਨ ਲਵੇ ਤਾਂ ਜੋ ਦਯਾ ਭੀਲ ਨੂੰ ਇਨਸਾਫ਼ ਮਿਲ ਸਕੇ।‘’
ਸਮਾਜਿਕ ਕਾਰਕੁਨ ਅਤੇ ਦਸਤਾਵੇਜ਼ੀ ਫ਼ਿਲਮਸਾਜ਼ ਨਿਦਾ ਕਿਰਮਾਨੀ ਨੇ ਟਵੀਟ ਕੀਤਾ, ‘‘ਦਯਾ ਭੀਲ ਦੇ ਕਤਲ ਦੀ ਡਿਟੇਲ ਬੇਹੱਦ ਡਰਾਵਨੀ ਹੈ। ਮੈਂ ਸਿਰਫ਼ ਭਾਰਤੀ ਮੀਡੀਆ ਉੱਤੇ ਇਹ ਦੇਖ ਰਹੀ ਹਾਂ। ਪਾਕਿਸਤਾਨੀ ਮੀਡੀਆ ਕਿੱਥੇ ਹੈ।’’
ਔਰਤਾਂ ਖਿਲਾਫ਼ ਵਧੀ ਹਿੰਸਾ
ਲੰਘੇ ਤਿੰਨ ਸਾਲਾਂ ਵਿੱਚ ਪਾਕਿਸਦਾਨ ’ਚ ਔਰਤਾਂ ਖਿਲਾਫ਼ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ।
ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਦੇਸ਼ ਵਿੱਚ ਇਸ ਵੇਲੇ ਔਰਤਾਂ ਖਿਲਾਫ਼ ਅਪਰਾਧ ਦੇ 63,367 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 3,987 ਔਰਤਾਂ ਦਾ ਕਤਲ ਕੀਤਾ ਗਿਆ ਅਤੇ 10,500 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਇਕੱਲੇ 2019 ਵਿੱਚ ਔਰਤਾਂ ਖਿਲਾਫ਼ ਅਪਰਾਧ ਦੇ 25,389 ਮਾਮਲੇ ਦਰਜ ਹੋਏ ਸਨ। 2020 ਵਿੱਚ ਇਹ ਗਿਣਤੀ 23,789 ਸੀ। ਪਿਛਲੇ ਸਾਲ ਵੀ 14,189 ਕੇਸ ਦਰਜ ਹੋਏ ਸਨ।
ਅਖ਼ਬਾਰ ਮੁਤਾਬਕ 2019 ਵਿੱਚ 1,578 ਔਰਤਾਂ ਦਾ ਕਤਲ ਅਤੇ 4,377 ਔਰਤਾਂ ਦਾ ਬਲਾਤਕਾਰ ਹੋਇਆ ਸੀ। ਸਾਲ 2020 ਵਿੱਚ 1,569 ਕਤਲ ਅਤੇ 3,887 ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਸਨ।