ਗਰਭ ਨਿਰੋਧਕ ਗੋਲੀ ਲੈਣ ਦੇ ਕੀ ਹਨ ਫਾਇਦੇ ਅਤੇ ਨੁਕਸਾਨ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਔਰਤਾਂ ਹੁਣ ਗਰਭ ਨਿਰੋਧਕ ਗੋਲੀਆਂ ਜਾਂ ਓਰਲ ਕੌਂਟਰਾਸੈਪਟਿਵ ਪਿਲਜ਼ ਬਿਨਾਂ ਡਾਕਟਰ ਦੀ ਪਰਚੀ ਦੇ ਵੀ ਲੈ ਸਕਦੀਆਂ ਹਨ।

ਇਸ ਸਬੰਧ ਵਿੱਚ, ਹਾਲ ਹੀ ਵਿੱਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਐਲਾਨ ਕੀਤਾ ਹੈ ਕਿ ਓਪੀਲ (ਇੱਕ ਗਰਭ ਨਿਰੋਧਕ ਦਵਾਈ) ਨੂੰ ਹਰ ਉਮਰ ਦੀਆਂ ਔਰਤਾਂ ਲੈ ਸਕਦੀਆਂ ਹਨ।

ਮਾਹਰਾਂ ਕਹਿਣਾ ਹੈ ਕਿ ਇਹ ਦਵਾਈਆਂ ਸਾਲ 2024 ਦੀ ਸ਼ੁਰੂਆਤ 'ਚ ਦਵਾਈਆਂ ਦੀਆਂ ਦੁਕਾਨਾਂ 'ਤੇ ਉਪਲਬੱਧ ਹੋਣਗੀਆਂ।

ਅਮਰੀਕਾ ਸਮੇਤ ਦੁਨੀਆਂ ਦੇ 100 ਦੇਸ਼ ਅਜਿਹੇ ਹਨ, ਜਿੱਥੇ ਦਵਾਈਆਂ ਦੀ ਦੁਕਾਨਾਂ 'ਤੇ ਗਰਭ ਨਿਰੋਧਕ ਦਵਾਈਆਂ ਮਿਲ ਸਕਦੀਆਂ ਹਨ।

ਇਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਲਾਤੀਨੀ ਅਮਰੀਕਾ, ਚੀਨ, ਬ੍ਰਿਟੇਨ ਸਣੇ ਭਾਰਤ ਵੀ ਸ਼ਾਮਲ ਹੈ।

ਅਮਰੀਕਾ ਵਿੱਚ ਮਹਿਲਾ ਮਾਹਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਨ੍ਹਾਂ ਗਰਭ ਨਿਰੋਧਕ ਦਵਾਈਆਂ ਨੂੰ ਲੈ ਕੇ ਔਰਤਾਂ, ਖਾਸ ਕਰਕੇ ਨੌਜਵਾਨ ਕੁੜੀਆਂ ਵਿੱਚ ਸ਼ਰਮ ਜਾਂ ਅਪਮਾਨ ਦੀ ਭਾਵਨਾ ਹੁੰਦੀ ਸੀ, ਪਰ ਹੁਣ ਇਹ ਦੂਰ ਹੋ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਪ੍ਰਜਣਨ ਨਾਲ ਸਬੰਧਤ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਸ 'ਚ ਵੀ ਮਦਦ ਮਿਲੇਗੀ।

ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ 'ਤੇ ਪ੍ਰਕਾਸ਼ਿਤ ਜਾਣਕਾਰੀ ਦੇ ਅਨੁਸਾਰ, ਮੈਡੀਕਲ ਦੇ ਇਤਿਹਾਸ ਵਿੱਚ ਹਜ਼ਾਰਾਂ ਦਵਾਈਆਂ ਵਿਕਸਤ ਕੀਤੀਆਂ ਗਈਆਂ ਸਨ, ਪਰ 1950 ਵਿੱਚ ਗਰਭ ਨਿਰੋਧਕ ਦਵਾਈਆਂ ਦੇ ਵਿਕਾਸ ਤੋਂ ਬਾਅਦ ਇੱਕ ਵੱਡਾ ਬਦਲਾਅ ਆਇਆ।

ਇਸ 'ਤੇ ਲਿਖੀ ਜਾਣਕਾਰੀ ਅਨੁਸਾਰ, ਇਸ ਨੇ ਨਾ ਸਿਰਫ਼ ਔਰਤਾਂ ਨੂੰ ਆਜ਼ਾਦੀ ਦਿੱਤੀ ਸਗੋਂ ਪ੍ਰਜਣਨ ਨੂੰ ਵੀ ਖੁਦਮੁਖਤਿਆਰੀ ਦਿੱਤੀ।

ਭਾਰਤ ਵਿੱਚ ਪਰਿਵਾਰ ਨਿਯੋਜਨ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ 'ਤੇ ਪ੍ਰਕਾਸ਼ਿਤ ਜਾਣਕਾਰੀ ਅਨੁਸਾਰ, ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ ਜਿਸ ਨੇ ਸਾਲ 1952 'ਚ ਕੌਮੀ ਪਰਿਵਾਰ ਯੋਜਨਾ ਪ੍ਰੋਗਰਾਮ ਸ਼ੁਰੂ ਕੀਤਾ ਸੀ।

ਪ੍ਰੋਗਰਾਮ ਦੇ ਲਾਗੂ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਇਸ ਦਾ ਵਿਸਥਾਰ ਹੋਇਆ।

ਇਸ ਦੇ ਤਹਿਤ, ਜਿੱਥੇ ਸਰਕਾਰ ਵੱਲੋਂ ਸਿਹਤ ਕੇਂਦਰਾਂ ਵਿੱਚ ਜਨਮ ਨਿਰੋਧਕ ਦਵਾਈਆਂ ਅਤੇ ਕੰਡੋਮ ਵੀ ਮੁਫ਼ਤ ਦਿੱਤੇ ਜਾਂਦੇ ਹਨ, ਉੱਥੇ ਹੀ ਆਸ਼ਾ ਵਰਕਰ ਵੀ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ।

ਮਹਿਲਾ ਰੋਗਾਂ ਦੇ ਮਾਹਰ ਡਾਕਟਰ ਐੱਸਐੱਨ ਬਾਸੂ ਦੱਸਦੇ ਹਨ, “ਭਾਰਤ ਵਿੱਚ ਗਰਭ ਨਿਰੋਧਕ ਦਵਾਈਆਂ ਪਰਿਵਾਰ ਨਿਯੋਜਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹਨ। ਜੇਕਰ ਦਵਾਈਆਂ ਨੂੰ ਸਹੀ ਢੰਗ ਨਾਲ ਲਿਆ ਜਾਵੇ ਤਾਂ ਇਹ ਸੌ ਫੀਸਦੀ ਰੋਕਥਾਮ ਕਰਦੀਆਂ ਹਨ।''

''ਇਸ ਦੇ ਨਾਲ ਹੀ ਇਸ ਨੇ ਮਹਿਲਾਵਾਂ ਨੂੰ ਇਹ ਆਜ਼ਾਦੀ ਦਿੱਤੀ ਕਿ ਉਹ ਇੱਕ ਬੱਚੇ ਤੋਂ ਬਾਅਦ ਦੂਜਾ ਬੱਚਾ ਕਦੋਂ ਪੈਦਾ ਕਰਨਾ ਚਾਹੁੰਦੀਆਂ ਹਨ।''

ਜਿਨ੍ਹਾਂ ਗਰਭ ਨਿਰੋਧਕ ਦਵਾਈਆਂ ਵਿੱਚ ਦੋਵੇਂ ਹਾਰਮੋਨ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਹੁੰਦੇ ਹਨ, ਉਨ੍ਹਾਂ ਨੂੰ ਵੀ ਸੀਓਸੀ ਵੀ ਕਿਹਾ ਜਾਂਦਾ ਹੈ, ਜਦਕਿ ਦੂਜੀਆਂ ਜਿਨ੍ਹਾਂ ਵਿੱਚ ਸਿਰਫ ਪ੍ਰੋਜੇਸਟ੍ਰੋਨ ਹੁੰਦਾ ਹੈ ਨੂੰ ਪੀਓਪੀ ਕਿਹਾ ਜਾਂਦਾ ਹੈ।

ਦਿੱਲੀ ਸਥਿਤ ਅੰਮ੍ਰਿਤਾ ਹਸਪਤਾਲ 'ਚ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਪ੍ਰਤਿਮਾ ਮਿੱਤਲ ਦਾ ਕਹਿਣਾ ਹੈ ਕਿ ਪਹਿਲਾਂ ਓਰਲ ਗਰਭ ਨਿਰੋਧਕ ਦਵਾਈਆਂ ਵਿੱਚ ਐਸਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਸੀ, ਜਿਸ ਦੇ ਮਾੜੇ ਪ੍ਰਭਾਵ ਵੀ ਹੁੰਦੇ ਸਨ, ਪਰ ਹੁਣ ਇਹ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ।

ਡਾਕਟਰ ਮਿੱਤਲ ਦੀ ਹੀ ਗੱਲ ਨੂੰ ਅੱਗੇ ਵਧਾਉਂਦੇ ਹੋਏ, ਮੁੰਬਈ 'ਚ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਸੁਚਿੱਤਰਾ ਦੇਲਵੀ ਕਹਿੰਦੇ ਹਨ ਕਿ ਔਰਤਾਂ ਦੇ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੋਵੇਂ ਹਾਰਮੋਨ ਹੁੰਦੇ ਹਨ ਅਤੇ ਇਹ ਹਾਰਮੋਨ ਜਨਮ ਨਿਯੰਤਰਣ ਵਿੱਚ ਵਰਤੇ ਜਾਂਦੇ ਹਨ, ਜਿਸ ਦਾ ਸਰੀਰ ਉੱਤੇ ਵੱਖ-ਵੱਖ ਪ੍ਰਭਾਵ ਪੈਂਦਾ ਹੈ।

ਗਰਭ ਨਿਰੋਧਕ ਦਾ ਪ੍ਰਭਾਵ

ਇਨ੍ਹਾਂ ਤਿੰਨਾਂ ਡਾਕਟਰਾਂ ਦਾ ਕਹਿਣਾ ਹੈ ਕਿ ਗਰਭ ਨਿਰੋਧਕ ਲੈਣ ਦਾ ਕੋਈ ਵੱਡਾ ਮਾੜਾ ਪ੍ਰਭਾਵ ਨਹੀਂ ਹੁੰਦਾ ਪਰ ਸੀਓਸੀ ਅਤੇ ਪੀਓਪੀ ਲੈਣ ਨਾਲ ਔਰਤਾਂ ਦੇ ਸਰੀਰ 'ਤੇ ਕੁਝ ਪ੍ਰਭਾਵ ਜ਼ਰੂਰ ਪੈਂਦੇ ਹਨ।

ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦਵਾਈਆਂ ਵਿਚ ਐਸਟ੍ਰੋਜਨ ਹਾਰਮੋਨ ਹੁੰਦਾ ਹੈ, ਉਹ ਉਨ੍ਹਾਂ ਔਰਤਾਂ ਦੀ ਮਦਦ ਕਰਦੀਆਂ ਹਨ ਜਿਨ੍ਹਾਂ ਨੂੰ ਖੂਨ ਦੇ ਥੱਕੇ ਦੀ ਬੀਮਾਰੀ ਹੋਵੇ, ਦਿਲ ਦੀ ਬੀਮਾਰੀ ਹੋਵੇ, ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੋਵੇ।

ਜਿਨ੍ਹਾਂ ਦਵਾਈਆਂ ਵਿੱਚ ਪ੍ਰੋਜੇਸਟ੍ਰੋਨ ਹੁੰਦਾ ਹੈ, ਉਨ੍ਹਾਂ ਦਾ ਇਸਤੇਮਾਲ ਕਰਨ ਵਾਲੀਆਂ ਔਰਤਾਂ ਨੂੰ ਮਤਲੀ, ਸਿਰ ਦਰਦ, ਅਨਿਯਮਿਤ ਮਾਹਵਾਰੀ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦਵਾਈਆਂ ਦੇਣ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਔਰਤ ਨੂੰ ਕਿਡਨੀ, ਲੀਵਰ, ਕੈਂਸਰ ਵਰਗੀ ਕੋਈ ਬੀਮਾਰੀ ਤਾਂ ਨਹੀਂ ਹੈ।

ਡਾਕਟਰਾਂ ਕਹਿੰਦੇ ਹਨ ਕਿ ਇਹ ਗਰਭ ਨਿਰੋਧਕ ਦਵਾਈਆਂ ਲੈਣ ਨਾਲ ਔਰਤਾਂ 'ਤੇ ਵੱਖ-ਵੱਖ ਪ੍ਰਭਾਵ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ:

ਡਾਕਟਰ ਪ੍ਰਤਿਮਾ ਮਿੱਤਲ ਦੱਸਦੇ ਹਨ ਕਿ ਗਰਭ ਨਿਰੋਧਕ ਨੂੰ ਲੰਬੇ ਸਮੇਂ ਤੱਕ ਲਿਆ ਜਾ ਸਕਦਾ ਹੈ ਅਤੇ ਇਸ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਨਹੀਂ ਹੁੰਦੇ ਹਨ।

ਡਾਕਟਰ ਸੁਚਿੱਤਰਾ ਦੇਲਵੀ, ਜੋ ਮਹਿਲਾ ਅਧਿਕਾਰਾਂ ਦੇ ਮੁੱਦਿਆਂ ਨੂੰ ਵੀ ਖੁੱਲ੍ਹ ਕੇ ਚੁੱਕਦੇ ਹਨ, ਕਹਿੰਦੇ ਹਨ ਕਿ "ਜੇ ਕੋਈ ਔਰਤ ਸਿਗਰਟ ਪੀਂਦੀ ਹੈ ਅਤੇ ਗਰਭ ਨਿਰੋਧਕ ਦਵਾਈ ਲੈ ਰਹੀ ਹੈ ਜਿਸ ਵਿੱਚ ਐਸਟ੍ਰੋਜਨ ਹੁੰਦਾ ਹੈ ਤਾਂ ਇਸ ਨਾਲ ਖੂਨ ਦੇ ਥੱਕੇ ਜੰਮਣ ਦੀ ਸਮੱਸਿਆ ਹੋ ਸਕਦੀ ਹੈ। ਜਦਕਿ ਜੇਕਰ ਦਵਾਈ ਵਿੱਚ ਪ੍ਰੋਜੇਸਟ੍ਰੋਨ ਹੁੰਦਾ ਹੈ, ਤਾਂ ਉਸ ਨਾਲ ਅਸਰ ਨਹੀਂ ਪੈਂਦਾ।"

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਵੱਖ-ਵੱਖ ਔਰਤਾਂ ਦੀ ਸਿਹਤ ਦੇ ਹਿਸਾਬ ਨਾਲ ਇਸ ਦੇ ਸੇਵਨ ਨਾਲ ਕੁਝ ਫਾਇਦੇ ਵੀ ਹੁੰਦੇ ਹਨ।

ਗਰਭ ਨਿਰੋਧਕ ਦੇ ਲਾਭ

ਡਾਕਟਰ ਪ੍ਰਤਿਮਾ ਮਿੱਤਲ ਦਾ ਕਹਿਣਾ ਹੈ ਕਿ ਇੱਕ ਗਲਤ ਧਾਰਨਾ ਹੈ ਕਿ ਇਸ ਦਵਾਈ ਨੂੰ ਲੈਣ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ, ਪਰ ਅਜਿਹਾ ਨਹੀਂ ਹੈ।

ਡਾਕਟਰ ਸੁਚਿੱਤਰਾ ਦੇਲਵੀ ਮੁਤਾਬਕ, ਇਸ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਇਹ ਦਵਾਈਆਂ ਲੈ ਰਹੇ ਹੋ ਤਾਂ ਇਹ ਹਾਰਮੋਨ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋ ਰਹੇ ਹਨ, ਸਗੋਂ ਇਹ ਲੀਵਰ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ।

ਡਾਕਟਰ ਕਹਿੰਦੇ ਹਨ ਕਿ ਜੇਕਰ ਅਸੁਰੱਖਿਅਤ ਸਬੰਧ ਬਣਾਏ ਜਾਂਦੇ ਹਨ, ਤਾਂ ਅਜਿਹੇ 'ਚ 120 ਘੰਟਿਆਂ ਦੇ ਅੰਦਰ ਆਈਪਿਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਗਰਭ ਧਾਰਨ ਦੀ ਸੰਭਾਵਨਾ ਘਟ ਜਾਂਦੀ ਹੈ।

ਆਈਪਿਲ ਵਿੱਚ ਵੀ ਪ੍ਰੋਜੇਸਟ੍ਰੋਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਸਿਰਫ਼ ਮਹਿਲਾਵਾਂ 'ਤੇ ਹੀ ਬੋਝ ਕਿਉਂ?

ਮਾਹਿਰਾਂ ਦਾ ਮੰਨਣਾ ਹੈ ਕਿ ਗਰਭ ਨਿਰੋਧਕ ਦਵਾਈਆਂ ਨੇ ਮਹਿਲਾਵਾਂ ਨੂੰ ਪਰਿਵਾਰ ਨਿਯੋਜਨ ਦੀ ਆਜ਼ਾਦੀ ਤਾਂ ਦਿੱਤੀ ਹੀ, ਪਰ ਫਿਰ ਇਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ 'ਤੇ ਹੀ ਪੈਣੀ ਸ਼ੁਰੂ ਹੋ ਗਈ, ਜਿਸ ਨੂੰ ਜ਼ਿਆਦਾਤਰ ਮਹਿਲਾਵਾਂ ਅੱਜ ਵੀ ਚੁੱਕ ਰਹੀਆਂ ਹਨ।

ਅਜਿਹਾ ਨਹੀਂ ਹੈ ਕਿ ਮਰਦਾਂ ਲਈ ਗਰਭ ਨਿਰੋਧ ਦਾ ਕੋਈ ਸਾਧਨ ਨਹੀਂ ਹੈ।

ਇਸ ਦੇ ਨਾਲ ਹੀ ਸਰਕਾਰ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਗਰਭ ਨਿਰੋਧਕ ਗੋਲੀਆਂ ਦੇ ਨਾਲ-ਨਾਲ ਕੰਡੋਮ ਵੀ ਦਿੱਤੇ ਜਾਂਦੇ ਹਨ, ਪਰ ਅੰਕੜਾ ਦੇਖੀਏ ਤਾਂ ਇਸ ਦਾ ਇਸਤੇਮਾਲ ਘੱਟ ਹੀ ਹੁੰਦਾ ਹੈ।

ਡਾਕਟਰਾਂ ਮੁਤਾਬਕ, ਮਰਦਾਂ ਲਈ ਬੇਸ਼ਕ ਨਿਰੋਧ ਦੇ ਸਾਧਨ ਘੱਟ ਹਨ, ਜਿਸ 'ਚ ਕੰਡੋਮ ਅਤੇ ਨਸਬੰਦੀ ਸ਼ਾਮਲ ਹੈ।

ਪਰ ਦੋਵਾਂ ਨੂੰ ਲੈ ਕੇ ਮਿਥ ਜੁੜੇ ਹੋਏ ਹਨ, ਜਿਵੇਂ ਕੰਡੋਮ ਦੇ ਇਸਤੇਮਾਲ ਨੂੰ ਲੈ ਕੇ ਜਿੱਥੇ ਇਹ ਸੋਚ ਕਾਇਮ ਹੈ ਕਿ ਇਸ 'ਚ ਯੌਨ ਸੁੱਖ ਘੱਟ ਹੁੰਦਾ ਹੈ ਤਾਂ ਉੱਥੇ ਹੀ ਨਸਬੰਦੀ ਨੂੰ ਲੈ ਕੇ ਉਨ੍ਹਾਂ ਨੂੰ ਸਰੀਰ 'ਚ ਕਮਜ਼ੋਰੀ ਹੋਣ ਦਾ ਡਰ ਰਹਿੰਦਾ ਹੈ, ਜਿਸ ਦਾ ਉਲਟਾ ਪ੍ਰਭਾਵ ਮਹਿਲਾਵਾਂ 'ਤੇ ਪੈਂਦਾ ਹੈ।

ਇਨ੍ਹਾਂ ਡਾਕਟਰਾਂ ਦੀ ਰਾਇ ਹੈ ਕਿ ਹਾਲਾਂਕਿ ਸਰਕਾਰ ਵੱਲੋਂ ਜਾਗਰੂਕਤਾ ਦੀਆਂ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਇਨ੍ਹਾਂ ਮਿੱਥਾਂ ਨੂੰ ਦੂਰ ਕੀਤਾ ਜਾ ਸਕੇ, ਪਰ ਪੁਰਸ਼ਾਂ ਦੀ ਸੋਚ 'ਚ ਵੀ ਬਦਲਾਅ ਆਇਆ ਹੈ, ਹਾਲਾਂਕਿ ਉਸ ਦੀ ਗਿਣਤੀ ਕਾਫੀ ਘੱਟ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)