ਅਮਰੀਕਾ ਦਾ ਗੰਭੀਰ ਇਲਜ਼ਾਮ ਭਾਰਤ ਲਈ ਕਿੰਨਾ ਕੁ ਵੱਡਾ ਝਟਕਾ, ਜਾਣੋ ਮਾਹਰ ਕੀ ਕਹਿੰਦੇ ਹਨ

ਅਮਰੀਕਾ ਨੇ ਇੱਕ ਸਿੱਖ ਵੱਖਵਾਦੀ ਆਗੂ ਜੋ ਕਿ ਇੱਕ ਅਮਰੀਕੀ ਨਾਗਰਿਕ ਹੈ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਨਾਗਰਿਕ 'ਤੇ ਇਲਜ਼ਾਮ ਹੈ ਕਿ ਉਸ ਨੇ ਸਿੱਖ ਆਗੂ ਦੇ ਕਤਲ ਦਾ ਠੇਕਾ ਕਿਸੇ ਹਿੱਟਮੈਨ (ਜਿਸ ਵਿਅਕਤੀ ਨੇ ਕਤਲ ਕਰਨਾ ਸੀ) ਨਾਲ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਵਿੱਚ ਕੀਤਾ ਸੀ। ਜਿਸ ਵਿੱਚੋਂ ਨਿਖਿਲ ਨੇ 15 ਹਜ਼ਾਰ ਡਾਲਰ ਪੇਸ਼ਗੀ ਰਕਮ ਵਜੋਂ ਅਦਾ ਕੀਤੇ ਸਨ।

ਇਲਜ਼ਾਮ ਮੁਤਾਬਕ, ਜਿਸ ਹਿੱਟਮੈਨ ਨੂੰ ਕਤਲ ਦਾ ਕੰਮ ਦਿੱਤਾ ਗਿਆ ਸੀ, ਉਹ ਅਸਲ ਵਿੱਚ ਅਮਰੀਕੀ ਖੁਫ਼ੀਆ ਏਜੰਸੀ ਦਾ ਇੱਕ ਅੰਡਰਕਵਰ ਏਜੰਟ ਸੀ।

ਨਿਖਿਲ ਗੁਪਤਾ ਇਸ ਸਮੇਂ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਹਨ। ਉਨ੍ਹਾਂ 'ਤੇ ਜੋ ਇਲਜ਼ਾਮ ਲੱਗੇ ਹਨ ਉਨ੍ਹਾਂ ਤਹਿਤ ਨਿਖਿਲ ਨੂੰ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਲਜ਼ਾਮ ਹਨ ਕਿ ਨਿਖਿਲ ਗੁਪਤਾ ਨੂੰ ਇੱਕ ਭਾਰਤੀ ਅਧਿਕਾਰੀ ਗਾਈਡ ਕਰ ਰਿਹਾ ਸੀ। ਇਲਜ਼ਾਮਾਂ ਵਿੱਚ ਭਾਰਤੀ ਅਧਿਕਾਰੀ ਦਾ ਨਾਂ ਜ਼ਾਹਰ ਨਹੀਂ ਕੀਤਾ ਗਿਆ ਹੈ।

ਇਸ ਵਿੱਚ ਟਾਰਗੈਟ ਕੀਤੇ ਜਾਣ ਵਾਲੇ ਸਿੱਖ ਆਗੂ ਦਾ ਨਾਂ ਵੀ ਨਹੀਂ ਦੱਸਿਆ ਗਿਆ ਪਰ ਭਾਰਤੀ ਅਤੇ ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਿਸ਼ਾਨਾ ਵਕੀਲ ਅਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਨੇ 'ਅੱਤਵਾਦੀ' ਐਲਾਨਿਆ ਹੋਇਆ ਹੈ।

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਨੇ ਇਸ ਕਤਲ ਦੀ ਸਾਜ਼ਿਸ਼ ਦਾ ਮੁੱਦਾ ਭਾਰਤ ਕੋਲ ਉੱਚ ਪੱਧਰ 'ਤੇ ਚੁੱਕਿਆ ਹੈ।

ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤ 'ਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਸਨ। ਕੈਨੇਡਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵਿਗਾੜ ਦੇਖਣ ਨੂੰ ਮਿਲਿਆ ਸੀ।

ਪੈਸੇ ਦਾ ਭੁਗਤਾਨ ਕਰਕੇ ਕਤਲ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਚਿੰਤਤ ਕਰ ਦਿੱਤਾ ਸੀ।

ਇੱਕ ਚੋਟੀ ਦੇ ਅਮਰੀਕੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਬਾਇਡਨ ਨੇ ਅਮਰੀਕੀ ਖੁਫ਼ੀਆ ਅਧਿਕਾਰੀਆਂ - ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਜ਼ ਨੂੰ ਭਾਰਤੀ ਅਧਿਕਾਰੀਆਂ ਨਾਲ ਗੱਲ ਕਰਨ ਲਈ ਭਾਰਤ ਭੇਜਿਆ ਸੀ।

ਇਨ੍ਹਾਂ ਇਲਜ਼ਾਮਾਂ ਦਰਮਿਆਨ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੈਸੇ ਦੇ ਕੇ ਕਤਲ ਕਰਵਾਉਣ ਦੀ ਇਸ ਸਾਜਿਸ਼ ਦੇ ਇਲਜ਼ਾਮਾਂ ਬਾਰੇ ਫਾਈਨਾਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੂਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕਾ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ, ਜਦੋਂ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਨੇ ਭਾਰਤ ਨਾਲ ਸਿਰਫ ਕੁਝ ਇਨਪੁਟ ਸਾਂਝੇ ਕੀਤੇ ਸਨ। ਜਿਨ੍ਹਾਂ ਦੀ 'ਸਬੰਧਤ ਵਿਭਾਗਾਂ' ਦੁਆਰਾ ਜਾਂਚ ਕੀਤੀ ਜਾ ਰਹੀ ਹੈ।

ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ 18 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਇਲਜ਼ਮ ਲਾਏ ਸਨ, ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਉਸ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵੀ ਪੈਦਾ ਹੋ ਗਿਆ ਹੈ।

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਸਖ਼ਤ ਰੁਖ਼ ਅਖਤਿਆਰ ਕੀਤਾ ਸੀ, ਪਰ ਸਵਾਲ ਇਹ ਹੈ ਕਿ ਕੀ ਭਾਰਤ ਹੁਣ ਅਮਰੀਕਾ ਪ੍ਰਤੀ ਵੀ ਅਜਿਹਾ ਹੀ ਰਵੱਈਆ ਅਪਣਾ ਸਕਦਾ ਹੈ, ਉਹ ਵੀ ਉਦੋਂ ਜਦੋਂ ਅਮਰੀਕਾ ਨੇ ਭਾਰਤ ਨੂੰ ਇਸ ਕਤਲ ਦੀ ਸਾਜ਼ਿਸ਼ ਬਾਰੇ ਚੇਤਾਵਨੀ ਦਿੱਤੀ ਹੋਈ ਸੀ?

ਕੀ ਹਨ ਖ਼ਤਰੇ?

ਅਮਰੀਕਾ ਦੇ ਇਸ ਇਲਜ਼ਾਮ ਤੋਂ ਬਾਅਦ ਦੁਨੀਆ ਭਰ ਦੇ ਮੀਡੀਆ ਨੇ ਭਾਰਤ ਦੇ ਸਟੈਂਡ ਨੂੰ ਅਹਿਮ ਸਥਾਨ ਦਿੱਤਾ ਹੈ।

ਡਿਪਲੋਮੈਟ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ, “ਇਹ ਸਪੱਸ਼ਟ ਹੈ ਕਿ ਕੋਈ ਵੀ ਧਿਰ ਇਸ ਮਾਮਲੇ ਨੂੰ ਵਧਾ ਨਹੀਂ ਰਹੀ ਹੈ। ਪਰ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ 'ਤੇ ਭਾਰਤ ਦੀ ਪ੍ਰਤੀਕਿਰਿਆ ਨਰਮ ਰਹੀ ਹੈ ਅਤੇ ਉਸਦੀ ਸੁਰ ਸਹਿਯੋਗੀ ਹੈ। ਇਹ ਟਰੂਡੋ ਵਲੋਂ ਲਾਏ ਇਲਜ਼ਾਮਾਂ ਪ੍ਰਤੀ ਹਮਲਾਵਰ ਰਵੱਈਏ ਤੋਂ ਬਿਲਕੁਲ ਅਲੱਗ ਹੈ।”

ਡਿਪਲੋਮੈਟ ਨੇ ਲਿਖਿਆ, “ਭਾਰਤ ਅਮਰੀਕਾ ਨੂੰ ਉਸ ਤਰ੍ਹਾਂ ਨਹੀਂ ਲਤਾੜ ਸਕਦਾ ਜਿਸ ਤਰ੍ਹਾਂ ਉਸ ਨੇ ਕੈਨੇਡਾ ਨੂੰ ਫ਼ਿਟਕਾਰਿਆ ਹੈ।”

ਇਸ ਦਾ ਇੱਕ ਸਾਧਾਰਨ ਕਾਰਨ ਇਹ ਹੈ ਕਿ ਭਾਰਤ ਦੇ ਭੂ-ਰਾਜਨੀਤਿਕ ਹਿੱਤਾਂ ਲਈ ਅਮਰੀਕਾ ਕੈਨੇਡਾ ਨਾਲੋਂ ਵੱਧ ਮਹੱਤਵਪੂਰਨ ਹੈ।

ਉਨ੍ਹਾਂ ਲਿਖਿਆ, “ਇੰਨਾ ਹੀ ਨਹੀਂ ਚੀਨ ਨੂੰ ਰੋਕਣ ਲਈ ਅਮਰੀਕਾ ਨੂੰ ਵੀ ਭਾਰਤ ਦੀ ਲੋੜ ਹੈ ਅਤੇ ਭਾਰਤ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ।”

ਭਾਰਤ ਅਤੇ ਅਮਰੀਕਾ ਇੱਕ ਦੂਜੇ 'ਤੇ ਨਿਰਭਰ ਹਨ।

ਦਿ ਡਿਪਲੋਮੈਟ ਲਿਖਦਾ ਹੈ ਕਿ ਇਸ ਆਪਸੀ ਨਿਰਭਰਤਾ ਕਾਰਨ ਨਿੱਝਰ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ, ਸ਼ਾਇਦ ਪੰਨੂੰ ਦੇ ਕਤਲ ਦੀ ਸਾਜ਼ਿਸ਼ ਕਾਰਨ ਅਮਰੀਕਾ ਅਤੇ ਭਾਰਤ ਦੇ ਸਬੰਧ ਉਸ ਤਰ੍ਹਾਂ ਨਾ ਵਿਗੜਨ।

ਗੁਰਪਤਵੰਤ ਸਿੰਘ ਪੰਨੂ ਇੱਕ ਸਰਗਰਮ ਖਾਲਿਸਤਾਨੀ ਵੱਖਵਾਦੀ ਹਨ ਅਤੇ ਉਨ੍ਹਾਂ ਨੇ ਕਈ ਵਾਰ ਭਾਰਤ ਵਿਰੁੱਧ ਹਿੰਸਾ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਹਾਲ ਹੀ 'ਚ ਪੰਨੂ ਨੇ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਸੀ।

ਭਾਰਤ ਚਾਹੁੰਦਾ ਹੈ ਕਿ ਅਮਰੀਕਾ ਖਾਲਿਸਤਾਨ ਦੀ ਧਮਕੀ ਨੂੰ ਗੰਭੀਰਤਾ ਨਾਲ ਲਵੇ।

ਇਸ ਕਤਲ ਸਾਜ਼ਿਸ਼ ਕੇਸ ਦੀ ਖ਼ਬਰ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਤੀਕਰਮਾਂ ਦਾ ਦੌਰ ਸ਼ੁਰੂ ਹੋ ਸਕਦਾ ਹੈ, ਪਰ ਸਵਾਲ ਹੈ ਕਿ ਕੀ ਭਾਰਤ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ?

ਕੀ ਰਿਸ਼ਤੇ ਟੁੱਟ ਜਾਣਗੇ?

ਰਾਸ਼ਟਰੀ ਸੁਰੱਖਿਆ ਮੁੱਦਿਆਂ ਦੇ ਮਾਹਰ ਅਤੇ ਥਿੰਕ ਟੈਂਕ ਰੈਂਡ ਕਾਰਪੋਰੇਸ਼ਨ ਨਾਲ ਜੁੜੇ ਡੇਰੇਕ ਜੇ ਗ੍ਰਾਸਮੈਨ ਲਿਖਦੇ ਹਨ, “ਅੱਜ ਦੀਆਂ ਸਨਸਨੀਖੇਜ਼ ਖ਼ਬਰਾਂ ਤੋਂ ਬਾਅਦ, ਭਾਰਤ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਦਰਅਸਲ ਅਮਰੀਕਾ ਨੂੰ ਭਾਰਤ ਦੀ ਜ਼ਿਆਦਾ ਲੋੜ ਹੈ।''

“ਚੀਨ ਨੂੰ ਰੋਕਣ ਲਈ ਬਾਇਡਨ ਪ੍ਰਸ਼ਾਸਨ ਦੀ ਰਣਨੀਤੀ ਲਈ ਭਾਰਤ ਅਹਿਮ ਹੈ। ਪਰ ਅਮਰੀਕੀ ਛੋਟ ਅਸੀਮਤ ਨਹੀਂ ਹੋਵੇਗੀ ਅਤੇ ਜੇਕਰ ਭਵਿੱਖ ਵਿੱਚ ਵੀ ਅਜਿਹਾ ਮਾੜਾ ਵਿਵਹਾਰ ਜਾਰੀ ਰਿਹਾ, ਤਾਂ ਹਾਲ ਹੀ ਦੇ ਲਾਭਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ”

ਥਿੰਕ ਟੈਂਕ 'ਦਿ ਵਿਲਸਨ ਸੈਂਟਰ' ਦੇ ਵਿਦੇਸ਼ ਨੀਤੀ ਦੇ ਮਾਹਰ ਮਾਈਕਲ ਕੁਗਲਮੈਨ ਨੇ ਲਿਖਿਆ, "ਹਾਲਾਂਕਿ ਸਾਡੇ ਕੋਲ ਹੁਣ ਇਸ ਕਤਲ ਦੀ ਸਾਜ਼ਿਸ਼ ਬਾਰੇ ਵਧੇਰੇ ਜਾਣਕਾਰੀ ਹੈ, ਪਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਇਸ ਨਾਲ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਕੋਈ ਅਹਿਮ ਨੁਕਸਾਨ ਨਹੀਂ ਹੋਵੇਗਾ।"

“ਵ੍ਹਾਈਟ ਹਾਊਸ ਨੂੰ ਜੁਲਾਈ 'ਚ ਹੀ ਇਸ ਸਾਜ਼ਿਸ਼ ਦਾ ਪਤਾ ਲੱਗ ਗਿਆ ਸੀ, ਪਰ ਇਸ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਮੀਟਿੰਗਾਂ ਰੱਦ ਨਹੀਂ ਕੀਤੀਆਂ ਗਈਆਂ।”

ਉਨ੍ਹਾਂ ਲਿਖਿਆ,“ਬਾਇਡਨ ਅਤੇ ਮੋਦੀ ਦੀ ਭਾਰਤ ਵਿੱਚ ਹੋਏ ਜੀ-20 ਸਮਾਗਮਾਂ ਦੌਰਾਨ ਮੁਲਾਕਾਤ ਵੀ ਹੋਈ ਸੀ। ਅਮਰੀਕਾ ਨੇ ਜਵਾਬੀ ਕਾਰਵਾਈ ਨਹੀਂ ਕੀਤੀ, ਸਿਰਫ ਇੰਨਾ ਕਿਹਾ ਕਿ ਅਜਿਹਾ ਦੁਬਾਰਾ ਨਹੀਂ ਹੋਣਾ ਚਾਹੀਦਾ। ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਇੰਨੇ ਅਹਿਮ ਹਨ ਕਿ ਇਹ ਨਾਕਾਮ ਨਹੀਂ ਹੋ ਸਕਦੇ।”

ਇਸ ਦੇ ਨਾਲ ਹੀ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤਾਜ਼ਾ ਘਟਨਾਕ੍ਰਮ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸੈਂਟਰ ਫਾਰ ਨਿਊ ਅਮਰੀਕਨ ਸਟੱਡੀਜ਼ ਦੇ ਇੰਡੋ-ਪੈਸੀਫਿਕ ਪ੍ਰੋਗਰਾਮ ਦੀ ਨਿਰਦੇਸ਼ਕ ਲੀਜ਼ਾ ਕਰਟਿਸ ਨੇ ਲਿਖਿਆ ਹੈ, “ਭਾਰਤ ਨੂੰ ਇਸ ਹੈਰਾਨ ਕਰਨ ਵਾਲੇ ਵਿਕਾਸ ਨਾਲ ਨਜਿੱਠਣ ਲਈ ਫ਼ੌਰੀ ਤੌਰ ’ਤੇ ਸੰਯੁਕਤ ਰਾਜ ਅਮਰੀਕਾ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ, ਨਹੀਂ ਤਾਂ ਭਾਰਤ-ਅਮਰੀਕਾ ਸਬੰਧਾਂ ਦੇ ਅੱਗੇ ਵੱਧਣ ਦੀ ਰਫ਼ਤਾਰ ਬਹੁਤ ਹੌਲੀ ਹੋ ਜਾਵੇਗੀ।”

“ਜੋ ਕੁਝ ਮੁਸ਼ਕਿਲ ਨਾਲ ਹਾਸਲ ਕੀਤਾ ਗਿਆ ਹੈ, ਉਹ ਖ਼ਤਰੇ ਵਿੱਚ ਆ ਜਾਵੇਗਾ।"

ਅਮਰੀਕਾ 'ਤੇ ਸਵਾਲ

ਪੱਛਮੀ ਦੇਸ਼ਾਂ ਵਿੱਚ ਸਿੱਖ ਵੱਖਵਾਦ ਭਾਰਤ ਲਈ ਇੱਕ ਅਹਿਮ ਮੁੱਦਾ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਭਾਰਤ ਨੇ ਸਿਖਰਲੇ ਪੱਧਰ 'ਤੇ ਸਿੱਖ ਵੱਖਵਾਦ ਦਾ ਮੁੱਦਾ ਚੁੱਕਿਆ ਹੈ।

ਹਾਲ ਹੀ ਵਿੱਚ ਜਦੋਂ ਨਵੀਂ ਦਿੱਲੀ ਵਿੱਚ ਅਮਰੀਕਾ ਅਤੇ ਭਾਰਤ ਦੀ ਮੰਤਰੀਆਂ ਦੇ ਪੱਧਰ ’ਤੇ ਮੁਲਾਕਾਤ ਹੋਈ ਸੀ ਤਾਂ ਉਸ ਤੋਂ ਬਾਅਦ ਵੀ ਭਾਰਤ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਅਮਰੀਕਾ ਦੇ ਸਾਹਮਣੇ ਸਿੱਖ ਵੱਖਵਾਦ ਦਾ ਮੁੱਦਾ ਵੀ ਉਠਾਇਆ ਹੈ।

ਨਵੰਬਰ ਵਿੱਚ ਹੀ ਆਸਟਰੇਲੀਆ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਨੇ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਵਧਣ ਦਾ ਮੁੱਦਾ ਚੁੱਕਿਆ ਸੀ।

ਜਦੋਂ ਕਿ ਪੱਛਮੀ ਦੇਸ਼ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕਰਦੇ ਹਨ ਅਤੇ ਸਿੱਖ ਵੱਖਵਾਦ ਉਨ੍ਹਾਂ ਲਈ ਕੋਈ ਅਹਿਮ ਮੁੱਦਾ ਨਹੀਂ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।

ਗਲੋਬਲ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਜ਼ੋਰਾਵਰ ਦੌਲਤ ਸਿੰਘ ਨੇ ਐਕਸ 'ਤੇ ਲਿਖਿਆ ਹੈ, "ਇਹ ਇਲਜ਼ਾਮ ਇੱਕ ਕਾਮਿਕ ਬੁੱਕ ਦੇ ਖੜੜੇ ਵਾਂਗ ਹਨ, ਜਿਸ ਵਿੱਚ ਇੱਕ ਕਥਿਤ ਭਾਰਤੀ ਖੁਫ਼ੀਆ ਅਧਿਕਾਰੀ ਨੇ ਇੱਕ ਦਲਾਲ ਰਾਹੀਂ ਇੱਕ ਕਾਤਲ ਨੂੰ ਠੇਕਾ ਦਿੱਤਾ ਸੀ। ਇਹ ਕਾਤਲ ਇੱਕ ਅਮਰੀਕੀ ਖੁਫ਼ੀਆ ਏਜੰਟ ਨਿਕਲਿਆ।”

ਜ਼ੋਰਾਵਰ ਸਿੰਘ ਨੇ ਲਿਖਿਆ, "ਅਮਰੀਕਾ ਨੂੰ ਸਾਰੇ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਭਾਰਤ ਹਵਾਲੇ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ 'ਤੇ ਭਾਰਤੀ ਕਾਨੂੰਨਾਂ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕੇ।"

“ਪਰ ਅਮਰੀਕਾ ਆਪਣੀ ਧਰਤੀ 'ਤੇ ਭਾਰਤ ਵਿਰੋਧੀ ਅੱਤਵਾਦੀਆਂ ਨੂੰ ਜਗ੍ਹਾ ਕਿਉਂ ਦਿੰਦਾ ਹੈ?”

ਪੱਛਮ ਦੇ ਦੋਹਰੇ ਮਾਪਦੰਡ?

ਜਦੋਂ ਕਿ ਸਾਬਕਾ ਭਾਰਤੀ ਡਿਪਲੋਮੈਟ ਵਿਵੇਕ ਕਾਟਜੂ ਨੇ ਦਿ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਲਿਖਿਆ ਹੈ ਕਿ ਇਹ ਅਸਵੀਕਾਰਨਯੋਗ ਹੈ ਕਿ ਕੋਈ ਵੀ ਦੇਸ਼ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਖਾਲਿਸਤਾਨੀ ਅੱਤਵਾਦ 'ਤੇ ਪਰਦਾ ਪਾਵੇ ਜਾਂ ਅੱਤਵਾਦੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਸਮਰਥਨ ਨਾ ਕਰੇ।

ਸਾਰੀਆਂ ਬਿਆਨਬਾਜ਼ੀਆਂ ਦੇ ਬਾਵਜੂਦ, ਪੱਛਮੀ ਦੇਸ਼ ਸਿਰਫ਼ ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਹਨ ਜੋ ਉਨ੍ਹਾਂ ਦੇ ਹਿੱਤਾਂ ਵਿਰੁੱਧ ਹਿੰਸਾ ਕਰਦੇ ਹਨ। ਉਨ੍ਹਾਂ ਦੇ ਦੋਹਰੇ ਮਾਪਦੰਡ ਜਗ-ਜਾਹਰ ਹਨ।

ਕਾਟਜੂ ਲਿਖਦੇ ਹਨ, “ਦੁਨੀਆ ਅਜਿਹੇ ਦੋਹਰੇ ਮਾਪਦੰਡਾਂ ਨਾਲ ਭਰੀ ਹੋਈ ਹੈ। ਅਸੂਲਾਂ ਅਤੇ ਇਨਸਾਫ਼ ਦੀਆਂ ਸਾਰੀਆਂ ਪਵਿੱਤਰ ਗੱਲਾਂ ਦੇ ਬਾਵਜੂਦ ਅਜਿਹਾ ਹੋ ਰਿਹਾ ਹੈ।”

ਉਨ੍ਹਾਂ ਲਿਖਿਆ, “ਕੂਟਨੀਤੀ ਦਾ ਮਕਸਦ ਕੌਮੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਸ ਮੁਸ਼ਕਲ ਬਾਈਨਰੀ ਅਤੇ ਤਰਕਹੀਣ ਸਥਿਤੀ ਵਿੱਚੋਂ ਰਸਤਾ ਲੱਭਣਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)