ਆਈਸ ਕ੍ਰੀਮ ਸਾਡਾ ਮੂਡ ਕਿਵੇਂ ਬਦਲਦੀ ਹੈ, ਇਸ ਦੀ ਖੋਜ ਕਦੋਂ ਹੋਈ? ਘੋੜੀ ਦੇ ਦੁੱਧ ਦੀ ਆਈਸ ਕ੍ਰੀਮ ਬਾਰੇ ਜਾਣੋ

ਪਹਿਲੀ ਆਈਸ ਕ੍ਰੀਮ ਕਿਸ ਨੇ ਬਣਾਈ, ਇਹ ਵਿਵਾਦ ਦਾ ਵਿਸ਼ਾ ਹੈ। ਇਸ ਦੇ ਜਿੰਨੇ ਫਲੇਵਰ ਹਨ, ਓਨੀਆਂ ਹੀ ਇਸ ਦੀਆਂ ਕਹਾਣੀਆਂ ਹਨ, ਜਿਨ੍ਹਾਂ ਵਿੱਚ ਹਾਲ ਹੀ ਵਿੱਚ ਸਾਹਮਣੇ ਆਈ ਘੋੜੀ ਦੇ ਦੁੱਧ ਦੀ ਆਈਸ ਕ੍ਰੀਮ ਵੀ ਸ਼ਾਮਲ ਹੈ।

ਅਸੀਂ ਆਈਸ ਕ੍ਰੀਮ ਨੂੰ ਇੰਨਾ ਪਸੰਦ ਕਿਉਂ ਕਰਦੇ ਹਾਂ, ਇਹ ਅਸਲ ਵਿੱਚ ਇੱਕ ਗੰਭੀਰ ਵਿਗਿਆਨਕ ਵਿਸ਼ਾ ਹੈ।

ਖੋਜਕਰਤਾਵਾਂ ਨੇ ਆਈਸ ਕ੍ਰੀਮ ਦੇ ਪੋਸ਼ਣ ਸਬੰਧੀ ਲਾਭਾਂ ਅਤੇ ਮਨੁੱਖੀ ਸਰੀਰ ’ਤੇ ਇਸ ਦੇ ਘੱਟ ਸਿਹਤਮੰਦ ਪ੍ਰਭਾਵਾਂ ਦਾ ਅਧਿਐਨ ਕੀਤਾ ਹੈ।

ਇਸ ਬਾਰੇ ਵੀ ਅਧਿਐਨ ਹੋਏ ਹਨ ਕਿ ਆਈਸ ਕ੍ਰੀਮ ਸਾਡੇ ਮੂਡ ਨੂੰ ਕਿਵੇਂ ਬਦਲ ਸਕਦੀ ਹੈ।

ਲੰਡਨ ਦੇ ਮਨੋਵਿਗਿਆਨਕ ਇੰਸਟੀਚਿਊਟ ਨੇ 2021 ਵਿੱਚ ਪਾਇਆ ਕਿ ਲੋਕਾਂ ਦਾ ਔਰਬਿਟਫ੍ਰੰਟਲ ਕਾਰਟੈਕਸ (ਦਿਮਾਗ ਦਾ ਉਹ ਹਿੱਸਾ ਜੋ ਫੈਸਲੇ ਲੈਣ ਦੀ ਬੋਧਾਤਮਕ ਪ੍ਰਕਿਰਿਆ ਵਿੱਚ ਸ਼ਾਮਲ ਹੁੰਦਾ ਹੈ) ਸਿਰਫ਼ ਥੋੜ੍ਹੀ ਜਿਹੀ ਆਈਸ ਕ੍ਰੀਮ ਚੱਖਣ ਤੋਂ ਬਾਅਦ ਹੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੰਦਾ ਹੈ।

ਕਈ ਹੋਰ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪ੍ਰੋਟੀਨ ਅਤੇ ਚਰਬੀ ਵਰਗੇ ਪੌਸ਼ਟਿਕ ਤੱਤ ਜੋ ਚੰਗੀ ਗੁਣਵੱਤਾ ਵਾਲੀ ਆਈਸ ਕ੍ਰੀਮ ਵਿੱਚ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਉਹ ਸਾਡੇ ਮੂਡ ਦੇ ਪੱਧਰ ਨੂੰ ਵਧਾਉਂਦੇ ਹਨ ਅਤੇ ਸੇਰੋਟੋਨਿਨ (ਇੱਕ ਕੁਦਰਤੀ ਮੂਡ ਬੂਸਟਰ) ਦੇ ਪੱਧਰ ਨੂੰ ਵਧਾਉਂਦੇ ਹਨ।

ਸਮੇਂ ਨਾਲ ਇਸ ਦਾ ਵਿਕਾਸ ਹੋਣਾ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਦੱਸਦਾ ਹੈ ਕਿ ਮਨੁੱਖ ਨਿਯਮਿਤ ਰੂਪ ਨਾਲ ਮਿੱਠੀਆਂ ਚੀਜ਼ਾਂ ਦੀ ਲਾਲਸਾ ਕਿਉਂ ਕਰਦਾ ਹੈ।

ਆਈਸ ਕ੍ਰੀਮ ਵਿੱਚ ਚੀਨੀ, ਫੈਟ ਅਤੇ ਠੰਢੇ ਤਾਪਮਾਨ ਦਾ ਸੁਮੇਲ ਇਸ ਨੂੰ ਖਾਣ ਵਾਲੇ ਦੇ ਮੂੰਹ ਨੂੰ ਬਹੁਤ ਵਧੀਆ ਅਹਿਸਾਸ ਕਰਾਉਂਦਾ ਹੈ।

ਆਈਸ ਕ੍ਰੀਮ ਦੀ ਉਤਪਤੀ ਨੇ ਖਾਧ ਪਦਾਰਥਾਂ ਦੇ ਇਤਿਹਾਸਕਾਰਾਂ ਵਿੱਚ ਗਰਮਾ-ਗਰਮ ਚਰਚਾ ਛੇੜ ਦਿੱਤੀ ਹੈ।

ਆਈਸ ਕ੍ਰੀਮ ਦੀ ਉਤਪਤੀ ’ਤੇ ਬਹਿਸ ਵਿੱਚ ਇੱਕ ਗੱਲ ’ਤੇ ਸਹਿਮਤੀ ਹੈ ਕਿ ਇਸ ਦੀ ਉਤਪਤੀ ਬਿਜਲੀ ਅਤੇ ਫਰਿੱਜਾਂ ਤੋਂ ਵੀ ਪੁਰਾਣੀ ਹੈ।

ਬਰਫ਼ ਅਤੇ ਬਰਫ਼ ਨਾਲ ਭਰਪੂਰ ਬਹੁਤ ਸਾਰੇ ਸੱਭਿਆਚਾਰਾਂ ਨੇ ਕੁਝ ਕਿਸਮਾਂ ਦੀ ਫਰੋਜ਼ਨ ਡਿਜਰਟ ਜਾਂ ਡਰਿੰਕ ਦੀ ਕਾਢ ਕੱਢੀ ਸੀ, ਜਿਨ੍ਹਾਂ ਨੂੰ ਆਈਸ ਕ੍ਰੀਮ ਦੇ ਪੂਰਵਜ ਮੰਨਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਪਹਿਲੀ ਸਦੀ ਵਿੱਚ ਰੋਮਨ ਸਮਰਾਟ ਨੀਰੋ ਨੇ ਆਪਣੇ ਫਲਾਂ ਦੇ ਜੂਸ ਲਈ ਬਰਫ਼ ਲੈਣ ਲਈ ਦੌੜਾਕਾਂ ਨੂੰ ਪਹਾੜਾਂ ਉੱਤੇ ਭੇਜਿਆ ਸੀ।

ਪ੍ਰਾਚੀਨ ਚੀਨ ਵਿੱਚ ਤਾਂਗ ਰਾਜਵੰਸ਼ (618-907 ਈ.) ਦੌਰਾਨ ਬਾਦਸ਼ਾਹਾਂ ਵੱਲੋਂ ਜੰਮੇ ਹੋਏ ਦੁੱਧ ਵਰਗੇ ਮਿਸ਼ਰਣ ਦੀ ਦਾਅਵਤ ਦੇਣ ਦੇ ਰਿਕਾਰਡ ਮੌਜੂਦ ਹਨ।

ਆਪਣੀ ਕਿਤਾਬ ‘ਆਈਸ ਕ੍ਰੀਮ: ਏ ਗਲੋਬਲ ਹਿਸਟਰੀ’ ਵਿੱਚ ਲੌਰਾ ਬੀ ਵੇਸ ਨੇ ਇਸ ਮਿਸ਼ਰਣ ਬਾਰੇ ਲਿਖਿਆ ਹੈ ਕਿ ‘‘ਇਹ ਗਾਂ, ਬੱਕਰੀ ਜਾਂ ਮੱਝ ਦੇ ਦੁੱਧ ਨਾਲ ਬਣਿਆ ਹੁੰਦਾ ਸੀ, ਜਿਸ ਨੂੰ ਖਮੀਰ ਕਰਕੇ ਗਰਮ ਕੀਤਾ ਜਾਂਦਾ ਸੀ ਅਤੇ ਸੁਆਦ ਅਤੇ ਦਿੱਖ ਲਈ ਇਸ ਵਿੱਚ ਆਟਾ ਅਤੇ ਕਪੂਰ ਮਿਲਾਇਆ ਜਾਂਦਾ ਸੀ...’’

‘‘ਇਸ ਮਿਸ਼ਰਣ ਨੂੰ ਧਾਤ ਦੀਆਂ ਟਿਊਬਾਂ ਵਿੱਚ ਬੰਦ ਕਰਕੇ ਜਮਾ ਦਿੱਤਾ ਗਿਆ, ਫਿਰ ਇਨ੍ਹਾਂ ਨੂੰ ਬਰਫ਼ ਵਾਲੇ ਡੱਬੇ ਵਿੱਚ ਰੱਖ ਦਿੱਤਾ ਗਿਆ…ਬਿਲਕੁਲ ਅੱਜ ਦੀ ਭਾਰਤੀ ਕੁਲਫੀ ਵਾਂਗ।’’

ਆਈਸ ਕ੍ਰੀਮ, ਜੈਲੇਟੋ ਜਾਂ ਸ਼ਰਬਤ?

‘ਆਈਸ ਕ੍ਰੀਮ, ਸਰਬੈਟਸ ਐਂਡ ਜੈਲੇਟੀ: ਦਿ ਡੈਫਿਨਿਟਿਵ ਗਾਈਡ’ ਕਿਤਾਬ ਦੇ ਲੇਖਕ ਰੌਬਿਨ ਵੇਅਰ ਨੇ ਕਿਹਾ ਕਿ ਅਸੀਂ ਇਸ ਦੇ ਦੋ ਵੇਰਵਿਆਂ ਦੇਖ ਸਕਦੇ ਹਾਂ ਜੋ ਇਸ ਫਰੋਜ਼ਨ ਡਿਜਰਟ ਦੇ ਖੋਜਕਰਤਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੇ ਹਨ।

ਸਭ ਤੋਂ ਪਹਿਲਾਂ ਤੁਹਾਨੂੰ ਇਹ ਪਰਿਭਾਸ਼ਿਤ ਕਰਨਾ ਪਏਗਾ ਕਿ ਆਈਸ ਕ੍ਰੀਮ ਕੀ ਹੈ?

ਸਾਲ 2022 ਵਿੱਚ ਵੇਅਰ ਨੇ ਬੀਬੀਸੀ ਦੇ ਇੱਕ ਰੇਡੀਓ ਪ੍ਰੋਗਰਾਮ ਵਿੱਚ ਕਿਹਾ ਸੀ, ‘‘ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਆਈਸ ਕ੍ਰੀਮ ਵਿੱਚ ਡੇਅਰੀ ਪਦਾਰਥ ਜਾਂ ਕਰੀਮ ਹੁੰਦੀ ਹੈ ਜਦੋਂ ਕਿ ਸ਼ਰਬਤ ਵਿੱਚ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਹੁੰਦਾ।”

‘ਜੈਲੇਟੋ, ਜੋ ਇਟਲੀ ਤੋਂ ਆਇਆ ਹੈ, ਉਸ ਵਿੱਚ ਬਹੁਤ ਘੱਟ ਜਾਂ ਬਿਲਕੁਲ ਵੀ ਕ੍ਰੀਮ ਨਹੀਂ ਹੁੰਦੀ। ਇਸ ਨੂੰ ਰਿੜਕਣ ਦੀ ਪ੍ਰਕਿਰਿਆ ਹੌਲੀ ਹੁੰਦੀ ਹੈ, ਨਤੀਜੇ ਵਜੋਂ ਇਸ ਤੋਂ ਬਣਨ ਵਾਲੇ ਉਤਪਾਦ ਵਿੱਚ ਘੱਟ ਹਵਾ ਹੁੰਦੀ ਹੈ।

‘‘ਮੈਨੂੰ ਆਈਸ ਕ੍ਰੀਮ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਇਸ ਵਿੱਚ ਬਹੁਤ ਘੱਟ ਸਮੱਗਰੀ ਸ਼ਾਮਲ ਹੁੰਦੀ ਹੈ - ਚੀਨੀ, ਪਾਣੀ, ਦੁੱਧ ਜਾਂ ਕ੍ਰੀਮ ਅਤੇ ਫਲੇਵਰ - ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਇਕੱਠਾ ਕਿਵੇਂ ਕਰਦੇ ਹੋ।’’

ਆਈਸ ਕ੍ਰੀਮ ਦੀ ਉਤਪਤੀ ਦਾ ਪਤਾ ਲਗਾਉਣ ਲਈ ਵੇਅਰ ਦਾ ਦੂਜਾ ਸੁਝਾਅ ਇਹ ਪਤਾ ਲਗਾਉਣਾ ਹੈ ਕਿ ਮਨੁੱਖ ਨੇ ਐਂਡੋਥਰਮਿਕ ਪ੍ਰਭਾਵ ਦੀ ਖੋਜ ਕਦੋਂ ਕੀਤੀ। ਐਂਡੋਥਰਮਿਕ ਬਰਫ਼ ਦੇ ਤਾਪਮਾਨ ਨੂੰ ਠੰਢਕ ਬਿੰਦੂ, 0C (32F) ਤੋਂ ਹੇਠਾਂ ਕਰਨ ਲਈ ਬਰਫ਼ ਵਿੱਚ ਲੂਣ ਮਿਲਾਉਣ ਦਾ ਸਿਧਾਂਤ ਹੈ।

ਆਈਸ ਕ੍ਰੀਮ ਬਣਾਉਣ ਲਈ ਲੋੜੀਂਦਾ ਤਾਪਮਾਨ -10 ਸੈਲਸੀਅਸ ਅਤੇ -20 ਸੈਲਸੀਅਸ ਦੇ ਵਿਚਕਾਰ ਹੈ।

ਲੌਰਾ ਬੀ ਵੀਸ ਲਿਖਦੀ ਹੈ ਕਿ ਚੀਨੀਆਂ, ਅਰਬਾਂ ਅਤੇ ਭਾਰਤੀਆਂ ਨੇ ਇਤਿਹਾਸ ਵਿੱਚ ਕਿਸੇ ਨਾ ਕਿਸੇ ਸਮੇਂ ਐਂਡੋਥਰਮਿਕ ਪ੍ਰਭਾਵ ਦੇ ਸਿਧਾਂਤ ਬਾਰੇ ਆਪਣੀ ਸਮਝ ਨੂੰ ਦਿਖਾਇਆ ਹੈ।

ਪਰ ਇਤਿਹਾਸਕਾਰ ਸਹੀ ਸਮੇਂ ਤੋਂ ਅਜੇ ਵੀ ਅਣਜਾਣ ਹਨ।

ਈਰਾਨ ਵਿੱਚ ‘ਯਖਚਲ’ ਨਾਂ ਦਾ 400 ਬੀਸੀ ਦੇ ਆਸਪਾਸ ਬਣਾਇਆ ਗਿਆ ਭੂਮੀਗਤ ਸਥਾਨ ਵਾਲਾ ਇੱਕ ਗੁੰਬਦ ਆਕਾਰ ਦਾ ਢਾਂਚਾ ਹੈ, ਜਿਸ ਨੂੰ ਬਰਫ਼ ਦੀ ਸਟੋਰੇਜ਼ ਲਈ ਉਸਾਰਿਆ ਗਿਆ ਢਾਂਚਾ ਮੰਨਿਆ ਜਾਂਦਾ ਹੈ।

ਇਨ੍ਹਾਂ ਦੀ ਗਿਣਤੀ ਸੌ ਤੋਂ ਵੱਧ ਹੈ, ਪਰ ਇਹ ਸਵਾਲ ਬਣਿਆ ਹੋਇਆ ਹੈ ਕਿ ਪ੍ਰਾਚੀਨ ਫਾਰਸੀਆਂ ਨੇ ਇਨ੍ਹਾਂ ਨੂੰ ਬਰਫ਼ ਜਮਾਂ ਕਰਨ ਲਈ ਕਿਉਂ ਬਣਾਇਆ ਸੀ।

ਕੀ ਉਹ ਐਂਡੋਥਰਮਿਕ ਪ੍ਰਭਾਵ ਬਾਰੇ ਜਾਣਦੇ ਸਨ ਅਤੇ ਆਈਸ ਕ੍ਰੀਮ ਬਣਾਉਣ ਲਈ ਅੰਦਰ ਜਮਾਂ ਕੀਤੀ ਹੋਈ ਬਰਫ਼ ਦੀ ਵਰਤੋਂ ਕਰਦੇ ਸਨ?

ਲੰਡਨ ਵਿੱਚ ਲਾ ਗ੍ਰੋਟਾ ਆਈਸਸ ਦੀ ਸੰਸਥਾਪਕ ਕਿਟੀ ਟ੍ਰੈਵਰਸ, ‘ਕੁਦਰਤੀ ਸੁਆਦ’ ਵਾਲੀ ਆਈਸ ਕ੍ਰੀਮ ਬਣਾਉਣ ਵਿੱਚ ਮਾਹਿਰ ਹੈ ਜੋ ਆਈਸ ਕ੍ਰੀਮ ਨੂੰ ਸੁਆਦ ਬਣਾਉਣ ਲਈ ਫਲ, ਸਬਜ਼ੀਆਂ ਅਤੇ ਜੜੀ-ਬੂਟੀਆਂ ਦੀ ਵਰਤੋਂ ਕਰਦੀ ਹੈ।

ਉਹ ਦੱਸਦੀ ਹੈ ਕਿ ਕਿਵੇਂ ਉਸ ਨੇ ਪਰੰਪਰਾਗਤ ਐਂਡੋਥਰਮਿਕ ਆਈਸ ਕ੍ਰੀਮ ਬਣਾਉਣ ਦੀ ਵਿਧੀ ਦਾ ਪ੍ਰਯੋਗ ਕੀਤਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ‘‘ਸਾਲ ਪਹਿਲਾਂ, ਮੈਂ ਇੱਕ ਇਤਿਹਾਸਕ ਆਈਸ ਕ੍ਰੀਮ ਬਣਾਉਣ ਦਾ ਕੋਰਸ ਕਰਨ ਗਈ ਸੀ।’’

‘‘ਸਾਡੇ ਕੋਲ ਇੱਕ ਲੱਕੜ ਦੀ ਬਾਲਟੀ ਸੀ ਜਿਸ ਵਿੱਚ ਬਰਫ਼ ਦੇ ਟੁਕੜੇ ਅਤੇ ਲੂਣ ਦੀ ਪਰਤ ਬਣਾਈ ਹੋਈ ਸੀ। ਅਸੀਂ ਬਾਲਟੀ ਦੇ ਅੰਦਰ ਪਰਮੇਸਨ ਪਨੀਰ ਨਾਲ ਭਰਿਆ ਇੱਕ ਧਾਤ ਦਾ ਡੱਬਾ ਰੱਖਿਆ, ਫਿਰ ਮਿਸ਼ਰਣ ਨੂੰ ਹੱਥ ਨਾਲ ਰਿੜਕਿਆ।

‘‘ਇਹ ਮੇਰੀ ਬਿਜਲੀ ਨਾਲ ਚੱਲਣ ਵਾਲੀ ਮਧਾਣੀ ਨਾਲੋਂ ਵੀ ਤੇਜ਼ੀ ਨਾਲ ਕੰਮ ਕਰਦਾ ਹੈ। ਇਸ ਤਰ੍ਹਾਂ ਬਣੀ ਆਈਸ ਕ੍ਰੀਮ ਦਾ ਸੁਆਦ ਵੀ ਅਦਭੁੱਤ ਸੀ।’’

‘‘ਇਸ ਲਈ ਸਿਧਾਂਤਕ ਤੌਰ ’ਤੇ ਜੇਕਰ ਤੁਸੀਂ ਕੁਦਰਤੀ ਰੂਪ ਵਿੱਚ ਉਪਲੱਬਧ ਬਰਫ਼ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਆਈਸ ਕ੍ਰੀਮ ਬਣਾਉਣ ਲਈ ਬਿਜਲੀ ਦੀ ਲੋੜ ਨਹੀਂ ਹੈ।’’

ਯੂਰਪ ਵਿੱਚ ਇੱਕ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਕਿ ਮਾਰਕੋ ਪੋਲੋ (1254-1324) ਚੀਨ ਤੋਂ ਵਾਪਸੀ ਵੇਲੇ ਹੋਰ ਕਿਸਮਾਂ ਦੇ ਭੋਜਨਾਂ ਦੇ ਨਾਲ ਫਰੋਜ਼ਨ ਫੂਡ ਰੈਸੇਪੀ ਵੀ ਲਿਆਏ ਸਨ।

ਕੀ ਉਹ ਸੱਚਮੁੱਚ ਚੀਨ ਪਹੁੰਚੇ ਸਨ ਜਾਂ ਨਹੀਂ, ਇਸ ’ਤੇ ਵਿਵਾਦ ਹੈ।

ਪਰ ‘ਆਕਸਫੋਰਡ ਕੰਪੈਨੀਅਨ ਟੂ ਸ਼ੂਗਰ ਐਂਡ ਸਵੀਟਸ’ ਸਮੇਤ ਕਾਫ਼ੀ ਭੋਜਨ ਪਦਾਰਥਾਂ ਸਬੰਧੀ ਪ੍ਰਕਾਸ਼ਿਤ ਕਿਤਾਬਾਂ ਵਿੱਚ ਦੱਸਿਆ ਗਿਆ ਹੈ ਕਿ ਭੋਜਨ ’ਤੇ ਐਂਡੋਥਰਮਿਕ ਪ੍ਰਭਾਵ ਬਾਰੇ ਯੂਰਪੀਅਨ ਲੋਕਾਂ ਨੂੰ 16ਵੀਂ ਸਦੀ ਤੱਕ ਕੋਈ ਜਾਣਕਾਰੀ ਨਹੀਂ ਸੀ।

20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਦੋਂ ਪੱਛਮ ਵਿੱਚ ਫਰਿੱਜ ਸਸਤੇ ਹੋ ਗਏ ਤਾਂ ਆਈਸ ਕ੍ਰੀਮ ਬਣਾਉਣਾ ਇੱਕ ਉਦਯੋਗਿਕ ਪੱਧਰ ਦਾ ਕਾਰੋਬਾਰ ਬਣ ਗਿਆ।

ਸਥਾਨਕ ਸੁਆਦ

ਬਿਜ਼ਨਸ ਇੰਟੈਲੀਜੈਂਸ ਪਲੈਟਫਾਰਮ ਸਟੈਟਿਸਟਾ ਦੇ ਅਨੁਸਾਰ, ਅੱਜ ਆਈਸ ਕ੍ਰੀਮ ਇੱਕ ਵਿਸ਼ਵਵਿਆਪੀ ਉਦਯੋਗ ਹੈ ਜੋ 2024 ਵਿੱਚ 10.34 ਕਰੋੜ ਡਾਲਰ ਦਾ ਉਤਪਾਦਨ ਕਰ ਰਿਹਾ ਹੈ।

ਇਸ ਦੇ ਮੁਕਾਬਲੇ ਚਾਕਲੇਟ ਕਨਫੈਕਸ਼ਨਰੀ ਅਤੇ ਕੌਫੀ ਦਾ ਮਾਲੀਆ ਕ੍ਰਮਵਾਰ 13.36 ਕਰੋੜ ਡਾਲਰ ਅਤੇ 93.46 ਕਰੋੜ ਡਾਲਰ ਹੈ।

ਇਸ ਦੇ ਫਲੇਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਰਵਾਇਤੀ ਵਨੀਲਾ ਅਤੇ ਚਾਕਲੇਟ ਤੋਂ ਅਲੱਗ ਹੁੰਦੇ ਹਨ। ਕੁਝ ਫਲੇਵਰ ਸਥਾਨਕ ਭੋਜਨ ਸੱਭਿਆਚਾਰਾਂ ਨੂੰ ਦਰਸਾਉਣ ਲਈ ਬਣਾਏ ਗਏ ਹਨ।

ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਕਿਚਨ ਕੈਫੇ ਚਲਾਉਣ ਵਾਲੇ ਤਾਪੀਵਾ ਗੁਝਾ ਨੇ 2022 ਵਿੱਚ ਆਪਣੀ ਨਮਕੀਨ ਸੁੱਕੀ ਮੱਛੀ ਅਤੇ ਸਕਾਚ ਬੋਨੇਟ ਚਿੱਲੀ ਆਈਸ ਕ੍ਰੀਮ ਨਾਲ ਸੋਸ਼ਲ ਮੀਡੀਆ ਦਾ ਧਿਆਨ ਖਿੱਚਿਆ।

ਜ਼ਿੰਬਾਬਵੇ ਵਿੱਚ ਪੈਦਾ ਹੋਏ ਇਹ ਅਣੂ ਜੀਵ ਵਿਗਿਆਨੀ ਖ਼ੁਦ ਨੂੰ ਵਿਗਿਆਨਕ ਸੋਚ ਵਾਲਾ ਭੋਜਨ ਪ੍ਰੇਮੀ ਦੱਸਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ: ‘‘ਮੈਂ ਅਜੀਬ ਜਾਂ ਵੱਖਰੇ ਸੁਆਦ ਬਣਾਉਣ ਦਾ ਟੀਚਾ ਨਹੀਂ ਰੱਖਿਆ ਸੀ, ਮੈਂ ਸਿਰਫ਼ ਅਜਿਹੇ ਸੁਆਦ ਬਣਾ ਰਿਹਾ ਸੀ ਜੋ ਅਫ਼ਰੀਕਾ ਮਹਾਂਦੀਪ ਦੀ ਸਥਾਨਕ ਭੋਜਨ ਪ੍ਰਣਾਲੀ ਨੂੰ ਦਰਸਾਉਂਦੇ ਹੋਣ।’’

‘‘ਮੇਰੇ ਭੋਜਨ ਪਦਾਰਥਾਂ ਦਾ ਉਦੇਸ਼ ਮਹਾਂਦੀਪ ਦੇ ਵੱਖ ਵੱਖ ਕਬੀਲਿਆਂ ਵਿਚਕਾਰ ਸਮਾਨਤਾ ਅਤੇ ਸਾਂਝ ਦੋਵਾਂ ਨੂੰ ਪ੍ਰਦਰਸ਼ਿਤ ਕਰਨਾ ਹੈ।’’

ਘੋੜੀ ਦੇ ਦੁੱਧ ਦੀ ਆਈਸ ਕ੍ਰੀਮ

ਆਈਸ ਕ੍ਰੀਮ ਦੀ ਨਵੀਂ ਕਿਸਮ ਹੁਣ ਪੋਲੈਂਡ ਤੋਂ ਆਈ ਹੈ।

ਸਜ਼ੇਸਿਨ ਸਥਿਤ ਵੈਸਟ ਪੋਮੇਰੀਅਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਖੋਜਕਰਤਾਵਾਂ ਨੇ ਘੋੜੀ ਦੇ ਦੁੱਧ ਤੋਂ ਤਿਆਰ ਦਹੀਂ ਤੋਂ ਆਈਸ ਕ੍ਰੀਮ ਬਣਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਦੀ ਬਣਾਵਟ ਅਤੇ ਰੰਗ ਰੂਪ ਗਾਂ ਦੇ ਦੁੱਧ ਤੋਂ ਬਣੀ ਆਈਸ ਕ੍ਰੀਮ ਵਰਗਾ ਹੀ ਹੈ।

ਅਗਸਤ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਘੋੜੀ ਦਾ ਦੁੱਧ ਮਨੁੱਖੀ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ, ਪਰ ਇਸ ’ਤੇ ਹੋਰ ਜ਼ਿਆਦਾ ਖੋਜ ਦੀ ਲੋੜ ਹੈ।

ਮੱਧ ਏਸ਼ੀਆ ਵਿੱਚ ਖਮੀਰ ਕੀਤੇ ਘੋੜੀ ਦੇ ਦੁੱਧ ਦਾ ਸੇਵਨ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ, ਪਰ ਇਸ ਤੋਂ ਆਈਸ ਕ੍ਰੀਮ ਬਣਾਉਣਾ ਮੁਕਾਬਲਤਨ ਨਵਾਂ ਪ੍ਰਯੋਗ ਹੈ।

ਕਿਟੀ ਟ੍ਰੈਵਰਸ ਨੇ ਪੋਲਿਸ਼ ਖੋਜਕਰਤਾਵਾਂ ਦੀ ਰੈਸਿਪੀ ਦੀ ਪਰਖ ਕੀਤੀ, ਪਰ ਨਤੀਜਾ ‘ਪਤਲਾ ਅਤੇ ਥੋੜ੍ਹਾ ਕਿਰਕਿਰਾ’ ਮਿਲਿਆ।

ਅਗਸਤ ਦੇ ਅਖੀਰ ਵਿੱਚ ਜਦੋਂ ਅਸੀਂ ਉਸ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਘੋੜੀ ਦੇ ਦੁੱਧ ਨੂੰ ਸੁਆਦਲਾ ਬਣਾਉਣ ਲਈ ਨਾਸ਼ਪਾਤੀ ਦੇ ਛਿਲਕੇ, ਸੌਂਫ ਦੇ ਪਰਾਗ ਅਤੇ ਬੀਜਾਂ ਦੀ ਵਰਤੋਂ ਕਰਕੇ ਇੱਕ ਹੋਰ ਫਲੇਵਰ ਬਣਾਇਆ ਸੀ।

ਇੱਕ ਹਫ਼ਤੇ ਬਾਅਦ ਉਨ੍ਹਾਂ ਨੇ ਇੱਕ ਪਾਰਟੀ ਵਿੱਚ ਨਵਾਂ ਫਲੇਵਰ ਪਰੋਸਿਆ ਅਤੇ ਉਸ ਦੇ ਦੋਸਤਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ।

ਇਸ ਲਈ ਤੁਸੀਂ ਆਪਣੇ ਨੇੜੇ ਦੇ ਆਈਸ ਕ੍ਰੀਮ ਪਾਰਲਰ ਵਿੱਚ ਆਉਣ ਵਾਲੇ ਨਵੇਂ ਫਲੇਵਰ ਅਤੇ ਨਵੀਆਂ ਕਿਸਮਾਂ ਦੀ ਆਈਸ ਕ੍ਰੀਮ ਦਾ ਸੁਆਦ ਚੱਖਣ ਲਈ ਤਿਆਰ ਰਹੋ!

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)