ਜਦੋਂ ਇੱਕ ਬੇਰੁਜ਼ਗਾਰ ਨੌਜਵਾਨ ਦੇ ਖਾਤੇ ਵਿੱਚ ਇੰਨੇ ਪੈਸੇ ਆ ਗਏ ਜੋ ਗਿਣਨੇ ਵੀ ਔਖੇ ਹੋ ਗਏ

ਸੋਚੋ ਕਿ ਤੁਹਾਡੇ ਬੈਂਕ ਖਾਤੇ ਵਿੱਚ ਅਚਾਨਕ 10,01,35,60,00,00,00,00,00,01,00,23,56,00,00,00,00,299 ਰੁਪਏ ਆ ਜਾਣ। ਕੀ ਤੁਸੀਂ ਇਸ ਰਕਮ ਦੀ ਗਿਣਤੀ ਕਰ ਪਾ ਰਹੇ ਹੋ?

ਘੱਟੋ-ਘੱਟ ਦਲੀਪ ਤਾਂ ਅਜਿਹਾ ਨਹੀਂ ਕਰ ਸਕੇ। ਉਹ ਤਾਂ ਬਸ ਵਾਰ-ਵਾਰ ਆਪਣਾ ਬੈਂਕ ਅਕਾਊਂਟ ਚੈਕ ਕਰਦੇ ਰਹੇ 'ਤੇ ਇੰਨੀ ਵੱਡੀ ਰਕਮ ਦੇਖ-ਦੇਖ ਕੇ ਹੈਰਾਨ ਹੁੰਦੇ ਰਹੇ।

ਇਹ ਮਾਮਲਾ ਦਰਅਸਲ ਉੱਤਰ ਪ੍ਰਦੇਸ਼ ਦੇ ਦਨਕੌਰ ਪਿੰਡ ਵਿੱਚ ਰਹਿਣ ਵਾਲੇ ਇੱਕ ਬੇਰੁਜ਼ਗਾਰ ਨੌਜਵਾਨ ਦਾ ਹੈ, ਜਿਨ੍ਹਾਂ ਦੇ ਬੈਂਕ ਖਾਤੇ ਵਿੱਚ ਅਚਾਨਕ ਅਰਬਾਂ ਰੁਪਏ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।

20 ਸਾਲਾ ਦਿਲੀਪ ਸਿੰਘ ਨੇ ਦੋ ਮਹੀਨੇ ਪਹਿਲਾਂ ਕੋਟਕ ਮਹਿੰਦਰਾ ਬੈਂਕ ਵਿੱਚ ਆਪਣਾ ਖਾਤਾ ਖੁਲ੍ਹਵਾਇਆ ਸੀ।

2 ਅਗਸਤ ਨੂੰ ਜਦੋਂ ਦਿਲੀਪ ਨੇ ਬੈਂਕ ਦੇ ਮੋਬਾਈਲ ਐਪ ਵਿੱਚ ਲੌਗਇਨ ਕੀਤਾ, ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ।

ਖਾਤੇ ਵਿੱਚ ਜੋ ਰਕਮ ਦਿਖਾਈ ਦੇ ਰਹੀ ਰਕਮ ਇੰਨੀ ਸੀ ਕਿ ਦਿਲੀਪ ਨੇ ਕਈ ਵਾਰ ਮੋਬਾਈਲ ਐਪ ਬੰਦ ਕੀਤੀ, ਕਈ ਵਾਰ ਪਾਸਵਰਡ ਬਦਲਿਆ ਪਰ ਨਾ ਤਾਂ ਉਹ ਇਸਨੂੰ ਗਿਣ ਸਕੇ ਅਤੇ ਨਾ ਹੀ ਇਹ ਅਰਬਾਂ ਰੁਪਏ ਖਾਤੇ ਵਿੱਚੋਂ ਜਾਣ ਦਾ ਨਾਮ ਹੀ ਨਹੀਂ ਲੈ ਰਹੇ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਰਕਮ ਇੰਨੀ ਵੱਡੀ ਸੀ ਕਿ ਮੈਂ ਇਸਨੂੰ ਗਿਣ ਹੀ ਨਹੀਂ ਸਕਿਆ। ਮੈਂ ਸਿਰਫ ਇੰਨਾ ਹੀ ਗਿਣ ਸਕਿਆ ਕਿ ਇਹ ਰਕਮ 37 ਅੰਕਾਂ ਦੀ ਹੈ। ਮੈਂ ਇਸਦਾ ਗੂਗਲ 'ਤੇ ਵੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਮਦਦ ਨਹੀਂ ਮਿਲੀ।"

ਦਿਲੀਪ ਕਹਿੰਦੇ ਹਨ, "ਮੈਂ ਇਸਨੂੰ ਕਈ ਹੋਰ ਲੋਕਾਂ ਨੂੰ ਵੀ ਦਿਖਾਇਆ, ਪਰ ਕੋਈ ਵੀ ਇੰਨੀ ਵੱਡੀ ਰਕਮ ਗਿਣ ਨਹੀਂ ਸਕਿਆ।"

ਜਦੋਂ ਦਿਲੀਪ ਖੁਦ ਕੈਮਰੇ ਦੇ ਸਾਹਮਣੇ ਇਸ ਰਕਮ ਨੂੰ ਗਿਣਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਦਸ ਅਰਬ ਤੱਕ ਗਿਣਨ ਤੋਂ ਬਾਅਦ ਆਪਣੇ ਹੱਥ ਖੜ੍ਹੇ ਕਰ ਦਿੰਦੇ ਹਨ ਅਤੇ ਕਹਿੰਦੇ ਹਨ, "ਇਸ ਤੋਂ ਅੱਗੇ ਮੈਨੂੰ ਗਿਣਨਾ ਨਹੀਂ ਆਉਂਦਾ।''

ਮਨ ਵਿੱਚ ਉਥਲ-ਪੁਥਲ

ਦਿਲੀਪ 12ਵੀਂ ਪਾਸ ਹਨ ਅਤੇ ਬੇਰੁਜ਼ਗਾਰ ਹਨ। ਉਹ ਪਿਛਲੇ ਕੁਝ ਸਮੇਂ ਤੋਂ ਕੰਮ ਦੀ ਭਾਲ਼ ਕਰ ਰਹੇ ਹਨ।

ਆਪਣੇ ਬੈਂਕ ਖਾਤੇ ਵਿੱਚ ਅਰਬਾਂ ਰੁਪਏ ਦੇਖ ਕੇ ਦਿਲੀਪ ਨੇ ਸ਼ੁਰੂ ਵਿੱਚ ਸੋਚਿਆ ਕਿ ਇਹ ਇੱਕ ਤਕਨੀਕੀ ਗਲਤੀ ਹੈ, ਪਰ ਵਾਰ-ਵਾਰ ਚੈਕ ਕਰਨ 'ਤੇ ਵੀ ਉਹੀ ਰਕਮ ਦਿਖਾਈ ਦਿੰਦੀ ਸੀ।

ਦਿਲੀਪ ਕਹਿੰਦੇ ਹਨ, "ਮੈਂ ਸੋਚਿਆ ਕਿ ਇੰਨੇ ਪੈਸੇ ਹਨ, ਇਸ ਲਈ ਮੈਂ 10 ਹਜ਼ਾਰ ਰੁਪਏ ਕਿਸੇ ਹੋਰ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਜਿਹਾ ਨਹੀਂ ਹੋ ਸਕਿਆ। ਬੈਂਕ ਵਾਲਿਆਂ ਨੇ ਮੇਰਾ ਖਾਤਾ ਫ੍ਰੀਜ਼ ਕਰ ਦਿੱਤਾ ਹੈ।"

ਉਹ ਕਹਿੰਦੇ ਹਨ, "ਮੈਂ ਇੰਨੇ ਪੈਸੇ ਦੇਖ ਕੇ ਹੈਰਾਨ ਰਹਿ ਗਿਆ। ਇੱਕ ਪਲ ਲਈ ਮੈਨੂੰ ਲੱਗਿਆ ਕਿ ਮੈਂ ਕੋਈ ਲਾਟਰੀ ਜਿੱਤ ਲਈ ਹੈ, ਪਰ ਲਾਟਰੀ ਵੀ ਇੰਨੀ ਵੱਡੀ ਤਾਂ ਨਹੀਂ ਲੱਗੇਗੀ।"

ਜਦੋਂ ਦਿਲੀਪ ਸਿੰਘ ਨੂੰ ਪੁੱਛਿਆ ਗਿਆ ਕਿ ਅਰਬਾਂ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਖਾਤੇ 'ਚ ਕਿੰਨੇ ਪੈਸੇ ਸਨ ਤਾਂ ਉਹ ਦੱਸਿਆ, "ਮੈਂ ਖਾਤੇ ਵਿੱਚ ਸਿਰਫ਼ 10-20 ਰੁਪਏ ਹੀ ਛੱਡੇ ਸਨ।"

ਬੈਂਕ ਨੇ ਕੀ ਦੱਸਿਆ?

ਦਿਲੀਪ ਨੇ ਕੋਟਕ ਮਹਿੰਦਰਾ ਬੈਂਕ ਵਿੱਚ ਖੁਦ ਹੀ ਇੱਕ ਔਨਲਾਈਨ ਸੇਵਿੰਗ ਅਕਾਊਂਟ ਖੋਲ੍ਹਿਆ ਸੀ।

ਆਪਣੇ ਖਾਤੇ ਵਿੱਚ ਆਉਣ ਵਾਲੇ ਅਰਬਾਂ ਰੁਪਏ ਬਾਰੇ ਜਾਣਕਾਰੀ ਦੇਣ ਉਹ ਖੁਦ ਬੈਂਕ ਵੀ ਗਏ। ਬੈਂਕ ਨੇ ਦਿਲੀਪ ਨੂੰ ਦੱਸਿਆ, "ਡਰਨ ਦੀ ਕੋਈ ਗੱਲ ਨਹੀਂ ਹੈ। ਜੋ ਰਕਮ ਦਿਖਾਈ ਦੇ ਰਹੀ ਹੈ ਉਹ ਪੈਸੇ ਨਹੀਂ ਹਨ, ਸਗੋਂ ਇਹ ਇੱਕ ਤਕਨੀਕੀ ਗਲਤੀ ਹੈ।"

ਦਨਕੌਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਸੋਹਣਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੇ ਜਾਂਚ ਕੀਤੀ ਹੈ। ਫੋਨਪੇਅ ਅਤੇ ਬੈਂਕ ਸਟੇਟਮੈਂਟ ਦੀ ਜਾਂਚ ਕਰਨ ਤੋਂ ਬਾਅਦ, ਨੌਜਵਾਨ ਦੇ ਖਾਤੇ ਵਿੱਚ ਬਕਾਇਆ ਜ਼ੀਰੋ ਰੁਪਏ ਹੈ।"

ਉਨ੍ਹਾਂ ਕਿਹਾ, "ਪੁਲਿਸ ਨੇ ਬੈਂਕ ਨਾਲ ਵੀ ਸੰਪਰਕ ਕੀਤਾ ਹੈ। ਤਕਨੀਕੀ ਗਲਤੀ ਕਾਰਨ ਇੱਕ ਵਿਸ਼ੇਸ਼ ਐਪ ਵਿੱਚ ਇਹ ਰਕਮ ਦਿਖਾਈ ਦੇ ਰਹੀ ਹੈ, ਜਦਕਿ ਅਸਲ ਵਿੱਚ ਖਾਤੇ ਵਿੱਚ ਇੱਕ ਵੀ ਰੁਪਈਆ ਨਹੀਂ ਹੈ।"

ਗੁਆਂਢੀ ਕੀ ਕਹਿ ਰਹੇ ਹਨ

ਦਿਲੀਪ ਦੇ ਖਾਤੇ ਵਿੱਚ ਅਰਬਾਂ ਰੁਪਏ ਆਉਣ ਦੀ ਖ਼ਬਰ ਦਨਕੌਰ ਸ਼ਹਿਰ ਵਿੱਚ ਫੈਲ ਗਈ ਹੈ।

ਇਹ ਕਹਾਣੀ ਹਰ ਕਿਸੇ ਦੇ ਮੂੰਹ 'ਤੇ ਹੈ। ਕਈ ਦਿਨਾਂ ਤੋਂ ਮੀਡੀਆ ਵੀ ਦਿਲੀਪ ਨੂੰ ਮਿਲਣ ਆ ਰਹੇ ਹਨ।

ਦਿਲੀਪ ਦੇ ਇੱਕ ਗੁਆਂਢੀ ਦਾ ਕਹਿਣਾ ਹੈ, "ਮੇਰਾ ਨਾਮ ਵੀ ਦਿਲੀਪ ਹੈ। ਇਸੇ ਕਾਰਨ ਲੋਕ ਕਈ ਦਿਨਾਂ ਤੋਂ ਮੈਨੂੰ ਵੀ ਫ਼ੋਨ ਕਰ ਰਹੇ ਹਨ। ਇਸ ਇਲਾਕੇ ਦੇ ਜ਼ਿਆਦਾਤਰ ਲੋਕ ਗਰੀਬ ਹਨ। ਖਾਤੇ ਵਿੱਚ ਇੰਨੀ ਵੱਡੀ ਰਕਮ ਦੇਖ ਕੇ ਹਰ ਕੋਈ ਹੈਰਾਨ ਹੈ।"

ਉਹ ਕਹਿੰਦੇ ਹਨ, "ਦਿਲੀਪ ਦੇ ਯਾਰ-ਦੋਸਤ ਆਪਣੇ ਸੋਸ਼ਲ ਮੀਡੀਆ 'ਤੇ ਬੈਂਕ ਬੈਲੇਂਸ ਦੇ ਸਕ੍ਰੀਨਸ਼ਾਟ ਪੋਸਟ ਕਰ ਰਹੇ ਹਨ ਅਤੇ ਕਿਸੇ ਕਿਸੇ ਦੀਆਂ ਪੋਸਟਾਂ ਤਾਂ ਵਾਇਰਲ ਵੀ ਹੋ ਰਹੀਆਂ ਹਨ।"

ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਸੁਮਨ ਕਹਿੰਦੇ ਹਨ, "ਪੈਸੇ ਆਉਣ 'ਤੇ ਕਿਸੇ ਨੂੰ ਬੁਰਾ ਨਹੀਂ ਲੱਗਦਾ, ਬਹੁਤ ਵਧੀਆ ਲੱਗ ਰਿਹਾ ਹੈ। ਇਸਦੀ ਚਰਚਾ ਸਾਰੇ ਦਨਕੌਰ ਵਿੱਚ ਹੋ ਰਹੀ ਹੈ।"

ਉਨ੍ਹਾਂ ਕਿਹਾ, "ਦਿਲੀਪ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਦਾਦੀ ਨਾਲ ਰਹਿੰਦਾ ਹੈ। ਉਸ ਕੋਲ ਕੋਈ ਕੰਮ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਉਸਦੀ ਕੁਝ ਮਦਦ ਹੋ ਜਾਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)