'ਮੈਂ ਲਗਭਗ ਹਰ ਰੋਜ਼ ਰੋਂਦੀ ਸੀ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਤੇ ਬੇਚੈਨ ਸੀ', ਭਾਰਤੀ ਟੀਮ ਨੂੰ ਜਿੱਤ ਦਵਾਉਣ ਵਾਲੀ ਜੇਮਿਮਾ ਨੇ ਆਪਣੀ ਕਹਾਣੀ ਕੀਤੀ ਸਾਂਝੀ

    • ਲੇਖਕ, ਪ੍ਰਵੀਣ
    • ਰੋਲ, ਬੀਬੀਸੀ ਪੱਤਰਕਾਰ

"ਇਹ ਜ਼ਾਹਿਰ ਤੌਰ, 'ਤੇ ਮਹਿਲਾ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ, ਖਾਸ ਕਰਕੇ ਮਹਿਲਾ ਵਿਸ਼ਵ ਕੱਪ ਦੇ ਪਹਿਲੂ ਨਾਲ। ਭਾਰਤ ਨੇ ਇੱਕ ਵੱਡਾ ਪੜਾਅ ਪਾਰ ਕਰਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਹੁਣ 2 ਨਵੰਬਰ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ।"

ਜਿਵੇਂ ਹੀ ਭਾਰਤੀ ਪਾਰੀ ਦੇ 49ਵੇਂ ਓਵਰ ਵਿੱਚ ਸੋਫੀ ਮੋਲੀਨੋ ਦੀ ਗੇਂਦ 'ਤੇ ਅਮਨਜੋਤ ਕੌਰ ਨੇ 'ਤੇ ਚੌਕਾ ਜੜਿਆ, ਕੁਮੈਂਟਰੀ ਬਾਕਸ ਤੋਂ ਇਹ ਆਵਾਜ਼ ਸੁਣਾਈ ਦਿੱਤੀ।

ਵਾਕਈ ਭਾਰਤ ਦੀ ਇਤਿਹਾਸਕ ਜਿੱਤ ਦਾ ਵਰਣਨ ਕਰਨ ਲਈ ਇਸ ਤੋਂ ਵਧੀਆ ਸ਼ਬਦ ਸ਼ਾਇਦ ਹੋ ਵੀ ਨਹੀਂ ਸਕਦੇ ਸਨ। ਅਤੇ ਇਹ ਸਭ ਸੰਭਵ ਹੋ ਸਕਿਆ ਉਸ ਦੌਰਾਨ ਦੂਜੇ ਸਿਰੇ 'ਤੇ ਖੜ੍ਹੀ ਜੇਮਿਮਾ ਰੌਡਰਿਗਜ਼ ਦੇ ਇੱਕ ਕ੍ਰਿਸ਼ਮਈ ਸੈਂਕੜੇ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀ 89 ਦੌੜਾਂ ਦੀ ਪਾਰੀ ਦੇ ਕਾਰਨ, ਜੋ ਡਗਆਊਟ ਵਿੱਚ ਨਮ ਅੱਖਾਂ ਨਾਲ ਬੈਠੇ ਸਨ।

ਅਮਨਜੋਤ ਦੇ ਜੇਤੂ ਸ਼ਾਟ ਤੋਂ ਬਾਅਦ, ਜੇਮਿਮਾ ਨੇ ਭੱਜ ਕੇ ਉਨ੍ਹਾਂ ਨੂੰ ਜੱਫੀ ਪਾ ਲਈ, ਜਦਕਿ ਹਰਮਨਪ੍ਰੀਤ ਕੌਰ ਡਗਆਊਟ ਵਿੱਚ ਖੁਸ਼ੀ ਨਾਲ ਉੱਛਲ ਪਏ। ਉਨ੍ਹਾਂ ਨੇ ਤੁਰੰਤ ਆਪਣੇ ਆਲੇ-ਦੁਆਲੇ ਮੌਜੂਦ ਭਾਰਤੀ ਖਿਡਾਰਨਾਂ ਨੂੰ ਜੱਫੀ ਪਾ ਲਈ ਅਤੇ ਖੁਸ਼ੀ ਨਾਲ ਨੱਚਣ ਲੱਗ ਪਏ।

ਜੇਮਿਮਾ ਅਤੇ ਹਰਮਨਪ੍ਰੀਤ ਦੀਆਂ ਨਮ ਅੱਖਾਂ ਇਹ ਦੱਸਣ ਲਈ ਕਾਫ਼ੀ ਸਨ ਕਿ ਕਿਵੇਂ ਉਨ੍ਹਾਂ ਦੀ ਸਾਂਝੇਦਾਰੀ ਨੇ ਇਤਿਹਾਸ ਰਚਿਆ ਅਤੇ ਇੱਕ ਤੋਂ ਵੱਡੇ ਰਿਕਾਰਡ ਤੋੜਦੇ ਹੋਏ ਭਾਰਤ ਨੂੰ ਤੀਜੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਾ ਦਿੱਤਾ। ਉਹ ਵੀ ਇੱਕ ਅਜਿਹੀ ਟੀਮ ਨੂੰ ਹਰਾ ਕੇ ਜਿਸ ਨੇ ਆਪਣੇ ਮਹਿਲਾ ਵਿਸ਼ਵ ਕੱਪ ਦੇ 15 ਮੈਚਾਂ ਵਿੱਚ ਇੱਕ ਵਾਰ ਵੀ ਹਾਰ ਦਾ ਸੁਆਦ ਨਹੀਂ ਚਖਿਆ ਸੀ।

ਅਤੇ ਇਸ ਮੁਕਾਬਲੇ ਵਿੱਚ ਵੀ ਜੇਮਿਮਾ ਅਤੇ ਹਰਮਨਪ੍ਰੀਤ ਦੀ ਸਾਂਝੇਦਾਰੀ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਆਸਟ੍ਰੇਲੀਆ ਨੇ ਆਪਣੇ ਜੇਤੂ ਰਿਕਾਰਡ ਨੂੰ ਬਣਾਈ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ।

ਨਵੀਂ ਮੁੰਬਈ ਵਿੱਚ ਡੀਵਾਈ ਪਾਟਿਲ ਅਕੈਡਮੀ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ।

ਇਹ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਕੋਰ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਦੋਵੇਂ ਭਾਰਤੀ ਓਪਨਰਾਂ, ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੂੰ 9.2 ਓਵਰਾਂ ਵਿੱਚ 59 ਦੌੜਾਂ 'ਤੇ ਪਵੇਲੀਅਨ ਵਾਪਸ ਭੇਜ ਕੇ ਭਾਰਤ ਨੂੰ ਲਗਭਗ ਮੁਕਾਬਲੇ ਤੋਂ ਬਾਹਰ ਹੀ ਕਰ ਦਿੱਤਾ ਸੀ।

ਜੇਮਿਮਾ ਨੂੰ ਨਹੀਂ ਸੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਦੀ ਜਾਣਕਾਰੀ

ਪਰ ਬਾਜ਼ੀ ਇੱਥੋਂ ਹੀ ਪਲਟਣੀ ਸ਼ੁਰੂ ਹੋ ਗਈ। ਜੇਮਿਮਾ ਅਤੇ ਹਰਮਨਪ੍ਰੀਤ ਕੌਰ ਨੇ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ ਅਤੇ ਰਨ ਰੇਟ ਦੇ ਦਬਾਅ ਨੂੰ ਹਾਵੀ ਨਹੀਂ ਹੋਣ ਦਿੱਤਾ।

ਮੁਸ਼ਕਲ ਹਾਲਾਤਾਂ ਵਿੱਚ ਜੇਮਿਮਾ ਨੇ ਸਿਰਫ਼ 56 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਦੂਜੇ ਪਾਸੇ, ਹਰਮਨਪ੍ਰੀਤ ਕੌਰ ਨੇ 65 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਤੁਰੰਤ ਬਾਅਦ ਤੇਜ਼ੀ ਨਾਲ ਖੇਡਣਾ ਸ਼ੁਰੂ ਕਰ ਦਿੱਤਾ।

ਹਾਲਾਂਕਿ ਹਰਮਨਪ੍ਰੀਤ ਕੌਰ ਆਪਣੇ ਸੈਂਕੜੇ ਤੋਂ ਖੁੰਝ ਗਏ, ਪਰ ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 88 ਗੇਂਦਾਂ ਵਿੱਚ 89 ਦੌੜਾਂ ਬਣਾਈਆਂ।

ਹਰਮਨਪ੍ਰੀਤ ਕੌਰ ਨੇ ਜੇਮਿਮਾ ਨਾਲ ਤੀਜੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਵੱਲੋਂ ਤੀਜੀ ਵਿਕਟ ਦੀ ਸਭ ਤੋਂ ਉੱਤਮ ਸਾਂਝੇਦਾਰੀ ਹੈ।

ਜੇਮਿਮਾ ਕ੍ਰੀਜ਼ 'ਤੇ ਇੰਨੇ ਮਜ਼ਬੂਤ ਇਰਾਦਿਆਂ ਨਾਲ ਡਟੇ ਹੋਏ ਸਨ ਕਿ ਕਪਤਾਨ ਹਰਮਨਪ੍ਰੀਤ ਕੌਰ ਮੈਚ ਤੋਂ ਬਾਅਦ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਥੱਕ ਨਹੀਂ ਰਹੇ ਸਨ।

ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ, "ਜੇਮਿਮਾ ਨੇ ਮੰਨੋ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਰੱਖੀ ਸੀ। ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਇੱਕ-ਦੂਜੇ ਦੀ ਤਾਰੀਫ਼ ਵੀ ਕਰ ਰਹੇ ਸੀ। ਜੇਮਿਮਾ ਨੇ ਦਬਾਅ ਨਹੀਂ ਆਉਣ ਦਿੱਤਾ ਅਤੇ ਮੇਰੇ ਲਈ ਕੰਮ ਆਸਾਨ ਬਣਾਇਆ। ਮੈਨੂੰ ਉਸ ਨਾਲ ਬੱਲੇਬਾਜ਼ੀ ਕਰਨ ਵਿੱਚ ਬਹੁਤ ਮਜ਼ਾ ਆਇਆ। ਉਹ ਸਿਰਫ਼ ਖੁਦ ਦੌੜਾਂ ਨਹੀਂ ਬਣਾ ਰਹੇ ਸਨ, ਸਗੋਂ ਮੈਨੂੰ ਵੀ ਦੌੜਾਂ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਸਨ। ਉਨ੍ਹਾਂ ਨੂੰ ਸਿਹਰਾ ਦੇਣਾ ਬਣਦਾ ਹੈ।"

ਜੇਮਿਮਾ, ਨੂੰ ਪਾਰੀ ਸ਼ੁਰੂ ਹੋਣ ਤੋਂ ਪੰਜ ਮਿੰਟ ਪਹਿਲਾਂ ਤੱਕ ਪਤਾ ਵੀ ਨਹੀਂ ਸੀ ਕਿ ਉਹ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਉਨ੍ਹਾਂ ਮੈਚ ਤੋਂ ਬਾਅਦ ਕਿਹਾ, "ਮੈਂ ਅਕਸਰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੀ ਹਾਂ। ਕਦੇ-ਕਦੇ ਮੈਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਜਾਂਦਾ ਹੈ। ਮੈਨੂੰ ਪਾਰੀ ਸ਼ੁਰੂ ਹੋਣ ਤੋਂ ਪੰਜ ਮਿੰਟ ਪਹਿਲਾਂ ਦੱਸਿਆ ਗਿਆ ਸੀ ਕਿ ਮੈਂ ਤੀਜੇ ਨੰਬਰ 'ਤੇ ਬੱਲੇਬਾਜ਼ ਕਰਨ ਜਾਣਾ ਹੈ।"

"ਮੈਂ ਬਸ ਟੀਮ ਨੂੰ ਜਿੱਤ ਦਿਵਾਉਣੀ ਸੀ"

ਪਰ ਜਦੋਂ ਜੇਮਿਮਾ ਕ੍ਰੀਜ਼ 'ਤੇ ਉੱਤਰੇ ਤਾਂ ਮੰਨੋ ਇਹ ਤੈਅ ਕਰਕੇ ਹੀ ਉੱਤਰੇ ਸਨ ਕਿ ਅੱਜ ਭਾਰਤ ਨੂੰ ਫਾਈਨਲ ਦਾ ਟਿਕਟ ਦੁਆ ਕੇ ਹੀ ਪਵੇਲੀਅਨ ਪਰਤਣਾ ਹੈ।

ਇਹੀ ਕਾਰਨ ਰਿਹਾ ਕਿ ਉਨ੍ਹਾਂ ਨੇ ਵਿਸ਼ਵ ਕੱਪ ਸੈਮੀਫਾਈਨਲ ਵਰਗੇ ਮੰਚ 'ਤੇ ਵਿੱਚ ਇਤਿਹਾਸਕ ਸੈਂਕੜਾ ਲਗਾਉਣ ਤੋਂ ਬਾਅਦ ਵੀ ਜਸ਼ਨ ਨਹੀਂ ਮਨਾਇਆ ਅਤੇ ਇਸ ਦੇ ਲਈ ਭਾਰਤ ਦੀ ਜਿੱਤ ਦਾ ਇੰਤਜ਼ਾਰ ਕੀਤਾ।

ਮੈਚ ਖ਼ਤਮ ਹੋਣ ਤੋਂ ਬਾਅਦ, ਜਿਵੇਂ ਹੀ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਮਿਲਿਆ, ਤਾਂ ਹੰਝੂਆਂ ਰਾਹੀਂ 127 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਕਹਾਣੀ ਬਿਨਾਂ ਕੁਝ ਕਹੇ ਹੀ ਬਿਆਨ ਹੋ ਗਈ।

ਜੇਮਿਮਾ ਨੇ ਕਿਹਾ, "ਮੈਂ ਬੱਸ ਟੀਮ ਨੂੰ ਜਿੱਤ ਦਿਵਾਉਣੀ ਸੀ। ਅੱਜ ਮੇਰੇ 50 ਜਾਂ 100 ਦੀ ਗੱਲ ਨਹੀਂ ਸੀ। ਅੱਜ ਗੱਲ ਬੱਸ ਇਹ ਸੀ ਕਿ ਭਾਰਤ ਨੂੰ ਜਿੱਤ ਮਿਲੇ।''

ਜੇਮਿਮਾ ਨੇ ਹਰਮਨਪ੍ਰੀਤ ਕੌਰ ਨਾਲ ਆਪਣੀ ਸਾਂਝੇਦਾਰੀ ਨੂੰ ਇਸ ਜਿੱਤ ਦੀ ਨੀਂਹ ਦੱਸਿਆ। ਉਨ੍ਹਾਂ ਕਿਹਾ, "ਅੰਤ ਤੱਕ ਖੁਦ ਨੂੰ ਸ਼ਾਂਤ ਰੱਖਣਾ ਬਹੁਤ ਮੁਸ਼ਕਲ ਸੀ। ਪਰ ਜਦੋਂ ਹਰਮਨਪ੍ਰੀਤ ਕੌਰ ਕ੍ਰੀਜ਼ 'ਤੇ ਆਏ ਤਾਂ ਅਸੀਂ ਇੱਕ ਚੰਗੀ ਸਾਂਝੇਦਾਰੀ ਬਾਰੇ ਗੱਲ ਕੀਤੀ। ਅਸੀਂ ਤੈਅ ਕੀਤਾ ਕਿ ਦੌੜਾਂ ਬਣਾਉਂਦੇ ਰਹਿਣਾ ਹੈ।"

ਜੇਮਿਮਾ ਅਤੇ ਹਰਮਨਪ੍ਰੀਤ ਕੌਰ ਵਿਚਕਾਰ ਇਹ ਸਾਂਝੇਦਾਰੀ ਇੰਨੀ ਖਾਸ ਸੀ ਕਿ ਮਹਿਲਾ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਨਾਕਆਊਟ ਮੈਚ ਵਿੱਚ ਕੋਈ ਟੀਮ 300 ਦੌੜਾਂ ਤੋਂ ਵੱਧ ਦਾ ਟੀਚਾ ਪ੍ਰਾਪਤ ਕਰਨ 'ਚ ਕਾਮਯਾਬ ਹੋਈ ਹੈ।

ਜੇਮਿਮਾ ਦਾ ਮੁਸ਼ਕਲਾਂ ਭਰਿਆ ਸਫ਼ਰ

ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਤੱਕ ਦਾ ਸਫ਼ਰ ਜੇਮਿਮਾ ਲਈ ਕਿੰਨਾ ਔਖਾ ਸੀ, ਇਹ ਉਨ੍ਹਾਂ ਨੇ ਮੈਚ ਤੋਂ ਬਾਅਦ ਖੁਦ ਬਿਆਨ ਕੀਤਾ।

ਉਨ੍ਹਾਂ ਕਿਹਾ, "ਮੇਰੇ ਲਈ ਬੀਤੇ ਚਾਰ ਮਹੀਨੇ ਬਹੁਤ ਔਖੇ ਰਹੇ। ਪਰ ਮੈਂ ਆਪਣੇ ਬਾਰੇ ਨਹੀਂ ਸੋਚ ਰਹੀ ਸੀ। ਮੈਂ ਕੋਈ ਪੁਆਇੰਟ ਸਾਬਤ ਨਹੀਂ ਕਰਨਾ ਸੀ। ਮੈਂ ਬਸ ਟੀਮ ਨੂੰ ਜਿੱਤ ਦਿਵਾਉਣੀ ਸੀ, ਕਿਉਂਕਿ ਅਸੀਂ ਮਹੱਤਵਪੂਰਨ ਮੌਕਿਆਂ 'ਤੇ ਜਿੱਤ ਗਵਾ ਚੁੱਕੇ ਹਾਂ।"

ਜੇਮਿਮਾ ਨੇ 58 ਵਨਡੇ ਮੈਚ ਖੇਡੇ ਹਨ ਅਤੇ ਇਸ ਫਾਰਮੈਟ ਵਿੱਚ ਤਿੰਨ ਸੈਂਕੜੇ ਲਗਾਏ ਹਨ। ਇਹ ਤਿੰਨੇ ਸੈਂਕੜੇ ਇਸੇ ਸਾਲ ਉਨ੍ਹਾਂ ਦੇ ਬੱਲੇ ਤੋਂ ਨਿਕਲੇ ਹਨ।

ਹਾਲਾਂਕਿ ਮੈਚ ਤੋਂ ਬਾਅਦ ਜੇਮਿਮਾ ਨੇ 2022 ਵਨਡੇ ਵਿਸ਼ਵ ਕੱਪ ਦੀ ਟੀਮ ਤੋਂ ਡ੍ਰੌਪ ਹੋਣ ਦੇ ਦੁੱਖ ਨੂੰ ਵੀ ਸਾਂਝਾ ਕੀਤਾ।

ਮਾਨਸਿਕ ਪ੍ਰੇਸ਼ਾਨੀ ਨਾਲ ਹੋਏ ਦੋ-ਚਾਰ

ਮੈਚ ਤੋਂ ਬਾਅਦ ਜੇਮੀਮਾ ਨੇ ਕਿਹਾ, "ਪਿਛਲਾ ਮਹੀਨਾ ਬਹੁਤ ਔਖਾ ਸੀ, ਇਹ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ ਅਤੇ ਇਹ ਅਜੇ ਵੀ ਖਤਮ ਨਹੀਂ ਹੈ।''

"ਮੈਨੂੰ ਇਸ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਗਿਆ ਸੀ। ਮੈਂ ਚੰਗੀ ਫਾਰਮ ਵਿੱਚ ਸੀ। ਪਰ ਚੀਜ਼ਾਂ ਲਗਾਤਾਰ ਹੁੰਦੀਆਂ ਰਹੀਆਂ ਅਤੇ ਮੈਂ ਕੁਝ ਵੀ ਕਾਬੂ ਨਹੀਂ ਕਰ ਸਕੀ।"

ਮੈਦਾਨ ਤੋਂ ਬਾਹਰ, ਜੇਮੀਮਾ ਨੂੰ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਸਾਲ 2024 ਦੇ ਅਖੀਰ ਵਿੱਚ ਮੁੰਬਈ ਦੇ ਖਾਰ ਜਿਮਖਾਨਾ ਵਿੱਚ ਉਨ੍ਹਾਂ ਦੇ ਪਿਤਾ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਤੋਂ ਬਾਅਦ ਬਹਿਸ ਛਿੜ ਗਈ ਸੀ।

ਫਿਰ ਵੀ, ਜੇਮੀਮਾ ਨੇ ਹੌਂਸਲਾ ਬਣਾਈ ਰੱਖਿਆ। ਜਦੋਂ ਉਹ ਦੌੜਾਂ ਨਹੀਂ ਬਣਾ ਪਾ ਰਹੇ ਸਨ, ਉਦੋਂ ਉਨ੍ਹਾਂ ਨੇ ਆਪਣੀ ਫੀਲਡਿੰਗ ਰਾਹੀਂ ਆਪਣੇ ਆਪ ਨੂੰ ਸਾਬਤ ਕੀਤਾ।

ਮੈਚ ਮਗਰੋਂ ਉਨ੍ਹਾਂ ਕਿਹਾ, "ਮੈਂ ਇਸ ਦੌਰੇ ਦੌਰਾਨ ਲਗਭਗ ਹਰ ਰੋਜ਼ ਰੋਈ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਬੇਚੈਨੀ ਹੋ ਰਹੀ ਸੀ। ਮੈਨੂੰ ਪਤਾ ਸੀ ਕਿ ਮੈਨੂੰ ਮੈਦਾਨ 'ਤੇ ਆਉਣਾ ਪਵੇਗਾ ਅਤੇ ਰੱਬ ਨੇ ਸਭ ਕੁਝ ਸੰਭਾਲ ਲਿਆ।''

ਇਸ ਸਭ ਦੇ ਦੌਰਾਨ ਵੀ ਜੇਮੀਮਾ ਸ਼ਾਂਤ ਰਹੇ - ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਕੋਲ ਦੇਣ ਲਈ ਬਹੁਤ ਕੁਝ ਹੈ। ਅਤੇ ਕ੍ਰਿਕਟ ਮਾਹਰ ਸਹਿਮਤ ਹਨ: ਉਨ੍ਹਾਂ ਦੀ ਕਹਾਣੀ ਅਜੇ ਖਤਮ ਨਹੀਂ ਹੋਈ ਹੈ।

ਹਰਮਨਪ੍ਰੀਤ ਕੌਰ ਲਈ ਵੀ ਸਨ ਮੁਸ਼ਕਲਾਂ

ਜੇਮਿਮਾ ਤੋਂ ਇਲਾਵਾ ਹਰਮਨਪ੍ਰੀਤ ਕੌਰ ਲਈ ਵੀ ਇਸ ਵਿਸ਼ਵ ਕੱਪ ਵਿੱਚ ਸਫ਼ਰ ਆਸਾਨ ਨਹੀਂ ਰਿਹਾ। ਸ਼ੁਰੂਆਤੀ ਦੋ ਮੈਚਾਂ ਵਿੱਚ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਤਿੰਨ ਮੈਚ ਹਾਰੇ।

ਇੱਕ ਵੇਲੇ ਤਾਂ ਭਾਰਤ ਲਈ ਸੈਮੀਫਾਈਨਲ ਵਿੱਚ ਪਹੁੰਚਣ ਦਾ ਸਫ਼ਰ ਵੀ ਮੁਸ਼ਕਲ ਹੁੰਦਾ ਦਿਖਾਈ ਦੇ ਰਿਹਾ ਸੀ। ਪਰ ਛੇਵੇਂ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਨਾ ਸਿਰਫ਼ ਹਰਮਨਪ੍ਰੀਤ ਕੌਰ ਦੀ ਟੀਮ ਨੇ ਜ਼ੋਰਦਾਰ ਵਾਪਸੀ ਕੀਤੀ ਸਗੋਂ ਇਹ ਵੀ ਦਿਖਾਇਆ ਕਿ ਇਸ ਵਾਰ ਉਹ ਇਤਿਹਾਸ ਰਚਣ ਵਿੱਚ ਕੋਈ ਕਸਰ ਨਹੀਂ ਛੱਡਣਗੇ।

ਹਾਲਾਂਕਿ ਸੈਮੀਫਾਈਨਲ ਤੋਂ ਪਹਿਲਾਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਓਪਨਰ ਪ੍ਰਤੀਕਾ ਰਾਵਲ ਦਾ ਜ਼ਖ਼ਮੀ ਹੋਣਾ ਵੀ ਭਾਰਤ ਲਈ ਮੁਸ਼ਕਲਾਂ ਵਧਾਉਣ ਵਾਲਾ ਹੀ ਰਿਹਾ।

ਉੱਧਰ ਕਪਤਾਨ ਹਰਮਨਪ੍ਰੀਤ ਕੌਰ ਵੀ ਵਿਸ਼ਵ ਕਪ ਦੌਰਾਨ ਕਪਤਾਨੀ, ਟੀਮ ਦੀ ਕਮਜ਼ੋਰ ਫ਼ੀਲਡਿੰਗ ਅਤੇ ਉਮੀਦਾਂ ਅਨੁਸਾਰ ਦੌੜਾਂ ਨਾ ਬਣਾਉਣ ਕਰਕੇ ਨਿਸ਼ਾਨੇ 'ਤੇ ਸਨ। ਪਰ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਇਕ ਪਾਰੀ ਨਾਲ ਹੀ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ।

ਹੁਣ ਨਵੀਂ ਮੁੰਬਈ ਦੇ ਇਸੇ ਡੀਵਾਈ ਪਾਟਿਲ ਅਕੈਡਮੀ ਸਟੇਡੀਅਮ ਵਿੱਚ ਦੋ ਨਵੰਬਰ ਨੂੰ ਹਰਮਨਪ੍ਰੀਤ ਕੌਰ ਦੀ ਟੀਮ ਦੀ ਟੱਕਰ ਦੱਖਣੀ ਅਫਰੀਕਾ ਨਾਲ ਹੋਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)