You’re viewing a text-only version of this website that uses less data. View the main version of the website including all images and videos.
ਚੰਗੀ ਤਨਖ਼ਾਹ ਹੋਣ ਦੇ ਬਾਵਜੂਦ ਵੀ 10ਵੇਂ ਦਿਨ ਬਟੂਆ ਹੋ ਜਾਂਦਾ ਹੈ ਖਾਲੀ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਲੇਖਕ, ਨਾਗੇਂਦਰ ਸਾਈ ਕੁੰਡਾਵਰਮ
- ਰੋਲ, ਬੀਬੀਸੀ ਪੱਤਰਕਾਰ
ਸੰਜੀਵ ਇੱਕ ਅਕਾਊਂਟਿੰਗ ਕੰਪਨੀ ਵਿੱਚ ਸੀਨੀਅਰ ਹਨ। ਉਨ੍ਹਾਂ ਦੀ ਮਹੀਨੇ ਦੀ ਤਨਖ਼ਾਹ ਇੱਕ ਲੱਖ ਰੁਪਏ ਹੈ।
ਇੱਕ ਦਿਨ ਉਹ ਆਪਣੇ ਪਰਿਵਾਰ ਦੇ ਨਾਲ ਸੁਪਰਮਾਰਕਿਟ ਗਏ ਅਤੇ ਬਿਲਿੰਗ ਹੋ ਚੁੱਕੀ ਸੀ। ਜਦੋਂ ਉਹ ਬਿੱਲ ਦੀ ਰਕਮ ਅਦਾ ਕਰਨ ਗਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਪਰਸ ਗਾਇਬ ਹੈ ਅਤੇ ਕ੍ਰੈਡਿਟ ਕਾਰਡ ਵੀ ਨਹੀਂ ਹੈ। ਲੋਕ ਪਹਿਲਾਂ ਤੋਂ ਹੀ ਕਤਾਰ ਵਿੱਚ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਬਿੱਲ ਕਰੀਬ 12,000 ਰੁਪਏ ਸੀ। ਸਟੋਰ ਦੇ ਮੁਲਾਜ਼ਮ ਨੇ ਉਨ੍ਹਾਂ ਨੂੰ ਗੂਗਲ ਪੇਅ ਜਾਂ ਫੋਨ ਪੇਅ ਤੋਂ ਭੁਗਤਾਨ ਕਰਨ ਲਈ ਕਿਹਾ।
ਉਨ੍ਹਾਂ ਨੇ ਆਪਣੇ ਅਕਾਊਂਟ ਵਿੱਚ ਕੁਝ ਬਚੇ ਹੋਏ ਪੈਸਿਆਂ ਨਾਲ ਇਹ ਰਕਮ ਚੁਕਾਈ। ਦਰਅਸਲ ਉਨ੍ਹਾਂ ਨੇ ਅਕਾਊਂਟ ਵਿੱਚ ਪਏ ਇਹ ਕੁਝ ਪੈਸੇ ਚਾਰ ਦਿਨਾਂ ਬਾਅਦ ਅਦਾ ਕਰਨ ਵਾਲੀ ਈਐੱਮਆਈ ਦੇ ਲਈ ਬਚਾਏ ਹੋਏ ਸਨ।
ਇਹ ਸਿਰਫ ਹੈਦਰਾਬਾਦ ਵਿੱਚ ਰਹਿਣ ਵਾਲੇ ਸੰਜੀਵ ਦੀ ਕਹਾਣੀ ਨਹੀਂ ਹੈ। ਉਹ ਕਹਿੰਦੇ ਨੇ ਕਿ ਭਾਵੇਂ ਹੀ ਉਨ੍ਹਾਂ ਦੀ ਤਨਖ਼ਾਹ ਲੱਖਾਂ ਵਿੱਚ ਹੋਵੇ ਪਰ 15 ਤਰੀਕ ਤੱਕ ਉਨ੍ਹਾਂ ਦਾ ਬਟੂਆ ਲਗਭਗ ਖਾਲੀ ਹੋ ਜਾਂਦਾ ਹੈ ਅਤੇ ਉਹ ਆਪਣੇ ਸਾਰੇ ਕ੍ਰੈਡਿਟ ਕਾਰਡ ਵੀ ਇਸਤੇਮਾਲ ਕਰ ਲੈਂਦੇ ਹਨ।
ਚੰਗੀ ਕਮਾਈ ਅਤੇ ਵੱਧ ਖ਼ਰਚਾ, ਅਮੀਰ ਦਿਖਣਾ ਅਤੇ ਐਸ਼ੋ-ਅਰਾਮ ਵਾਲੀ ਜ਼ਿੰਦਗੀ ਕਈਆਂ ਦਾ ਸਟਾਈਲ ਬਣ ਗਈ ਹੈ ਪਰ ਦੂਜੇ ਪਾਸੇ ਇਸ ਕਰਕੇ ਕਰਜ਼ੇ ਦਾ ਬੋਝ ਵੀ ਵੱਧ ਜਾਂਦਾ ਹੈ, ਈਐੱਮਆਈ ਦੀ ਫਿਕਰ ਵੀ ਹੁੰਦੀ ਹੈ।
ਸ਼ਹਿਰੀ ਮੱਧ ਵਰਗ ਦੇ ਕਈ ਲੋਕਾਂ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਤੁਸੀਂ ਵੀ ਇਸ ਸੂਚੀ ਵਿੱਚ ਸ਼ਾਮਲ ਹੋ?
ਦਿਖਾਵੇ ਲਈ ਫਾਲਤੂ ਖ਼ਰਚ
ਸ਼ਹਿਰੀ ਮੱਧ ਵਰਗ ਦੇ ਇਸ ਕਰਜ਼ ਜਾਲ ਦਾ ਮੁੱਖ ਕਾਰਨ ਇਹ ਹੈ ਕਿ ਇਹ ਮਾਅਨੇ ਨਹੀਂ ਰੱਖਦਾ ਅਸੀਂ ਕਿੰਨਾ ਕਮਾ ਰਹੇ ਹਾਂ, ਬਲਕਿ ਮਾਅਨੇ ਇਹ ਰੱਖਦਾ ਹੈ ਕਿ ਲੋਕਾਂ ਨੂੰ ਸਾਡਾ ਜੀਵਨ ਕਿੰਨਾ ਚੰਗਾ ਲੱਗਦਾ ਹੈ।
ਇਸ ਤਰ੍ਹਾਂ ਇਹ ਇੱਕ ਜਾਲ ਵਰਗਾ ਹੈ।
ਬਰਾਂਡਡ ਸਾਮਾਨ, ਹਵਾਈ ਯਾਤਰਾ, ਵਿਦੇਸ਼ੀ ਯਾਤਰਾਵਾਂ, ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਅਸੀਂ ਖੁਦ ਤੋਂ ਜ਼ਿਆਦਾ ਇੰਸਟਾਗ੍ਰਾਮ ਰੀਲਜ਼ ਜਾਂ ਵੱਟਸਐਪ ਸਟੇਟਸ ਦਿਖਾਉਣ 'ਤੇ ਖ਼ਰਚ ਕਰਦੇ ਹਾਂ।
ਜੇ ਤੁਸੀਂ ਮਾਮੂਲੀ ਬਿਮਾਰ ਹੋ ਜਾਂਦੇ ਹੋ ਅਤੇ ਹਸਪਤਾਲ 'ਚ ਭਰਤੀ ਹੋ ਜਾਂਦੇ ਹੋ ਜਾਂ ਇੱਕ ਹਫ਼ਤੇ ਦੀ ਛੁੱਟੀ ਲੈ ਲੈਂਦੇ ਹੋ ਤਾਂ ਅਗਲੇ ਮਹੀਨੇ ਦਾ ਬਜਟ ਪੂਰੀ ਤਰ੍ਹਾਂ ਨਾਲ ਵਿਗੜ ਜਾਂਦਾ ਹੈ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ 'ਐਮਰਜੈਂਸੀ ਫੰਡ' ਦੀ ਧਾਰਨਾ ਤੋਂ ਬਹੁਤ ਦੂਰ ਹਨ, ਜੋ ਕਿ ਵਿੱਤੀ ਅਨੁਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ।
ਆਰਬੀਆਈ ਦੀ ਸਾਲਾਨਾ ਰਿਪੋਰਟ 2024-25 ਦੇ ਅਨੁਸਾਰ ਸਾਡੇ ਕੋਲ ਜੀਡੀਪੀ ਦੇ ਮੁਕਾਬਲੇ ਸਿਰਫ 5.3 ਪ੍ਰਤੀਸ਼ਤ (ਸ਼ੁੱਧ ਘਰੇਲੂ ਵਿੱਤੀ ਬੱਚਤ) ਦਾ ਵਾਧੂ ਹੈ।
ਸਾਡੇ ਅਤੇ ਬੱਚਤ ਵਿਚਾਲੇ ਦੂਰੀ
ਆਰਬੀਆਈ ਵੱਲੋਂ ਜਨਵਰੀ 2025 ਵਿੱਚ ਜਾਰੀ ਕੀਤੀ ਵਿੱਤੀ ਸਥਿਰਤਾ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਮੱਧ ਵਰਗ ਦੇ 5 ਤੋਂ 10 ਫ਼ੀਸਦ ਲੋਕ ਕਰਜ਼ੇ ਹੇਠ ਹਨ। 67 ਫ਼ੀਸਦ ਨੇ ਵਿਅਕਤੀਗਤ ਕਰਜ਼ਾ ਲਿਆ ਹੋਇਆ ਹੈ।
ਉਨ੍ਹਾਂ ਵਿੱਚੋਂ ਕੁਝ ਦੇ ਕੋਲ ਕ੍ਰੈਡਿਟ ਕਾਰਡ ਵੀ ਹੈ।
ਇਸ ਤੋਂ ਇਲਾਵਾ ਅਜਿਹੇ ਲੋਕ ਵੀ ਹਨ, ਜਿਨ੍ਹਾਂ 'ਤੇ ਬਹੁਤ ਕਰਜ਼ਾ ਹੈ।
ਨਿਵੇਸ਼ ਪ੍ਰਬੰਧਕ ਸੌਰਭ ਮੁਖਰਜੀ, ਜੋ 'ਕੌਫੀ ਕੈਨ ਇਨਵੈਸਟਿੰਗ' ਕਿਤਾਬ ਦੇ ਸਹਿ-ਲੇਖਕ ਹਨ, ਨੇ ਇੱਕ ਇੰਟਰਵਿਊ ਵਿੱਚ ਵਿਸ਼ਲੇਸ਼ਣ ਕੀਤਾ ਹੈ ਕਿ ਕਰਜ਼ਾ ਲੈਣ ਵਾਲੇ 45 ਫ਼ੀਸਦ ਲੋਕਾਂ ਦੀ ਕ੍ਰੈਡਿਟ ਯੋਗਤਾ ਵਿੱਚ ਗਿਰਾਵਟ ਆ ਰਹੀ ਹੈ।
ਸੌਰਭ ਦਾ ਮੰਨਣਾ ਹੈ ਕਿ ਕੋਵਿਡ ਤੋਂ ਬਾਅਦ ਕਰਜ਼ਾ ਲੈਣ ਵਾਲੇ ਲੋਕਾਂ ਵਿੱਚੋਂ 48 ਫ਼ੀਸਦ ਲੋਕ ਇਨ੍ਹਾਂ ਕਰਜ਼ਿਆਂ ਦੀ ਵਰਤੋਂ ਧਨ ਬਣਾਉਣ ਦੀ ਬਜਾਏ ਰੋਜ਼ਾਨਾ ਦੀਆਂ ਜ਼ਰੂਰਤਾਂ ਅਤੇ ਵਸਤੂਆਂ ਦੀ ਖਰੀਦ ਦੇ ਲਈ ਕਰ ਰਹੇ ਹਨ।
ਅਸਲ ਦੋਸ਼ੀ ਕੌਣ ਹੈ?
ਮਹਿੰਗਾ ਰਹਿਣ-ਸਹਿਣ ਸਾਡੇ ਵਿੱਚੋਂ ਕਈ ਲੋਕਾਂ ਦੇ ਲਈ ਸਭ ਤੋਂ ਵੱਡਾ ਦੁਸ਼ਮਣ ਹੈ।
ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨਾਲੋਂ ਬਿਹਤਰ ਜੀਵਨ ਜਿਉਣਾ ਚਾਹੁੰਦੇ ਹਾਂ, ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਾਡਾ ਰਹਿਣਾ-ਸਹਿਣਾ ਉਨ੍ਹਾਂ ਤੋਂ ਬਿਹਤਰ ਹੈ। ਸਾਨੂੰ ਸਾਲ ਵਿੱਚ ਘੱਟੋ-ਘੱਟ ਇੱਕ ਜਾਂ ਦੋ ਵਾਰ ਟੂਰ 'ਤੇ ਜਾਣਾ ਚਾਹੀਦਾ ਹੈ। ਵੱਡਾ ਘਰ, ਵੱਡੀ ਕਾਰ...ਇਹ ਸਾਰਾ ਕੁਝ ਸਭ ਤੋਂ ਵੱਡਾ ਦਬਾਅ ਹੈ, ਜੋ ਸਾਡਾ ਸਮਾਜ ਸਾਡੇ 'ਤੇ ਪਾਉਂਦਾ ਹੈ।
ਉਨ੍ਹਾਂ ਨੇ ਕੀ ਖਰੀਦਿਆ, ਅਸੀਂ ਖਰੀਦਿਆ, ਕਿਸੇ ਹੋਰ ਨੇ ਕੀ ਖਰੀਦਿਆ...ਇਸ ਤਰ੍ਹਾਂ ਹੌਲੀ-ਹੌਲੀ ਸਾਰੇ ਜਾਲ ਵਿੱਚ ਫੱਸ ਰਹੇ ਹਨ ਅਤੇ ਫਿਰ ਆਰਥਿਕ ਤੰਗੀ ਨਾਲ ਜੂਝਦੇ ਹਾਂ।
- 2 ਬੀਐੱਚਕੇ ਤੋਂ 3 ਬੀਐੱਚਕੇ
- ਆਮ ਫੋਨ ਤੋਂ ਆਈਫੋਨ ਤੱਕ
- ਟ੍ਰੇਨ ਦੀ ਬਜਾਏ ਹਵਾਈ ਜਹਾਜ਼ ਰਾਹੀਂ ਯਾਤਰਾ
- ਘਰ ਦੇ ਖਾਣੇ ਦੀ ਬਜਾਏ ਆਨਲਾਈਨ ਐਪਸ ਤੋਂ ਖਾਣਾ ਆਰਡਰ ਕਰਨਾ
- ਓਲਾ-ਊਬਰ ਦੀ ਥਾਂ ਸਪੈਸ਼ਲ ਡਰਾਈਵਰ
- ਅਜਿਹਾ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਰਹਿਣ-ਸਹਿਣ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਾਂ। ਕੀ ਆਮਦਨ ਉਨ੍ਹਾਂ ਉਮੀਦਾਂ ਅਨੁਸਾਰ ਆ ਰਹੀ ਹੈ? ਜਾਂ ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਡੇ ਆਲੇ -ਦੁਆਲੇ ਦੇ ਲੋਕਾਂ ਨੇ ਕਿਸੇ ਵਿਅਕਤੀ ਨੇ ਅਜਿਹਾ ਕੀਤਾ ਹੈ? ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਤੋਂ ਪ੍ਰਭਾਵਿਤ ਹੁੰਦੇ ਹਾਂ, ਜਿਨ੍ਹਾਂ ਵਿੱਚ ਸੋਸ਼ਲ ਮੀਡੀਆ, ਪ੍ਰਭਾਵਸ਼ਾਲੀ ਲੋਕ, ਸਹਿਕਰਮੀ ਆਦਿ ਸ਼ਾਮਲ ਹਨ।
ਜ਼ਰੂਰੀ ਨਹੀਂ ਹੈ ਕਿ ਉਹ ਬਾਹਰ ਤੋਂ ਜਿੰਨੇ ਅਮੀਰ ਦਿਖਦੇ ਹੋਣ ਉਨ੍ਹਾਂ ਦੀ ਆਰਥਿਕ ਸਥਿਤੀ ਉਹੋ ਜਿਹੀ ਹੀ ਹੋਵੇ। ਈਐੱਮਆਈਜ਼ ਦਾ ਢੇਰ, ਰਿਟਾਇਰਮੈਂਟ ਪਲਾਨਿੰਗ ਲਈ ਪੈਸੇ ਨਹੀਂ, ਐਮਰਜੈਂਸੀ ਲਈ ਪੈਸੇ ਨਹੀਂ, ਬੈਂਕ ਵਿੱਚ ਬੈਲੈਂਸ ਨਹੀਂ...ਕਈ ਕੇਸਾਂ ਵਿੱਚ ਇਹ ਵੀ ਅਸਲ ਸਥਿਤੀ ਹੋ ਸਕਦੀ ਹੈ ਜੋ ਸਾਨੂੰ ਬਾਹਰੋਂ ਨਜ਼ਰ ਨਹੀਂ ਆਉਂਦੀ।
ਕੀ ਕ੍ਰੇਡ ਵਰਗੀਆਂ ਕੰਪਨੀਆਂ ਵੱਲੋਂ ਸਾਡੇ ਸਿੱਬਲ ਸਕੋਰ ਦੇ ਆਧਾਰ 'ਤੇ ਦਿੱਤਾ ਜਾਣ ਵਾਲਾ 5-6 ਲੱਖ ਰੁਪਏ ਦਾ ਪ੍ਰੀ-ਅਪਰੂਵਡ ਲੋਨ ਤੁਹਾਡੇ ਲਈ ਫਾਇਦੇਮੰਦ ਹੈ? ਜਾਂ ਤੁਹਾਡੇ ਬੱਚਤ ਬੈਂਕ ਵਿੱਚ ਰੱਖੇ 2 ਲੱਖ ਰੁਪਏ ਜ਼ਿਆਦਾ ਮਹੱਤਵਪੂਰਨ ਹਨ? ਇਸ ਬਾਰੇ ਥੋੜ੍ਹਾ ਸੋਚੋ।
ਕੀ ਕਰਜ਼ਾ ਲੈਣਾ ਗਲਤ ਨਹੀਂ ਹੈ?
ਪੰਦਰਾਂ ਸਾਲ ਪਹਿਲਾਂ ਤੱਕ ਅਸੀਂ ਕਰਜ਼ੇ ਨੂੰ ਇੱਕ ਖ਼ਤਰੇ ਦੇ ਰੂਪ ਵਿੱਚ ਦੇਖਦੇ ਸੀ।
ਪਹਿਲਾਂ ਅਸੀਂ ਹੋਮ ਲੋਨ ਜਾਂ ਕਾਰ ਲੋਨ ਤੱਕ ਹੀ ਸੀਮਤ ਰਹਿੰਦੇ ਸੀ। ਪਰ ਹੁਣ ਚਾਹੇ ਸਾਨੂੰ ਮੋਬਾਈਲ ਫੋਨ ਚਾਹੀਦਾ ਹੋਵੇ, ਕੱਪੜੇ ਖਰੀਦਣੇ ਹੋਣ ਜਾਂ ਛੁੱਟੀ 'ਤੇ ਜਾਣਾ ਹੋਵੇ, ਅਸੀਂ ਲੋਨ ਲੈ ਸਕਦੇ ਹਾਂ।
ਹੁਣ ਅਸੀਂ 20-30 ਰੁਪਏ ਵੀ ਕ੍ਰੈਡਿਟ ਕਾਰਡ ਤੋਂ ਅਦਾ ਕਰ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅਸੀਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਵੀ ਉਧਾਰ ਲੈਣ ਤੋਂ ਨਹੀਂ ਝਿਜਕਦੇ।
ਇਸ ਨੂੰ ਸਹੂਲਤ ਦਾ ਨਾਮ ਦਿੱਤਾ ਜਾ ਸਕਦਾ ਹੈ ਪਰ ਅਸਲ ਵਿੱਚ ਇਹ ਇੱਕ ਜਾਲ ਹੈ।
ਇਨ੍ਹਾਂ ਗੱਲਾਂ ਵੱਲ ਧਿਆਨ ਦਿਓ
- ਜੀਵਨ ਦੇ ਪੱਧਰ ਅਤੇ ਜੀਵਨ ਦੀ ਗੁਣਵੱਤਾ ਵਿਚਾਲੇ ਅੰਤਰ ਨੂੰ ਸਮਝੋ।
- ਅਸੀਂ ਸਮਝੀਏ ਕਿ ਵੱਧ ਕਮਾਉਣ ਅਤੇ ਵੱਧ ਖਰਚਣ ਨਾਲ ਖੁਸ਼ੀਂ ਨਹੀਂ ਮਿਲਦੀ।
- ਜਿੰਨਾ ਸੰਭਵ ਹੋ ਸਕੇ ਕਰਜ਼ ਤੋਂ ਦੂਰ ਰਹੋ।
- ਆਪਣੀ ਤਨਖ਼ਾਹ ਦਾ ਘੱਟੋ-ਘੱਟ 20-30 ਫ਼ੀਸਦ ਪੀਐੱਫ, ਮਿਊਚਲ ਫੰਡ, ਪੀਪੀਐੱਫ ਅਤੇ ਐੱਨਪੀਐੱਸ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।
- ਦੇਖੋ ਕਿ ਖ਼ਰਚ ਕਿੱਥੇ ਵੱਧ ਰਿਹਾ ਹੈ। ਜੇ ਕੋਈ ਸਬਸਕ੍ਰਿਪਸ਼ਨ ਹੈ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ। ਐਕਸਲ ਸ਼ੀਟ ਦਾ ਇਸਤੇਮਾਲ ਕਰਕੇ ਦੇਖੋ ਕਿ ਖ਼ਰਚ ਕਰਨ ਦਾ ਵਿਵਹਾਰ ਕਿਸ ਤਰ੍ਹਾਂ ਬਦਲ ਰਿਹਾ ਹੈ।
- ਜੇ ਕਿਸੇ ਚੀਜ਼ ਦੇ ਲਈ ਈਐੱਮਆਈ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਇਹ ਪੇਸ਼ਕਸ਼ ਕਿਉਂ ਕੀਤੀ ਜਾ ਰਹੀ ਹੈ।
- ਸਾਡੇ ਕੋਲ ਜੋ ਪੈਸਾ ਹੈ, ਉਸ ਨਾਲ ਹੀ ਸਾਨੂੰ ਖਰੀਦਦਾਰੀ ਕਰਨੀ ਚਾਹੀਦੀ ਹੈ। ਹੁਣ ਇਹ ਦੇਖੋ ਕਿ ਕਰਜ਼ੇ ਤੋਂ ਮਿਲਣ ਵਾਲੀ ਖੁਸ਼ੀ ਅਸਲ ਹੈ ਜਾਂ ਨਹੀਂ।
- ਲੌਂਗ ਟਰਮ ਇਨਵੈਸਟਮੈਂਟ (ਮਿਊਚਲ ਫੰਡ, ਮਕਾਨ, ਰਿਟਾਇਰਮੈਂਟ ਫੰਡ, ਸੋਨਾ) ਬਾਰੇ ਸੋਚੋ।
- ਕਾਰ, ਮੋਟਰਸਾਈਕਲ ਅਤੇ ਮਹਿੰਗੇ ਫੋਨ ਕਦੇ ਵੀ ਸੰਪਤੀ ਨਹੀਂ ਹੁੰਦੇ ਅਤੇ ਨਾ ਹੀ ਕਦੇ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ