ਜਦੋਂ ਫੋਨ ਦੀ ਖੋਜ ਕਰਨ ਵਾਲੇ ਗ੍ਰਾਹਮ ਬੈੱਲ ਜ਼ਖ਼ਮੀ ਅਮਰੀਕੀ ਰਾਸ਼ਟਰਪਤੀ ਦੇ ਸਰੀਰ ਵਿੱਚੋਂ ਗੋਲੀ ਲੱਭਦੇ ਰਹੇ ਸੀ

ਐਤਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਇੱਕ ਰੈਲੀ ਦੇ ਦੌਰਾਨ ਗੋਲੀਆਂ ਚਲਾਈਆਂ ਗਈਆਂ ।

ਇਸ ਦੌਰਾਨ ਇੱਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਲੰਘ ਗਈ। ਹਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਅਤੇ ਦੋ ਲੋਕ ਫੱਟੜ ਹੋ ਗਏ ।

ਡੌਨਲਡ ਟਰੰਪ ਉੱਤੇ ਹੋਇਆ ਹਮਲਾ ਸੁਰੱਖਿਆ ਵਿੱਚ ਇੱਕ ਭਾਰੀ ਕੋਤਾਹੀ ਮੰਨਿਆ ਜਾ ਰਿਹਾ ਹੈ ਅਤੇ ਅਮਰੀਕੀ ਏਜੰਸੀਆਂ ਫਿਲਹਾਲ ਜਾਂਚ ਵਿੱਚ ਲੱਗੀਆਂ ਹੋਈਆਂ ਹਨ।

ਐੱਫਬੀਆਈ ਨੇ ਗੋਲੀਬਾਰੀ ਦੇ ਲਈ 20 ਸਾਲ ਦੇ ਥੌਮਸ ਮੈਥਿਊ ਕਰੂਕਸ ਨੂੰ ਜ਼ਿੰਮੇਵਾਰ ਦੱਸਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਥੌਮਸ ਕਰੂਕਸ ਨੂੰ ਮੌਕੇ ਉੱਤੇ ਹੀ ਮਾਰ ਦਿੱਤਾ ਗਿਆ ਸੀ।

ਅਮਰੀਕਾ ਦੇ ਸਿਆਸੀ ਇਤਿਹਾਸ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸੇ ਸਿਆਸੀ ਨੇਤਾ ਉੱਤੇ ਜਾਨਲੇਵਾ ਹਮਲਾ ਹੋਇਆ ਹੋਵੇ।

ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਕਈ ਹੋਰ ਰਾਸ਼ਟਰਪਤੀਆਂ ਉੱਤੇ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ।

ਇੰਨ੍ਹਾਂ ਵਿੱਚ ਕੁਝ ਦੀ ਮੌਤ ਹੋ ਗਈ ਜਦੋਂ ਕਿ ਕੁਝ ਜਿਉਂਦੇ ਬਚ ਗਏ । ਅਸੀਂ ਇਸ ਰਿਪੋਰਟ ਵਿੱਚ ਅਜਿਹੇ ਆਗੂਆਂ ਬਾਰੇ ਗੱਲ ਕਰਾਂਗੇ।

ਜੌਨ ਐੱਫ ਕੈਨੇਡੀ (1963)

ਜੌਨ ਐੱਫ ਕੈਨੇਡੀ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, 25 ਨਵੰਬਰ, 1963 ਨੂੰ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਡੈਲਸ ਯਾਤਰਾ ਦੇ ਦੌਰਾਨ ਉਹ ਇੱਕ ਖੁੱਲ੍ਹੀ ਕਾਰ ਵਿੱਚ ਜਾ ਰਹੇ ਸੀ ਉਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ।

ਗੋਲੀ ਲੱਗਣ ਦੇ ਵੇਲੇ ਉਨ੍ਹਾਂ ਦੇ ਨਾਲ ਕਾਰ ਵਿੱਚ ਮੌਜੂਦ ਖੁਫੀਆ ਸੇਵਾ ਦੇ ਮੁਲਾਜ਼ਮ ਕਲਿੰਟ ਹਿੱਲ ਨੇ ਦੱਸਿਆ ਕਿ ਕੈਨੇਡੀ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਵਿਰੋਧ ਸੀ।

ਪਰ ਸੁਰੱਖਿਆ ਏਜੰਸੀਆਂ ਤੋਂ ਅਜਿਹਾ ਕੋਈ ਇਨਪੁੱਟ ਨਹੀਂ ਮਿਲਿਆ ਸੀ ਕਿ ਰਾਸ਼ਟਰਪਤੀ ਦੀ ਜਾਨ ਨੂੰ ਖ਼ਤਰਾ ਹੈ। ਕੈਨੇਡੀ ਦੇ ਕਤਲ ਦੇ ਇਲਜ਼ਾਮਾਂ ਵਿੱਚ ਲੀ ਹਾਰਵੀ ਓਸਵਾਲਡ ਨਾਮ ਦੇ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

ਉਨ੍ਹਾਂ ਖੁਦ ਨੂੰ ਬੇਕਸੂਰ ਦੱਸਿਆ ਸੀ। ਲੀ ਹਾਰਵੀ ਓਸਵਾਲਡ ਇੱਕ ਸਾਬਕਾ ਸਮੁੰਦਰੀ ਫੌਜੀ ਅਤੇ ਉਹ ਖੁਦ ਨੂੰ ਮਾਰਕਸਵਾਦੀ ਕਹਿੰਦੇ ਸਨ। ਉਨ੍ਹਾਂ ਨੇ 1959 ਵਿੱਚ ਸੋਵੀਅਤ ਸੰਘ ਦੀ ਯਾਤਰਾ ਕੀਤੀ ਅਤੇ 1962 ਤੱਕ ਉੱਥੇ ਰਹੇ ਸਨ ।

ਇਹ ਮਿੰਸਕ ਵਿੱਚ ਇੱਕ ਰੇਡੀਓ ਅਤੇ ਟੀਵੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਇਸੇ ਸ਼ਹਿਰ ਵਿੱਚ ਆਪਣੀ ਪਤਨੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।

ਵੌਰੇਨ ਕਮਿਸ਼ਨ ਨੂੰ ਪਤਾ ਲੱਗਿਆ ਸੀ ਕਿ ਕੈਨੇਡਾ ਦੇ ਕਤਲ ਤੋਂ ਦੋ ਦਿਨ ਪਹਿਲਾਂ ਹਾਰਵੀ ਕਿਊਬਾ ਅਤੇ ਰੂਸ ਦੇ ਸਫਾਰਤਖਾਨਿਆਂ ਵਿੱਚ ਗਏ ਸਨ ।

ਸਤੰਬਰ 1964 ਵਿੱਚ ਪ੍ਰਕਾਸ਼ਿਤ ਵੌਰੇਨ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਲੀ ਹਾਰਵੀ ਓਸਵਾਲਡ ਨੇ ਹੀ ਟੈਕਸਸ ਸਕੂਲ ਬੁੱਕ ਡਿਪੌਜਟ੍ਰੀ ਬਿਲਡਿੰਗ ਤੋਂ ਗੋਲੀ ਮਾਰੀ ਸੀ ।

ਦੋ ਦਿਨ ਬਾਅਦ ਓਸਵਾਲਡ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਦੂਜਾ ਸ਼ੂਟਰ ਹੋ ਸਕਦਾ ਹੈ ਅਤੇ ਹੋਰ ਕਹਿੰਦੇ ਹਨ ਕਿ ਇਹ ਸੰਭਾਵਨਾ ਹੈ ਕਿ ਕੈਨੇਡੀ ਨੂੰ ਪਿੱਛੇ ਤੋਂ ਨਹੀਂ ਸਾਹਮਣਿਓਂ ਗੋਲੀ ਮਾਰੀ ਹੋਵੇ ।

ਓਸਵਾਲਡ ਦੇ ਗੱਲਾਂ 'ਤੇ ਕੀਤੇ ਗਏ ਪੈਰਾਫਿਨ ਟੈਸਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਬੰਦੂਕ ਨਹੀਂ ਚਲਾਈ ਸੀ, ਹਾਲਾਂਕਿ , ਇਸ ਟੈਸਟ ਦੀ ਭਰੋਸੇਯੋਗਤਾ ਉੱਤੇ ਵੀ ਸਵਾਲ ਚੁੱਕੇ ਗਏ ਸਨ।

ਅਬਰਾਹਮ ਲਿੰਕਨ (1865)

ਅਬਰਾਹਮ ਲਿੰਕਨ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ। ਲਿੰਕਨ ਦਾ 15 ਅਪ੍ਰੈਲ , 1865 ਨੂੰ ਵਾਸ਼ਿੰਗਟਨ ਡੀਸੀ ਦੇ ਫੋਰਡ ਥਿਏਟਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਅਬਰਾਹਮ ਲਿੰਕਨ ਨੇ ਆਪਣੇ ਚੋਣ ਅਭਿਆਨਾਂ ਵਿੱਚ ਦਾਸ ਪ੍ਰਥਾ ਦੇ ਪ੍ਰਤੀ ਆਪਣੇ ਵਿਰੋਧ ਨੂੰ ਖੁੱਲ੍ਹ ਕੇ ਜ਼ਾਹਿਰ ਕੀਤਾ ਸੀ।

ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਕਈ ਲੋਕਾਂ ਨੂੰ ਡਰ ਸੀ ਕਿ ਲਿੰਕਨ ਚੋਣ ਜਿੱਤਣ ਦੇ ਬਾਅਦ ਦਾਸ ਪ੍ਰਥਾ ਨੂੰ ਖ਼ਤਮ ਕਰ ਦੇਣਗੇ।

ਸ਼ਾਇਦ ਇਹੀ ਵਜ੍ਹਾ ਸੀ ਕਿ ਅਮਰੀਕਾ ਦੇ ਦੱਖਣ ਵਿੱਚ ਸਥਿਤ ਸੱਤ ਸੂਬਿਆਂ ਨੇ ਆਪਣਾ ਇੱਕ ਵੱਖ ਫੈਡਰੇਸ਼ਨ ਬਣਾ ਲਿਆ ਸੀ। ਇਸ ਫੈਡਰੇਸ਼ਨ ਵਿੱਚ ਬਾਅਦ ਵਿੱਚ ਚਾਰ ਹੋਰ ਸੂਬੇ ਸ਼ਾਮਿਲ ਹੋ ਗਏ। ਇੰਨ੍ਹਾਂ ਸੂਬਿਆਂ ਨੂੰ ਸਮੂਹਿਕ ਰੂਪ ਵਿੱਚ ਕੌਨਫੇਡਰੇਸੀ ਕਿਹਾ ਜਾਣ ਲੱਗਿਆ ।

ਸਾਲ 1861 ਵਿੱਚ ਅਮਰੀਕਾ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ ਜੋ ਚਾਰ ਸਾਲ ਤੱਕ ਚੱਲਿਆ, ਯੁੱਧ ਵਿੱਚ 6 ਲੱਖ ਅਮਰੀਕੀ ਮਾਰੇ ਗਏ । 9 ਅਪ੍ਰੈਲ, 1865 ਨੂੰ ਕੌਨਫੇਡਰੇਸੀ ਦੇ ਕੌਨਫੇਡਰੇਟ ਜਨਰਲ ਰੌਬਰਟ ਈ ਲਈ ਦੇ ਆਤਮ ਸਮਰਪਣ ਦੇ ਬਾਅਦ ਗ੍ਰਹਿ ਯੁੱਧ ਖ਼ਤਮ ਹੋ ਗਿਆ ਸੀ ।

ਉੱਤਰ ਅਤੇ ਦੱਖਣੀ ਅਮਰੀਕੀ ਸੂਬਿਆਂ ਦੇ ਵਿਚਕਾਰ ਛਿੜੇ ਸਿਵਲ ਵਾਰ ਨੂੰ ਰੋਕਣ ਦੇ ਹਫਤੇ ਦੇ ਅੰਦਰ ਅਬਰਾਹਮ ਲਿੰਕਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਕਾਤਲ ਜੌਨ ਵਿਲਕਸ ਬੂਥ, ਕੌਨਫੇਡੇਰਸੀ ਦੇ ਇੱਕ ਮਜ਼ਬੂਤ ਸਮਰਥਕ ਸਨ ।

ਵਿਲੀਅਮ ਮੈਕਿਨਲੇ (1901)

ਵਿਲੀਅਮ ਮੈਕਿਨਲੇ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਦਾ ਕਤਲ ਕੀਤਾ ਜਾਣ ਤੋਂ ਪਹਿਲਾਂ ਉਹ 4 ਮਾਰਚ, 1897 ਤੋਂ 14 ਸਤੰਬਰ, 1901 ਤੱਕ ਅਮਰੀਕਾ ਦੇ ਰਾਸ਼ਟਰਪਤੀ ਸਨ ।

ਮੈਕਿਨਲੇ ਦੇ ਕਾਰਜਕਾਲ ਵਿੱਚ 100 ਦਿਨਾਂ ਦੇ ਯੁੱਧ ਵਿੱਚ ਅਮਰੀਕਾ ਨੇ ਕਿਊਬਾ ਵਿੱਚ ਸਪੇਨ ਨੂੰ ਹਰਾਇਆ ਸੀ।ਫਿਲੀਪੀਂਸ ਦੇ ਮਨੀਲਾ ਅਤੇ ਪਿਯੂਟੋ ਰਿਕੋ ਤੇ ਕਬਜ਼ਾ ਕਰ ਲਿਆ ਸੀ ।

ਸਤੰਬਰ, 1901 ਵਿੱਚ ਪ੍ਰਦਰਸ਼ਨੀ ਦੇ ਦੌਰਾਨ ਜਦੋਂ ਉਹ ਕਤਾਰ ਵਿੱਚ ਖੜੇ ਸਨ ਉਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ , ਉਨ੍ਹਾਂ ਨੂੰ ਦੋ ਵਾਰ ਗੋਲੀ ਮਾਰੀ ਗਈ ਸੀ ਅਤੇ 8 ਦਿਨਾਂ ਬਾਅਦ ਮੌਤ ਹੋ ਗਈ ਸੀ ।

ਰਾਸ਼ਟਰਪਤੀ ਮੈਕਿਨਲੇ ਦੇ ਕਤਲ ਦੇ ਲਈ ਮਿਸ਼ੀਗਨ ਦੇ ਰਹਿਣ ਵਾਲੇ ਲਿਓਨ ਕੋਜੋਲਗੋਜ ਨਾਮ ਦੇ ਸ਼ਖ਼ਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ।

ਗ੍ਰਿਫ਼ਤਾਰ ਹੋਣ ਦੇ ਬਾਅਦ ਕੋਜੋਲਗੋਜ ਨੇ ਕਿਹਾ ਸੀ ਕਿ "ਮੈਂ ਰਾਸ਼ਟਰਪਤੀ ਮੈਕਿਨਲੇ ਨੂੰ ਮਾਰ ਦਿੱਤਾ ਕਿਉਂਕਿ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ, ਮੇਰਾ ਅਜਿਹਾ ਮੰਨਣਾ ਨਹੀਂ ਹੈ ਕਿ ਇੱਕ ਸ਼ਖ਼ਸ ਦੇ ਕੋਲ ਇੰਨ੍ਹਾਂ ਜ਼ਿਆਦਾ ਕੰਮ ਹੋਵੇ ਅਤੇ ਅਗਲੇ ਦੇ ਕੋਲ ਕੁਝ ਨਾ ਹੋਵੇ "

ਜੇਮਸ ਏ ਗਾਰਫਿਲਡ (1881)

ਜੇਮਸ ਏ ਗਾਰਫਿਲਡ ਅਮਰੀਕਾ ਦੇ 20ਵੇਂ ਰਾਸ਼ਟਰਪਤੀ ਸਨ, ਉਨ੍ਹਾਂ ਦਾ ਜਨਮ 1831 ਵਿੱਚ ਓਹਾਇਓ ਵਿੱਚ ਹੋਇਆ ਸੀ ।

2 ਜੁਲਾਈ 1881 ਨੂੰ ਵਸ਼ਿੰਗਟਨ ਦੇ ਰੇਲ ਰੋਡ ਸਟੇਸ਼ਨ ਦੇ ਬਾਹਰ ਇੱਕ ਸ਼ਖ਼ਸ ਵੱਲੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਗੰਭੀਰ ਰੂਪ ਨਾਲ ਜਖ਼ਮੀ ਗਾਰਫਿਲਡ ਕਈ ਦਿਨਾਂ ਤੱਕ ਵਾਈਟ ਹਾਊਸ ਵਿੱਚ ਸਨ ।

ਟੈਲੀਫੋਨ ਦੇ ਖੋਜਕਰਤਾ ਅਲੇਕਜੇਂਡਰ ਗ੍ਰਾਹਮ ਬੈਲ ਆਪਣੀ ਇੱਕ ਮਸ਼ੀਨ ਦੀ ਮਦਦ ਨਾਲ ਗੋਲੀ ਲੱਭਣ ਦੀ ਅਸਫਲ ਕੋਸ਼ਿਸ਼ ਕਰਦੇ ਰਹੇ ।

6 ਸਤੰਬਰ ਨੂੰ ਉਨ੍ਹਾਂ ਨੂੰ ਨਿਊ ਜਰਸੀ ਦੇ ਨੇੜੇ ਇੱਕ ਥਾਂ ਤੇ ਲੈ ਜਾਂਦਾ ਗਿਆ। ਕੁਝ ਦਿਨਾਂ ਤੱਕ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦਿਖਿਆ ਪਰ 10 ਸਤੰਬਰ 1881 ਨੂੰ ਜਖ਼ਮਾਂ ਅਤੇ ਵੱਧ ਖੂਨ ਵਹਿਣ ਨਾਲ ਉਨ੍ਹਾਂ ਦੀ ਮੌਤ ਹੋ ਗਈ ।

ਅਮਰੀਕਾ ਦੇ ਉਹ ਰਾਸ਼ਟਰਪਤੀ ਜੋ ਜਾਨਲੇਵਾ ਹਮਲੇ ਵਿੱਚ ਵਾਲ-ਵਾਲ ਬਚੇ

ਰੋਨਾਲਡ ਰੀਗਨ (1981)

ਰੋਨਾਲਡ ਰੀਗਨ ਅਮਰੀਕਾ ਦੇ 40ਵੇਂ ਰਾਸ਼ਟਰਪਤੀ ਸਨ। ਸੋਵੀਅਤ ਯੂਨੀਅਨ ਦੇ ਪਤਨ ਅਤੇ ਸ਼ੀਤ ਯੁੱਧ ਦੀ ਸਮਾਪਤੀ ਵਿੱਚ ਇੰਨ੍ਹਾਂ ਨੂੰ ਇੱਕ ਪ੍ਰਮੁੱਖ ਵਿਅਕਤੀ ਮੰਨਿਆ ਜਾਂਦਾ ਹੈ ।

ਰੀਗਨ ਦਾ ਜਨਮ 6 ਫਰਵਰੀ 1911 ਨੂੰ ਇਲਿਨੋਇਸ ਦੇ ਟੈਪਿੰਕੋ ਸ਼ਹਿਰ ਵਿੱਚ ਹੋਇਆ ਸੀ,ਰੀਗਨ ਹੌਲੀਵੁੱਡ ਦੇ ਅਦਾਕਾਰ ਵੀ ਸਨ ਅਤੇ ਇੰਨ੍ਹਾਂ ਨੇ 50 ਫਿਲਮਾਂ ਵਿੱਚ ਕੰਮ ਕੀਤਾ ਸੀ ।

1942-45 ਦੇ ਦੌਰਾਨ ਉਨ੍ਹਾਂ ਨੇ ਫੌਜ ਵਿੱਚ ਵੀ ਕੰਮ ਕੀਤਾ ।

30 ਮਾਰਚ 1981 ਨੂੰ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦੇ 69 ਦਿਨਾਂ ਬਾਅਦ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ।

ਵਸ਼ਿੰਗਟਨ ਦੇ ਹਿਲਟਨ ਹੋਟਲ ਦੇ ਬਾਹਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਜਾਨ ਬੱਚ ਗਈ, ਹਮਲੇ ਵਿੱਚ ਤਿੰਨ ਹੋਰ ਲੋਕ ਜਖ਼ਮੀ ਹੋ ਗਏ ਸਨ ।

ਗੋਲੀ ਮਾਰਨ ਵਾਲੇ ਸ਼ਖ਼ਸ ਦੀ ਪਛਾਣ ਜੌਨ ਹਿੰਕਲੇ ਜੂਨੀਅਰ ਦੇ ਰੂਪ ਵਿੱਚ ਹੋਈ ਸੀ ।

ਥਿਯੋਡੋਰ ਰੂਜ਼ਵੇਸਲਟ (1912)

ਥਿਯੋਡੋਰ ਰੂਜ਼ਵੇਸਲਟ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਸਨ। ਇੰਨ੍ਹਾਂ ਦਾ ਜਨਮ 27 ਅਕਤੂਬਰ 1858 ਵਿੱਚ ਨਿਊਯਾਰਕ ਵਿੱਚ ਹੋਇਆ ਸੀ,ਉਹ ਇੱਕ ਰਿਪਬਲਿਕਨ ਨੇਤਾ ਸਨ ।

1898 ਵਿੱਚ ਰੂਜ਼ਵੇਲਟ ਨੂੰ ਨਿਊਯਾਰਕ ਦਾ ਗਵਰਨਰ ਬਣਾਇਆ ਗਿਆ ਸੀ ਅਤੇ 1990 ਵਿੱਚ ਇਹ ਅਮਰੀਕਾ ਦੇ ਉਪ-ਰਾਸ਼ਟਰਪਤੀ ਬਣੇ ਸਨ ।

1901 ਵਿੱਚ ਰਾਸ਼ਟਰਪਤੀ ਮੈਕਿਨਲੇ ਦੇ ਕਤਲ ਦੇ ਬਾਅਦ ਇੰਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ ਗਿਆ ਸੀ। ਰੂਸ-ਜਪਾਨ ਯੁੱਧ ਨੂੰ ਖ਼ਤਮ ਕਰਵਾਉਣ ਦੇ ਲਈ ਇੰਨ੍ਹਾਂ ਨੂੰ 1906 ਵਿੱਚ ਨੋਬੇਲ ਪੁਰਸਕਾਰ ਵੀ ਦਿੱਤਾ ਗਿਆ ਸੀ ।

14 ਅਕਤੂਬਰ , 1913 ਨੂੰ ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਇੱਕ ਕੱਟੜਪੰਥੀ ਵੱਲੋਂ ਛਾਤੀ ਵਿੱਚ ਗੋਲੀ ਮਾਰ ਦਿੱਤੀ ਗਈ ਸੀ ।

ਰੂਜ਼ਵੇਲਟ ਹਮਲੇ ਦੇ ਕੁਝ ਦਿਨਾਂ ਬਾਅਦ ਠੀਕ ਹੋ ਗਏ ਸਨ, ਰੂਜ਼ਵੇਲਟ ਤੇ ਹਮਲਾ ਕਰਨ ਵਾਲੇ ਸ਼ਖ਼ਸ ਦੀ ਪਛਾਣ ਵਿਲੀਅਮ ਐਫ ਸ਼੍ਰੈਂਕ ਵਜੋਂ ਹੋਈ ਸੀ ।

ਡੌਨਲਡ ਟਰੰਪ (2024)

14 ਜੁਲਾਈ, 2024 ਨੂੰ ਪੇਨਸਿਲਵੇਨੀਆ ਦੇ ਬਟਲ ਕਸਬੇ ਵਿੱਚ ਇੱਕ ਰੈਲੀ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਗੋਲੀਆਂ ਚਲਾਈਆਂ ਗਈਆਂ ।

ਇਸ ਜਾਨਲੇਵਾ ਹਮਲੇ ਵਿੱਚ ਇੱਕ ਗੋਲੀ ਟਰੰਪ ਦੇ ਕੰਨ ਨੂੰ ਛੂਹ ਕੇ ਲੰਘੀ, ਹਮਲੇ ਦੇ ਬਾਅਦ ਟਰੰਪ ਦੇ ਚਿਹਰੇ 'ਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ।

ਸਾਬਕਾ ਰਾਸ਼ਟਰਪਤੀ ਟਰੰਪ ਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਮੌਕੇ ਉੱਤੇ ਹੀ ਸੁਰੱਖਿਆ ਏਜੰਸੀਆਂ ਨੇ ਮਾਰ ਦਿੱਤਾ ਸੀ ।

ਹਮਲਾਵਰ ਦੀ ਪਛਾਣ ਵੀਸ ਸਾਲ ਦੇ ਥੌਮਸ ਮੈਥਿਊ ਕਰੂਕਸ ਦੇ ਰੂਪ ਵਿੱਚ ਹੋਈ ਸੀ, ਨੌਜਵਾਨ ਸਥਾਨਕ ਨਰਸਿੰਗ ਹੋਮ ਦੀ ਰਸੋਈ ਵਿੱਚ ਕੰਮ ਕਰਦਾ ਸੀ ।

ਸੁਰੱਖਿਆ ਏਜੰਸੀਆਂ ਨੇ ਡੀਐੱਨਏ ਅਤੇ ਚਿਹਰਾ ਪਛਾਨਣ ਵਾਲੀ ਤਕਨੀਕ ਦੀ ਮਦਦ ਨਾਲ ਹਮਲਾਵਰ ਦੀ ਪਛਾਣ ਕੀਤੀ ਹੈ ।

ਨੌਜਵਾਨ ਨੇ ਹਮਲਾ ਕਰਨ ਦੇ ਲਈ ਰਾਈਫਲ ਦਾ ਇਸਤੇਮਾਲ ਕੀਤਾ ਸੀ, ਰਾਈਫਲ ਉਸਦੇ ਪਿਤਾ ਦੀ ਹੈ ਜੋ 6 ਮਹੀਨੇ ਪਹਿਲਾਂ ਖਰੀਦੀ ਗਈ ਸੀ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)