You’re viewing a text-only version of this website that uses less data. View the main version of the website including all images and videos.
ਜਦੋਂ ਪਾਓ ਭਾਜੀ ਨੇ ਕੀਤਾ 2 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਦਾ ਪਰਦਾਫਾਸ਼
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ, ਬੰਗਲੁਰੂ ਤੋਂ
ਫਾਰੂਕ ਅਹਿਮਦ ਮਲਿਕ ਦੀ ਲੁੱਟ ਦੀ ਯੋਜਨਾ ਦਾ ਪਰਦਾਫਾਸ਼ ਪਾਓ ਭਾਜੀ ਨੇ ਕਰ ਦਿੱਤਾ।
ਮਲਿਕ ਸੋਨੇ ਦਾ ਵਪਾਰ ਕਰਦੇ ਸਨ ਅਤੇ ਉਨ੍ਹਾਂ 'ਤੇ 40 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ, ਜਿਸ ਨੂੰ ਉਹ ਚੁਕਾਉਣਾ ਚਾਹੁੰਦੇ ਸਨ।
ਪੁਲਿਸ ਦੇ ਅਨੁਸਾਰ, ਇਸ ਲਈ ਉਨ੍ਹਾਂ ਨੇ ਇੱਕ ਹੋਰ ਸੋਨੇ ਦੇ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਇੱਕ ਗਿਰੋਹ ਬਣਾਇਆ ਸੀ, ਜਿਸਦੇ ਮੈਂਬਰ ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ ਮੁਥੁੱਲਾ ਮਲਿਕ ਦੀ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਲਈ ਸਹਿਮਤ ਹੋ ਗਏ।
ਲੁੱਟ ਦੀ ਘਟਨਾ
ਇਸ ਗਿਰੋਹ ਵਿੱਚ ਪੰਜ ਲੋਕ ਸਨ। ਉਨ੍ਹਾਂ ਨੇ ਘਟਨਾ ਤੋਂ ਠੀਕ ਪਹਿਲਾਂ ਆਪਸ ਵਿੱਚ ਸਲਾਹ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਵਿੱਚੋਂ ਚਾਰ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕ ਕੇ ਦੁਕਾਨ ਵਿੱਚ ਦਾਖਲ ਹੋਏ ਤਾਂ ਜੋ ਉਨ੍ਹਾਂ ਦੀ ਪਛਾਣ ਲੁਕੀ ਰਹੇ।
ਉਨ੍ਹਾਂ ਨੇ ਮੁਥੁੱਲਾ ਮਲਿਕ ਨੂੰ ਡਰਾਉਣ ਲਈ ਪਿਸਤੌਲ ਵਰਗੇ ਦਿਖਾਈ ਦੇਣ ਵਾਲੇ ਲਾਈਟਰ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਮੁਥੁੱਲਾ ਮਲਿਕ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹ ਦਿੱਤੇ, ਦੁਕਾਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਅਤੇ ਲਗਭਗ 2.15 ਕਰੋੜ ਰੁਪਏ ਦਾ ਸੋਨਾ ਅਤੇ ਗਹਿਣੇ ਲੁੱਟ ਲਏ।
ਮੁਥੁੱਲਾ ਮਲਿਕ ਨੇ ਪੁਲਿਸ ਸ਼ਿਕਾਇਤ ਵਿੱਚ ਕਿਹਾ ਕਿ 11 ਜੁਲਾਈ ਨੂੰ ਦੁਪਹਿਰ 12.15 ਵਜੇ ਚਾਰ ਲੋਕ ਉਨ੍ਹਾਂ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਉਨ੍ਹਾਂ ਦੇ ਸਿਰ 'ਤੇ ਬੰਦੂਕ ਤਾਣ ਦਿੱਤੀ, ਜਦਕਿ ਇੱਕ ਹੋਰ ਵਿਅਕਤੀ ਨੇ ਉਨ੍ਹਾਂ ਦੀ ਗਰਦਨ 'ਤੇ ਚਾਕੂ ਰੱਖ ਕੇ ਧਮਕਾਇਆ ਅਤੇ ਤੀਜੇ ਨੇ ਸੀਸੀਟੀਵੀ ਦੀਆਂ ਤਾਰਾਂ ਕੱਟ ਦਿੱਤੀਆਂ।
ਉਨ੍ਹਾਂ ਨੇ ਮਲਿਕ ਨੂੰ ਲਾਕਰ ਦੀਆਂ ਚਾਬੀਆਂ ਦੇਣ ਲਈ ਕਿਹਾ। ਠੱਗਾਂ ਨੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ, ਮੂੰਹ ਵਿੱਚ ਕੱਪੜਾ ਠੁੱਸ ਦਿੱਤਾ ਅਤੇ ਟੇਪ ਲਗਾ ਦਿੱਤੀ।
ਸ਼ਿਕਾਇਤ ਦੇ ਆਧਾਰ 'ਤੇ, ਕਲਬੁਰਗੀ ਪੁਲਿਸ ਨੇ ਚੋਰਾਂ ਦੀ ਭਾਲ਼ ਲਈ ਪੰਜ ਟੀਮਾਂ ਬਣਾਈਆਂ।
ਜਾਂਚ ਦੌਰਾਨ, ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਪਾਇਆ ਕਿ ਸਿਰਫ ਚਾਰ ਲੋਕ ਦੁਕਾਨ ਵਿੱਚ ਦਾਖਲ ਹੋਏ ਸਨ, ਪਰ ਸੀਸੀਟੀਵੀ ਫੁਟੇਜ ਵਿੱਚ ਦੁਕਾਨ ਦੇ ਬਾਹਰ ਪੰਜ ਲੋਕ ਦਿਖਾਈ ਦਿੱਤੇ।
ਇਸ ਪੰਜਵੇਂ ਵਿਅਕਤੀ ਦਾ ਮੋਬਾਈਲ ਨੰਬਰ ਨਹੀਂ ਮਿਲ ਸਕਿਆ। ਜਦਕਿ ਬਾਕੀ ਚਾਰ ਲੋਕਾਂ ਨੇ ਆਪਣੇ ਮੋਬਾਈਲ ਸੁੱਟ ਦਿੱਤੇ ਸਨ।
ਪੁਲਿਸ ਨੂੰ ਸੁਰਾਗ ਕਿਵੇਂ ਮਿਲਿਆ
ਜਦੋਂ ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਫਰੋਲ਼ੀ ਤਾਂ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਪਾਓ ਭਾਜੀ ਦੀ ਦੁਕਾਨ 'ਤੇ ਖੜ੍ਹਾ ਦਿਖਾਈ ਦਿੱਤਾ। ਜਿੱਥੋਂ ਉਸਦਾ ਨੰਬਰ ਮਿਲਿਆ।
ਇਹ ਪੰਜਵਾਂ ਵਿਅਕਤੀ ਪੂਰੇ ਮਾਮਲੇ ਦਾ ਮਾਸਟਰਮਾਈਂਡ ਅਤੇ ਕਰਜ਼ੇ ਵਿੱਚ ਡੁੱਬਿਆ ਸੁਨਿਆਰ ਸੀ।
ਪੁਲਿਸ ਨੇ ਦੁਕਾਨ ਵਿੱਚ ਦਾਖਲ ਹੋਏ ਚਾਰਾਂ ਦੇ ਮੋਬਾਈਲ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਤੋਂ ਪਤਾ ਲੱਗਾ ਕਿ ਅਯੋਧਿਆ ਪ੍ਰਸਾਦ ਚੌਹਾਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਮੁੰਬਈ ਵਿੱਚ ਫੁੱਟਪਾਥ 'ਤੇ ਕੱਪੜੇ ਵੇਚਦੇ ਹਨ।
ਸੁਹੈਲ ਮੋਬਾਈਲ ਚੋਰੀ ਵਰਗੇ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਮੁੰਬਈ ਵਿੱਚ ਹੀ ਰਹਿੰਦਾ ਸੀ। ਫਾਰੂਕ ਮਲਿਕ ਮੂਲ ਰੂਪ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ ਪਰ ਕਲਬੁਰਗੀ ਵਿੱਚ ਕਾਰੋਬਾਰ ਕਰਦੇ ਹਨ। ਜਦਕਿ ਅਰਬਾਜ਼ ਅਤੇ ਸਾਜਿਦ ਸਥਾਨਕ ਨਿਵਾਸੀ ਹਨ।
ਜਾਂਚ ਵਿੱਚ ਪਾਇਆ ਗਿਆ ਕਿ ਫਾਰੂਕ ਮਲਿਕ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਨਹੀਂ ਹੋਏ ਸਨ। ਮਲਿਕ ਹੀ ਉਹ ਪੰਜਵੇਂ ਵਿਅਕਤੀ ਸਨ ਜੋ ਡਕੈਤੀ ਦੌਰਾਨ ਮੌਕੇ ਤੋਂ ਭੱਜ ਗਏ ਸਨ। ਪਰ ਗਿਰੋਹ ਦੇ ਬਾਕੀ ਮੈਂਬਰਾਂ ਤੱਕ ਪਹੁੰਚਣ ਲਈ ਪੁਲਿਸ ਨੂੰ ਉਨ੍ਹਾਂ ਤੋਂ ਹੀ ਅਹਿਮ ਸੁਰਾਗ ਮਿਲੇ।
ਕਲਬੁਰਗੀ ਦੇ ਪੁਲਿਸ ਕਮਿਸ਼ਨਰ ਡਾਕਟਰ ਐਸ. ਸ਼ਰਣੱਪਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਫਾਰੂਕ ਮਲਿਕ ਨੇ ਘਟਨਾ ਸਮੇਂ ਇੱਕ ਵੱਖਰਾ ਮੋਬਾਈਲ ਫੋਨ ਵਰਤਿਆ ਸੀ। ਪਰ ਜਦੋਂ ਉਨ੍ਹਾਂ ਨੇ ਪਾਓ ਭਾਜੀ ਲਈ ਭੁਗਤਾਨ ਕੀਤਾ ਤਾਂ ਉਨ੍ਹਾਂ ਨੇ ਇੱਕ ਵੱਖਰਾ ਨੰਬਰ ਵਰਤਿਆ। ਇਹੀ ਸਾਡੇ ਲਈ ਸਭ ਤੋਂ ਮਹੱਤਵਪੂਰਨ ਸੁਰਾਗ ਸਾਬਤ ਹੋਇਆ।"
ਉਨ੍ਹਾਂ ਦੱਸਿਆ, "ਸਾਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਵਾਰਦਾਤ ਨੂੰ ਅੰਜਾਮ ਚਾਰ ਲੋਕਾਂ ਨੇ ਦਿੱਤਾ ਸੀ। ਸੀਸੀਟੀਵੀ ਫੁਟੇਜ ਵਿੱਚ ਚਾਰ ਲੋਕਾਂ ਨੂੰ ਦੁਕਾਨ ਵਿੱਚ ਦਾਖਲ ਹੁੰਦੇ ਅਤੇ ਬਾਹਰ ਜਾਂਦੇ ਦੇਖਿਆ ਗਿਆ। ਸਾਨੂੰ ਪਤਾ ਲੱਗਾ ਕਿ ਪੰਜਵਾਂ ਵਿਅਕਤੀ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਨਹੀਂ ਹੋਇਆ ਅਤੇ ਉਹ ਸੀ ਫਾਰੂਕ ਮਲਿਕ।"
ਚੋਰੀ ਤੋਂ ਵੱਧ ਸੋਨਾ ਬਰਾਮਦ ਹੋਇਆ
ਪੁਲਿਸ ਨੇ ਕੁੱਲ 2.8 ਕਿਲੋ ਸੋਨਾ ਅਤੇ ਗਹਿਣੇ ਬਰਾਮਦ ਕਰ ਲਏ। ਪਰ ਫਿਰ ਮੁਥੁੱਲਾ ਮਲਿਕ ਵੱਲੋਂ ਇੱਕ ਵੱਖਰੀ ਕਹਾਣੀ ਸਾਹਮਣੇ ਆਈ।
ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਸਿਰਫ 850 ਗ੍ਰਾਮ ਸੋਨਾ ਚੋਰੀ ਹੋਇਆ ਹੈ ਪਰ ਜਦੋਂ ਪੁਲਿਸ ਨੇ ਉਨ੍ਹਾਂ ਦੇ ਬਹੀ-ਖਾਤੇ ਜਾਂਚੇ ਤਾਂ ਅੰਕੜੇ ਮੇਲ ਨਹੀਂ ਖਾਂਦੇ ਸਨ।
ਮੁਥੁੱਲਾ ਮਲਿਕ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਕਾਰੋਬਾਰੀ ਦਸਤਾਵੇਜ਼ਾਂ ਵਿੱਚ ਦੋ ਕਿਲੋ ਸੋਨੇ ਦਾ ਕੋਈ ਹਿਸਾਬ ਹੀ ਨਹੀਂ ਰੱਖਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵੱਖਰਾ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਪਤਾ ਲੱਗਾ ਹੈ ਕਿ ਪੂਰੇ ਗਿਰੋਹ ਦੇ ਅੰਤਰਰਾਜੀ ਸਬੰਧ ਹਨ ਅਤੇ ਉਨ੍ਹਾਂ ਵਿਰੁੱਧ 10 ਤੋਂ 15 ਡਕੈਤੀ ਦੇ ਮਾਮਲੇ ਦਰਜ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ