ਸੁਖਬੀਰ ਬਾਦਲ: ਅਕਾਲੀ ਦਲ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਕੀ ਕਰਨ ਦੀ ਲੋੜ, ਮਜੀਠੀਆ ਦੀ ਨਸੀਹਤ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, SAD MEDIA

ਤਸਵੀਰ ਕੈਪਸ਼ਨ, ਅਕਾਲੀ ਦਲ ਦੇ ਇਜਲਾਸ ਦੌਰਾਨ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਚੁਣੇ ਗਏ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਬਗ਼ਾਵਤ, ਵਿਰੋਧ ਅਤੇ ਅਸਿਹਮਤੀ ਦੀਆਂ ਆਵਾਜ਼ਾਂ ਦਰਮਿਆਨ ਕਰੀਬ ਪੰਜ ਮਹੀਨਿਆਂ ਦੇ ਅੰਦਰ ਹੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਾ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ।

16 ਨਵੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੂੰ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਸੱਤਾ ਦੌਰਾਨ ਪੰਥਕ ਭਾਵਨਾਵਾਂ ਮੁਤਾਬਕ ਕੰਮ ਨਾ ਕਰਨ ਕਰਕੇ ਤਨਖ਼ਾਹੀਆ ਕਰਾਰ ਦਿੱਤਾ ਸੀ।

ਜਿਸ ਤੋਂ ਬਾਅਦ ਉਨ੍ਹਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਅਕਾਲ ਤਖ਼ਤ ਪੇਸ਼ ਹੋ ਕੇ ਧਾਰਮਿਕ ਸਜ਼ਾ ਭੁਗਤਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਸ ਦੌਰਾਨ ਉਨ੍ਹਾਂ ਦਾ ਪ੍ਰਧਾਨ ਵਜੋਂ ਕਾਰਜਕਾਲ ਵੀ ਖ਼ਤਮ ਹੋ ਰਿਹਾ ਸੀ, ਅਕਾਲ ਤਖ਼ਤ ਨੇ ਦੁਬਾਰਾ ਭਰਤੀ ਕਰ ਕੇ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਸੀ। ਪਰ ਅਕਾਲੀ ਦਲ ਨੇ ਅਕਾਲ ਤਖ਼ਤ ਦੀ ਕਮੇਟੀ ਨੂੰ ਅਣਗੌਲ਼ਿਆ ਕਰਕੇ ਆਪ ਭਰਤੀ ਕੀਤੀ ਅਤੇ ਦੁਬਾਰਾ ਚੋਣ ਕਰਵਾਈ।

12 ਅਪ੍ਰੈਲ, 2025 ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਪਾਰਟੀ ਦੇ ਇਜਲਾਸ ਵਿੱਚ ਸੁਖਬੀਰ ਬਾਦਲ ਦੁਬਾਰਾ ਇਸ ਅਹੁਦੇ ਲਈ ਚੁਣੇ ਗਏ।

ਸਿਆਸੀ ਮਾਹਰ ਪਾਰਟੀ ਦੇ ਇਸ ਫ਼ੈਸਲੇ ਬਾਰੇ ਕਈ ਸਵਾਲ ਖੜੇ ਕਰਦੇ ਹਨ। ਕੀ ਇਹ 104 ਸਾਲ ਪੁਰਾਣੀ, ਖੇਤਰੀ ਅਤੇ ਪੰਥਕ ਪਾਰਟੀ ਹੁਣ ਇੱਕ ਹੀ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਕੱਦਵਾਰ ਸਿਆਸੀ ਆਗੂਆਂ ਦੀ ਮੌਜੂਦਗੀ ਨੂੰ ਨਕਾਰ ਰਹੀ ਹੈ।

'ਰਾਜ ਨਹੀਂ ਸੇਵਾ' ਦਾ ਨਾਅਰਾ ਦੇਣ ਵਾਲੀ ਇਹ ਪਾਰਟੀ ਲੋਕ ਮਨਾਂ ਵਿੱਚ ਦੁਬਾਰਾ ਘਰ ਬਣਾ ਸਕੇਗੀ ਜਾਂ ਨਹੀਂ?

ਕੀ ਮੁੜ ਪੁਰਾਣੀਆਂ ਲੀਹਾਂ ਉੱਤੇ ਤੁਰਨਾ ਪਾਰਟੀ ਨੂੰ ਮੰਜ਼ਲ ਵੱਲ ਲੈ ਕੇ ਜਾ ਸਕੇਗਾ?

ਸੁਖਬੀਰ ਨੇ ਦਾਅਵਾ ਕੀਤਾ ਕਿ 27 ਲੱਖ ਮੈਂਬਰਾਂ ਵਿੱਚੋਂ ਚੁਣੇ ਗਏ 507 ਡੈਲੀਗੇਟਸ ਦੀ ਸਹਿਮਤੀ ਨਾਲ ਉਨ੍ਹਾਂ ਨੇ ਅਹੁਦਾ ਸਵਿਕਾਰਿਆ। ਉਨ੍ਹਾਂ ਸਭ ਦਾ ਧੰਨਵਾਦ ਵੀ ਕੀਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਜ਼ਿਕਰਯੋਗ ਹੈ, 2008 ਵਿੱਚ ਪਹਿਲੀ ਵਾਰ ਪ੍ਰਧਾਨਗੀ ਸੰਭਾਲਣ ਤੋਂ ਲੈ ਕੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਹੀ ਇਸ ਅਹੁਦੇ ਉੱਤੇ ਕਾਬਜ ਰਹੇ ਹਨ।

ਉਨ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ ਸਮੇਂ-ਸਮੇਂ ਤੋਂ ਪਾਰਟੀ ਵਿੱਚ ਬਗਾਵਤੀ ਸੁਰਾਂ ਵੀ ਉੱਠਦੀਆਂ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਰਗੁਜ਼ਾਰੀ ਵੀ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਖੁੱਸਣ ਤੋਂ ਬਾਅਦ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ।

ਇਸ ਵੇਲੇ ਵਿਧਾਨ ਸਭਾ ਵਿੱਚ ਪਾਰਟੀ ਦੇ ਸਿਰਫ਼ 3 ਵਿਧਾਇਕ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਬਠਿੰਡਾ ਦੀ ਇੱਕ ਸੀਟ ਤੱਕ ਸੀਮਤ ਹੋ ਕੇ ਰਹਿ ਗਈ ਸੀ।

ਤਿੰਨ ਵਿਧਾਇਕਾਂ ਵਿੱਚੋਂ ਵੀ ਇੱਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਅਗਸਤ, 2024 ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ।

ਦੂਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖ਼ਤ ਵਲੋਂ ਥਾਪੀ ਗਈ ਕਮੇਟੀ ਦੇ ਮੈਂਬਰ ਹਨ ਅਤੇ ਉਹ ਅਕਾਲੀ ਦਲ ਤੋਂ ਅਲੱਗ ਹੋ ਕੇ ਭਰਤੀ ਮੁਹਿੰਮ ਚਲਾ ਰਹੇ ਹਨ।

ਸਿਰਫ਼ ਤੀਜੀ ਅਤੇ ਇੱਕੋ-ਇੱਕ ਵਿਧਾਇਕਾ ਤੇ ਸੁਖਬੀਰ ਦੀ ਸਾਲੇ ਬਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਹੀ ਵਿਧਾਇਕ ਵਜੋਂ ਪਾਰਟੀ ਲ਼ਈ ਸਰਗਰਮ ਹੈ।

ਸੁਖਬੀਰ ਨੇ ਪ੍ਰਧਾਨ ਬਣਦਿਆਂ ਹੀ ਕੀ ਕਿਹਾ

ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਮਿਲੇ ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, SAD MEDIA

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਅਹੁਦਾ ਸੰਭਾਲਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਮਿਲੇ

ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਭਾਸ਼ਨ ਵਿੱਚ ਦਾਅਵਾ ਕੀਤਾ,"ਪਿਛਲੇ ਛੇ ਮਹੀਨਿਆਂ ਵਿੱਚ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ, ਪੰਥ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ।"

"ਇਹ ਸਾਜ਼ਿਸ਼ ਸ਼ੁਰੂ ਹੋਈ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਦਾ ਸਾਥ ਛੱਡਿਆ।"

ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਅੱਗੇ ਵਧਾਉਣ ਦੀ। ਹੋਰ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਪੰਜਾਬੀਆਂ ਨੂੰ ਬੇਨਤੀ ਕਰਦਾਂ ਹਾਂ ਕਿ ਆਪਣੇ ਤੇ ਪਰਾਏ ਦਾ ਫ਼ਰਕ ਪਛਾਣਨ।"

ਸੁਖਬੀਰ ਨੇ ਪਾਰਟੀ ਦੇ 104 ਸਾਲ ਪੁਰਾਣੇ ਇਤਿਹਾਸ ਦਾ ਹਵਾਲਾ ਵੀ ਦਿੱਤਾ ਅਤੇ ਪਾਰਟੀ ਦਾ ਮੁੱਢ ਬੰਨ੍ਹਣ ਵਾਲੇ ਆਗੂਆਂ ਦੀਆਂ ਕੁਰਬਾਨੀਆਂ ਵੀ ਗਿਣਵਾਈਆਂ।

ਉਨ੍ਹਾਂ ਦਾਅਵਾ ਕੀਤਾ ਕਿ 27 ਲੱਖ ਤੋਂ ਵੱਧ ਲੋਕਾਂ ਨੇ ਪਾਰਟੀ ਦੀ ਮੈਂਬਰਸ਼ਿਪ ਹੋਈ ਹੈ।

ਪਾਰਟੀ ਪ੍ਰਧਾਨ ਵਜੋਂ ਸੁਖਬੀਰ ਦਾ ਭਵਿੱਖ ਕੀ ਹੈ

ਅਕਾਲੀ ਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2024 ਦੀ ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

1996 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਹੈ।

1996 ਤੋਂ ਲੈ ਕੇ 2008 ਤੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦੇ ਪ੍ਰਧਾਨ ਰਹੇ। ਸਾਲ 2008 ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ।

ਅਕਾਲੀ ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਪਿਤਾ ਤੋਂ ਬਾਅਦ ਪੁੱਤ ਨੂੰ ਪ੍ਰਧਾਨਗੀ ਦੀ ਕੁਰਸੀ ਸੌਂਪ ਦਿੱਤੀ ਗਈ ਹੋਵੇ।

ਸੁਖਬੀਰ ਬਾਦਲ ਹੁਣ ਤੱਕ ਇਸ ਅਹੁਦੇ ਉੱਤੇ ਕਾਬਜ਼ ਹਨ।

ਸਿੱਖ ਇਤਿਹਾਸਕਾਰ ਅਤੇ ਪੰਥਕ ਸਿਆਸਤ ਦੇ ਮਾਹਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਹੋਈ ਚੋਣ ਨੂੰ ਸਮੁੱਚੇ ਪੰਥ ਵਲੋਂ ਕੀਤੀ ਗਈ ਚੋਣ ਨਹੀਂ ਕਿਹਾ ਜਾ ਸਕਦਾ।

ਉਹ ਕਹਿੰਦੇ ਹਨ, "ਸੁਖਬੀਰ ਦੀ ਚੋਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਇੱਕ ਗਰੁੱਪ ਦੀ ਚੋਣ ਹੈ। ਨਾ ਕਿ ਲੋਕਾਂ ਦੀ ਪਸੰਦ ਹੈ।"

"ਜਦੋਂ ਤੱਕ ਕੋਈ ਆਗੂ ਅਕਾਲ ਤਖ਼ਤ ਦੀ ਅਹਿਮੀਅਤ ਨੂੰ ਸਵਿਕਾਰ ਕੇ ਲੋਕ ਦਰਬਾਰ ਵਿੱਚ ਨਹੀਂ ਆਉਂਦਾ, ਉਹ ਕਿਸੇ ਪੰਥਕ ਪਾਰਟੀ ਦੀ ਸਹੀ ਅਗਵਾਈ ਨਹੀਂ ਕਰ ਸਕਦਾ।"

ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਤੱਕ ਲੋਕ ਨਹੀਂ ਮੰਨਦੇ ਉਦੋਂ ਤੱਕ ਆਪਣੇ-ਆਪ ਨੂੰ ਕੋਈ ਵੀ ਅਹੁਦੇਦਾਰ ਦੱਸ ਦੇਵੇ ਕੋਈ ਫ਼ਰਕ ਨਹੀਂ ਪਵੇਗਾ।

ਸਿਆਸੀ ਮਾਹਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਬਹੁਤ ਹਾਸੋਹੀਣੀ ਸਥਿਤੀ ਹੋ ਗਈ ਹੈ ਕਿ ''ਕੀ ਪਾਰਟੀ ਨੂੰ ਇੱਕ ਬੰਦੇ ਤੋਂ ਬਗ਼ੈਰ ਹੋਰ ਕੋਈ ਲੱਭ ਨਹੀਂ ਰਿਹਾ।''

ਉਹ ਕਹਿੰਦੇ ਹਨ,"ਸਿੱਖ ਕੌਮ ਬਹੁਤ ਹੀ ਗੰਭੀਰ ਸਮੇਂ ਵਿੱਚੋਂ ਨਿਕਲ ਰਹੀ ਹੈ। ਉਨ੍ਹਾਂ ਨੂੰ ਇੱਕ ਪੁਖ਼ਤਾ ਅਗਵਾਈ ਕਰਨ ਵਾਲੀ ਪਾਰਟੀ ਦੀ ਲੋੜ ਹੈ ਜੋ ਆਮ ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰੇ।"

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, ''ਮੋਹਨ ਸਿੰਘ ਤੁੜ ਤੱਕ ਪਾਰਟੀ ਲੋਕਾਂ ਲਈ ਹੀ ਕੰਮ ਕਰ ਰਹੀ ਸੀ ਪਰ ਬਾਅਦ ਵਿੱਚ ਇਹ ਲੋਕਾਂ ਦਾ ਅਕਾਲੀ ਦਲ ਨਹੀਂ ਰਿਹਾ।"

"ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਤੋਂ ਸ਼ੁਰੂ ਹੋ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਇਹ ਸਵੈ-ਤਰੱਕੀ ਤੱਕ ਸੀਮਤ ਹੋ ਕੇ ਰਿਹਾ ਗਿਆ।"

ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Sukhbir Badal/FB

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ’ਤੇ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ

ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਸਰੋਕਾਰਾਂ ਅਤੇ ਅਕਾਲ ਤਖ਼ਤ ਦੇ ਹੁਕਮਾਂ ਵਿੱਚੋਂ ਉਪਜੀ ਪਾਰਟੀ ਹੈ।

"ਜੇ ਇਹ ਆਪਣੀ ਇਸ ਹੋਂਦ ਨੂੰ ਅਸਵਿਕਾਰਦੀ ਹੈ ਤਾਂ ਭਵਿੱਖ ਬਾਰੇ ਕੁਝ ਵੀ ਕਹਿਣਾ ਪਾਰਟੀ ਲਈ ਨਾਸਾਜ਼ ਹੀ ਗੁਜ਼ਰੇਗਾ।"

ਢਿੱਲੋਂ ਕਹਿੰਦੇ ਹਨ ਕਿ ਅਕਾਲੀ ਦਲ ਦਾ ਭਵਿੱਖ ਘਟਨਾਵਾਂ ਹੀ ਸਿਰਜ ਰਹੀਆਂ ਹਨ ਅਤੇ ਫ਼ਿਲਹਾਲ ਉਹ ਪਾਰਟੀ ਦੇ ਹੱਕ ਵਿੱਚ ਨਹੀਂ ਹਨ।

ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਪੰਜਾਬ ਨੂੰ ਬੇਸ਼ੱਕ ਖੇਤਰੀ ਪਾਰਟੀ ਦੀ ਲੋੜ ਹੈ। ਜੋ ਖਿੱਤੇ ਦੇ ਲੋਕਾਂ ਦੇ ਹਿੱਤ ਦੀ ਗੱਲ ਕਰੇ।

"ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਢਾਂਚਾ ਆਗੂਆਂ ਦੀ ਲੋਕਾਂ ਤੱਕ ਪਹੁੰਚ ਨੂੰ ਦੂਰ ਕਰਦਾ ਹੈ। ਤਾਕਤ ਦੇ ਆਧਾਰ ਉੱਤੇ ਵੋਟ ਲੈਣਾ ਹੁਣ ਸੌਖਾ ਨਹੀਂ ਹੈ।"

"ਸਿੱਖ ਵੋਟਰ ਵੀ ਹੁਣ ਜਾਗਰੂਕ ਹੋ ਚੁੱਕੇ ਹਨ, ਵੋਟਰਾਂ ਨੂੰ ਪਤਾ ਹੈ ਕਿ ਕਿਸੇ ਨੂੰ ਮਹਿਜ਼ ਕੁਰਸੀ ਉੱਤੇ ਬਿਠਾਉਣ ਲਈ ਵੋਟ ਨਹੀਂ ਪਾਉਣੀ ਬਲਕਿ ਉਸ ਨੂੰ ਪਾਉਣੀ ਹੈ ਜੋ ਇਲਾਕੇ ਦੀ ਭਲਾਈ ਲਈ ਕੰਮ ਕਰੇ।"

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਜਾਂ ਇੱਕ ਗਰੁੱਪ ਵਜੋਂ ਵਿਚਰ ਰਿਹਾ ਹੈ ਨਾ ਕਿ ਲੋਕਾਂ ਦੀ ਪਾਰਟੀ ਵਜੋਂ। ਜਦੋਂ ਤੱਕ ਆਗੂ ਲੋਕਾਂ ਦੀ ਗੱਲ ਨਹੀਂ ਸੁਣਨਗੇ, ਉਦੋਂ ਤੱਕ ਹੋਂਦ ਬਚਾਉਣ ਦਾ ਸਫ਼ਰ ਵੀ ਲੰਬਾ ਰਹੇਗਾ।

ਇਹ ਵੀ ਪੜ੍ਹੋ-

ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਅਕਾਲੀ ਦਲ ਸਿੱਖਾਂ ਦੇ ਹੱਕਾਂ ਦੀ ਸਿਆਸੀ ਤੌਰ 'ਤੇ ਰਾਖੀ ਅਤੇ ਅਗਵਾਈ ਕਰਨ ਲਈ ਹੋਂਦ ਵਿੱਚ ਆਇਆ ਸੀ।

"ਇਸ ਲਈ ਜਦੋਂ ਤੱਕ ਪਾਰਟੀ ਵਿੱਚ ਢਾਂਚਾਗਤ ਬਦਲਾਅ ਨਹੀਂ ਹੁੰਦੇ ਅਤੇ ਪਾਰਟੀ ਜ਼ਮੀਨ 'ਤੇ ਨਹੀਂ ਉਤਰਦੀ, ਇਸ ਦੇ ਮੈਂਬਰਾਂ ਦੀ ਸੁਣਵਾਈ ਨਹੀਂ ਹੋਵੇਗੀ, ਜੇ ਪਾਰਟੀ ਕੰਮ ਸੱਚਾਈ ਨਾਲ ਨਹੀਂ ਕਰੇਗੀ ਤਾਂ ਬਿਹਤਰ ਭਵਿੱਖ ਦੀ ਗੱਲ ਨਹੀਂ ਕੀਤੀ ਜਾ ਸਕਦੀ।"

"ਲੋਕਾਂ ਨੇ ਆਮ ਆਦਮੀ ਪਾਰਟੀ ਦੀ ਚੋਣ ਵੀ ਅਕਾਲੀ ਦਲ ਤੇ ਕਾਂਗਰਸ ਨੂੰ ਨਕਾਰਕੇ ਕੀਤੀ ਸੀ ਅਤੇ ਇਸ ਸੋਚ ਨਾਲ ਕੀਤੀ ਕਿ ਸ਼ਾਇਦ ਇਹ ਆਮ ਲੋਕਾਂ ਦੀ ਸੁਣਨ ਵਾਲੀ ਸਰਕਾਰ ਬਣੇਗੀ। ਹਾਲਾਂਕਿ ਅਜਿਹਾ ਨਹੀਂ ਹੋਇਆ।"

ਜਗਰੂਪ ਸਿੰਘ ਕਹਿੰਦੇ ਹਨ ਕਿ ਕੋਈ ਸਮਾਂ ਸੀ ਜਦੋਂ ਔਰਤ ਵੋਟਰ ਅਤੇ ਕਿਸਾਨ ਵੋਟਰ ਅਕਾਲੀ ਦਲ ਦੇ ਹਿਮਾਇਤੀ ਸਨ ਪਰ ਬੀਤੇ ਸਮੇਂ ਦੇ ਘਟਨਾਕ੍ਰਮਾਂ ਨੇ ਇਸ ਦੇ ਆਗੂਆਂ ਦਾ ਅਕਸ ਖ਼ਰਾਬ ਕੀਤਾ ਹੈ। ਜੇ ਉਸ ਨੂੰ ਮੁੜ ਸੁਧਾਰਿਆ ਨਾ ਗਿਆ ਤਾਂ ਪਾਰਟੀ ਦਾ ਪ੍ਰਦਰਸ਼ਨ ਵੀ ਨਹੀਂ ਸੁਧਰੇਗਾ।

ਮੈਂਬਰਸ਼ਿਪ ਨੂੰ ਲੈ ਕੇ ਸਵਾਲ

ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, SAD Media

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਹੁਣ ਤੱਕ ਉਨ੍ਹਾਂ ਦੇ 27 ਲੱਖ ਤੋਂ ਵੱਧ ਮੈਂਬਰ ਬਣ ਚੁੱਕੇ ਹਨ

ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਅਕਾਲੀ ਦਲ ਨੇ ਹਾਲ ਹੀ ਵਿੱਚ ਦਾਅਵੇ ਕੀਤੇ ਕਿ 27 ਲੱਖ ਤੋਂ ਵੱਧ ਮੈਂਬਰ ਬਣਾਏ ਗਏ ਹਨ। ਪਰ ਇਹ ਅੰਕੜਾ ਸ਼ੱਕ ਦੇ ਘੇਰੇ ਵਿੱਚ ਹੈ।

"ਜੇ ਪਾਰਟੀ ਨਾਲ ਅਸਲੋਂ ਇੰਨੇ ਲੋਕ ਜੁੜ ਚੁੱਕੇ ਤਾਂ ਇਸ ਨੂੰ ਇੱਕ ਚੰਗੀ ਸ਼ੁਰੂਆਤ ਮੰਨਿਆ ਜਾਣਾ ਚਾਹੀਦਾ ਹੈ। ਪਰ ਪਾਰਟੀ ਨੂੰ ਪਾਰਦਰਸ਼ਤਾ ਦਿਖਾਉਣ ਦੀ ਲੋੜ ਹੈ।"

ਤਕਨੀਕ ਦੇ ਯੁੱਗ ਵਿੱਚ ਨਵੇਂ ਮੈਂਬਰਾਂ ਦੀ ਲਿਸਟ ਪਾਰਟੀ ਦੀ ਅਧਿਾਕਰਿਤ ਵੈੱਬਸਾਈਟ ਉੱਤੇ ਵੀ ਪਾਈ ਸਕਦੀ ਹੈ ਤਾਂ ਜੋ ਜਨਤਕ ਤੌਰ ਉੱਤੇ ਪਤਾ ਲੱਗੇ ਕਿ ਮੈਂਬਰ ਮੁੜ ਇੱਕ ਖੇਤਰੀ ਪਾਰਟੀ ਨਾਲ ਜੁੜ ਰਹੇ ਹਨ।

ਜੇ ਇਹ ਤੱਥ ਜਨਤਕ ਕੀਤੇ ਜਾਂਦੇ ਹਨ ਤਾਂ ਨਾਲ ਜੁੜਨ ਵਾਲੇ ਮੈਂਬਰ ਵੀ ਉਤਸ਼ਾਹਿਤ ਮਹਿਸੂਸ ਕਰਨਗੇ।

ਦੂਜੇ ਪਾਸੇ ਗੁਰਪ੍ਰੀਤ ਸਿੰਘ ਸਵਾਲ ਖੜਾ ਕਰਦੇ ਹਨ ਕਿ ਕੀ ਮੈਂਬਰ ਮਹਿਜ਼ ਪਰਚੀਆਂ ਤੱਕ ਸੀਮਤ ਰਹਿ ਜਾਣਗੇ ਤਾਂ ਪਾਰਟੀ ਵਿੱਚ ਉਨ੍ਹਾਂ ਦੀ ਸੁਣਵਾਈ ਵੀ ਹੋਵੇਗਾ।

ਉਹ ਕਹਿੰਦੇ ਹਨ,"ਜਦੋਂ ਤੱਕ ਸਥਾਨਕ ਪੱਧਰ ਉੱਤੇ ਲੋਕਾਂ ਦੀ ਸੁਣਵਾਈ ਨਹੀਂ ਉਦੋਂ ਤੱਕ ਕਿਸੇ ਅਹੁਦੇਦਾਰ ਦੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਬੁਕਤ ਨਹੀਂ ਹੈ।"

ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਪਾਰਟੀ ਨੂੰ ਤਾਕਤ ਨਾਲ ਲੋਕਾਂ ਤੱਕ ਪਹੁੰਚ ਕਰਨ ਦੀ ਬਜਾਇ ਲੋਕ ਤਾਕਤ ਨੂੰ ਸਵਿਕਾਰਨ ਦੀ ਲੋੜ ਹੈ।

ਜਗਰੂਪ ਸਿੰਘ ਸੇਖੋਂ

ਤਸਵੀਰ ਸਰੋਤ, Jagrup Singh Sekhon

ਤਸਵੀਰ ਕੈਪਸ਼ਨ, ਅਕਾਲੀ ਦਲ ਨੂੰ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨਾਲ ਰਾਬਤਾ ਵੀ ਕਾਇਮ ਰੱਖਣ ਦੀ ਲੋੜ

ਅਕਾਲੀ ਦਲ ਆਪਣੀ ਥਾਂ ਬਣਾ ਸਕੇਗਾ

ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਪਾਰਟੀ ਵਿੱਚ ਜੇ ਪੁਰਾਣੇ ਆਗੂ ਹੀ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਨੂੰ ਪਾਰਟੀ ਦੇ ਅਹਿਮ ਅਹੁਦੇ ਦਿੱਤੇ ਤਾਂ ਪਾਰਟੀ ਆਪਣੀ ਗੁਆਈ ਥਾਂ ਸਥਾਪਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇਗੀ।

ਗੁਰਪ੍ਰੀਤ ਸਿੰਘ ਵੀ ਇਸ ਗੱਲ ਨਾਲ ਇਤਫ਼ਾਕ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਜ਼ ਪਾਰਟੀ ਦੇ ਇਤਿਹਾਸ ਦਾ ਹਵਾਲਾ ਦੇ ਕਿ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ।

"ਲੋਕ ਆਪਣੀ ਹੋਂਦ ਦੀ ਅਹਿਮੀਅਤ ਨੂੰ ਸਮਝਦੇ ਹਨ। ਪਾਰਟੀ ਨੂੰ ਲੋਕਾਂ ਦੀਂ ਲੋੜਾਂ, ਉਨ੍ਹਾਂ ਦੇ ਮਸਲੇ ਉਨ੍ਹਾਂ ਦੇ ਦੱਸੇ ਤਰੀਕੇ ਨਾਲ ਹੀ ਹੱਲ ਕਰਵਾਉਣ ਦਾ ਯਕੀਨ ਦਿਵਾਉਣਾ ਪਵੇਗਾ।"

ਗੁਰਪ੍ਰੀਤ ਸਿੰਘ ਮੁਤਾਬਕ ਦਿਸ਼ਾਹੀਣ ਰਹਿ ਕੇ ਅਤੇ ਤਾਕਤ ਅਤੇ ਵਸੀਲਿਆਂ ਦੇ ਆਧਾਰ ਉੱਤੇ ਨਿੱਜੀ ਹਿੱਤਾਂ ਨੂੰ ਅਹਿਮੀਅਤ ਦੇਣ ਵਾਲੇ ਸਿਆਸੀ ਆਗੂਆਂ ਲਈ ਹੁਣ ਥਾਂ ਨਹੀਂ ਬਚੀ।

ਹੁਣ ਥਾਂ ਉਨ੍ਹਾਂ ਦੀ ਹੈ ਜੋ ਲੋਕਾਂ ਵਿੱਚ ਵਿਚਰਨ, ਉਨ੍ਹਾਂ ਦੀ ਸੁਣਵਾਈ ਕਰਨ ਅਤੇ ਜ਼ਮੀਨੀ ਪੱਧਰ ਉੱਤੇ ਕੰਮ ਕਰਨ। ਇਸ ਤਰ੍ਹਾਂ ਜੇ ਅਕਾਲੀ ਦਲ ਮੌਜੂਦਾ ਢਾਂਚੇ ਨੂੰ ਨਹੀਂ ਬਦਲਦਾ ਤਾਂ ਲੋਕਾਂ ਤੋਂ ਦੂਰ ਹੀ ਰਹੇਗਾ।"

ਮਾਹਰਾਂ ਮੁਤਾਬਕ ਅਕਾਲੀ ਦਲ ਨੇ ਜੇ ਮੁੜ ਆਪਣੀ ਥਾਂ ਬਣਾਉਣੀ ਹੈ ਤਾਂ ਉਸ ਨੂੰ ਵਿਅਕਤੀਗਤ ਸਿਆਸਤ ਨੂੰ ਪਿੱਛੇ ਛੱਡੇ ਕੇ ਆਪਣੀ ਪੰਥਕ ਹੋਂਦ ਨੂੰ ਅਪਣਾਉਣਾ ਅਤੇ ਕੌਮ ਦੇ ਸਰੋਕਾਰਾਂ ਦੀ ਰਾਖੀ ਲਈ ਕੰਮ ਕਰਨਾ ਚਾਹੀਦਾ ਹੈ।

ਅਕਾਲੀ ਆਗੂਆਂ ਨੇ ਕੀਤਾ ਸੁਖਬੀਰ ਦੀ ਚੋਣ ਦਾ ਸਵਾਗਤ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ,"ਸੁਖਬੀਰ ਸਿੰਘ ਬਾਦਲ ਵੱਡਾ ਦਿਲ-ਦਿਖਾਉਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ।"

"ਜਿਹੜੇ ਲੋਕ ਕਿਸੇ ਕਾਰਨਾਂ ਕਰਕੇ ਅਲੱਗ ਜਾਂ ਦੂਰ ਹੋਏ ਹਨ ਮੈਂ ਉਨ੍ਹਾਂ ਨੂੰ ਵੀ ਅਪੀਲ ਕਰਦਾਂ ਕਿ ਉਹ ਨਾਲ ਆਉਣ। ਲੋਕਾਂ ਦੀ ਇਹ ਮੰਗ ਹੈ।"

ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ,"ਹਾਲਾਤ ਦੇ ਆਧਾਰ ਉੱਤੇ ਪੰਜਾਬ ਵਿੱਚ ਜਿਸ ਤਰ੍ਹਾਂ ਦੀ ਸਿਆਸੀ ਸਥਿਤੀ ਬਣੀ ਹੋਈ ਹੈ ਉਸ ਨੂੰ ਚਲਾਉਣ ਵਾਸਤੇ ਕਿਸੇ ਦਲੇਰ ਅਤੇ ਤਾਕਤਵਰ ਆਦਮੀ ਦੀ ਲੋੜ ਹੈ।

"ਨਰਮ ਜਾਂ ਕਮਜ਼ੋਰ ਆਦਮੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਲੈ ਕੇ ਅੱਗੇ ਨਹੀਂ ਵੱਧ ਸਕਦਾ। ਇਸ ਲਈ ਅਕਾਲੀ ਦਲ ਦਾ ਫ਼ੈਸਲਾ ਠੀਕ ਹੈ। ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਕਿ ਕੀ ਵਿਰੋਧ ਕਰਨ ਵਾਲਿਆਂ ਨੂੰ ਵੀ ਨਾਲ ਲੈ ਲਿਆ ਜਾਵੇ।"

ਹਰਚਰਨ ਸਿੰਘ ਬੈਂਸ ਨੇ ਕਿਹਾ," ਅਕਾਲੀ ਦਲ ਦੇ ਇਤਿਹਾਸ ਵਿੱਚ ਕਈ ਅਜਿਹੇ ਮੌਕੇ ਆਏ ਹਨ ਜਦੋਂ ਬਹੁਤ ਹੀ ਸੰਕਟ ਦੇ ਸਮੇਂ ਵਿੱਚੋਂ ਅਕਾਲੀ ਦਲ ਉਭਰਿਆ। ਅੱਜ ਦਾ ਫ਼ੈਸਲਾ ਅਕਾਲੀ ਦਲ ਨੂੰ ਮੁੜ ਸੰਕਟ ਵਿੱਚੋਂ ਕੱਢਣ ਦਾ ਸਮਾਂ ਹੈ।"

"ਇਹ ਪਲ ਨੇ ਜਦੋਂ ਪੰਥ ਲਈ ਦਰਦ ਰੱਖਣ ਵਾਲੇ ਇੱਕ ਥਾਂ ਇਕੱਠੇ ਹੋਣਗੇ।

ਉਨ੍ਹਾਂ ਕਿਹਾ, "ਅਜਿਹਾ ਨਹੀਂ ਦੁਨੀਆ ਭਰ ਵਿੱਚ ਵੀ ਸਿਆਸੀ ਪਰਿਵਾਰਾਂ ਦੀਆਂ ਅਗ਼ਲੀਆਂ ਪੀੜੀਆਂ ਸਿਆਸਤ ਵਿੱਚ ਆਉਂਦੀਆਂ ਹਨ। ਇਹ ਫ਼ੈਸਲਾ ਪਾਰਟੀ ਦਾ ਨਹੀਂ ਬਲਕਿ ਲੋਕਾਂ ਦੇ ਉਤਸ਼ਾਹ ਦਾ ਹੈ।"

ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਨੇ ਕਿਹਾ,"ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਗੁੰਮਰਾਹ ਕੀਤਾ ਗਿਆ ਉਸ ਸਮੇਂ ਪਾਰਟੀ ਨੂੰ ਨੁਕਸਾਨ ਹੋਇਆ। ਪਰ ਹੁਣ ਲੋਕ ਮੁੜ ਸਾਨੂੰ ਯਾਦ ਕਰ ਰਹੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)