ਓਮਾਨ ’ਚ ਫਸੀਆਂ ਤੇ ਉੱਧਰੋਂ ਪਰਤੀਆਂ ਪੰਜਾਬਣਾਂ ਦੇ ਕੀ ਹਨ ਕੌੜੇ ਤਜਰਬੇ, ਮਾਮਲਾ ਕਿੱਥੇ ਪਹੁੰਚਿਆ

ਵੀਡੀਓ ਕੈਪਸ਼ਨ, ਵੀਡੀਓ ਦੇਖੋ - ਓਮਾਨ ਤੋਂ ਪਰਤੀਆਂ ਪੰਜਾਬਣਾਂ : ‘ਹੱਥਾਂ ’ਤੇ ਡੰਡੇ-ਚਾਕੂ ਮਾਰਦੇ ਸੀ’
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
ਓਮਾਨ ਵਿੱਚ ਫਸੀਆਂ ਪੰਜਾਬਣਾਂ

ਤਸਵੀਰ ਸਰੋਤ, SM Grab

ਤਸਵੀਰ ਕੈਪਸ਼ਨ, ਓਮਾਨ ਵਿੱਚ ਫਸੀਆਂ ਕੁੜੀਆਂ ਦਾ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਸੀ

“ਅਸੀਂ ਇੱਥੇ ਬਹੁਤ ਦਿੱਕਤ ਵਿੱਚ ਹਾਂ, ਕਿਰਪਾ ਕਰਕੇ ਸਾਨੂੰ ਇੱਥੋਂ ਕੱਢੋ, ਅਸੀਂ ਕੁੜੀਆਂ ਓਮਾਨ ਸ਼ਹਿਰ ਵਿੱਚ ਫਸੀਆਂ ਹੋਈਆਂ ਹਾਂ, ਸਾਡੀ ਹਾਲਤ ਬਹੁਤ ਖਰਾਬ ਹੈ।”

“ਸਾਡੀ ਦੇਸ਼ ਵਾਪਸੀ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਕੋਲ ਆ ਸਕੀਏ, ਇਹ ਸੱਦਾ ਓਮਾਨ ਵਿੱਚ ਫਸੀਆਂ ਪੰਜਾਬ ਦੀਆਂ ਕੁਝ ਕੁੜੀਆਂ ਨੇ ਵਾਇਰਲ ਵੀਡੀਓ ਸੰਦੇਸ਼ ਰਾਹੀਂ ਭਾਰਤ ਸਰਕਾਰ ਨੂੰ ਦਿੱਤਾ।”

ਇਸੇ ਵੀਡੀਓ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਟਵਿੱਟਰ ਹੈਂਡਲ ਉੱਤੋਂ ਸ਼ੇਅਰ ਕੀਤਾ ਅਤੇ ਇਨ੍ਹਾਂ ਦੀ ਮਦਦ ਲਈ ਭਾਰਤੀ ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਰਾਜਦੂਤ ਅਮਿਤ ਨਾਰੰਗ ਨਾਲ ਸਪੰਰਕ ਕੀਤਾ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ।

ਵਿਕਰਮਜੀਤ ਸਿੰਘ ਸਾਹਨੀ

ਤਸਵੀਰ ਸਰੋਤ, Vikramjit Singh/Twitter

ਤਸਵੀਰ ਕੈਪਸ਼ਨ, ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਕੁੜੀਆਂ ਦੀ ਮਦਦ ਕਰਨ ਲਈ ਚਿੱਠੀ ਲਿਖੀ ਸੀ

ਓਮਾਨ ਸਥਿਤ ਭਾਰਤੀ ਦੂਤਾਵਾਸ ਦਾ ਜਵਾਬ

ਦੂਜੇ ਪਾਸੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਕੁੜੀਆਂ ਦੇ ਸੰਪਰਕ ਵਿੱਚ ਹਨ।

ਓਮਾਨ ਤੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੂਤਾਵਾਸ ਅਧਿਕਾਰੀ ਨੇ ਦੱਸਿਆ ਕਿ ਕਰੀਬ 15 ਪੰਜਾਬੀ ਕੁੜੀਆਂ ਹਨ, ਜੋ ਵਰਕ ਵੀਜ਼ੇ ਉੱਤੇ ਆਈਆਂ ਹਨ।

ਉਨ੍ਹਾਂ ਦੱਸਿਆ ਕਿ ਫਿਲਹਾਲ ਕੁੜੀਆਂ ਨੂੰ ਦੂਤਾਵਾਸ ਦੇ ਸ਼ੈਲਟਰ ਹੋਮ ਵਿੱਚ ਰੱਖਿਆ ਹੈ ਅਤੇ ਖਾਣਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।

ਦੂਤਾਵਾਸ ਅਧਿਕਾਰੀ ਨੇ ਦੱਸਿਆ ਕਿ ਕੁੜੀਆਂ ਦੀ ਦੇਸ਼ ਵਾਪਸੀ ਲਈ ਅਜੇ ਕੁਝ ਸਮਾਂ ਲੱਗੇਗਾ, ਕਿਉਂਕਿ ਓਮਾਨ ਦੇ ਕਾਨੂੰਨ ਦੇ ਮੁਤਾਬਕ ਇਨ੍ਹਾਂ ਨੂੰ ਆਪਣੇ 'ਮਾਲਕ' ਨਾਲ ਕੀਤਾ ਸਮਝੌਤਾ ਤੋੜਨ ਲਈ ਜੁਰਮਾਨਾ ਦੇਣਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਜੁਰਮਾਨੇ ਦੀ ਰਾਸ਼ੀ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਅਦਾ ਕਰਨ ਦੀ ਹਾਮੀ ਭਰ ਦਿੱਤੀ ਹੈ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਨ੍ਹਾਂ ਨੂੰ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।

ਬਿਕਰਮਜੀਤ ਸਿੰਘ ਸਾਹਨੀ ਨੇ ਬੀਬੀਸੀ ਨੂੰ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਕੁੜੀਆਂ ਵੱਲੋਂ ਜੁਰਮਾਨਾ ਭਰਨਗੇ।

ਓਮਾਨ ਵਿੱਚ ਫਸੀਆਂ ਪੰਜਾਬਣਾਂ

ਤਸਵੀਰ ਸਰੋਤ, twitter

ਇਹ ਸਿਰਫ਼ ਇਨ੍ਹਾਂ ਕੁੜੀਆਂ ਦੀ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਖਾੜੀ ਮੁਲਕਾਂ ਵਿੱਚ ਜਾ ਕੇ ਕੁੜੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਅਮ੍ਰਿਤਪਾਲ ਕੌਰ ਵੀ ਜ਼ਿੰਦਗੀ ਸਵਾਰਨ ਦੇ ਸੁਫਨੇ ਨਾਲ ਓਮਾਨ ਗਈ ਸੀ ਪਰ ਬੜੇ ਹੀ ਮਾੜੇ ਤਜਰਬੇ ਦੇ ਨਾਲ ਉਹ 10 ਹੀ ਦਿਨਾਂ ਵਿੱਚ ਵਾਪਿਸ ਪਰਤ ਆਈ।

ਓਮਾਨ ਵਿੱਚ ਕਿੰਨੇ ਭਾਰਤੀ ਰਹਿੰਦੇ ਹਨ

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ 2022 ਦੇ ਅੰਕੜਿਆਂ ਮੁਤਾਬਕ ਯੂਏਈ ਵਿੱਚ ਕਰੀਬ 35 ਲੱਖ ਭਾਰਤੀ ਹਨ।

ਇਨ੍ਹਾਂ ਵਿਚੋਂ 15 ਫ਼ੀਸਦ ਆਬਾਦੀ ਸਿਰਫ਼ ਆਬੂ ਧਾਬੀ ਵਿੱਚ ਹੈ ਜਦੋਕਿ ਬਾਕੀ ਹੋਰ ਥਾਵਾਂ ਉੱਤੇ ਹੈ।

ਜੇਕਰ ਓਮਾਨ ਦੀ ਗੱਲ ਕਰੀਏ ਤਾਂ ਇੱਥੇ 673,558 ਭਾਰਤੀ ਵਸੋਂ ਹੈ, ਜਿਨ੍ਹਾਂ ਵਿੱਚੋਂ 5,24,539 ਵਰਕ ਵੀਜ਼ੇ ਉੱਤੇ ਹਨ।

'ਸੌਖੀ ਨਹੀਂ ਹੈ ਦੇਸ਼ ਵਾਪਸੀ'

ਅਮ੍ਰਿਤਪਾਲ ਕੌਰ
ਤਸਵੀਰ ਕੈਪਸ਼ਨ, ਅੰਮ੍ਰਿਤਪਾਲ ਕੌਰ ਸਿਰਫ਼ 10 ਦਿਨ ਓਮਾਨ ਵਿੱਚ ਰਹਿਣ ਤੋਂ ਬਾਅਦ ਪੰਜਾਬ ਵਾਪਿਸ ਪਰਤ ਆਏ

ਅੰਮ੍ਰਿਤਪਾਲ ਕੌਰ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ-ਪੰਜਾਬ ਸਿੰਘ ਵਾਲਾ ਦੀ ਰਹਿਣ ਵਾਲੀ ਹੈ।

12ਵੀਂ ਪਾਸ ਅਮ੍ਰਿਤਪਾਲ ਕੌਰ, ਮਹਿਜ਼ 10 ਦਿਨ ਹੀ ਓਮਾਨ ਵਿੱਚ ਬਤੀਤ ਕਰ ਕੇ ਆਈ ਹੈ।

ਉਹ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ 30 ਅਪ੍ਰੈਲ ਨੂੰ ਓਮਾਨ ਤੋਂ ਵਾਪਸ ਪਰਤੀ ਹੈ।

ਅੰਮ੍ਰਿਤਪਾਲ ਕੌਰ ਦੱਸਦੀ ਹੈ ਕਿ ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ।

ਘਰ ਵਿੱਚ ਸਭ ਤੋਂ ਵੱਡੀ ਹੋਣ ਕਾਰਨ ਪਹਿਲਾਂ ਉਸ ਨੇ ਫ਼ੌਜ ਵਿੱਚ ਭਰਤੀ ਹੋਣ ਲਈ ਬਹੁਤ ਮਿਹਨਤ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

ਅੰਮ੍ਰਿਤਪਾਲ ਕੌਰ ਦੱਸਦੀ ਹੈ, ‘‘ਮੈਨੂੰ ਹੈਦਰਾਬਾਦ ਦੇ ਇੱਕ ਏਜੰਟ ਨੇ ਓਮਾਨ ਵਿੱਚ ਘਰੇਲੂ ਨੌਕਰ ਵਜੋਂ ਨੌਕਰੀ ਲਗਾਉਣ ਦੀ ਗੱਲ ਆਖੀ ਸੀ। ਏਜੰਟ ਨੇ ਮੈਨੂੰ ਵੀਹ ਹਜ਼ਾਰ ਰੁਪਏ ਅਤੇ ਪਾਸਪੋਰਟ ਭੇਜਣ ਲਈ ਆਖਿਆ ਅਤੇ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਏਜੰਟ ਨੇ ਫ਼ੋਨ ਉੱਤੇ ਹੈਦਰਾਬਾਦ ਆਉਣ ਲਈ ਆਖਿਆ।’’

ਭਿੱਜੀਆਂ ਅੱਖਾਂ ਨਾਲ ਅੰਮ੍ਰਿਤਪਾਲ ਕੌਰ ਆਖਦੀ ਹੈ, ‘‘ਹੈਦਰਾਬਾਦ ਪਹੁੰਚਣ ਉੱਤੇ ਏਜੰਟ ਮੈਨੂੰ ਆਪਣੇ ਘਰ ਲੈ ਗਿਆ ਅਤੇ ਕੁਝ ਦਿਨ ਘਰ ਰੱਖਣ ਤੋਂ ਬਾਅਦ ਵਰਕ ਵੀਜ਼ਾ ਦਿਖਾਇਆ, ਜਿਸ ਨੂੰ ਦੇਖ ਕੇ ਮੈਂ ਬਹੁਤ ਖ਼ੁਸ਼ ਹੋ ਗਈ।’’

ਅੰਮ੍ਰਿਤਪਾਲ ਕੌਰ ਆਖਦੀ ਹੈ ਕਿ ਵੀਜ਼ਾ ਦੇਖ ਕੇ ਲੱਗਾ ਕਿ ਉਸ ਦੇ ਸੁਪਨੇ ਹੁਣ ਸਾਕਾਰ ਹੋ ਜਾਣਗੇ।

ਅੰਮ੍ਰਿਤਪਾਲ ਕੌਰ ਦੱਸਦੀ ਹੈ, ‘‘20 ਅਪ੍ਰੈਲ ਨੂੰ ਮੈਂ ਓਮਾਨ ਪਹੁੰਚੀ, ਵਰਕ ਵੀਜ਼ੇ ਉੱਤੇ ਨਹੀਂ ਬਲਕਿ ਟੂਰਿਸਟ ਵੀਜ਼ੇ ਉੱਤੇ। ਏਜੰਟ ਨੇ ਮੈਨੂੰ ਝੂਠ ਆਖਿਆ ਸੀ ਕਿ ਮੇਰਾ ਵਰਕ ਵੀਜ਼ਾ ਹੈ। ਓਮਾਨ ਪਹੁੰਚਣ ਉੱਤੇ ਏਜੰਟ ਦਾ ਇੱਕ ਬੰਦਾ ਹਵਾਈ ਅੱਡੇ ਤੋਂ ਮੈਨੂੰ ਲੈਣ ਲਈ ਆਇਆ।’’

ਅੰਮ੍ਰਿਤਪਾਲ ਕੌਰ
ਤਸਵੀਰ ਕੈਪਸ਼ਨ, ਅੰਮ੍ਰਿਤਪਾਲ ਕੌਰ ਨੇ ਓਮਾਨ ਵਿੱਚ ਆਪਣੇ ਨਾਲ ਹੋਏ ਸ਼ੋਸ਼ਣ ਦਾ ਪੂਰਾ ਵਾਕਿਆ ਸਾਂਝਾ ਕੀਤਾ

ਅੰਮ੍ਰਿਤਪਾਲ ਮੁਤਾਬਕ, ‘‘2-3 ਦਿਨ, ਸਭ ਕੁਝ ਠੀਕ ਰਿਹਾ ਪਰ ਫੇਰ ਮੈਨੂੰ ਇੱਕ ਵੱਡੇ ਘਰ ਵਿੱਚ ਛੱਡ ਦਿੱਤਾ ਗਿਆ, ਜਿੱਥੇ ਇੱਕ ਮਹਿਲਾ ਮੇਰੇ ਨਾਲ ਮਾੜਾ ਵਿਹਾਰ ਕਰਨ ਲੱਗੀ। ਜਿਸ ਘਰ ਵਿੱਚ ਮੈਨੂੰ ਰੱਖਿਆ ਗਿਆ ਸੀ, ਉੱਥੇ ਸੀਸੀਟੀਵੀ ਰਾਹੀਂ ਮੇਰੇ ਉੱਤੇ ਨਜ਼ਰ ਰੱਖੀ ਜਾਂਦੀ ਸੀ।’’

ਅੰਮ੍ਰਿਤਪਾਲ ਨੇ ਅੱਗੇ ਦੱਸਿਆ, ‘‘ਉਸ ਮਹਿਲਾ ਨੇ ਮੈਨੂੰ ਕਿਸੇ ਕੋਲ ਵੇਚਣ ਦੀ ਤਿਆਰੀ ਕਰ ਲਈ, ਪਰ ਇਸ ਤੋਂ ਪਹਿਲਾਂ ਉਹ ਅਜਿਹਾ ਕਰ ਪਾਉਂਦੀ, ਮੈਂ ਉੱਥੋਂ ਭੱਜ ਨਿਕਲੀ।’’

ਮਸਕਟ ਵਿਚਲੇ ਆਪਣੇ ਕਿਸੇ ਜਾਣਕਾਰ ਦੀ ਮਦਦ ਨਾਲ ਅੰਮ੍ਰਿਤਪਾਲ ਫਲਾਈਟ ਫੜ ਕੇ ਦੇਸ਼ ਪਰਤ ਆਈ।

ਅੰਮ੍ਰਿਤਪਾਲ ਮੁਤਾਬਕ ਜਿਸ ਸਮੇਂ ਉਹ ਮਸਕਟ ਦੇ ਘਰ ਤੋਂ ਭੱਜੀ ਤਾਂ ਭਾਰਤ ਵਿਚਲੇ ਉਸ ਦੇ ਏਜੰਟ ਨੂੰ ਪਤਾ ਲੱਗ ਗਿਆ ਅਤੇ ਉਸ ਨੇ ਫ਼ੋਨ ਉੱਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਅੰਮ੍ਰਿਤਪਾਲ ਕੌਰ ਆਖਦੀ ਹੈ, ‘‘ਏਜੰਟ ਨੇ ਮੈਨੂੰ ਚੋਰੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ।’’

ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਉਸ ਦਾ ਵਾਪਸ ਭਾਰਤ ਆਉਣਾ ਸੰਭਵ ਹੋਇਆ।

ਅੰਮ੍ਰਿਤਪਾਲ ਕੌਰ ਨੇ ਏਜੰਟ ਦੇ ਖ਼ਿਲਾਫ਼ ਕਾਰਵਾਈ ਲਈ ਹੁਣ ਫ਼ਿਰੋਜ਼ਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਕਿੰਨੀਆਂ ਹੋਰ ਔਰਤਾਂ ਦੇ ਨਾਲ ਸ਼ੋਸ਼ਣ ਹੋਇਆ, ਪਰ ਜਿਨ੍ਹਾਂ ਔਰਤਾਂ ਨਾਲ ਸਾਡੀ ਗੱਲਬਾਤ ਹੋਈ ਹੈ, ਉਨ੍ਹਾਂ ਵਿੱਚੋਂ ਮੁਕਤਸਰ ਦੀ ਰਹਿਣ ਵਾਲੀ ਬਲਜੀਤ ਕੌਰ (ਬਦਲਿਆ ਹੋਇਆ ਨਾਮ) ਨੇ ਵੀ ਆਪਣਾ ਕੌੜਾ ਤਜਰਬਾ ਸਾਂਝਾ ਕੀਤਾ ਹੈ।

ਸਰੀਰਕ ਅਤੇ ਮਾਨਸਿਕ ਸ਼ੋਸ਼ਣ

ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਬਲਜੀਤ ਕੌਰ (ਬਦਲਿਆ ਹੋਇਆ ਨਾਮ) ਕੌੜੇ ਤਜਰਬੇ ਲੈ ਕੇ ਕੁਝ ਦਿਨ ਪਹਿਲਾਂ ਹੀ ਓਮਾਨ ਤੋਂ ਪਰਤੀ ਹੈ।

ਬਲਜੀਤ ਕੌਰ ਦੇ ਤਿੰਨ ਬੱਚੇ ਹਨ ਅਤੇ ਪਤੀ ਸੁੱਚਾ ਸਿੰਘ (ਬਦਲਿਆ ਹੋਇਆ ਨਾਮ) ਮਜ਼ਦੂਰੀ ਕਰਦਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁੱਚਾ ਸਿੰਘ ਨੇ ਦੱਸਿਆ, ''ਘਰ ਦੀ ਮਾੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਮੈਂ ਆਪਣੀ ਪਤਨੀ ਨੂੰ ਦੁਬਈ ਭੇਜਣ ਬਾਰੇ ਸੋਚਿਆ ਸੀ।’’

ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਤਰਨਤਾਰਨ ਦੇ ਪੱਟੀ ਦੇ ਏਜੰਟ ਅਤੇ ਕਮਲਜੀਤ ਕੌਰ ਨਾਲ ਸੰਪਰਕ ਕੀਤਾ ਗਿਆ।

ਸੁੱਚਾ ਸਿੰਘ ਮੁਤਾਬਕ, ‘‘ਜੂਨ 2022 ਵਿੱਚ ਏਜੰਟ ਅਤੇ ਕਮਲਜੀਤ ਕੌਰ ਉਸ ਤੋਂ ਪਤਨੀ ਦੇ ਕਾਗ਼ਜ਼ਾਤ ਲੈ ਲੈਂਦੇ ਹਨ ਅਤੇ ਦੁਬਈ ਦਾ ਵੀਜ਼ਾ ਲਗਵਾ ਦਿੰਦੇ ਹਨ। 16 ਸਤੰਬਰ 2022 ਨੂੰ ਏਜੰਟ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਲਜੀਤ ਕੌਰ ਨੂੰ ਦੁਬਈ ਭੇਜ ਦਿੰਦਾ ਹੈ।’’

ਓਮਾਨ ਵਿੱਚ ਫਸੀਆਂ ਪੰਜਾਬਣਾਂ

ਤਸਵੀਰ ਸਰੋਤ, baljeet kaur

ਤਸਵੀਰ ਕੈਪਸ਼ਨ, ਮੁਕਤਸਰ ਦੀ ਬਲਜੀਤ ਕੌਰ (ਬਦਲਿਆ ਹੋਇਆ) ਨਾਮ ਨੇ ਆਪਣਾ ਕੌੜਾ ਤਜਰਬਾ ਸਾਂਝਾ ਕੀਤਾ ਹੈ

ਜ਼ਿਲ੍ਹਾ ਮੁਕਤਸਰ ਦੇ ਥਾਣਾ ਕਬਰਵਾਲਾ ਵਿਖੇ ਇਸ ਸਬੰਧੀ ਹੋਈ ਐੱਫਆਈਆਰ ਮੁਤਾਬਕ 17 ਸਤੰਬਰ ਨੂੰ ਬਲਜੀਤ ਕੌਰ ਦਾ ਦੁਬਈ ਤੋਂ ਫ਼ੋਨ ਆਇਆ ਜਿਸ ਵਿੱਚ ਉਸ ਨੇ ਦੱਸਿਆ ਕਿ ਨੇ ਉਸ ਨੂੰ ਕਿਸੇ ਕੋਲ ਵੇਚ ਦਿੱਤਾ ਹੈ ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ।

ਇਸ ਤੋਂ ਬਾਅਦ ਬਲਜੀਤ ਕੌਰ ਨੂੰ ਦੁਬਈ ਤੋਂ ਓਮਾਨ ਪਹੁੰਚਾ ਦਿੱਤਾ ਗਿਆ।

ਅਕਤੂਬਰ ਮਹੀਨੇ ਵਿੱਚ ਸੁੱਚਾ ਸਿੰਘ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਮੰਨੇ-ਪ੍ਰਮੰਨੇ ਵਾਤਾਵਰਨ ਕਾਰਕੁਨ ਬਲਵੀਰ ਸਿੰਘ ਸੀਚੇਵਾਲ ਨਾਲ ਬਲਜੀਤ ਕੌਰ ਨੂੰ ਵਾਪਸ ਲਿਆਉਣ ਲਈ ਸੰਪਰਕ ਕੀਤਾ ਸੀ।

ਇਹ ਮਾਮਲਾ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਚੁੱਕੇ ਜਾਣ ਤੋਂ ਬਾਅਦ ਭਾਰਤੀ ਦੂਤਾਵਾਸ ਬਲਜੀਤ ਕੌਰ ਦੀ 24 ਜਨਵਰੀ ਨੂੰ ਦੇਸ਼ ਵਾਪਸੀ ਦਾ ਪ੍ਰਬੰਧ ਕਰਦਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਉਸ ਨਾਲ ਉੱਥੇ ਕਈ ਵਾਰ ਬਲਾਤਕਾਰ ਹੋਇਆ, ਜੇਕਰ ਉਹ ਇਸ ਤੋਂ ਮਨ੍ਹਾਂ ਕਰਦੀ ਤਾਂ ਉਸ ਨੂੰ ਕੁੱਟਿਆਂ ਜਾਂਦਾ।

ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਉਹ ਓਮਾਨ ਵਿੱਚ ਰਹੀ, ਉਸ ਦਾ ਬਾਹਰੀ ਦੁਨੀਆਂ ਨਾਲ ਸੰਪਰਕ ਨਹੀਂ ਸੀ, ਉਸ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ।

ਓਮਾਨ

ਓਮਾਨ ’ਚ ਫਸੀਆਂ ਕੁੜੀਆਂ ਦਾ ਮਾਮਲਾ

  • ਓਮਾਨ ਵਿੱਚ ਫਸੀਆਂ ਪੰਜਾਬ ਦੀਆਂ ਕੁਝ ਕੁੜੀਆਂ ਨੇ ਵੀਡੀਓ ਸੰਦੇਸ਼ ਰਾਹੀਂ ਭਾਰਤ ਸਰਕਾਰ ਅੱਗੇ ਮਦਦ ਦੀ ਗੁਹਾਰ ਲਾਈ ਸੀ।
  • ਕਰੀਬ 15 ਕੁੜੀਆਂ ਅਜੇ ਵੀ ਓਮਾਨ ਵਿੱਚ ਫਸੀਆਂ, ਜੋ ਦੇਸ਼ ਵਾਪਸ ਮੁੜਨ ਦੀ ਉਡੀਕ ਵਿੱਚ ਹਨ।
  • ਕੁੜੀਆਂ ਦਾ ਇਲਜ਼ਾਮ ਹੈ ਕਿ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
  • ਓਮਾਨ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਉਹ ਕੁੜੀਆਂ ਦੇ ਸੰਪਰਕ ਵਿੱਚ ਹਨ।
ਓਮਾਨ

ਏਜੰਟ ਕਿਸੇ ਤਰੀਕੇ ਨਾਲ ਕਰਦੇ ਹਨ ਗੁਮਰਾਹ

ਖਾੜੀ ਦੇਸ਼ਾਂ ਵਿੱਚ ਪੰਜਾਬੀ ਔਰਤਾਂ ਨੂੰ ਏਜੰਟਾਂ ਵੱਲੋਂ ਗੁਮਰਾਹ ਕਰਨਾ ਅਤੇ ਫਿਰ ਉੱਥੇ ਪਹੁੰਚਣ ਉੱਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀਆਂ ਇਹ ਦੋ ਮਿਸਾਲਾਂ ਕੋਈ ਪਹਿਲੀ ਘਟਨਾ ਨਹੀਂ ਹੈ।

ਅਜਿਹੇ ਮਾਮਲਿਆਂ ਨਾਲ ਕਾਨੂੰਨੀ ਤੌਰ ਉੱਤੇ ਨਜਿੱਠਣ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਤਿੰਨ ਮਹੀਨਿਆਂ ਵਿੱਚ ਚਾਰ ਅਜਿਹੇ ਕੇਸ ਆਏ ਹਨ।

ਉਹ ਕਹਿੰਦੇ ਹਨ, ''ਬੇਰੁਜ਼ਗਾਰੀ ਅਤੇ ਗ਼ੁਰਬਤ ਕਾਰਨ ਮਹਿਲਾਵਾਂ ਵੱਡੇ ਪੱਧਰ ਉੱਤੇ ਏਜੰਟ ਦੇ ਝਾਂਸੇ ਵਿੱਚ ਆ ਕੇ ਦੁਬਈ ਅਤੇ ਖਾੜੀ ਦੇ ਹੋਰ ਦੇਸ਼ਾਂ ਵਿੱਚ ਜਾ ਰਹੀਆਂ ਹਨ।''

''ਅਕਸਰ ਏਜੰਟ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਵਿੱਚ ਉਥੋਂ ਦੇ ਲੋਕਾਂ ਦੇ ਘਰਾਂ ਵਿੱਚ ਘਰੇਲੂ ਨੌਕਰ ਦੇ ਤੌਰ ਉਤੇ 25000 ਤੋਂ 30,000 ਰੁਪਏ ਮਹੀਨਾ ਤਨਖ਼ਾਹ ਦਿਵਾਉਣ ਦਾ ਝਾਂਸਾ ਦਿੰਦੇ ਹਨ। ਵਿਦੇਸ਼ ਭੇਜਣ ਦੇ ਨਾਮ ਉੱਤੇ ਏਜੰਟ ਇਨ੍ਹਾਂ ਔਰਤਾਂ ਤੋਂ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਵੀ ਲੈਂਦੇ ਹਨ।''

''ਏਜੰਟ ਇਨ੍ਹਾਂ ਔਰਤਾਂ ਨੂੰ ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ੇ ਉੱਤੇ ਵਿਦੇਸ਼ ਭੇਜਦੇ ਹਨ। ਵਿਦੇਸ਼ ਪਹੁੰਚਣ ਉੱਤੇ ਮਹਿਲਾ ਨਾਲ ਜੋ ਵਾਅਦੇ ਏਜੰਟ ਭਾਰਤ ਵਿੱਚ ਕਰਦਾ ਹੈ ਉਸ ਮੁਤਾਬਿਕ ਕੁਝ ਵੀ ਨਹੀਂ ਹੁੰਦਾ।''

ਓਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਮਾਨ ਦੇ ਮਸਕਟ ਵਿੱਚ ਸਥਿਤ ਮਟਰਾਹ ਕੌਰਨਿਚ ਸੈਲਾਨੀਆਂ ਵਿੱਚ ਮਸ਼ਹੂਰ ਹੈ

ਗੁਰਭੇਜ ਸਿੰਘ ਮੁਤਾਬਕ, ''ਕੁਝ ਏਜੰਟ ਇਨ੍ਹਾਂ ਕੁੜੀਆਂ ਨੂੰ ਉੱਥੇ ਵੇਚ ਦਿੰਦੇ ਹਨ, ਜਿੱਥੇ ਇਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ। ਅਨਪੜ੍ਹ ਹੋਣ ਕਾਰਨ ਇਨ੍ਹਾਂ ਔਰਤਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੇ ਨਾਲ ਹੋ ਰਹੀ ਵਧੀਕੀ ਲਈ ਆਵਾਜ਼ ਕਿਥੇ ਚੁੱਕਣੀ ਹੈ।''

ਗੁਰਭੇਜ ਸਿੰਘ ਦੱਸਦੇ ਹਨ, ''ਜੇਕਰ ਕੋਈ ਭਾਰਤੀ ਮਹਿਲਾ ਨੌਕਰੀ ਛੱਡਣਾ ਵੀ ਚਾਹੁੰਦੀ ਹੈ ਤਾਂ ਵੀ ਉਹ ਅਜਿਹਾ ਨਹੀਂ ਕਰ ਪਾਉਂਦੀ ਕਿਉਂਕਿ ਏਜੰਟ ਉਸ ਨੂੰ ਧਮਕਾਉਂਦੇ ਹਨ। ਕਈ ਮਾਮਲਿਆਂ ਵਿੱਚ ਤਾਂ ਝੂਠੇ ਚੋਰੀ ਦੇ ਕੇਸ ਵਿੱਚ ਫਸਾਉਣ ਦੀ ਵੀ ਧਮਕੀ ਦਿੱਤੀ ਜਾਂਦੀ ਹੈ, ਜਿਸ ਕਾਰਨ ਔਰਤਾਂ ਉੱਥੇ ਫਸ ਜਾਂਦੀਆਂ ਹਨ।''

ਉਨ੍ਹਾਂ ਦੱਸਿਆ ਕਿ ਘਰੇਲੂ ਨੌਕਰ ਦੇ ਤੌਰ ਉੱਤੇ ਖਾੜੀ ਦੇਸ਼ਾਂ ਵਿੱਚ ਭੇਜਣ ਵਾਲੇ ਜ਼ਿਆਦਾਤਰ ਏਜੰਟ ਹੋਰ ਰਾਜਾਂ (ਦਿੱਲੀ ਅਤੇ ਹੈਦਰਾਬਾਦ) ਦੇ ਹਨ ਅਤੇ ਪੰਜਾਬ ਵਿੱਚ ਕਈ ਔਰਤਾਂ ਪਿੰਡਾਂ ਵਿੱਚ ਔਰਤਾਂ ਨੂੰ ਸਬਜ਼ਬਾਗ ਦਿਖਾ ਕੇ ਵਿਦੇਸ਼ ਭੇਜਣ ਲਈ ਕੰਮ ਕਰਦੀਆਂ ਹਨ।

''ਇਸ ਕੰਮ ਲਈ ਉਨ੍ਹਾਂ ਨੂੰ ਕਮਿਸ਼ਨ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਹ ਏਜੰਟ ਕਿਸੇ ਥਾਂ ਉੱਤੇ ਰਜਿਸਟਰਡ ਵੀ ਨਹੀਂ ਹਨ।''

'ਸਰਕਾਰ ਨੂੰ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ'

ਅੰਮ੍ਰਿਤਪਾਲ ਕੌਰ ਦੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਨੌਜਵਾਨ ਸਰਪੰਚ ਰਾਜਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਕਈ ਸਾਰੀਆਂ ਔਰਤਾਂ ਖਾੜੀ ਮੁਲਕਾਂ ਵਿੱਚ ਰੁਜ਼ਗਾਰ ਲਈ ਜਾ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਵਿਦੇਸ਼ ਜਾਣ ਵਾਲੀਆਂ ਔਰਤਾਂ ਏਜੰਟ ਵੱਲੋਂ ਦਿੱਤੇ ਗਏ ਕਾਗ਼ਜ਼ਾਤ (ਵੀਜ਼ਾ, ਵਰਕ ਪਰਮਿਟ) ਬਾਰੇ ਜਾਣਕਾਰੀ ਨਹੀਂ ਲੈਂਦੀਆਂ, ਨਾ ਹੀ ਉਹ ਵਿਦੇਸ਼ ਜਾਣ ਬਾਰੇ ਕਿਸੇ ਨੂੰ ਦੱਸਦੀਆਂ ਹਨ।

ਜਿਵੇਂ ਅੰਮ੍ਰਿਤਪਾਲ ਕੌਰ ਦੇ ਕੇਸ ਵਿੱਚ ਵੀ ਹੋਇਆ ਹੈ। ਅੰਮ੍ਰਿਤਪਾਲ ਦੇ ਕੇਸ ਦੀ ਕਾਨੂੰਨੀ ਪੈਰਵੀ ਕਰ ਰਹੇ ਰਾਜਵੀਰ ਸਿੰਘ ਸੰਧੂ ਆਖਦੇ ਹਨ ਕਿ ਪਿੰਡਾਂ ਵਿੱਚ ਹੁਣ ਲੋਕਾਂ ਨੂੰ ਇਸ ਮੁੱਦੇ ਉਤੇ ਜਾਗਰੂਕ ਕਰਨ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਕੌਰ ਬਾਰੇ ਜਾਣਕਾਰੀ ਉਸ ਨੂੰ ਉਦੋਂ ਮਿਲੀ ਜਦੋਂ ਉਸ ਨਾਲ ਧੋਖਾ ਹੋ ਚੁੱਕਾ ਸੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਉਨ੍ਹਾਂ ਨੂੰ ਨਕੇਲ ਪਾਈ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)