ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ: ‘ਜਵਾਨ ਪੁੱਤ ਦੀ ਮੌਤ ਤੋਂ ਬਾਅਦ ਜ਼ਿੰਦਗੀ ਨਵੀਂ ਸਿਰਿਓਂ ਸ਼ੁਰੂ ਕਰਨਾ ਬਹੁਤ ਹਿੰਮਤ ਦੀ ਗੱਲ’

ਤਸਵੀਰ ਸਰੋਤ, charan Kaur/Insta
- ਲੇਖਕ, ਸੁਰਿੰਦਰ ਮਾਨ ਅਤੇ ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਬੀਤੇ ਸ਼ਨੀਵਾਰ ਨੂੰ ਮਰਹੂਮ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਦੂਜੇ ਬੱਚੇ ਨੂੰ ਜਨਮ ਦਿੱਤਾ।
ਵਡੇਰੀ ਉਮਰ ਵਿੱਚ ਬੱਚਾ ਪੈਦਾ ਕਰਨ ਦੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਕਾਫੀ ਚਰਚਾ ਹੋ ਰਹੀ ਹੈ।
ਇਸ ਬੱਚੇ ਦੇ ਜਨਮ ਲਈ ਉਨ੍ਹਾਂ ਨੇ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਸੀ।
ਇਸ ਮਗਰੋਂ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਪ੍ਰਸ਼ੰਸਕ ਜਿੱਥੇ ਖੁਸ਼ੀ ਵਿੱਚ ਖੀਵੇ ਹੋ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਪਿੰਡ ਦਾ ਮਾਹੌਲ ਵੀ ਖ਼ੁਸ਼ਨੁਮਾ ਹੈ।
ਸੋਮਵਾਰ ਨੂੰ ਚਰਨ ਕੌਰ ਨੇ ਆਪਣੇ ਮਰਹੂਮ ਪੁੱਤਰ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਕੀਤਾ।
ਉਨ੍ਹਾਂ ਨੇ ਲਿਖਿਆ, “ਸੁਭਾਗ ਸੁਲੱਖਣਾ ਹੋ ਨਿੱਬੜਿਆਂ ਪੁੱਤ, ਮੈਂ ਇੱਕ ਸਾਲ ਦਸ ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ।”
ਉਨ੍ਹਾਂ ਨੇ ਅੱਗੇ ਲਿਖਿਆ, “ਮੈਂ ਤੁਹਾਡੀ ਪਰਛਾਵੇ ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਹਾਂ। ਪੁੱਤ, ਮੈਂ ਅਕਾਲ ਪੁਰਖ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ।”
ਉਨ੍ਹਾਂ ਅੱਗੇ ਲਿਖਿਆ, "ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫ਼ਲਤਾ, ਨੇਕੀ ਤੇ ਹਲੀਮੀ ਬਖ਼ਸ਼ਣ। ਘਰ ਪਰਤਣ ਲਈ ਧੰਨਵਾਦ ਪੁੱਤ।"
ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਵਡੇਰੀ ਉਮਰ ਵਿੱਚ ਬੱਚਾ ਪੈਦਾ ਕਰਨ ਦੇ ਫ਼ੈਸਲੇ ਦੀ ਵੀ ਵੱਖ-ਵੱਖ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ।

ਤਸਵੀਰ ਸਰੋਤ, Charan Kaur/Insta
ਸੰਗੀਤਕ ਜਗਤ ਨਾਲ ਜੁੜੀਆਂ ਹਸਤੀਆਂ, ਕਾਰਕੁਨਾਂ ਅਤੇ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਦਲੇਰਾਨਾ ਦੱਸਿਆ ਜਾ ਰਿਹਾ ਹੈ।
ਬੀਬੀਸੀ ਨੇ ਇਸ ਬਾਰੇ ਪੰਜਾਬੀ ਗਾਇਕਾ ਜਸਵਿੰਦਰ ਕੌਰ ਬਰਾੜ ਅਤੇ ਸਮਾਜਸ਼ਾਸਤਰ ਦੇ ਪ੍ਰੋਫ਼ੈਸਰ ਰਹਿ ਚੁਕੇ ਰਾਜੇਸ਼ ਗਿੱਲ ਨਾਲ ਗੱਲ ਕੀਤੀ।
ਜਸਵਿੰਦਰ ਕੌਰ ਬਰਾੜ ਦਾ ਮੂਸੇਵਾਲਾ ਦੇ ਪਰਿਵਾਰ ਨਾਲ ਗੂੜ੍ਹਾ ਸਬੰਧ ਹੈ, ਉਹ ਪ੍ਰੈੱਗਨੈਂਸੀ ਦੇ ਦੌਰਾਨ ਵੀ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਮਿਲਦੇ ਰਹੇ ਹਨ।
ਸਿੱਧੂ ਮੂਸੇਵਾਲਾ ਨੂੰ ਸਾਲ 2022 ਵਿਚ 29 ਮਈ ਨੂੰ ਮਾਨਸਾ ਨੇੜੇ ਪੈਂਦੇ ਪਿੰਡ ਜਵਾਹਰਕੇ ਵਿੱਚ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
28 ਸਾਲਾ ਸਿੱਧੂ ਮੂਸੇਵਾਲਾ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸਨ।
'ਕੀ ਇਹ ਉਨ੍ਹਾਂ ਦਾ ਹੱਕ ਨਹੀਂ ?'

ਤਸਵੀਰ ਸਰੋਤ, INSTA/JASWINDERBRAROFFICIAL
ਸਿੱਧੂ ਮੂਸੇਵਾਲਾ ਦੀ ਭੂਆ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਕਹਿੰਦੇ ਹਨ ਕਿ ਇਹ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਨਿੱਜੀ ਫ਼ੈਸਲਾ ਹੈ, ਕਿਸੇ ਨੂੰ ਵੀ ਇਸ ਬਾਰੇ ਕਿਸੇ ਤਰੀਕੇ ਦਾ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ।
ਉਹ ਕਹਿੰਦੇ ਹਨ ਕਿ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਜ਼ਿੰਦਗੀ ਨਵੀਂ ਸਿਰਿਓਂ ਸ਼ੁਰੂ ਕਰਨਾ ਬਹੁਤ ਹਿੰਮਤ ਦੀ ਗੱਲ ਹੈ ਉਹ ਵੀ ਉਸ ਵੇਲੇ ਜਦੋਂ ਤੁਸੀਂ ਇਨਸਾਫ਼ ਲਈ ਵੀ ਲੜਾਈ ਲੜ ਰਹੇ ਹੋਵੋਂ।

ਜਸਵਿੰਦਰ ਬਰਾੜ ਕਹਿੰਦੇ ਹਨ, “ਅੱਜ ਕੱਲ੍ਹ ਤਾਂ ਲੋਕ ਵਿਆਹ ਵੀ 40-45 ਸਾਲ ਦੀ ਉਮਰ ਵਿੱਚ ਕਰਵਾਉਂਦੇ ਹਨ, ਕੀ ਹੋਇਆ ਜੇ ਭਾਬੀ ਨੇ ਇਸ ਉਮਰ ਵਿੱਚ ਬੱਚਾ ਪੈਦਾ ਕਰਨ ਦਾ ਫ਼ੈਸਲਾ ਲਿਆ। ਜਵਾਨ ਪੁੱਤ ਦੇ ਜਾਣ ਤੋਂ ਬਾਅਦ ਵੀ ਜੇ ਉਹ ਜ਼ਿੰਦਗੀ ਵਿੱਚ ਦੁਬਾਰਾ ਜਿਉਣਾ ਚਾਹੁੰਦੇ ਹਨ, ਤਾਂ ਕੀ ਇਹ ਉਨ੍ਹਾਂ ਦਾ ਹੱਕ ਨਹੀਂ ?"
ਇਸ ਬਾਰੇ ਹੋ ਰਹੀਆਂ ਚਰਚਾਵਾਂ ਬਾਰੇ ਉਹ ਕਹਿੰਦੇ ਹਨ, "ਮੈਂ ਹੈਰਾਨ ਹਾਂ ਕਿ ਇਸ ਫ਼ੈਸਲੇ ਬਾਰੇ ਇੰਨੀਆਂ ਗੱਲਾਂ ਕਿਉਂ ਹੋ ਰਹੀਆਂ ਹਨ। ਇੰਨੇ ਵੱਡੇ ਹਾਦਸੇ ਤੋਂ ਬਾਅਦ ਜ਼ਿੰਦਗੀ ਜਿਉਣ ਲਈ ਪਰਿਵਾਰ ਨੂੰ ਕੋਈ ਬਹਾਨਾ ਤਾਂ ਚਾਹੀਦਾ ਸੀ।”
ਉਹ ਕਹਿੰਦੇ ਹਨ ਕਿ ਅਜਿਹੇ ਫ਼ੈਸਲੇ ਸਮਾਜ ਦੀ ਸੋਚ ‘ਤੇ ਨਹੀਂ ਛੱਡਣੇ ਚਾਹੀਦੇ, ਇਹ ਫ਼ੈਸਲੇ ਨਿੱਜੀ ਹੁੰਦੇ ਹਨ।

ਤਸਵੀਰ ਸਰੋਤ, SIDHU MOOSE WALA/YT
ਸਿੱਧੂ ਮੂਸੇਵਾਲਾ ਦੀ ਮਾਤਾ ਦੀ ਪ੍ਰੈੱਗਨੈਂਸੀ ਦੇ ਸਮੇਂ ਬਾਰੇ ਉਹ ਦੱਸਦੇ ਹਨ, “ਗਰਭ ਦੌਰਾਨ ਭਾਬੀ ਜੀ ਸ਼ੁੱਭ ਨੂੰ ਪਲ ਪਲ ਯਾਦ ਕਰਦੇ ਰਹੇ, ਉਹ ਕਹਿੰਦੇ ਸਨ ਜੇ ਮੇਰੇ ਸ਼ੇਰ ਪੁੱਤ ਨੂੰ ਕੋਈ ਨਾ ਖੋਂਹਦਾ ਤਾਂ ਮੈਨੂੰ ਇਸ ਉਮਰ ਵਿੱਚ ਇਹ ਕਦਮ ਚੁੱਕਣ ਦੀ ਲੋੜ ਨਹੀਂ ਸੀ।"
ਉਹ ਅੱਗੇ ਦੱਸਦੇ ਹਨ, "ਭਾਵੇਂ ਅਸੀਂ ਦੋ ਘੰਟੇ ਬਹਿੰਦੇ, ਚਾਰ ਘੰਟੇ ਬਹਿੰਦੇ, ਅਸੀਂ ਸ਼ੁੱਭ ਦੀਆਂ ਹੀ ਗੱਲਾਂ ਕਰਿਆ ਕਰਦੇ ਸੀ, ਫਿਰ ਭਰ-ਭਰ ਕੇ ਰੋਣ ਵੀ ਲੱਗ ਜਾਂਦੇ ਸੀ। ਅਸੀਂ ਕੁੱਖ ਵਿੱਚ ਬੱਚਾ ਹੋਣ ਕਰਕੇ ਤਣਾਅ ਨਾ ਲੈਣ ਲਈ ਸਮਝਾਉਂਦੇ ਸੀ, ਪਰ ਉਹ ਕਹਿੰਦੇ ਸੀ ਕਿ ਸ਼ੁੱਭ ਨੂੰ ਕਿਵੇਂ ਭੁੱਲਾਂ!”
ਸਮਾਜਸ਼ਾਸਤਰੀ ਕੀ ਕਹਿ ਰਹੇ
ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਵਿੱਚ ਸਮਾਜਸ਼ਾਸਤਰ ਦੇ ਪ੍ਰੋਫ਼ੈਸਰ ਰਹਿ ਚੁੱਕੇ ਰਾਜੇਸ਼ ਗਿੱਲ ਕਹਿੰਦੇ ਹਨ ਕਿ ਅਜਿਹੇ ਫ਼ੈਸਲੇ ਲੈਣ ਵੇਲੇ ਸਮਾਜ ਦਾ ਕਾਫ਼ੀ ਦਬਾਅ ਹੁੰਦਾ ਹੈ, ਜਿਸ ਹਾਲਾਤ ਵਿੱਚ ਚਰਨ ਕੌਰ ਅਤੇ ਬਲਕੌਰ ਸਿੰਘ ਨੇ ਇਹ ਫ਼ੈਸਲਾ ਲਿਆ ਹੈ ਉਹ ਕਾਬਿਲ-ਏ-ਤਾਰੀਫ਼ ਹੈ।
ਸਮਾਜ ਵਿੱਚ ਹੋ ਰਹੀਆਂ ਚਰਚਾਵਾਂ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਬਾਹਰਲੇ ਦੇਸ਼ਾਂ ਵਿੱਚੋਂ ਕਿਸੇ ਦੇ ਨੱਬੇ ਸਾਲ ਦੀ ਉਮਰ ਵਿੱਚ ਵਿਆਹ ਕਰਾਉਣ ਜਾਂ ਸੱਤਰ ਸਾਲ ਦਾ ਜੋੜੇ ਦੇ ਬੱਚਾ ਹੋਣ ਦੀਆਂ ਤਰ੍ਹਾਂ ਖ਼ਬਰਾਂ ਤਾਂ ਬੜੇ ਅਰਾਮ ਨਾਲ ਪੜ੍ਹਦੇ ਹਾਂ, ਪਰ ਜੇਕਰ ਸਾਡੇ ਆਲੇ-ਦੁਆਲੇ ਅਜਿਹਾ ਹੰਦਾ ਹੈ ਤਾਂ ਇਸ ਦੀ ਅਲੋਚਨਾ ਕਿਉਂ ਕਰਦੇ ਹਾਂ।”
ਰਾਜੇਸ਼ ਗਿੱਲ ਕਹਿੰਦੇ ਹਨ ਕਿ ਚਰਨ ਕੌਰ ਵੀ ਜਾਣਦੇ ਹੋਣਗੇ ਜਦੋਂ ਅਜਿਹਾ ਹੋਏਗਾ ਤਾਂ ਹਰ ਪਾਸੇ ਚਰਚਾ ਹੋਏਗੀ, ਪਰ ਇਨ੍ਹਾਂ ਗੱਲਾਂ ਬਾਰੇ ਨਾ ਸੋਚਦਿਆਂ ਉਨ੍ਹਾਂ ਨੇ ਆਪਣੀ ਖੁਸ਼ੀ ਮੁਤਾਬਕ ਇਹ ਫ਼ੈਸਲਾ ਲਿਆ।
ਉਹ ਕਹਿੰਦੇ ਹਨ, “ਉਨ੍ਹਾਂ ਨੂੰ ਆਪਣੀ ਇੱਛਾ ਮੁਤਾਬਕ ਫ਼ੈਸਲਾ ਲੈਣ ਦੀ ਪੂਰੀ ਅਜ਼ਾਦੀ ਹੈ, ਸਮਾਜ ਨੂੰ ਕਿੰਤੂ ਪ੍ਰੰਤੂ ਦਾ ਕੋਈ ਹੱਕ ਹੀ ਨਹੀਂ ਹੈ।”
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬਾਰੇ ਪਿੰਡ ਦੇ ਲੋਕਾਂ ਨੇ ਕੀ ਦੱਸਿਆ

ਤਸਵੀਰ ਸਰੋਤ, FB/ CHARAN KAUR
ਚਰਨ ਕੌਰ ਸਿੱਧੂ ਨੇ ਦਸੰਬਰ 2018 ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ ਤੇ ਉਹ ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਸਨ।
ਸਿੱਧੂ ਮੂਸੇਵਾਲਾ ਦੀ ਮਾਤਾ ਬਾਰੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਪੰਚ ਚੁਣੇ ਜਾਣ ਤੋਂ ਪਹਿਲਾਂ ਚਰਨ ਕੌਰ ਸਿੱਧੂ ਪਿੰਡ ਮੂਸਾ ਵਿੱਚ ਹੀ ਇੱਕ ਪ੍ਰਾਈਵੇਟ ਸਕੂਲ ਚਲਾਉਂਦੇ ਸਨ।
ਰਜਿੰਦਰ ਸਿੰਘ ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਹਨ ਅਤੇ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਹੈ।
ਰਜਿੰਦਰ ਸਿੰਘ ਜਵਾਹਰਕੇ ਨੇ ਦੱਸਿਆ ਚਰਨ ਕੌਰ ਸਿੱਧੂ ਵੱਲੋਂ ਆਪਣੇ ਸਕੂਲ ਵਿੱਚ ਗਰੀਬ ਬੱਚਿਆਂ ਲਈ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਹੋਇਆ ਸੀ।
"ਸਿੱਧੂ ਮੂਸੇਵਾਲਾ ਦੀ ਸ਼ੋਹਰਤ ਤੋਂ ਇਲਾਵਾ ਇਹ ਵੀ ਇੱਕ ਕਾਰਨ ਸੀ ਕਿ ਚਰਨ ਕੌਰ ਸਿੱਧੂ ਪਿੰਡ ਦੇ ਹਰ ਵਰਗ ਵਿੱਚ ਮਕਬੂਲ ਹੋਏ।"
ਸੁਖਪਾਲ ਸਿੰਘ ਪਿੰਡ ਮੂਸਾ ਦੇ ਨੰਬਰਦਾਰ ਹਨ। ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਅਤਿ ਕਰੀਬੀਆਂ ਵਜੋਂ ਜਾਣੇ ਜਾਂਦੇ ਹਨ।
ਉਨ੍ਹਾਂ ਮੁਤਾਬਕ ਚਰਨ ਕੌਰ ਸਿੱਧੂ ਹਰ ਐਤਵਾਰ ਨੂੰ ਉਨ੍ਹਾਂ ਦੇ ਘਰ ਆਉਣ ਵਾਲੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲਦੇ ਹਨ।
ਰਜਿੰਦਰ ਦੱਸਦੇ ਹਨ, "ਚਰਨ ਕੌਰ ਸਿੱਧੂ ਸਰਪੰਚ ਚੁਣੇ ਜਾਣ ਤੋਂ ਬਾਅਦ ਇਸ ਕਰਕੇ ਵੀ ਚਰਚਾ ਵਿੱਚ ਆਏ ਸਨ ਕਿਉਂਕਿ ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਕਰੀਬੀ ਨੂੰ 599 ਵੋਟਾਂ ਨਾਲ ਹਰਾਇਆ ਸੀ।"
ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਪਹਿਲਾਂ ਫੌਜ ਵਿੱਚ ਸਨ ਅਤੇ ਬਾਅਦ ਵਿੱਚ ਉਹ ਫਾਇਰ ਬ੍ਰਿਗੇਡ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਸਨ।

ਤਸਵੀਰ ਸਰੋਤ, Getty Images













