ਅਮ੍ਰਿਤਪਾਲ ਤੇ ਸਾਥੀਆਂ ਵੱਲੋਂ ਅਜਨਾਲਾ ਥਾਣੇ ਦਾ ਘੇਰਾਓ ਖ਼ਤਮ, ਹੁਣ ਗੱਲ ਕਿੱਥੇ ਪਹੁੰਚੀ

ਅਮ੍ਰਿਤਪਾਲ ਦੇ ਹਮਾਇਤੀਆਂ ਤੇ ਪੁਲਿਸ ਵਿਚਾਲੇ ਥਾਣੇ ਵੱਲ ਜਾਂਦਿਆਂ ਅਜਨਾਲਾ ਵਿੱਚ ਝੜਪਾਂ ਵੀ ਹੋਈਆਂ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਅਮ੍ਰਿਤਪਾਲ ਦੇ ਹਮਾਇਤੀਆਂ ਤੇ ਪੁਲਿਸ ਵਿਚਾਲੇ ਥਾਣੇ ਵੱਲ ਜਾਂਦਿਆਂ ਅਜਨਾਲਾ ਵਿੱਚ ਝੜਪਾਂ ਵੀ ਹੋਈਆਂ
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਅਜਨਾਲਾ ਥਾਣਾ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਵਿੱਚ ਸਹਿਮਤੀ ਬਣ ਗਈ ਹੈ।

ਅਜਨਾਲਾ ਥਾਣੇ ਤੋਂ ਪ੍ਰਦਰਸ਼ਨਕਾਰੀ ਚਲੇ ਗਏ ਹਨ। ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਉਹ ਅਜਨਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਚਲੇ ਗਏ ਹਨ।

ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ, "ਇਨ੍ਹਾਂ ਲੋਕਾਂ ਨੇ ਪੁਲਿਸ ਨੂੰ ਲੋੜੀਂਦੇ ਸਬੂਤ ਦੇ ਦਿੱਤੇ ਹਨ ਕਿ ਗ੍ਰਿਫ਼ਤਾਰ ਵਿਅਕਤੀ ਲਵਪ੍ਰੀਤ ਸਿੰਘ ਉੱਥੇ ਮੌਜੂਦ ਨਹੀਂ ਸਨ। ਜਿਸ ਦੇ ਆਧਾਰ ਦੇ ਉਸ ਨੂੰ ਛੱਡ ਦਿੱਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਕਿਹਾ, "ਇਸ ਪੂਰੇ ਮਾਮਲੇ ਦੀ ਜਾਂਚ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ।"

ਦੂਜੇ ਪਾਸੇ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਲਵਪ੍ਰੀਤ ਸਿੰਘ ਨੂੰ ਨਹੀਂ ਛੱਡਿਆ ਜਾਂਦਾ ਹੈ, ਉਦੋਂ ਤੱਕ ਉਹ ਅਜਨਾਲਾ ਹੀ ਰਹਿਣਗੇ।

ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਦੇ ਥਾਣੇ ਵਿੱਚ ਦਾਖਿਲ ਹੋ ਗਏ ਸਨ।

ਉਨ੍ਹਾਂ ਦੇ ਨਾਲ ਹਮਾਇਤੀਆਂ ਦੀ ਵੱਡੀ ਗਿਣਤੀ ਸੀ। ਅਮ੍ਰਿਤਪਾਲ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਵੀਡੀਓ ਕੈਪਸ਼ਨ, ਅਮ੍ਰਿਤਪਾਲ ਦੇ ਸਮਰਥਕਾਂ ਨੇ ਘੇਰਿਆ ਥਾਣਾ ਅਤੇ ਚੱਲੀਆਂ ਡਾਂਗਾਂ ਸੋਟੀਆਂ

ਇਸ ਦੇ ਨਾਲ ਹੀ ਉਹ ਖੁਦ ’ਤੇ ਅਤੇ ਆਪਣੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਵੀ ਕਰ ਰਹੇ ਹਨ।

15 ਫ਼ਰਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਗਏ ਇੱਕ ਵਿਅਕਤੀ ਵਰਿੰਦਰ ਸਿੰਘ ਦੀ ਕਥਿਤ ਤੌਰ ਉੱਤੇ ਕੁੱਟਮਾਰ ਹੋਈ ਸੀ।

ਅਮ੍ਰਿਤਪਾਲ ਦੇ ਹਮਾਇਤੀਆਂ ਨੇ ਅਜਨਾਲਾ ਥਾਣੇ ਦਾ ਘੇਰਾਅ ਕਰ ਲਿਆ ਹੈ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਅਮ੍ਰਿਤਪਾਲ ਦੇ ਹਮਾਇਤੀਆਂ ਨੇ ਅਜਨਾਲਾ ਥਾਣੇ ਦਾ ਘੇਰਾਅ ਕਰ ਲਿਆ ਹੈ

ਵਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਸੀ।

ਹਾਲਾਂਕਿ ਅਮ੍ਰਿਤਪਾਲ ਸਿੰਘ ਵੱਲੋਂ ਵਰਿੰਦਰ ਸਿੰਘ ਦੀ ਕਿਸੇ ਵੀ ਤਰੀਕੇ ਦੀ ਕੁੱਟਮਾਰ ਕਰਨ ਤੋਂ ਇਨਕਾਰ ਕੀਤਾ ਗਿਆ ਸੀ।

ਦੱਸ ਦੇਈਏ ਕਿ ਵਰਿੰਦਰ ਸਿੰਘ ਸੋਸ਼ਲ ਮੀਡੀਆ ਜ਼ਰੀਏ ਅਮ੍ਰਿਤਪਾਲ ਦੀ ਮੁਖਾਲਫ਼ਤ ਕਰਦੇ ਰਹੇ ਹਨ।

ਵਰਿੰਦਰ ਦੀ ਸ਼ਿਕਾਇਤ ’ਤੇ ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਲੁੱਟਖੋਹ ਦਾ ਪਰਚਾ ਦਰਜ ਕੀਤਾ।

22 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਸੀ ਕਿ ਜੇ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ 23 ਫ਼ਰਵਰੀ ਨੂੰ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚ ਕੇ ਗ੍ਰਿਫ਼ਤਾਰੀ ਦੇਣਗੇ।

ਅਜਨਾਲਾ

ਤਸਵੀਰ ਸਰੋਤ, Ravinder Robin/bbc

ਕੀ ਸੀ ਮਾਮਲਾ

ਸ਼ਿਕਾਇਤਕਰਤਾ ਵਰਿੰਦਰ ਸਿੰਘ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਹਨ। ਉਹ ਧਰਮ ਪ੍ਰਚਾਰ ਦਾ ਵੀ ਕੰਮ ਕਰਦੇ ਹਨ।

ਅਜਨਾਲਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਸੀ, "ਵਰਿੰਦਰ ਸਿੰਘ ਨੇ ਅਮ੍ਰਿਤਪਾਲ ਖ਼ਿਲਾਫ਼ ਇੱਕ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਵਿਚਾਰ ਰੱਖੇ ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਮਤਭੇਦ ਵੱਧ ਗਿਆ।"

ਅਜਨਾਲਾ ਵਿੱਚ ਅਮ੍ਰਿਤਪਾਲ ਦੇ ਹਮਾਇਤੀਆਂ ਨੇ ਕਈ ਥਾਂਵਾਂ ਉੱਤੇ ਬੈਰੀਕੇਡ ਵੀ ਤੋੜੇ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਅਜਨਾਲਾ ਵਿੱਚ ਅਮ੍ਰਿਤਪਾਲ ਦੇ ਹਮਾਇਤੀਆਂ ਨੇ ਕਈ ਥਾਂਵਾਂ ਉੱਤੇ ਬੈਰੀਕੇਡ ਵੀ ਤੋੜੇ

ਲਵਪ੍ਰੀਤ ਨੂੰ ਕੀਤਾ ਜਾਵੇਗਾ ਰਿਹਾਅ - ਪੁਲਿਸ

ਅਮ੍ਰਿਤਪਾਲ ਦੇ ਹਮਾਇਤੀਆਂ ਵੱਲੋਂ ਧਰਨਾ ਲਾਏ ਜਾਣ ਮਗਰੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਅਮ੍ਰਿਤਪਾਲ ਤੇ ਹੋਰ ਲੋਕਾਂ ਦੀ ਮੀਟਿੰਗ ਚੱਲੀ।

ਇਸ ਮੀਟਿੰਗ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਅਮ੍ਰਿਤਪਾਲ ਹੋਰਾਂ ਵੱਲੋਂ ਸਬੂਤ ਦਿੱਤੇ ਗਏ ਹਨ ਕਿ ਲਵਪ੍ਰੀਤ ਸਿੰਘ ਮੌਕੇ ਉੱਤੇ ਮੌਜੂਦ ਨਹੀਂ ਸੀ ਇਸ ਲਈ ਉਸ ਨੂੰ ਸ਼ੁੱਕਵਾਰ ਨੂੰ ਛੱਡ ਦਿੱਤਾ ਜਾਵੇਗਾ।

ਐੱਸਐੱਸਪੀ ਸਤਿੰਦਰ ਸਿੰਘ ਦੁੱਗਲ ਨੇ ਕਿਹਾ, "ਜਿਹੜੇ ਮੁੱਖ ਸੇਵਾਦਾਰ ਨਾਲ ਬੈਠ ਕੇ ਮੀਟਿੰਗ ਹੋਈ ਉਨ੍ਹਾਂ ਨੇ ਸਾਨੂੰ ਸਬੂਤ ਦੇ ਦਿੱਤੇ ਹਨ ਕਿ ਲਵਪ੍ਰੀਤ ਉੱਥੇ ਨਹੀਂ ਸੀ ਅਤੇ ਇਸੇ ਦੇ ਆਧਾਰ ਉੱਤੇ ਉਸ ਨੂੰ ਰਿਹਾਅ ਕੀਤਾ ਜਾ ਰਿਹਾ ਹੈ।”

“ਕੇਸ ਦੀ ਤਫਤੀਸ਼ ਐੱਸਆਈਟੀ ਕਰੇਗੀ। ਐੱਸਪੀ ਤੇਜਵੀਰ ਸਿੰਘ ਉਸ ਦੀ ਅਗਵਾਈ ਕਰ ਰਹੇ ਹਨ। ਲਵਪ੍ਰੀਤ ਨੂੰ ਕੱਲ੍ਹ ਤੱਕ ਰਿਹਾਅ ਕਰ ਦਿੱਤਾ ਜਾਵੇਗਾ।"

ਅਜਨਾਲਾ

ਤਸਵੀਰ ਸਰੋਤ, Ravinder Singh Robin/BBC

ਅਮ੍ਰਿਤਪਾਲ ਨੇ ਕੀ ਕਿਹਾ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, ani

ਅਮ੍ਰਿਤਪਾਲ ਸਿੰਘ ਨੇ ਕਿਹਾ, "ਪੁਲਿਸ ਪਰਚਾ ਰੱਦ ਕਰ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਕਾਨੂੰਨ ਦੀ ਉਲੰਘਣਾ ਕਰ ਕੇ ਬੰਦਾ ਛੱਡੋ। ਪਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੰਦਾ ਬਾ-ਇੱਜ਼ਤ ਰਿਹਾਅ ਕਰੋ।"

"ਜਦੋਂ ਤੱਕ ਇਹ ਸਾਡਾ ਬੰਦਾ ਰਿਹਾਅ ਨਹੀਂ ਕਰਦੇ ਅਸੀਂ ਇੱਥੇ ਹੀ ਅਜਨਾਲੇ ਵਿੱਚ ਅੰਮ੍ਰਿਤ ਸੰਚਾਰ ਕਰਵਾ ਰਹੇ ਹਾਂ।"

ਪੁਲਿਸ ਨਾਲ ਹਮਾਇਤੀਆਂ ਦਾ ਟਕਰਾਅ

ਅਮ੍ਰਿਤਪਾਲ ਸਿੰਘ ਨੇ ਆਪਣੇ ਹਮਾਇਤੀਆਂ ਦੇ ਨਾਲ ਪਿੰਡ ਜੱਲੂਪੁਰ ਖੇੜਾ ਤੋਂ ਮਾਰਚ ਨੂੰ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਮਾਰਚ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੰਜ ਪਿਆਰੇ ਨਾਲ ਸਨ। ਉਨ੍ਹਾਂ ਦੇ ਪਿੱਛੇ ਅਮ੍ਰਿਤਪਾਲ ਸਨ। ਪੁਲਿਸ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਸਨ।

ਅਜਨਾਲਾ

ਤਸਵੀਰ ਸਰੋਤ, Ravinder Singh Robin/bbc

ਇਸ ਤੋਂ ਇਲਾਵਾ ਕਈ ਥਾਂਵਾਂ ਉੱਤੇ ਪੁਲਿਸ ਵੱਲੋਂ ਬੈਰੀਕੇਡਿੰਗ ਵੀ ਕੀਤੀ ਗਈ ਸੀ। ਧਰਨੇ ਵੇਲੇ ਅਮ੍ਰਿਤਪਾਲ ਸਿੰਘ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਦੇ ਕਈ ਹਮਾਇਤੀਆਂ ਨੂੰ ਅਜਨਾਲਾ ਆਉਣ ਤੋਂ ਰੋਕਿਆ ਗਿਆ ਸੀ ਤੇ ਕਈ ਸਾਥੀਆਂ ਨੂੰ ਨਜ਼ਰਬੰਦ ਵੀ ਕੀਤਾ ਗਿਆ ਸੀ।

ਭਾਵੇਂ ਬਾਅਦ ਵਿੱਚ ਅਮ੍ਰਿਤਪਾਲ ਨੇ ਕਿਹਾ ਕਿ ਨਜ਼ਰਬੰਦ ਕੀਤੇ ਗਏ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ

ਕਈ ਥਾਵਾਂ ਉੱਤੇ ਜਿੱਥੇ ਪੁਲਿਸ ਦੇ ਬੈਰੀਕੇਡ ਲੱਗੇ ਹੋਏ ਸਨ, ਉੱਥੇ ਹਮਾਇਤੀਆਂ ਵੱਲੋਂ ਬੈਰੀਕੇਡਾਂ ਨੂੰ ਤੋੜਿਆ ਗਿਆ ਸੀ।

ਪੁਲਿਸ ਤੇ ਹਮਾਇਤੀਆਂ ਵਿਚਾਲੇ ਕਈ ਥਾਵਾਂ ਉੱਤੇ ਝੜਪਾਂ ਵੀ ਹੋਈਆਂ।

ਇਸ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)