ਚੀਨ ਸੁਰੱਖਿਆ ਸੰਮੇਲਨ: ਕੀ ਅਮਰੀਕਾ ਵਿਰੋਧੀ ਅਧਿਆਏ ਦਾ ਮੁੱਢ ਬੱਝ ਰਿਹਾ ਹੈ? ਚੀਨ, ਰੂਸ ਸਮੇਤ ਭਾਰਤ ਦੀ ਕੀ ਭੂਮਿਕਾ ਰਹੇਗੀ?

ਚੀਨ ਅਤੇ ਰੂਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਚੀਨ ਦੀ ਫੇਰੀ ਅਲਾਸਕਾ ਤੋਂ ਵਾਪਸ ਆ ਕੇ ਪੁਤਿਨ ਲਈ ਇੱਕ ਵੱਡੀ ਜਿੱਤ ਹੋਵੇਗੀ
    • ਲੇਖਕ, ਅਲੈਕਸੀ ਕਲਮੇਕੋਵ
    • ਰੋਲ, ਬੀਬੀਸੀ ਨਿਊਜ਼ ਰੂਸੀ ਭਾਸ਼ਾ

ਇਹ ਮਹੀਨਾ ਵਿਸ਼ਵ ਸਿਆਸਤ ਲਈ ਇੱਕ ਲੰਬਾ ਮਹੀਨਾ ਹੋਣ ਜਾ ਰਿਹਾ ਹੈ।

ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਪੁਤਿਨ ਆਪਣੇ ਚੀਨੀ ਹਮਰੁਤਬਾ ਸ਼ੀ-ਜਿਨਪਿੰਗ ਕੋਲ ਇੱਕ ਪੱਛਮੀ ਪਾਬੰਦੀਆਂ ਤੋਂ ਘਬਰਾਏ ਹੋਏ ਕਿਸੇ ਵਿਅਕਤੀ ਵਜੋਂ, ਉਨ੍ਹਾਂ ਦੇ ਕਿਸੇ ਅਧੀਨ ਵਾਂਗ ਨਹੀਂ ਜਾ ਰਹੇ। ਸਗੋਂ ਉਹ ਇੱਕ ਅਜਿਹੇ ਵਿਸ਼ਵ ਆਗੂ ਦੀ ਹੈਸੀਅਤ ਵਜੋਂ ਜਾ ਰਹੇ ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਬਰਾਬਰੀ ਨਾਲ ਗੱਲ ਸਕਦਾ ਹੈ।

ਅਮਰੀਕਾ ਜੋ ਦੁਨੀਆਂ ਦੀ ਪ੍ਰਮੁੱਖ ਆਰਥਿਕ ਅਤੇ ਫੌਜੀ ਸ਼ਕਤੀ ਹੈ, ਉਹ ਚੀਨ ਦਾ ਇੱਕ ਮੁੱਖ ਸ਼ਰੀਕ ਵੀ ਹੈ।

ਚੀਨ ਦੀ ਫੇਰੀ ਅਲਾਸਕਾ ਤੋਂ ਵਾਪਸ ਆ ਕੇ ਪੁਤਿਨ ਲਈ ਇੱਕ ਵੱਡੀ ਜਿੱਤ ਹੋਵੇਗੀ। ਅਲਾਸਕਾ ਵਿੱਚ ਟਰੰਪ ਨੇ ਪੁਤਿਨ ਦਾ ਗਰਮ-ਜੋਸ਼ੀ ਨਾਲ ਸਵਾਗਤ ਕੀਤਾ ਸੀ। ਇਸ ਦੌਰਾਨ ਪੁਤਿਨ ਨੇ ਟੰਰਪ ਨੂੰ ਸਮਝਾ ਦਿੱਤਾ ਸੀ ਕਿ ਉਹ ਯੂਕਰੇਨ ਉੱਤੇ ਬੰਬ ਸੁੱਟਣੋਂ ਹਟ ਜਾਣ ਦੀ ਆਪਣੀ ਮੰਗ ਦਾ ਖਹਿੜਾ ਛੱਡ ਦੇਣ ਅਤੇ ਰੂਸ ਉੱਤੇ ਨਵੀਂ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਦੇਣੋਂ ਵੀ ਹਟ ਜਾਣ।

ਚੀਨ ਵਿੱਚ ਵੀ ਪੁਤਿਨ ਦਾ ਸਵਾਗਤ ਹੋਇਆ ਅਤੇ ਇੱਕ ਦਰਜਨ ਤੋਂ ਜ਼ਿਆਦਾ ਖੇਤਰੀ ਆਗੂ ਉਨ੍ਹਾਂ ਨੂੰ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਦੋ ਦਿਨਾਂ, ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸੰਮੇਲਨ ਦੌਰਾਨ ਮਿਲੇ।

ਇਸ ਸਮੂਹ ਦੇ ਮੈਂਬਰਾਂ ਵਿੱਚ ਉੱਤਰੀ ਕੋਰੀਆ ਦੇ ਆਗੂ ਕਿੰਮ-ਯੋਂਗ-ਉਨ, ਜੋ ਪੱਛਮ ਵਿਰੋਧੀ ਹੋ-ਹੱਲੇ ਤੋਂ ਅਣਜਾਣ ਤਾਂ ਕਤਈ ਨਹੀਂ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਬੀਜਿੰਗ ਅਤੇ ਵਾਸ਼ਿੰਗਟਨ ਦੋਵਾਂ ਨਾਲ ਹੀ ਰਿਸ਼ਤੇ ਬਹੁਤ ਪੇਚੀਦਾ ਹਨ।

ਲੇਕਿਨ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਹੈ।

ਆਗੂ ਬੁੱਧਵਾਰ ਨੂੰ ਬੀਜਿੰਗ ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਦੀ ਵਰ੍ਹੇਗੰਢ ਦੀ ਯਾਦ ਵਜੋਂ ਕੱਢੀ ਜਾ ਰਹੀ ਪਰੇਡ ਵਿੱਚ ਸ਼ਿਰਕਤ ਕਰਨਗੇ। ਇਹ ਪਰੇਡ "ਜਪਾਨੀ ਹਮਲੇ ਦੇ ਵਿਰੁੱਧ ਪ੍ਰਤੀਰੋਧ ਦੀ ਜੰਗ ਵਿੱਚ ਚੀਨੀ ਲੋਕਾਂ ਅਤੇ ਵਿਸ਼ਵ-ਫਾਸ਼ੀਵਾਦ ਵਿਰੋਧੀ ਜੰਗ (ਦੂਜੇ ਵਿਸ਼ਵ ਯੁੱਧ) ਦੀ ਜਿੱਤ" ਦਾ ਜਸ਼ਨ ਮਨਾਵੇਗੀ।

ਇਸ ਲਈ ਕੀ ਚੀਨ ਵਿੱਚ ਇਸ ਹਫ਼ਤੇ ਹੋਣ ਵਾਲੇ ਘਟਨਾਕ੍ਰਮ ਵਿਸ਼ਵ ਪੱਧਰ ਉੱਤੇ ਬਣ ਰਹੇ ਅਮਰੀਕਾ-ਵਿਰੋਧੀ ਗਠਜੋੜ ਦੀ ਮਜ਼ਬੂਤੀ ਦਾ ਸੰਕੇਤ ਹਨ?

ਕੀ ਰੂਸ-ਭਾਰਤ-ਚੀਨ ਦਾ ਮੁਹਾਜ਼ ਉਹ ਸ਼ਕਤੀਸ਼ਾਲੀ ਸਮੂਹ ਹੈ ਜਿਸਦਾ ਟੀਚਾ ਵਿਸ਼ਵੀ ਮਾਮਲਿਆਂ ਵਿੱਚ ਪੱਛਮੀ ਦਬਦਬੇ ਦੇ ਸੰਤੁਲਨ ਨੂੰ ਠੀਕ ਕਰਨਾ ਹੈ? ਲੇਕਿਨ ਇਹ ਸਮੂਹ ਤਾਂ ਪਿਛਲੇ ਪੰਜਾਂ ਸਾਲਾਂ ਤੋਂ ਸੁਸਤ ਪਿਆ ਹੈ ਅਤੇ ਉਦੋਂ ਜਾਗ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਟਰੇਡ ਯੁੱਧ ਗਰਮ ਹੋ ਰਹੇ ਹਨ?

ਪੁਤਿਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਜੇ ਟਰੰਪ ਪੁਤਿਨ ਦੇ ਸਾਹਮਣੇ ਯੂਕਰੇਨ ਦੇ ਮਸਲੇ ਉੱਤੇ ਗੋਡੇ ਵੀ ਟੇਕ ਦੇਣ ਅਤੇ ਪਾਬੰਦੀਆਂ ਵੀ ਹਟਾ ਲੈਣ ਤਾਂ ਵੀ ਰੂਸ ਚੀਨ ਤੋਂ ਮੂੰਹ ਨਹੀਂ ਮੋੜੇਗਾ

ਟਰੰਪ ਪੁਤਿਨ ਅਤੇ ਸ਼ੀ ਵਿਚਾਲੇ ਝਗੜਾ ਨਹੀਂ ਕਰਵਾ ਸਕਦੇ

ਪੁਤਿਨ ਦੀ ਇਹ ਆਮ ਨਾਲੋਂ ਲੰਬੀ ਚੀਨ ਫੇਰੀ, ਦੁਨੀਆਂ ਨੂੰ ਚੀਨ ਅਤੇ ਰੂਸ ਦੀ "ਅਸੀਮ ਮਿੱਤਰਤਾ" ਨੂੰ ਦਿਖਾਉਣ ਦੀ ਕੋਸ਼ਿਸ਼ ਹੈ। ਇਹ ਦੋਸਤੀ ਸਮੇਂ ਨਾਲ ਸਿਰਫ਼ ਗੂੜ੍ਹੀ ਹੀ ਹੋ ਰਹੀ ਹੈ ਅਤੇ ਅਮਰੀਕਾ ਦੀਆਂ ਇਨ੍ਹਾਂ ਯਾਰਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਨੇ ਅਜੇ ਤੱਕ ਮੂਧੇ ਮੂੰਹ ਹੀ ਡਿੱਗੀਆਂ ਹਨ।

ਜੇ ਟਰੰਪ ਪੁਤਿਨ ਦੇ ਸਾਹਮਣੇ ਯੂਕਰੇਨ ਦੇ ਮਸਲੇ ਉੱਤੇ ਗੋਡੇ ਵੀ ਟੇਕ ਦੇਣ ਅਤੇ ਪਾਬੰਦੀਆਂ ਵੀ ਹਟਾ ਲੈਣ ਤਾਂ ਵੀ ਰੂਸ ਚੀਨ ਤੋਂ ਮੂੰਹ ਨਹੀਂ ਮੋੜੇਗਾ।

ਵਿਸ਼ਲੇਸ਼ਕ ਧਿਆਨ ਦਿਵਾਉਂਦੇ ਹਨ ਕਿ 1970 ਦੇ ਦਹਾਕੇ ਦੌਰਾਨ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਸੈਕਰੇਟਰੀ ਆਫ਼ ਸਟੇਟ ਹੈਨਰੀ ਕਿਸਿੰਗਰ, ਚੀਨ ਨੂੰ ਸੋਵੀਅਤ ਰੂਸ ਦੇ ਪ੍ਰਭਾਵ ਵਿੱਚੋਂ ਕੱਢਣ ਵਿੱਚ ਕਾਮਯਾਬ ਰਹੇ ਸਨ। ਲੇਕਿਨ ਉਸ ਸਮੇਂ ਚੀਨ ਅਤੇ ਰੂਸ ਦੇ ਰਿਸ਼ਤਿਆਂ ਵਿੱਚ ਲੋੜੀਂਦਾ ਤਣਾਅ ਪਹਿਲਾਂ ਤੋਂ ਮੌਜੂਦ ਸੀ। ਲੇਕਿਨ ਹੁਣ ਸਥਿਤੀ ਭਿੰਨ ਹੈ।

ਏਸ਼ੀਆ ਸੋਸਾਈਟੀ ਪਾਲਿਸੀ ਇੰਸਟੀਚਿਊਟ ਵਿੱਚ ਚੀਨ-ਰੂਸ ਸੰਬੰਧਾਂ ਦੇ ਮਾਹਰ, ਪੈਰੀ ਐਂਡਰਿਊ ਦੱਸਦੇ ਹਨ, "ਚੀਨ ਉੱਤੇ ਟਰੇਡ ਦਾ ਦਬਾਅ ਬਣਾ ਕੇ ਟਰੰਪ ਪ੍ਰਸ਼ਾਸਨ ਸਿਰਫ ਚੀਨ ਅਤੇ ਰੂਸ ਦੇ ਸੰਬੰਧਾਂ ਨੂੰ ਮਜ਼ਬੂਤ ਹੀ ਕਰ ਰਿਹਾ ਹੈ। ਦੋਵਾਂ ਦੇਸਾਂ ਦੇ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੇ ਕੋਈ ਸਾਰਥਕ ਨਤੀਜੇ ਨਹੀਂ ਨਿਕਲੇ ਹਨ।" ਪੈਰੀ ਐਂਡਰਿਊ ਰੂਸ, ਤਜਾਕਿਸਤਾਨ ਅਤੇ ਮੌਲਡੋਵਾ ਵਿੱਚ ਫਰਾਂਸੀਸੀ ਸਫ਼ੀਰ ਵੀ ਰਹੇ ਹਨ।

ਸੈਂਟਰ ਫਾਰ ਯੂਰੋਪੀਅਨ ਪਾਲਿਸੀ ਅਨੈਲਿਸਿਸ ਵਿੱਚ ਰੂਸ-ਚੀਨ ਸੰਬੰਧਾਂ ਦੇ ਇੱਕ ਹੋਰ ਬੇਨਾਮ ਮਾਹਰ, ਦੱਸਦੇ ਹਨ,"ਜੇ ਅਮਰੀਕਾ ਦਾ ਪੈਂਤੜਾ ਯੂਕਰੇਨ ਯੁੱਧ ਨੂੰ ਬੰਦ ਕਰਵਾ ਕੇ ਅਤੇ ਰੂਸ ਉੱਤੋਂ ਕੁਝ ਪਾਬੰਦੀਆਂ ਹਟਾ ਕੇ ਮਾਸਕੋ ਅਤੇ ਬੀਜਿੰਗ ਵਿੱਚ ਪਾੜ ਪਾਉਣ ਦਾ ਹੈ, ਤਾਂ ਵਾਸ਼ਿੰਗਟਨ ਇਸ ਹਿੱਸੇਦਾਰੀ ਦੀ ਡੂੰਘਾਈ ਅਤੇ ਪੇਚੀਦਗੀ ਨੂੰ ਹਲਕੇ ਵਿੱਚ ਲੈਣ ਦੀ ਭੁੱਲ ਕਰ ਰਿਹਾ ਹੈ।"

ਚੀਨ ਅਤੇ ਰੂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਚੀਨ ਅਤੇ ਰੂਸ ਵਿਚਕਾਰ ਜ਼ਿਆਦਾਤਰ ਗਠਜੋੜ ਇਸਦੇ ਨੇਤਾਵਾਂ ਵਿਚਕਾਰ ਨਿੱਜੀ ਸਬੰਧਾਂ 'ਤੇ ਨਿਰਭਰ ਕਰਦਾ ਹੈ

ਪੱਛਮੀ ਕੰਪਨੀਆਂ ਦੀ ਵਿਦਾਈ ਤੋਂ ਬਾਅਦ ਚੀਨ ਰੂਸੀ ਊਰਜਾ ਸਰੋਤਾਂ ਦਾ ਪ੍ਰਮੁੱਖ ਖ਼ਰੀਦਦਾਰ ਅਤੇ ਕਾਰਾਂ ਅਤੇ ਹੋਰ ਵਸਤਾਂ ਦਾ ਪ੍ਰਮੁੱਖ ਪੂਰਤੀਕਾਰ ਬਣ ਗਿਆ ਹੈ। ਇਸ ਤੋਂ ਇਲਾਵਾ, ਯੂਕਰੇਨ ਉੱਤੇ ਹਮਲੇ ਨੇ ਰੂਸ-ਚੀਨ ਦੋਸਤੀ ਦੀ ਵਿਚਾਰਧਾਰਕ ਸਾਂਝ ਨੂੰ ਪੱਕੇਰਾ ਹੀ ਕੀਤਾ ਹੈ।

ਐਂਡਰਿਊ ਮੁਤਾਬਕ, "ਦੋਵੇਂ ਦੇਸ ਪੱਛਮੀ ਉਦਾਰਵਾਦ ਅਤੇ ਅਮਰੀਕੀ 'ਸ੍ਰੇਸ਼ਠਤਾ' ਨੂੰ ਚੁਣੌਤੀ ਦੇ ਰਹੇ ਹਨ। ਦੋਵੇਂ ਦੇਸ ਪ੍ਰਮਾਣੂ ਸ਼ਕਤੀਆਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਹਨ। ਉਨ੍ਹਾਂ ਦੇ ਰਣਨੀਤਿਕ ਹਿੱਤ ਸਾਂਝੇ ਹਨ।"

ਉਹ ਲਿਖਦੇ ਹਨ,"ਆਰਥਿਕ ਪੱਖੋਂ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਰੂਸ ਕੱਚੇ ਮਾਲ ਦੀ ਸ਼ਕਤੀ ਹੈ, ਚੀਨ ਸਨਅਤੀ ਅਤੇ ਤਕਨੀਕੀ ਸ਼ਕਤੀ ਹੈ।"

ਲੇਕਿਨ ਐਂਡਰਿਊ ਦੀ ਰਾਇ ਹੈ ਕਿ ਇਨ੍ਹਾਂ ਦੋਵਾਂ ਦੇਸਾਂ ਦੇ ਆਗੂਆਂ ਦੇ ਨਿੱਘੇ ਆਪਸੀ ਸੰਬੰਧ ਇਸਦੀ ਕੁੰਜੀ ਹਨ।

ਪੁਤਿਨ ਅਤੇ ਸ਼ੀ ਵਿੱਚ ਕਾਫ਼ੀ ਸਾਂਝਾਂ ਹਨ। ਦੋਵੇਂ ਹਮਉਮਰ (72) ਹਨ, ਦੋਵੇਂ ਸੋਵੀਅਤ ਕਾਲ ਵਿੱਚ ਵੱਡੇ ਹੋਏ ਹਨ, ਲੰਬੇ ਸਮੇਂ ਤੋਂ ਸਤਾ ਵਿੱਚ ਹਨ। ਦੋਵਾਂ ਨੇ ਅਧਿਕਾਰਵਾਦੀ ਸ਼ਾਸਨ ਸਥਾਪਿਤ ਕੀਤੇ ਹਨ ਅਤੇ ਵਿਰੋਧ ਨੂੰ ਸਹਿਣ ਕਰਨ ਵਾਲੇ ਨਜ਼ਰ ਨਹੀਂ ਆਉਂਦੇ।

ਸਾਲ 2022 ਵਿੱਚ ਯੂਕਰੇਨ ਉੱਤੇ ਹਮਲੇ ਤੋਂ ਬਿਲਕੁਲ ਪਹਿਲਾਂ ਪੁਤਿਨ ਨੇ ਸ਼ੀ ਨਾਲ ਇੱਕ ਬਿਆਨ ਸਹੀ ਪਾਈ, "ਸਰਹੱਦਾਂ ਤੋਂ ਪਾਰ ਦੀ ਦੋਸਤੀ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਸਹਿਯੋਗ"। ਸ਼ੀ ਪੁਤਿਨ ਨੂੰ "ਪਿਆਰਾ ਮਿੱਤਰ" ਸੱਦਦੇ ਹਨ। ਕਿਸੇ ਵੀ ਹੋਰ ਵਿਸ਼ਵ ਆਗੂ ਦੀ ਤੁਲਨਾ ਵਿੱਚ ਉਹ ਪੁਤਿਨ ਨੂੰ ਜ਼ਿਆਦਾ ਵਾਰ (40) ਮਿਲੇ ਹਨ।

ਲੇਕਿਨ ਇਹ ਫੇਰੀ ਖਾਸ ਹੈ।

ਵਾਸ਼ਿੰਗਟਨ ਵਿੱਚ ਬਰੂਕਿੰਗਸ ਇੰਸਟੀਚਿਊਟ ਵਿੱਚ ਚੀਨੀ ਦੀ ਵਿਦੇਸ਼ ਨੀਤੀ ਅਤੇ ਅਮਰੀਕਾ-ਚੀਨ ਸੰਬੰਧਾਂ ਦੇ ਮਾਹਰ ਪੈਟਰਿਸ਼ੀਆ ਕਿੰਮ ਦੱਸਦੇ ਹਨ, ਪੁਤਿਨ ਦੀ "ਲਗਾਮ ਛੋਟੀ ਰੱਖਣ" ਅਤੇ ਪੱਛਮ ਵੱਲ ਜਾਣ ਤੋਂ ਰੋਕੀ ਰੱਖਣ ਵਿੱਚ ਚੀਨ ਨੂੰ ਵੀ ਫਾਇਦਾ ਹੈ। ਲੇਕਿਨ ਚੀਨ ਰੂਸ ਨੂੰ ਹੋਰ ਮਜ਼ਬੂਤ ਵੀ ਨਹੀਂ ਹੋਣ ਦੇਣਾ ਚਾਹੁੰਦਾ।

ਕਿੰਮ ਮੁਤਾਬਕ, "ਬੀਜਿੰਗ ਲਈ ਆਦਰਸ਼ ਸਿੱਟਾ ਇੱਕ ਅਜਿਹਾ ਰੂਸ ਹੈ ਜੋ ਅਮਰੀਕਾ ਦਾ ਮੁਕਾਬਲਾ ਕਰਨ ਲਈ ਤਾਂ ਤਕੜਾ ਹੋਵੇ ਪਰ ਇੰਨਾ ਕੁ ਕਮਜ਼ੋਰ ਹੋਵੇ ਜੋ ਚੀਨ ਦੀ ਪਰਿਕਰਮਾ ਵਿੱਚ ਰਹੇ।"

ਐਂਡਰਿਊ ਦੱਸਦੇ ਹਨ,"ਰੂਸ ਚੀਨ ਲਈ ਇੱਕ ਉਪਯੋਗੀ ਹਿੱਸੇਦਾਰ ਹੈ। ਇਹ ਸ਼ੀ ਦੀ ਘਰ ਅਤੇ ਸਮੁੱਚੇ ਕੇਂਦਰੀ ਏਸ਼ੀਆ ਖਿੱਤੇ ਵਿੱਚ ਸਥਿਰਤਾ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ। ਇਹ ਬੀਜਿੰਗ ਦੀ ਵਿਸ਼ਵੀ ਦੱਖਣ ਤੋਂ ਮਦਦ ਹਾਸਲ ਕਰਨ ਵਿੱਚ ਅਤੇ ਪੱਛਮੀ ਮਾਡਲ ਅਤੇ ਵਿਸ਼ਵ ਆਰਡਰ ਦੇ ਬਦਲ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦਾ ਹੈ।"

ਚੀਨ ਅਤੇ ਰੂਸ

ਮੋਦੀ ਦਾ ਦਾਖ਼ਲਾ

ਇਸ ਬਲਾਕ ਦਾ ਤੀਜਾ ਮੈਂਬਰ ਹੈ, ਭਾਰਤ, ਜਿਸਦੇ ਚੀਨ ਅਤੇ ਅਮਰੀਕਾ ਨਾਲ ਆਪਣੇ ਤਣਾਅਪੂਰਨ ਸੰਬੰਧ ਹਨ ਅਤੇ ਇਸ ਤਰ੍ਹਾਂ ਸੰਭਾਵੀ ਤੌਰ 'ਤੇ ਬਲਾਕ ਦੇ ਮੁੜ ਸੁਰਜੀਤ ਹੋਣ ਦੀਆਂ ਕਿਸੇ ਵੀ ਉਮੀਦਾਂ ਨੂੰ ਖ਼ਤਮ ਕਰ ਸਕਦਾ ਹੈ।

ਸੱਤ ਸਾਲਾਂ ਦੌਰਾਨ ਮੋਦੀ ਪਹਿਲੀ ਵਾਰ ਚੀਨ ਵਿੱਚ ਹਨ। ਉਨ੍ਹਾਂ ਦੀ ਸ਼ੀ ਨਾਲ ਤਿਆਨਜਿਨ ਵਿੱਚ ਐੱਸਸੀਓ ਸੰਮੇਲਨ ਦੌਰਾਨ ਮੁਲਾਕਾਤ, ਬਹੁਤ ਮਹੱਤਵਪੂਰਨ ਹੈ। ਸਾਲ 2020 ਵਿੱਚ ਸਰਹੱਦੀ ਵਿਵਾਦ ਅਤੇ ਗਲਵਾਨ ਘਾਟੀ ਝੜਪ ਤੋਂ ਬਾਅਦ ਦੋਵਾਂ ਮੁਲਕਾਂ ਵਿੱਚ ਬਹੁਤ ਘੱਟ ਗੱਲਬਾਤ ਹੋਈ ਹੈ।

ਲੇਕਿਨ ਭਾਰਤੀ ਆਰਥਿਕਤਾ ਉੱਤੇ ਛਾਏ ਕਾਲੇ ਬੱਦਲਾਂ ਨੇ ਉਸ ਲਈ ਜ਼ਮੀਨੀ ਸਚਾਈ ਨੂੰ ਬਦਲ ਦਿੱਤਾ ਹੈ। ਟਰੰਪ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਖ਼ਰੀਦ ਜਾਰੀ ਰੱਖਣ ਦੀ ਸਜ਼ਾ ਵਜੋਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਨੇ ਦੋ ਸਾਬਕਾ ਦੁਸ਼ਮਣਾਂ ਨੂੰ ਨੇੜੇ ਲੈ ਆਂਦਾ ਹੈ।

ਸ਼ੀ ਨੇ ਮੋਦੀ ਨੂੰ ਦੱਸਿਆ ਕਿ ਚੀਨ ਤੇ ਅਮਰੀਕਾ ਹਿੱਸੇਦਾਰ ਬਣ ਸਕਦੇ ਹਨ, ਸ਼ਰੀਕ ਨਹੀਂ। ਜਦਕਿ ਮੋਦੀ ਨੇ ਕਿਹਾ, "ਹੁਣ ਦੋਵਾਂ ਵਿੱਚ ਇੱਕ ਸ਼ਾਤੀ ਅਤੇ ਸਥਿਤਰਤਾ ਦਾ ਵਾਤਾਵਰਣ" ਹੈ।

ਦੋਵੇਂ ਦੇਸ ਨਾ ਸਿਰਫ਼ ਦੁਨੀਆਂ ਦੇ ਸਭ ਤੋਂ ਘੁੱਗ ਵਸਦੇ ਮੁਲਕ ਹਨ ਸਗੋਂ ਦੁਨੀਆਂ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵੀ ਹਨ।

ਮੋਦੀ ਨੇ ਐਲਾਨ ਕੀਤਾ ਕਿ ਪੰਜ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਦੇ ਸਰਹੱਦੀ ਵਿਵਾਦ ਤੋਂ ਮੁੱਅਤਲ ਚੱਲੀਆਂ ਆ ਰਹੀਆਂ ਉਡਾਣਾਂ, ਮੁੜ ਸ਼ੁਰੂ ਹੋਣਗੀਆਂ। ਹਾਲਾਂਕਿ ਇਸ ਲਈ ਉਨ੍ਹਾਂ ਨੇ ਕੋਈ ਸਮਾਂ ਸੀਮਾ ਨਹੀਂ ਦਿੱਤੀ।

ਸ਼ੀ ਨੇ ਕਿਹਾ, "ਦੋਵੇਂ ਧਿਰਾਂ ਨੂੰ ਰਣਨੀਤੀਕਿ ਉਚਾਈ ਤੋਂ ਅਤੇ ਦੂਰ-ਦ੍ਰਿਸ਼ਟੀ ਨਾਲ ਇਸ ਰਿਸ਼ਤੇ ਨੂੰ ਦੇਖਣਾ ਚਾਹੀਦਾ ਹੈ।" ਉਨ੍ਹਾਂ ਨੇ ਕਿਹਾ "ਦੋਸਤ ਬਣ ਜਾਣਾ ਹੀ ਦੋਵਾਂ ਧਿਰਾਂ ਲਈ ਸਹੀ ਚੋਣ ਹੈ।"

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Pablo Porciuncula/AFP via Getty Images

ਤਸਵੀਰ ਕੈਪਸ਼ਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਰੂਸ ਵਰਗੇ ਦੇਸ਼ਾਂ ਨੂੰ ਸੰਤੁਲਿਤ ਕਰਨ ਦੀ ਇੱਕ ਨਾਜ਼ੁਕ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।

ਇਸਦਾ ਭਵਿੱਖ ਦੇ ਗਠਜੋੜ ਲਈ ਕੀ ਮਤਲਬ ਹੈ?

ਵਿਸ਼ਲੇਸ਼ਕ ਕਹਿੰਦੇ ਹਨ ਕਿ ਤਿੰਨ ਮੁਲਕਾਂ ਦਾ ਵੱਡਾ ਆਰਆਈਸੀ, ਕਾਰਗਰ ਰੂਪ ਵਿੱਚ ਸੁਰਜੀਤ ਹੋ ਗਿਆ ਹੈ। ਜਿਹਾ ਕਿ ਰੂਸ ਅਤੇ ਚੀਨ ਦੋਵਾਂ ਨੇ ਕਿਹਾ ਹੈ ਕਿ ਉਹ ਦੇਖਣਾ ਚਾਹੁੰਦੇ ਹਨ। ਦੁਨੀਆਂ ਦੀਆਂ ਕੁਝ ਸਭ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਇਸਦਾ ਹਿੱਸਾ ਹਨ।

ਇਹ ਹੋਰ ਗਠਜੋੜਾਂ ਜਿਵੇਂ ਕਿ ਬਰਿਕਸ (ਜੋ ਕਿ ਸਾਲ 2006 ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਵੱਲੋਂ ਸਥਾਪਿਤ ਕੀਤਾ ਗਿਆ ਸੀ) ਦੇ ਨਾਲ ਵਾਸ਼ਿੰਗਟਨ ਦੇ ਵਧ ਰਹੇ ਪ੍ਰਭਾਵ ਦਾ ਮੁਕਾਬਲਾ ਕਰ ਸਕਦਾ ਹੈ।

ਲੇਕਿਨ ਭਾਰਤ ਨੂੰ ਇਸ ਵਿੱਚ ਬਹੁਤ ਹੀ ਨਾਜ਼ੁਕ ਤੇ ਸੰਤੁਲਿਤ ਭੂਮਿਕਾ ਨਿਭਾਉਣੀ ਪਵੇਗੀ। ਟਰੰਪ ਦੇ ਟੈਰਿਫ਼ਾਂ ਦੀਆਂ ਆਰਥਿਕ ਹਕੀਕਤਾਂ ਦੇ ਬਾਵਜੂਦ ਉਸ ਨੂੰ ਚੀਨ ਨਾਲ ਆਪਣੀਆਂ ਭਰੋਸੇ ਦੀਆਂ ਡੂੰਘੀਆਂ ਸਮੱਸਿਆਵਾਂ ਨਾਲ ਵੀ ਨਜਿੱਠਣਾ ਪਵੇਗਾ।

ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਇੱਕ ਸੁਤੰਤਰ ਵਿਦੇਸ਼ ਨੀਤੀ ਕਾਇਮ ਰੱਖਣੀ ਚਾਹੁੰਦਾ ਹੈ। ਚੀਨ ਨਾਲ ਵਾਪਰੇ ਤਾਜ਼ਾ ਸਰਹੱਦੀ ਤਣਾਅ ਦੀਆਂ ਯਾਦਾਂ ਵੀ ਅਜੇ ਤਾਜ਼ਾ ਹਨ। ਭਾਰਤ ਨੂੰ ਚੀਨ ਦੇ ਪਾਕਿਸਤਾਨ ਨਾਲ ਨਜ਼ਦੀਕੀ ਸੰਬੰਧਾਂ ਦੀ ਵੀ ਚਿੰਤਾ ਹੈ।

ਇਸ ਤੋਂ ਇਲਾਵਾ, ਦਹਾਕਿਆਂ ਦੀ ਵਿਦੇਸ਼ ਨੀਤੀ ਜਿਸ ਨੇ ਭਾਰਤ ਨੂੰ ਅਮਰੀਕਾ ਦੇ ਨੇੜੇ ਲਿਆ ਖੜ੍ਹਾ ਕੀਤਾ ਹੈ, ਉਹ ਵੀ ਸ਼ਾਇਦ ਤਿਆਗਣੀ ਪਵੇਗੀ। ਕਿਸੇ ਅਮਰੀਕਾ ਵਿਰੋਧੀ ਮੁਹਾਜ਼ ਦਾ ਮੈਂਬਰ ਬਣਨ ਲਈ ਕਿਸੇ ਵੀ ਦੇਸ ਲਈ ਇਹ ਸ਼ਾਇਦ ਬਹੁਤ ਭਾਰੀ ਕੀਮਤ ਹੋਵੇਗੀ।

ਫਿਰ ਵੀ ਇਸ ਹਫ਼ਤੇ ਦੇ ਘਟਨਾਕ੍ਰਮ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ।

ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦੋਸਤੀ ਦੇ ਜਨਤਕ ਪ੍ਰਦਰਸ਼ਨ ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ ਵਿਚਕਾਰ ਦੇਖੇ ਗਏ ਠਜੋੜ ਦੀ ਯਾਦ ਦਿਵਾਉਂਦੇ ਹਨ

ਪੁਤਿਨ, ਕਿੰਮ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਉਨ੍ਹਾਂ 26 ਰਾਸ਼ਟਰ ਮੁਖੀਆਂ ਵਿੱਚੋਂ ਹਨ ਜੋ ਬੀਜਿੰਗ ਵਿੱਚ ਹੋਣ ਜਾ ਰਹੀ ਫੌਜੀ ਪਰੇਡ ਵਿੱਚ ਸ਼ਿਰਕਤ ਕਰ ਸਕਦੇ ਹਨ।

ਬਹੁਤ ਧਿਆਨ ਨਾਲ ਵਿਉਂਤੇ ਗਏ ਇਸ ਸਮਾਗਮ ਵਿੱਚ ਹਜ਼ਾਰਾਂ ਫੌਜੀ ਜਵਾਨ ਪਰੇਡ ਕਰਦੇ ਹੋਏ ਇਤਿਹਾਸਕ ਤਿਆਨਮਿਨ ਚੌਰਾਹੇ ਤੋਂ ਗੁਜ਼ਰਨਗੇ। ਇਸ ਵਿੱਚ ਚੀਨੀ ਫੌਜ ਦੀਆਂ ਅਖੌਤੀ 45 ਫੌਜੀ ਟੁਕੜੀਆਂ ਦੇ ਸੈਨਿਕਾਂ ਤੋਂ ਇਲਾਵਾ ਸਾਬਕਾ ਜੰਗੀ ਸੈਨਿਕ ਵੀ ਸ਼ਾਮਿਲ ਹੋਣਗੇ।

ਏਸ਼ੀਆ ਸੋਸਾਈਟੀ ਪਾਲਿਸੀ ਇੰਸਟੀਚਿਊਟ ਦੇ ਚੀਨ ਮਾਮਲਿਆ ਦੇ ਮਾਹਰ ਨੀਲ ਥੌਮਸ ਦਾ ਸਵਾਲ ਹੈ, "ਇਤਿਹਾਸ ਵਿੱਚ ਪਹਿਲੀ ਵਾਰ ਤਿੰਨ ਸਤੰਬਰ ਨੂੰ ਬੀਜਿੰਗ ਵਿੱਚ ਹੋਣ ਵਾਲੀ ਫੌਜੀ ਪਰੇਡ ਵਿੱਚ ਚੀਨ, ਰੂਸ, ਇਰਾਨ ਅਤੇ ਉੱਤਰੀ ਕੋਰੀਆ ਦੇ ਆਗੂ, ਇੱਕ ਥਾਂ ਇਕੱਠੇ ਹੋਣਗੇ। ਕੀ ਇਹ ਇਕੱਠ 'ਤਾਨਾਸ਼ਾਹੀਆਂ ਦੇ ਧੁਰੇ' ਦਾ ਪਹਿਲਾ ਸੰਮੇਲਨ ਹੋਵੇਗਾ?"

ਉਹ ਕਹਿੰਦੇ ਹਨ ਕਿ ਗਠਜੋੜ ਦੇ ਦੂਰ ਰਸੀ ਹੋਣ ਦੀ ਸੰਭਾਵਨਾ ਥੋੜ੍ਹੀ ਹੈ ਕਿਉਂਕਿ ਇਸਦੇ ਹਿੱਸੇਦਾਰਾਂ ਦੇ ਉਦੇਸ਼ ਵੱਖੋ-ਵੱਖ ਹਨ ਅਤੇ ਉਨ੍ਹਾਂ ਵਿੱਚ ਆਪਸੀ ਭਰੋਸਾ ਨਹੀਂ ਹੈ।

ਉਹ ਕਹਿੰਦੇ ਹਨ,"ਲੇਕਿਨ ਪੁਤਿਨ, ਪੇਜ਼ੇਸ਼ਕੀਅਨ ਅਤੇ ਕਿੰਮ ਦੀ ਮੌਜੂਦਗੀ, ਚੀਨ ਦੀ ਦੁਨੀਆਂ ਦੀ ਪ੍ਰਮੁੱਖ ਅਧਿਕਾਰਵਾਦੀ ਸ਼ਕਤੀ ਵਜੋਂ ਭੂਮਿਕਾ ਨੂੰ ਹੋਰ ਵੀ ਪੱਕਾ ਕਰਦੀ ਹੈ।"

ਸਪੱਸ਼ਟ ਹੈ ਕਿ ਇਸ ਹਫ਼ਤੇ ਚੀਨ ਵਿੱਚ ਹੋਣ ਵਾਲੀਆਂ ਘਟਨਾਵਾਂ, ਸ਼ਾਇਦ ਵਾਸ਼ਿੰਗਟਨ ਦਾ ਮੁਕਾਬਲਾ ਕਰਨ ਲਈ ਐੱਸਸੀਓ,ਆਰਆਈਸੀ ਅਤੇ ਬਰਿਕਸ ਵਰਗੇ ਗਠਜੋੜਾਂ ਦੀ ਭੂਮਿਕਾ ਦਾ ਪ੍ਰਦਰਸ਼ਨ ਤਾਂ ਭਾਵੇਂ ਨਾ ਹੋਣ ਪਰ ਇਹ ਭਵਿੱਖ ਵਿੱਚ ਅਜਿਹੇ ਕਿਸੇ ਵੀ ਗਠਜੋੜ ਦੇ ਕੇਂਦਰ ਵਿੱਚ ਚੀਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

ਬੀਬੀਸੀ ਗਲੋਬਲ ਜਰਨਲਿਜ਼ਮ ਅਤੇ ਬੀਬੀਸੀ ਨਿਊਜ਼ ਦੀ ਸਹਿਯੋਗੀ ਰਿਪੋਰਟਿੰਗ ਦੇ ਨਾਲ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)