ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਅਜਨਾਲਾ ਪੁਲਿਸ ਥਾਣੇ ਦੇ ਘੇਰਾਓ ਬਾਰੇ ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ

ਭਗਵੰਤ ਮਾਨ

ਤਸਵੀਰ ਸਰੋਤ, @BhagwantMann

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਅਜਨਾਲਾ ਵਿਖੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਪੁਲਿਸ ਥਾਣੇ ਦਾ ਘੇਰਾਓ ਕੀਤੇ ਜਾਣ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਬਣੀ ਹੋਈ ਹੈ।

ਮੁੰਬਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਭਗਵੰਤ ਮਾਨ ਨੂੰ ਪੰਜਾਬ 'ਚ ਅਜਨਾਲਾ ਦੇ ਪੂਰੇ ਘਟਨਾਕ੍ਰਮ ਅਤੇ ਅਮਨ ਕਾਨੂੰਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ''ਤੁਹਾਡੇ ਕੋਲ ਗਲਤ ਸੂਚਨਾ ਹੈ, ਪੰਜਾਬ 'ਚ ਅਮਨ ਕਾਨੂੰਨ ਵਿਵਸਥਾ 'ਚ ਹੈ।''

ਸੀਐੱਮ ਮਾਨ ਨੇ ਕਿਹਾ, ''ਪੰਜਾਬ ਪੁਲਿਸ ਸਮਰੱਥ ਹੈ। ਪੰਜਾਬ ਦਾ ਜੋ ਸਮਾਜਿਕ ਭਾਈਚਾਰਾ ਹੈ ਉਸ 'ਤੇ ਦਸ ਸਾਲ ਗੋਲ਼ੀਆਂ ਵੀ ਚੱਲੀਆਂ, ਬੰਬ ਵੀ ਫੁੱਟੇ, ਪਰ ਪੰਜਾਬ ਦਾ ਭਾਈਚਾਰਾ ਮਿਲ ਕੇ ਰਹਿਣਾ ਪਸੰਦ ਕਰਦੇ ਹਨ, ਸਾਡਾ ਸੂਬਾ ਅਮਨ ਸ਼ਾਂਤੀ ਵਾਲਾ ਹੈ।''

ਲਵਪ੍ਰੀਤ ਸਿੰਘ ਤੂਫਾਨ ਜੇਲ੍ਹ ਵਿੱਚੋਂ ਰਿਹਾਅ

ਦਰਬਾਰ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਦਰਬਾਰ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ
ਲਵਪ੍ਰੀਤ ਸਿੰਘ ਤੂਫ਼ਾਨ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਤੂਫ਼ਾਨ

ਅਮ੍ਰਿਤਪਾਲ ਸਿੰਘ ਤੇ ਲਵਪ੍ਰੀਤ ਸਿੰਘ ਨੇ ਸ਼ੁੱਕਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ।

ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ।

ਰਿਹਾਅ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੇਲ੍ਹ ਵਿੱਚ ਚੰਗਾ ਵਤੀਰਾ ਕੀਤਾ ਹੈ।

ਲਵਪ੍ਰੀਤ ਨੇ ਕਿਹਾ ਕਿ ਵਰਿੰਦਰ ਸਿੰਘ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ।

ਉਨ੍ਹਾਂ ਕਿਹਾ ਕਿ ਜੇ ਸਿੱਖਾਂ ਨੂੰ ਅੱਗੇ ਜਾਣਾ ਹੈ ਕਿ ਤਾਂ ਉਨ੍ਹਾਂ ਨੂੰ ਇਕੱਠਾ ਹੋਣਾ ਪਵੇਗਾ।

ਅੰਮ੍ਰਿਤਪਾਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ

ਵੀਰਵਾਰ ਨੂੰ ਅਜਨਾਲਾ ਵਿੱਚ ਹਾਲਾਤ ਕਾਫੀ ਤਣਾਅ ਵਾਲੇ ਸਨ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਜਨਾਲਾ ਵਿੱਚ ਥਾਣੇ ਦਾ ਘੇਰਾਓ ਕੀਤਾ ਗਿਆ ਸੀ।

ਉਨ੍ਹਾਂ ਦੀ ਮੰਗ ਸੀ ਕਿ ਪੁਲਿਸ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰੇ। ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ।

15 ਫਰਵਰੀ ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਹੋਈ ਸੀ। ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਹੈ।

ਅਮ੍ਰਿਤਪਾਲ ਸਿੰਘ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ।

ਵੀਰਵਾਰ ਸ਼ਾਮ ਨੂੰ ਪੁਲਿਸ ਦੀ ਅਮ੍ਰਿਤਪਾਲ ਦੇ ਹਮਾਇਤੀਆਂ ਨਾਲ ਸਹਿਮਤੀ ਬਣੀ।

ਗੁਰੂ ਸਾਹਿਬ ਦੀ ਮਰਿਆਦਾ ਕਾਇਮ ਰੱਖਣਾ ਸਾਡਾ ਮੁੱਖ ਮੰਤਵ ਸੀ - ਡੀਜੀਪੀ

ਗੌਰਵ ਯਾਦਵ
ਤਸਵੀਰ ਕੈਪਸ਼ਨ, ਪੰਜਾਬ ਦੇ ਡੀਜੀਪੀ ਗੌਰਵ ਯਾਦਵ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਜਨਾਲਾ ਘਟਨਾ ਬਾਰੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਇਸ ਪੂਰੀ ਘਟਨਾ ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮੰਤਵ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸੀ।

ਇਸ ਬਾਰੇ ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ ਇਸ ਘਟਨਾ ਬਾਰੇ ਕਾਰਵਾਈ ਹੋਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਐਕਸ਼ਨ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਸ਼ਾਂਤੀ ਕਾਇਮ ਰੱਖਾਂਗੇ।

ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ ਗਈਆਂਂ ਮੁੱਖ ਗੱਲਾਂ...

  • ‘ਇਸ ਘਟਨਾ ਦੌਰਾਨ ਪੰਜਾਬ ਪੁਲਿਸ ਦੇ ਛੇ ਮੁਲਾਜ਼ਮ ਜ਼ਖ਼ਮੀ ਹੋਏ’
  • ‘ਪਾਲਕੀ ਸਾਹਿਬ ਨੂੰ ਢਾਲ ਬਣਾ ਕੇ ਹਮਲਾ ਕੀਤਾ ਗਿਆ’
  • ‘ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਿਆ’
  • ‘ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ’
  • ‘ਜ਼ਖ਼ਮੀਆਂ ਦੇ ਬਿਆਨ ਉੱਤੇ ਪਰਚਾ ਦਰਜ ਕਰਾਂਗੇ’
  • ‘ਅਮ੍ਰਿਤਪਾਲ ਦੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ਼ਾਂਤਮਾਈ ਪ੍ਰਦਰਸ਼ਨ ਦਾ ਭਰੋਸਾ ਦਿੱਤਾ ਗਿਆ ਸੀ’

‘ਥਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਾਣਾ ਮੰਦਭਾਗਾ’

ਵੀਡੀਓ ਕੈਪਸ਼ਨ, ਜੇਲ੍ਹ ਤੋਂ ਰਿਹਾਈ ਹੋਣ ਮਗਰੋਂ ਕੀ ਬੋਲੇ ਲਵਪ੍ਰੀਤ ਸਿੰਘ ਤੂਫ਼ਾਨ

ਵਿਰੋਧੀ ਧਿਰਾਂ ਵੱਲੋਂ ਵੀਰਵਾਰ ਨੂੰ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੀਰਵਾਰ ਦੇ ਪ੍ਰਦਰਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪੁਲਿਸ ਥਾਣੇ ਵਿੱਚ ਲੈ ਕੇ ਜਾਣ ਉੱਤੇ ਸਵਾਲ ਚੁੱਕੇ ਜਾ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਕੁਝ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ।”

“ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਵਿੱਚ ਲੈ ਕੇ ਜਾਣਾ ਬੇਹੱਦ ਮੰਦਭਾਗਾ ਹੈ, ਇਹ ਬੇਅਦਬੀ ਹੈ। ਥਾਣੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ, ਡਰੱਗਸ ਤੇ ਹੋਰ ਮਾੜੀਆਂ ਵਸਤਾਂ ਹੁੰਦੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਹੀ ਨਹੀਂ ਹੈ।”

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਰੁਖ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਵੇਂ ਸਰਕਾਰਾਂ ਪੂਰੇ ਤਰੀਕੇ ਨਾਲ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ, “ਪੁਲਿਸ ਥਾਣੇ ਉੱਤੇ ਜਿਸ ਤਰੀਕੇ ਨਾਲ ਲੋਕ ਪਹੁੰਚੇ ਇਹ ਮੰਦਭਾਗਾ ਹੈ। ਸਰਕਾਰ ਹੁਣ ਕਹਿ ਰਹੀ ਹੈ ਕਿ ਪਰਚਾ ਝੂਠਾ ਸੀ ਤਾਂ ਇਹ ਦੱਸਿਆ ਜਾਵੇ ਕਿ ਪਰਚਾ ਕਿਉਂ ਕੀਤਾ ਗਿਆ।”

ਹਾਲਾਤ ਕਾਬੂ ਵਿੱਚ ਹਨ -ਐੱਸਐੱਸਪੀ

ਅੰਮ੍ਰਿਤਪਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਐੱਸਐੱਸਪੀ ਸਤਿੰਦਰ ਸਿੰਘ ਮੁਤਾਬਕ ਅਜਨਾਲਾ ਵਿੱਚ ਸਥਿਤੀ ਕਾਬੂ ਵਿੱਚ ਹੈ

ਐੱਸਐੱਸਪੀ ਅੰਮ੍ਰਿਤਸਰ ਸਤਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਕਿਉਂਕਿ ਪੇਸ਼ ਕੀਤੇ ਗਏ ਸਬੂਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ 15 ਫ਼ਰਵਰੀ ਨੂੰ ਹੋਈ ਘਟਨਾ ਵਾਲੀ ਥਾਂ ’ਤੇ ਮੌਜੂਦ ਨਹੀਂ ਸਨ।

“ਅਸੀਂ ਇਹ ਸਬੂਤ ਜੱਜ ਸਾਹਮਣੇ ਪੇਸ਼ ਕਰਾਂਗੇ। ਤੇ ਇਸ ਦਾ ਅਗਾਓਂ ਕਾਰਵਾਈ ਕੀਤੀ ਜਾਵੇਗੀ।

23 ਫ਼ਰਵਰੀ ਨੂੰ ਅਜਨਾਲਾ ਵਿੱਚ ਪੁਲਿਸ ਤੇ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਪੁਲਿਸ ਕਰਮੀਆਂ ਦੇ ਜਖ਼ਮੀ ਹੋਣ ਤੇ ਕੀਤੀ ਜਾਣ ਵਾਲੀ ਸੰਭਾਵਿਤ ਕਾਰਵਾਈ ਬਾਰੇ ਪੁੱਛੇ ਜਾਣ ਉੱਤੇ ਸਤਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।

ਸਤਿੰਜਰ ਸਿੰਘ ਮੁਤਾਬਕ ਅਜਨਾਲਾ ਤੇ ਅਮ੍ਰਿੰਤਸਰ ਵਿੱਚ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਸਥਿਤੀ ਕਾਬੂ ਵਿੱਚ ਹੈ।

ਲਵਪ੍ਰੀਤ ਸਿੰਘ ਤੂਫ਼ਾਨ ਕੌਣ ਹਨ?

ਅੰਮ੍ਰਿਤਪਾਲ

ਤਸਵੀਰ ਸਰੋਤ, Lovpreet Family

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨਾਲ ਲਵਪ੍ਰੀਤ ਸਿੰਘ ਤੂਫ਼ਾਨ ਦੀ ਇੱਕ ਪੁਰਾਣੀ ਤਸਵੀਰ

ਲਵਪ੍ਰੀਤ ਸਿੰਘ ਤੂਫ਼ਾਨ ਗੁਰਦਾਸਪੁਰ ਦੇ ਪਿੰਡ ਤਿਬੜੀ ਦੇ ਰਹਿਣ ਵਾਲੇ ਹਨ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਖੇਤਬਾੜੀ ਪਰਿਵਾਰ ਨਾਲ ਸਬੰਧਤ ਹਨ।

ਲਵਪ੍ਰੀਤ ਸਿੰਘ ਤੂਫ਼ਾਨ ਦਾ ਪਰਿਵਾਰ ਗੁਰੂਸਿੱਖ ਹੈ ਤੇ ਪਿਛਲੇ ਲੰਬੇ ਸਮੇ ਤੋਂ ਸਿੱਖ ਜਥੇਬੰਦੀਆਂ ਨਾਲ ਜੁੜਿਆ ਹੈ।

ਲਵਪ੍ਰੀਤ ਸਿੰਘ ‘ਵਾਰਿਸ ਪੰਜਾਬ ਦੇ’ ਜਥਬੰਦੀ ਜ਼ਰੀਏ ਹੀ ਅਮ੍ਰਿਤਪਾਲ ਸਿੰਘ ਨੂੰ ਮਿਲੇ ਸਨ। ਉਹ ਇੱਕ ਸਮਰਥਕ ਵਜੋਂ ਜਥੇਬੰਦੀ ਨਾਲ ਜੁੜੇ ਤੇ ਬਾਅਦ ਵਿੱਚ ਜਥੇਬੰਦੀ ਦੀ ਗੁਰਦਾਸਪੁਰ ਇਕਾਈ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਉਣ ਲੱਗੇ ਸਨ।

ਬੀਤੇ ਦਿਨੀ 18 ਫ਼ਰਵਰੀ ਨੂੰ ਅਜਨਾਲਾ ਪੁਲਿਸ ਨੇ ਗੁਰਦਾਸਪੁਰ ਪੁਲਿਸ ਦੇ ਨਾਲ ਪਿੰਡ ਤਿਬੜੀ ਤੋਂ ਲਵਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਗ੍ਰਿਫ਼ਤਾਰ ਤੋਂ 6 ਦਿਨ ਪਹਿਲਾਂ ਲਵਪ੍ਰੀਤ ਦੇ ਘਰ ਬੇਟੇ ਦਾ ਜਨਮ ਹੋਇਆ ਸੀ।

ਲਵਪ੍ਰੀਤ ਸਿੰਘ ਕਿਸਾਨ ਲਹਿਰ ਨਾਲ ਜੁੜੇ ਹੋਏ ਹਨ।

ਅੰਮ੍ਰਿਤਪਾਲ

ਤਸਵੀਰ ਸਰੋਤ, Getty Images

ਬੇਕਸੂਰ ਸਿੱਖਾਂ ਦੀ ਕੈਦ ਬਰਦਾਸ਼ ਨਹੀਂ - ਅਮ੍ਰਿਤਪਾਲ

ਅਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਸਿੰਘ ਨੂੰ ਗ਼ਲਤ ਗ੍ਰਿਫ਼ਤਾਰ ਕੀਤਾ ਗਿਆ ਸੀ। ਤੇ ਇਸ ਮਾਮਲੇ ਵਿੱਚ ਉਨ੍ਹਾਂ ਨੇ ਪਹਿਲੇ ਦਿਨ ਵੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ।

ਉਨ੍ਹਾਂ ਮੁਤਾਬਕ ਪੁਲਿਸ ਨੇ 20 ਫ਼ਰਵਰੀ ਤਾਰੀਕ ਤੱਕ ਦਾ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੇ 22 ਫ਼ਰਵਰੀ ਤੱਕ ਉਡੀਕ ਕੀਤੀ ਕੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਸਿੰਘ ਨੂੰ ਛੱਡ ਦਿੱਤਾ ਜਾਵੇ।

ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਵੀਰਵਾਰ ਵਾਲੀ ਸਥਿਤੀ ਨੂੰ ਟਾਲਿਆ ਜਾ ਸਕਦਾ ਸੀ, ਜੇਕਰ ਪ੍ਰਸ਼ਾਸਨ ਵਲੋਂ ਸਾਡੀ ਗੱਲ ਸੁਣ ਲਈ ਜਾਂਦੀ।”

ਅੰਮ੍ਰਿਤਪਾਲ
BBC

ਅਜਨਾਲਾ ਵਿੱਚ ਹੁਣ ਤੱਕ ਕੀ-ਕੀ ਵਾਪਰਿਆ

  • 15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ
  • ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ
  • ਵਰਿੰਦਰ ਦੀ ਸ਼ਿਕਾਇਤ ਤੇ ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਲੁੱਟਖੋਹ ਦਾ ਪਰਚਾ ਦਰਜ ਕੀਤਾ
  • 18 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰ ਵੱਡੀ ਕਾਰਵਾਈ ਦੀ ਗੱਲ ਆਖੀ ਸੀ
  • 22 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਜੇ ਨਿਸ਼ਾਨ ਸਿੰਘ ਨੂੰ ਰਿਹਾਅ ਨਾ ਕੀਤੇ ਗਿਆ ਤਾਂ ਉਹ 23 ਫ਼ਰਵਰੀ ਨੂੰ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚਕੇ ਗ੍ਰਿਫ਼ਤਾਰੀ ਦੇਣਗੇ
  • 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਵੱਡੀ ਗਿਣਤੀ ਸਮਰਥਕਾਂ ਨਾਲ ਅਜਨਾਲਾ ਥਾਣੇ ਪਹੁੰਚੇ
  • ਪੁਲਿਸ ਦੇ ਅਮ੍ਰਿਤਪਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਵੀ ਹੋਈਆਂ ਤੇ ਦੇਰ ਸ਼ਾਮ ਤੱਕ ਸਥਿਤੀ ਤਣਾਅਪੁਰਣ ਬਣੀ ਰਹੀ
  • ਪੁਲਿਸ ਵਲੋਂ ਦਿੱਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਲਵਪ੍ਰੀਤ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ।
BBC

ਕੇਂਦਰ ਕੋਲ ਪੰਜਾਬ ਨੂੰ ਬਦਨਾਮ ਕਰਨ ਦਾ ਮੌਕਾ-ਅਮ੍ਰਿਤਪਾਲ

ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਜੋ ਸਥਿਤੀ 23 ਫ਼ਰਵਰੀ ਨੂੰ ਅਜਨਾਲਾ ਵਿੱਚ ਬਣੀ ਉਸ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਗਿਆ ਹੈ।

ਅਮ੍ਰਿਤਪਾਲ ਕਹਿੰਦੇ ਹਨ ਕਿ ਪੰਜਾਬ ਸਰਕਾਰ ਕੋਲ ਸੂਬੇ ਵਿੱਚ ਕੰਮ ਕਰਨ ਦਾ ਮੌਕਾ ਵੀ ਨਾਲ ਹੀ ਹੈ।

ਉਨ੍ਹਾਂ ਕਿਹਾ,“ਮੇੇਰੇ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਮੈਂ ਚੋਣਾਵੀ ਸਿਆਸਤ ਵਿੱਚ ਨਹੀਂ ਆਉਣਾ। ਮੈਂ ਕਦੇ ਕਿਸੇ ਤੋਂ ਵੋਟ ਮੰਗਣ ਨਹੀਂ ਜਾਣਾ ਹੈ।”

ਅੰਮ੍ਰਿਤਪਾਲ

ਤਸਵੀਰ ਸਰੋਤ, Ravinder Singh Robin/BBC

ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਨੈਸ਼ਨਲ ਮੀਡੀਆ ਕਹਿ ਰਿਹਾ ਹੈ ਕਿ ਪੰਜਾਬ ਦੇ ਹਾਲਾਤ ਖ਼ਰਾਬ ਹਨ। ਪਰ ਉਨ੍ਹਾਂ ਨੂੰ ਹੋਰ ਸੂਬਿਆਂ ਦੀਆਂ ਘਟਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਕਾਨੂੰਨ ਵਿਵਸਥਾ ਦਾ ਕੋਈ ਮਸਲਾ ਨਹੀਂ ਹੈ। ਤੇ ਜੇ ਸਾਰੀਆਂ ਚੀਜ਼ਾਂ ਦਾ ਹੱਲ ਚਾਹੀਦਾ ਹੈ ਤਾਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ ਦੀ ਬਜਾਇ ਸੁਣਿਆ ਜਾਵੇ।

“ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਬਾਓ ਨਾ ਤੇ ਉਨ੍ਹਾਂ ਨਾਲ ਤਰਕ ਦੇ ਆਧਾਰ ’ਤੇ ਗੱਲ ਕਰੋ।”

“ਅਸੀਂ ਦੁਨੀਆਂ ਭਰ ਦੇ ਵਿਦਵਾਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਉਹ ਸਾਡੇ ਨਾ ਆ ਕੇ ਗੱਲ ਕਰਨ।”

ਬਰੇਕਫ਼ਾਸਟ ਵੇਲੇ ਕੋਈ ਕਿਸੇ ਚੰਗੀ ਖ਼ਬਰ ਦੀ ਗੱਲ ਕਰੋ-ਧਾਲੀਵਾਲ

ਅੰਮ੍ਰਿਤਪਾਲ
ਤਸਵੀਰ ਕੈਪਸ਼ਨ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਅਮ੍ਰਿਤਪਾਲ ਸਿੰਘ ਤੇ ਅਜਨਾਲਾ ਵਿੱਚ ਹੋਏ ਘਟਨਾਕ੍ਰਮ ਬਾਰੇ ਮੀਡੀਆ ਦੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ,“ ਪਹਿਲਾਂ ਆਪਾਂ ਪੰਜਾਬ ਦੇ ਭਲੇ ਦੀਆਂ ਗੱਲਾਂ ਕਰੀਏ।”

ਦੋ ਧਿਰਾਂ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ। ਇੱਕ ਧਿਰ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੀ ਹੈ।

ਦੂਜੀ ਧਿਰ ਜਿਸ ਪਿੱਛੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ’ਤੇ ਲੱਗੀਆਂ ਹੋਈਆਂ ਹਨ।

ਅਸੀਂ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਹਾਂ

ਅਜਨਾਲਾ ਦੀ ਵੀਰਵਾਰ ਦੀ ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ ਹਰ ਤਰੀਕੇ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।”

ਅਮ੍ਰਿਤਪਾਲ ਸਿੰਘ ਦੀ ਕਾਰਵਾਈ ਬਾਰੇ ਪੁੱਛੇ ਜਾਣ ਵਾਲੇ ਸਵਾਲਾਂ ’ਤੇ ਉਨ੍ਹਾਂ ਮੀਡੀਆ ਨੂੰ ਕਿਹਾ,“ਬਰੇਕਫ਼ਾਸਟ ਵੇਲੇ ਕਿਸੇ ਚੰਗੀ ਖ਼ਬਰ ਦੀ ਗੱਲ ਕਰਿਆ ਕਰੋ। ਵਿਕਾਸ ਦੀ, ਨਿਵੇਸ਼ ਦੀ ਗੱਲ ਕਰੋ।”

ਪੰਜਾਬ ਤੇ ਦੇਸ਼ ਵਿੱਚ ਕਾਨੂੰਨ ਹੈ-ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਪਾਲ
ਤਸਵੀਰ ਕੈਪਸ਼ਨ, ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ’ਤੇ ਸਵਾਲ ਖੜੇ ਕੀਤੇ ਹਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਨਾਲਾ ’ਚ ਵਾਪਰੀ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ ਹੈ ਜੋ ਬੇਹੱਦ ਗੰਭੀਰ ਮਾਮਲਾ ਹੈ।

ਅਮਰਿੰਦਰ ਸਿੰਘ ਨੇ ਕਿਹਾ,“ਪੁਲਿਸ ਥਾਣੇ ਉੱਤੇ ਹਮਲਾ ਕਰਨਾ ਤੇ ਆਪਣਾ ਸਾਥੀ ਨੂੰ ਛੁਡਾਉਣ ਦੀ ਕੋਸ਼ਿਸ਼ ਵਰਗਾ ਕੰਮ ਤਾਂ ਕਦੇ 1970-80 ਦੇ ਮਾੜੇ ਦੌਰ ਦੌਰਾਨ ਵੀ ਨਹੀਂ ਹੋਇਆ।”

ਉਨ੍ਹਾਂ ਪੰਜਾਬ ਸਰਕਾਰ ’ਤੇ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਵੀ ਸਵਾਲ ਚੁੱਕੇ।

ਪੰਜਾਬ ਵਿੱਚ ਸੰਵਿਧਾਨਿਕ ਸੰਕਟ-ਮਜੀਠੀਆ

ਅੰਮ੍ਰਿਤਪਾਲ

ਤਸਵੀਰ ਸਰੋਤ, Getty Images

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ 23 ਫ਼ਰਵਰੀ ਨੂੰ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਮਰਥਕਾਂ ਦੀ ਕਾਰਵਾਈ ਬਾਰੇ ਆਪਣੀ ਪ੍ਰਤੀਕ੍ਰਿਆ ਰੱਖੀ ਹੈ।

ਉਨ੍ਹਾਂ ਕਿਹਾ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਲੁਭਾਉਣ ਲਈ ਪੰਜਾਬ ਵਿੱਚ ਨਿਵੇਸ਼ ਸੰਮੇਲਨ ਕਰ ਰਹੇ ਸਨ ਉਸੇ ਸਮੇਂ ਅਜਨਾਲਾ ਵਿੱਚ ਸੰਵਿਧਾਨਿਕ ਸੰਕਟ ਖੜਾ ਹੋ ਗਿਆ।

ਉਨ੍ਹਾਂ ਕਿਹਾ,“ਅਜਨਾਲਾ ਭਾਰਤ-ਪਾਕਿਸਤਾਨ ਬਾਦਲ ਤੋਂ ਬਹੁਤ ਨੇੜੇ ਹੈ ਤੇ ਉਥੇ ਥਾਣੇ ’ਤੇ ਕਬਜ਼ਾ ਕਰ ਲਿਆ ਗਿਆ। ਇਸ ਸਥਿਤੀ ਨੂੰ ਨਿਆਂਇਕ ਨਹੀਂ ਕਿਹਾ ਜਾ ਸਕਦਾ।”

“ਅਜਿਹੀਆਂ ਘਟਨਾਵਾਂ ਕਰਕੇ ਹੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰਨਾ ਜ਼ਰੂਰੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)