ਹਲਦੀ ਦੀ ਖੇਤੀ ਕਰਨ ਵਾਲੇ ਗੁਰਦਾਸਪੁਰ ਦੇ ਕਿਸਾਨ ਨੇ ਕਿੱਲੋ ਹਲਦੀ ਵੇਚਣ ਤੋਂ ਲੈ ਕੇ ਆਪਣਾ ਬ੍ਰਾਂਡ ਖੜ੍ਹਾ ਕਰਨ ਦਾ ਸਫ਼ਰ ਕਿਵੇਂ ਕੀਤਾ ਤੈਅ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਨਜ਼ਦੀਕ ਛੋਟੇ ਜਿਹੇ ਪਿੰਡ ਸੱਲੋਪੁਰ ਦੇ ਕਿਸਾਨ ਗੁਰਦਿਆਲ ਸਿੰਘ ਹੋਰ ਕਿਸਾਨਾਂ ਤੋਂ ਬਹੁਤ ਵੱਖ ਹਨ।

ਉਹ ਰਵਾਇਤੀ ਖੇਤੀ ਨੂੰ ਛੱਡ ਕੇ ਪਿਛਲੇ ਕਈ ਸਾਲਾਂ ਤੋਂ ਨਵੇਂ ਢੰਗ ਨਾਲ ਖੇਤੀ ਕਰ ਰਹੇ ਹਨ। ਹੁਣ ਉਹ ਰਵਾਇਤੀ ਫ਼ਸਲਾਂ ਦੀ ਥਾਂ ਹਲਦੀ ਦੀਆਂ ਵੱਖ-ਵੱਖ ਕਿਸਮਾਂ ਦੀ ਖੇਤੀ ਅਤੇ ਉਸ ਦੀ ਪ੍ਰੋਸੈਸਿੰਗ ਕਰਕੇ ਖੇਤੀਬਾੜੀ ਨੂੰ ਲਾਭਕਾਰੀ ਕਾਰੋਬਾਰ ਵਿੱਚ ਬਦਲ ਚੁੱਕੇ ਹਨ ਅਤੇ ਇਸ ਰਾਹੀਂ ਲੱਖਾਂ ਰੁਪਏ ਕਮਾ ਰਹੇ ਹਨ।

ਗੁਰਦਿਆਲ ਸਿੰਘ ਦੇ ਇਸ ਖੇਤੀਬਾੜੀ ਕਾਰੋਬਾਰ ਨੂੰ ਚਲਾਉਣ ਵਿੱਚ ਉਨ੍ਹਾਂ ਦੇ ਦੋ ਬੇਟੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਪਿਓ-ਪੁੱਤ ਤਿੰਨੇ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਆਪਣੀ ਖੇਤੀ ਅਤੇ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ।

ਗੁਰਦਿਆਲ ਸਿੰਘ ਦੱਸਦੇ ਹਨ ਕਿ, ਬੇਸ਼ੱਕ ਉਨ੍ਹਾਂ ਕੋਲ ਆਪਣੀ ਮਲਕੀਅਤ ਦੀ ਖੇਤੀਬਾੜੀ ਵਾਲੀ ਜ਼ਮੀਨ ਸਿਰਫ਼ 7 ਏਕੜ ਹੈ, ਪਰ ਉਹ ਠੇਕੇ 'ਤੇ ਲੈ ਕੇ ਲਗਭਗ 15 ਏਕੜ ਜ਼ਮੀਨ 'ਤੇ ਹਲਦੀ ਅਤੇ ਕੁਝ ਰਕਬੇ ਵਿੱਚ ਕਾਲੀ ਹਲਦੀ ਤੇ ਅੰਬਾ ਹਲਦੀ ਦੀ ਖੇਤੀ ਕਰ ਰਹੇ ਹਨ।

ਹਲਦੀ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਹੋਰ ਕਿਸਾਨਾਂ ਵਾਂਗ ਕਣਕ ਜਾਂ ਝੋਨਾ ਹੀ ਬੀਜਦੇ ਹਨ।

ਫਿਰ ਉਨ੍ਹਾਂ ਨੇ 21 ਸਾਲ ਪਹਿਲਾਂ ਭਾਵ ਸਾਲ 2004 ਵਿੱਚ ਇਸਦਾ ਪ੍ਰਯੋਗ ਕੀਤਾ। ਸ਼ੁਰੂਆਤ ਵਿੱਚ ਉਹ ਘਰੇਲੂ ਵਰਤੋਂ ਲਈ ਕੇਵਲ 4 ਮਰਲੇ ਜ਼ਮੀਨ 'ਤੇ ਹੀ ਹਲਦੀ ਦੀ ਖੇਤੀ ਕਰਦੇ ਸਨ। ਜਦੋਂ ਨਤੀਜੇ ਚੰਗੇ ਮਿਲੇ, ਤਾਂ ਖੇਤੀਬਾੜੀ ਵਿਭਾਗ ਤੋਂ ਸਿਖਲਾਈ ਲਈ। ਇਸ ਤਰ੍ਹਾਂ ਉਨ੍ਹਾਂ ਦਾ ਰੁਝਾਨ ਹਲਦੀ ਵੱਲ ਵੱਧ ਗਿਆ।

ਇਸ ਤੋਂ ਬਾਅਦ ਅਗਲੇ ਸਾਲ ਖੇਤੀ ਦਾ ਰਕਬਾ 4 ਕਨਾਲ ਹੋ ਗਿਆ ਅਤੇ ਸਾਲ ਦਰ ਸਾਲ ਵੱਧਦਾ ਗਿਆ। 2007 ਵਿੱਚ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਉਨ੍ਹਾਂ ਨੇ ਛੋਟੇ ਪੱਧਰ ਉੱਤੇ ਪ੍ਰੋਸੈਸਿੰਗ ਪਲਾਂਟ ਲਗਾਇਆ।

ਗੁਰਦਿਆਲ ਸਿੰਘ ਦੱਸਦੇ ਹਨ, "ਸਮੇਂ-ਸਮੇਂ ਨਾਲ ਨਵੀਆਂ ਤਕਨੀਕਾਂ ਅਪਨਾਉਣ ਨਾਲ ਕੰਮ ਵਿੱਚ ਤੇਜ਼ੀ ਆਈ ਅਤੇ ਹੋਰ ਕਿਸਾਨ ਵੀ ਜੁੜੇ।"

ਉਹ ਕਹਿੰਦੇ ਹਨ ਕਿ ਹੁਣ ਉਹ ਹਰ ਸਾਲ 25 ਤੋਂ 30 ਏਕੜ ਹਲਦੀ ਦੀ ਫ਼ਸਲ ਪ੍ਰੋਸੈਸ ਕਰਦੇ ਹਨ ਅਤੇ ਆਪਣੇ ਬ੍ਰਾਂਡ ਹੇਠ ਸਿੱਧਾ ਗ੍ਰਾਹਕ ਅਤੇ ਮਾਰਕੀਟ ਵਿੱਚ ਵੇਚ ਰਹੇ ਹਨ।

ਗੁਰਦਿਆਲ ਸਿੰਘ ਕਹਿੰਦੇ ਹਨ, "ਹੱਥੀਂ ਕੰਮ ਕਰਨਾ ਪੈਂਦਾ ਹੈ, ਪਰ ਜਦੋਂ ਪੈਸੇ ਜੇਬ ਵਿੱਚ ਆਉਂਦੇ ਹਨ, ਤਾਂ ਖੁਸ਼ੀ ਵੱਡੀ ਹੁੰਦੀ ਹੈ। ਜਦੋਂ ਕਿਸਾਨ ਆਪਣੇ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ, ਉਦੋਂ ਸ਼ਰਮ ਨਹੀਂ ਹੁੰਦੀ। ਪਰ ਜਦੋਂ ਫ਼ਸਲ ਤਿਆਰ ਹੋ ਜਾਂਦੀ ਹੈ ਅਤੇ ਮੁਨਾਫ਼ਾ ਹੋਣਾ ਹੋਵੇ, ਉਹ ਆਪਣੀ ਫ਼ਸਲ ਮੰਡੀ ਵਿੱਚ ਸੁੱਟ ਆਉਂਦਾ ਹੈ। ਮੈਂ ਇਸ ਧਾਰਨਾ ਨੂੰ ਖ਼ਤਮ ਕੀਤਾ।"

ਉਨ੍ਹਾਂ ਨੇ ਜਦੋਂ ਸ਼ੁਰੂਆਤ ਕੀਤੀ ਤਾਂ ਉਹ ਗੁਰਦਾਸਪੁਰ ਦੀ ਇੱਕ ਕਲੋਨੀ ਵਿੱਚ ਘਰ-ਘਰ ਗਏ ਅਤੇ ਸੈਂਪਲ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਕਲੋਨੀਆਂ ਵਿੱਚ ਜਾ ਕੇ ਸਟੌਲ ਵੀ ਲਗਾਏ ਤੇ ਹਲਦੀ ਦੇ ਪੈਕੇਟ ਵੀ ਵੇਚੇ।

ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਅਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਦੁਕਾਨਾਂ ਤੇ ਖੇਤੀਬਾੜੀ ਮੇਲਿਆਂ ਵਿੱਚ ਹਲਦੀ ਦਾ ਤਿਆਰ ਕੀਤਾ ਆਪਣਾ ਬ੍ਰਾਂਡ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਉਨ੍ਹਾਂ ਦੀ ਹਲਦੀ ਨਾ ਸਿਰਫ਼ ਪੰਜਾਬ, ਬਲਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਸਪਲਾਈ ਹੁੰਦੀ ਹੈ।

ਹਲਦੀ ਦੀਆਂ ਕਿਸਮਾਂ

ਗੁਰਦਿਆਲ ਸਿੰਘ ਦੱਸਦੇ ਹਨ, "ਜੋ ਪੀਲੀ ਹਲਦੀ ਹੁੰਦੀ ਹੈ ਉਹ ਆਮ ਰਸੋਈ ਵਿੱਚ ਸਬਜ਼ੀ ਬਣਾਉਣ ਲਈ ਵਰਤੀ ਜਾਂਦੀ ਹੈ। ਉਸ ਵਿੱਚ ਕਈ ਕਿਸਮਾਂ ਦੀ ਸਿਫ਼ਾਰਿਸ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰਦੀ ਹੈ।"

"ਕਾਲੀ ਹਲਦੀ ਅਤੇ ਅੰਬਾ ਹਲਦੀ ਦਵਾਈ ਗੁਣਾਂ ਵਾਲੀਆਂ ਹਨ। ਇਹ ਸਬਜ਼ੀ ਵਜੋਂ ਨਹੀਂ ਵਰਤੀਆਂ ਜਾਂਦੀਆਂ ਬਲਿਕ ਲੋਕ ਸਿੱਧੇ ਪਾਣੀ ਜਾਂ ਦੁੱਧ ਨਾਲ ਇਸ ਦਾ ਸੇਵਨ ਕਰਦੇ ਹਨ। ਕਾਲੀ ਹਲਦੀ ਦਾ ਬੀਜ ਮਹਿੰਗਾ ਹੁੰਦਾ ਹੈ ਅਤੇ ਇਹ ਵਿਕਦੀ ਵੀ ਮਹਿੰਗੀ ਹੈ।"

ਗੁਰਦਿਆਲ ਸਿੰਘ 100 ਗ੍ਰਾਮ ਦੀ ਪੈਕਿੰਗ 200 ਰੁਪਏ ਵਿੱਚ ਵੇਚ ਰਹੇ ਹਨ। ਹੁਣ ਉਹ ਫਿਲਹਾਲ ਕੇਵਲ 4 ਕਨਾਲ 'ਤੇ ਖੇਤੀ ਕਰਕੇ ਲੱਖਾਂ ਦਾ ਮੁਨਾਫ਼ਾ ਕਮਾ ਰਹੇ ਹਨ। ਜੇ ਮੰਗ ਵਧਦੀ ਰਹੀ ਤਾਂ ਉਹ ਖੇਤੀ ਦਾ ਰਕਬਾ ਵਧਾਉਣਗੇ।

ਉਹ ਇਹ ਵੀ ਦੱਸਦੇ ਹਨ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੋਜ ਕਰ ਰਹੇ ਵਿਦਿਆਰਥੀ ਨੇ ਕਾਲੀ ਹਲਦੀ ਤੋਂ ਸਾਬਣ ਅਤੇ ਫੇਸ ਪੈਕ ਵੀ ਤਿਆਰ ਕੀਤੇ ਹਨ।

ਖੇਤੀ ਤੋਂ ਆਮਦਨੀ

ਗੁਰਦਿਆਲ ਸਿੰਘ ਦੇ ਛੋਟੇ ਬੇਟੇ, ਗੁਰਵੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਐੱਮਕੌਮ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਹੁਣ ਉਹ ਆਪਣੇ ਪਿਤਾ ਦੇ ਖੇਤੀਬਾੜੀ ਧੰਦੇ ਨੂੰ ਇੱਕ ਪੂਰਾ ਕਾਰੋਬਾਰ ਬਣਾ ਕੇ ਅੱਗੇ ਵਧਾ ਰਹੇ ਹਨ।

ਭਾਵੇਂ ਕਿ ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਦੇ ਪਿਤਾ ਨੇ ਕੀਤੀ ਸੀ, ਛੋਟੇ ਪੁੱਤਰ ਅਤੇ ਵੱਡਾ ਭਰਾ ਛੋਟੀ ਉਮਰ ਤੋਂ ਹੀ ਖੇਤੀ ਵਿੱਚ ਮਦਦ ਕਰਦੇ ਆ ਰਹੇ ਹਨ।

ਗੁਰਵੀਰ ਦੇ ਵੱਡੇ ਭਰਾ ਬੀਐੱਸਸੀ ਐਗਰੀਕਲਚਰ ਪੂਰੀ ਕਰਕੇ ਹੁਣ ਖੇਤੀ ਅਤੇ ਪ੍ਰੋਸੈਸ ਯੂਨਿਟ ਦਾ ਕੰਮਕਾਜ ਸੰਭਾਲ ਰਹੇ ਹਨ।

ਜਦੋਂ ਗੁਰਵੀਰ ਨੇ ਕਾਮਰਸ ਦੀ ਫੀਲਡ ਚੁਣੀ, ਉਦੋਂ ਪੜ੍ਹਾਈ ਦੌਰਾਨ ਹੀ ਉਹ ਪੂਰੇ ਖੇਤੀਬਾੜੀ ਕਾਰੋਬਾਰ ਦਾ ਅਕਾਊਂਟਸ ਸੰਭਾਲਦੇ ਸਨ ਅਤੇ ਅੱਜ ਵੀ ਉਹ ਇਹੀ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ, "ਪਹਿਲਾ ਕਮਾਈ ਹਜ਼ਾਰਾਂ ਵਿੱਚ ਸੀ, ਹੁਣ ਲੱਖਾਂ ਵਿੱਚ ਟਰਨਓਵਰ ਹੈ ਅਤੇ ਸਾਡਾ ਮੁੱਖ ਟੀਚਾ ਆਪਣੇ ਹਲਦੀ ਅਤੇ ਕਾਲੀ ਹਲਦੀ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨਾ ਹੈ।"

ਗੁਰਵੀਰ ਨਾਲ-ਨਾਲ ਆਪਣੇ ਬ੍ਰਾਂਡ ਨੂੰ ਦੂਰ-ਦੂਰ ਤੱਕ ਲੈ ਕੇ ਜਾਣ ਲਈ ਸੋਸ਼ਲ ਮੀਡੀਆ ਅਤੇ ਆਨਲਾਈਨ ਸ਼ਾਪਿੰਗ ਸਾਈਟਾਂ ਰਾਹੀਂ ਵੀ ਉਤਪਾਦ ਸਿੱਧਾ ਗਾਹਕਾਂ ਤੱਕ ਪਹੁੰਚਾ ਰਹੇ ਹਨ।

ਗੁਰਵੀਰ ਦੱਸਦੇ ਹਨ ਕਿ, "ਉਹ ਵੀ ਦਿਨ ਸਨ ਜਦੋਂ ਉਨ੍ਹਾਂ ਦੇ ਪਿਤਾ ਨੇ ਸ਼ੁਰੂਆਤ ਵਿੱਚ ਮਾਰਕੀਟਿੰਗ ਕੀਤੀ, ਤਾਂ ਪਿੰਡ ਦੇ ਹੀ ਕੁਝ ਲੋਕ ਤਾਹਨੇ ਮਾਰਦੇ ਸਨ ਕਿ ਇੱਕ-ਇੱਕ ਕਿੱਲੋ ਹਲਦੀ ਵੇਚਣ ਲਈ ਸਟਾਲ ਲਾਉਂਦੇ ਫਿਰਦੇ ਹਨ।"

"ਹੁਣ ਤਾਂ ਖ਼ੁਦ ਸਾਰਾ ਪਿੰਡ ਉਨ੍ਹਾਂ ਦੀ ਹਲਦੀ ਵਰਤ ਰਿਹਾ ਹੈ ਅਤੇ ਖੁਸ਼ੀ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਆਪਣਾ ਬਣਾਇਆ ਪ੍ਰੋਡਕਟ ਕਿਸੇ ਦੁਕਾਨ 'ਤੇ ਪਿਆ ਦੇਖਦੇ ਹਾਂ ਜਾਂ ਕੋਈ ਕਹਿੰਦਾ ਹੈ ਕਿ ਇਹ ਸੱਲੋਪੁਰ ਦੀ ਹਲਦੀ ਹੈ।"

ਮਾਹਰਾਂ ਦੀ ਰਾਏ

ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਅਤੇ ਖੇਤੀ ਮਾਹਰ ਡਾ. ਸਰਬਜੀਤ ਸਿੰਘ ਔਲਖ ਦੱਸਦੇ ਹਨ, "ਹਲਦੀ ਦੀ ਖੇਤੀ ਪੰਜਾਬ ਭਰ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਦੇ ਮੌਸਮ ਵਿੱਚ ਇਹ ਖੇਤੀ ਅਨਕੂਲ ਹੈ। ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ ਅੱਜ ਕਿਸਾਨ ਦੀ ਮੁੱਖ ਲੋੜ ਹੈ ਅਤੇ ਹਲਦੀ ਦੀ ਖੇਤੀ ਵੀ ਲਾਹੇਵੰਦ ਹੈ।"

"ਇੱਕ ਏਕੜ ਹਲਦੀ ਤੋਂ ਲਗਭਗ 2 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ। ਜੇ ਕਿਸਾਨ ਖ਼ੁਦ ਫ਼ਸਲ ਨੂੰ ਪ੍ਰੋਸੈਸ ਕਰਦਾ ਹੈ, ਤਾਂ ਇਹ ਆਮਦਨ 4 ਲੱਖ ਰੁਪਏ ਤੱਕ ਹੋ ਸਕਦੀ ਹੈ।"

ਉਹ ਅੱਗੇ ਦੱਸਦੇ ਹਨ ਕਿ ਹਲਦੀ ਦੀ ਬਿਜਾਈ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਿਸਮ ਦੇ ਬੀਜ ਤਿਆਰ ਕੀਤੇ ਜਾ ਰਹੇ ਹਨ ਜੋ ਕਿਸਾਨਾਂ ਲਈ ਲਾਭਦਾਇਕ ਹਨ। ਜੇ ਕੋਈ ਕਿਸਾਨ ਇਸ ਖੇਤੀ ਨੂੰ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਪੂਰੀ ਮਦਦ ਕਰਦੇ ਹਨ।

ਉਨ੍ਹਾਂ ਮੁਤਾਬਕ, ਭਾਵੇਂ ਟ੍ਰੇਨਿੰਗ ਹੋਵੇ, ਬਿਜਾਈ ਵਿੱਚ ਮਦਦ ਹੋਵੇ, ਪ੍ਰੋਸੈਸ ਪਲਾਂਟ ਲਗਾਉਣ ਵਿੱਚ ਸਹਾਇਤਾ ਹੋਵੇ ਜਾਂ ਆਪਣੇ ਉਤਪਾਦ ਨੂੰ ਵੇਚਣ ਅਤੇ ਮਾਰਕੀਟਿੰਗ ਵਿੱਚ ਸਹਾਇਤਾ ਦੀ ਲੋੜ ਹੋਵੇ, ਹਰ ਕਦਮ 'ਤੇ ਪੂਰਾ ਸਾਥ ਦਿੱਤਾ ਜਾਂਦਾ ਹੈ। ਖੇਤੀ ਮੇਲੇ, ਸੈਲਫ-ਹੈਲਪ ਗਰੁਪਾਂ ਅਤੇ ਹੋਰ ਸਾਧਨਾਂ ਰਾਹੀਂ ਵੀ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ।

ਹਾਲਾਂਕਿ, ਉਹ ਕਾਲੀ ਹਲਦੀ ਬਾਰੇ ਕਹਿੰਦੇ ਹਨ ਕਿ ਇਹ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀ ਕੋਈ ਵੱਖਰੀ ਕਿਸਮ ਨਹੀਂ ਹੈ ਪਰ ਇਨ੍ਹਾਂ ਦੋਵਾਂ ਵਿੱਚ ਹਲਦੀ ਵਾਲੇ ਗੁਣ ਇੱਕੋ-ਜਿਹੇ ਹੁੰਦੇ ਹਨ।

ਉਨ੍ਹਾਂ ਮੁਤਾਬਕ, ਗੁਰਦਿਆਲ ਸਿੰਘ ਨੇ ਆਪਣੇ ਪੱਧਰ 'ਤੇ ਕਿਸੇ ਕੋਲੋਂ ਇਸ ਦੇ ਬੀਜ ਲੈ ਕੇ ਇਸ ਦੀ ਖੇਤੀ ਸ਼ੁਰੂ ਕੀਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)