ਅਰਸ਼ਦੀਪ ਦਾ ਕਮਬੈਕ ਅਤੇ ਅਭਿਸ਼ੇਕ ਦੇ ਬੱਲੇ ਦਾ ਕਮਾਲ, ਧਰਮਸ਼ਾਲਾ ਵਿੱਚ ਇੰਝ ਲਿਖੀ ਗਈ ਭਾਰਤ ਲਈ ਜਿੱਤ ਦੀ ਕਹਾਣੀ

    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਬੀਬੀਸੀ ਹਿੰਦੀ ਲਈ

ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਪਾਵਰਪਲੇ 'ਚ ਹੀ ਮੈਚ ਨੂੰ ਆਪਣੇ ਪਾਸੇ ਮੋੜਨ ਦਾ ਸੰਕੇਤ ਦੇ ਦਿੱਤਾ।

ਬਾਅਦ ਵਿੱਚ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੀ ਬੱਲੇਬਾਜ਼ੀ ਨੇ ਭਾਰਤ ਨੂੰ ਸਹਿਜਤਾ ਨਾਲ ਸੱਤ ਵਿਕਟਾਂ ਨਾਲ ਜਿੱਤ ਦਿਵਾਈ।

ਭਾਰਤ ਨੇ ਪਿਛਲੇ ਮੈਚ ਦੀ ਹਾਰ ਤੋਂ ਉੱਭਰ ਕੇ ਸੀਰਿਜ਼ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

ਇਸ ਜਿੱਤ ਨਾਲ ਵਿਸ਼ਵ ਕੱਪ ਲਈ ਭਾਰਤ ਦੀ ਤੀਸਰੇ ਨੰਬਰ ਦੇ ਬੱਲੇਬਾਜ਼ ਦੀ ਸਮੱਸਿਆ ਦਾ ਹੱਲ ਕੁਝ ਹੱਦ ਤੱਕ ਨਿੱਕਲਦਾ ਜਾਪ ਰਿਹਾ ਹੈ।

ਹਰਸ਼ਿਤ ਨੇ ਉਠਾਇਆ ਮੌਕੇ ਦਾ ਫਾਇਦਾ

ਭਾਰਤੀ ਟੀਮ ਘਰ ਵਿੱਚ ਅਕਸਰ ਦੋ ਤੇਜ਼ ਗੇਂਦਬਾਜ਼ਾਂ ਨਾਲ ਖੇਡਦੀ ਹੈ।

ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਦੀ ਪੇਸ ਜੋੜੀ ਨੇ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸ ਲਈ ਇਸ ਜੋੜੀ ਦੇ ਖੇਡਣ ਕਾਰਨ ਹਰਸ਼ਿਤ ਰਾਣਾ ਨੂੰ ਘੱਟ ਹੀ ਖੇਡਣ ਦੇ ਮੌਕੇ ਮਿਲਦੇ ਹਨ। ਹਾਲਾਂਕਿ, ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਪ੍ਰਭਾਵਿਤ ਕਰਨ ਵਿੱਚ ਸਫਲ ਰਹਿੰਦੇ ਹਨ।

ਇਸ ਮੈਚ ਵਿੱਚ ਹਰਸ਼ਿਤ ਨੂੰ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਖੇਡਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਹੀ ਪਿਛਲੇ ਮੈਚ ਦੇ ਹੀਰੋ ਰਹੇ ਕਵਿੰਟਨ ਡੀ ਕੌਕ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ।

ਇਸ ਤੋਂ ਬਾਅਦ, ਆਪਣੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਡੇਵਾਲਡ ਬ੍ਰੇਵਿਸ ਨੂੰ ਬੋਲਡ ਆਊਟ ਕਰਕੇ ਮੈਚ ਵਿੱਚ ਭਾਰਤ ਦਾ ਦਬਦਬਾ ਬਣਾਇਆ।

ਹਰਸ਼ਿਤ ਨੇ ਪਿਛਲੇ ਕੁਝ ਸਮੇਂ ਤੋਂ ਹਾਰਦਿਕ ਪੰਡਯਾ ਦੀ ਸੱਟ ਕਾਰਨ ਮਿਲੇ ਮੌਕਿਆਂ ਦਾ ਇੱਕ ਆਲਰਾਊਂਡਰ ਵਜੋਂ ਚੰਗਾ ਇਸਤੇਮਾਲ ਕੀਤਾ ਸੀ। ਪਰ ਹਾਰਦਿਕ ਦੀ ਮੌਜੂਦਗੀ 'ਚ ਮੌਕੇ ਮਿਲਣ ਦੀ ਸੰਭਾਵਨਾ ਘੱਟ ਹੋਣ 'ਤੇ ਉਹ ਆਪਣੇ ਚੰਗੇ ਪ੍ਰਦਰਸ਼ਨ ਕਰਕੇ ਵਿਸ਼ਵ ਕੱਪ ਲਈ ਆਪਣਾ ਦਾਅਵਾ ਪੱਕਾ ਕਰਨ 'ਚ ਸਫਲ ਰਹੇ ਹਨ।

ਹਰਸ਼ਿਤ ਦੇ ਨਾਮ ਹੈ ਇਹ ਵੱਡੀ ਪ੍ਰਾਪਤੀ

ਹਰਸ਼ਿਤ ਰਾਣਾ ਆਧੁਨਿਕ ਪੀੜ੍ਹੀ ਦੇ ਖਿਡਾਰੀ ਹਨ, ਇਸ ਕਾਰਨ ਉਹ ਪਹਿਲਾਂ ਆਈਪੀਐਲ ਵਿੱਚ ਖੇਡੇ। ਪਰ ਘਰੇਲੂ ਸੀਨੀਅਰ ਕਰੀਅਰ ਬਾਅਦ ਵਿੱਚ ਸ਼ੁਰੂ ਕੀਤਾ।

ਸਹੀ ਮਾਅਨਿਆਂ ਵਿੱਚ ਉਨ੍ਹਾਂ ਦੇ ਹੁਨਰ ਨੂੰ ਸਾਹਮਣੇ ਲਿਆਉਣ ਵਿੱਚ ਆਈਪੀਐਲ ਟੀਮ ਕੇਕੇਆਰ ਨੇ ਅਹਿਮ ਭੂਮਿਕਾ ਨਿਭਾਈ ਹੈ। 2022 ਵਿੱਚ ਰਸਿਖ ਸਲਾਮ ਦੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਕੇਕੇਆਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਆਈਪੀਐਲ ਵਿੱਚ ਖੇਡਣ ਤੋਂ ਬਾਅਦ ਉਨ੍ਹਾਂ ਨੇ ਰਣਜੀ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਆਪਣੇ ਛੋਟੇ ਕਰੀਅਰ ਵਿੱਚ ਤਿੰਨੋਂ ਫਾਰਮੈਟਾਂ ਵਿੱਚ ਇੱਕ ਮੈਚ ਵਿੱਚ ਤਿੰਨ-ਤਿੰਨ ਵਿਕਟਾਂ ਲੈਣ ਵਾਲੇ ਇਕਲੌਤੇ ਭਾਰਤੀ ਗੇਂਦਬਾਜ਼ ਹਨ।

ਪਿਛਲੇ ਨਵੰਬਰ ਵਿੱਚ ਹਰਸ਼ਿਤ ਨੇ ਪਰਥ ਵਿੱਚ ਆਸਟ੍ਰੇਲੀਆ ਵਿਰੁੱਧ ਟੈਸਟ ਵਿੱਚ 48 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।

ਇਸ ਸਾਲ ਫਰਵਰੀ ਮਹੀਨੇ ਵਿੱਚ ਉਨ੍ਹਾਂ ਨੇ ਇੰਗਲੈਂਡ ਵਿਰੁੱਧ ਨਾਗਪੁਰ ਵਨਡੇ ਵਿੱਚ 39 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਪੁਣੇ ਵਿੱਚ ਇੱਕ ਟੀ-20 ਮੈਚ ਵਿੱਚ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਇਹ ਰਿਕਾਰਡ ਬਣਾਇਆ।

'ਅਰਸ਼ਦੀਪ ਵਰਗੇ ਗੇਂਦਬਾਜ਼ ਘੱਟ ਦਿੱਸਦੇ ਹਨ'

ਸਟਾਰ ਸਪੋਰਟਸ ਦੇ ਕਮੈਂਟੇਟਰ ਆਕਾਸ਼ ਚੋਪੜਾ ਨੇ ਮੈਚ ਤੋਂ ਬਾਅਦ ਕ੍ਰਿਕਟ ਲਾਈਵ ਪ੍ਰੋਗਰਾਮ ਵਿੱਚ ਕਿਹਾ, "ਅਰਸ਼ਦੀਪ ਵਰਗੀ ਸਕਿਲ ਵਾਲੇ ਗੇਂਦਬਾਜ਼ ਘੱਟ ਹੀ ਦਿਖਾਈ ਦਿੰਦੇ ਹਨ। ਉਹ ਦੋਵਾਂ ਦਿਸ਼ਾਵਾਂ 'ਚ ਗੇਂਦ ਨੂੰ ਸਵਿੰਗ ਕਰਾਉਣ ਦੀ ਸਮਰੱਥਾ ਰੱਖਦੇ ਹਨ। ਇਹ ਖੂਬੀ ਬਹੁਤ ਹੀ ਘੱਟ ਗੇਂਦਬਾਜ਼ਾਂ ਵਿੱਚ ਦੇਖਣ ਨੂੰ ਮਿਲਦੀ ਹੈ।"

ਉਨ੍ਹਾਂ ਕਿਹਾ, "ਉਨ੍ਹਾਂ ਨੇ ਹੁਣ ਤੱਕ ਭਾਰਤ ਲਈ ਇਸ ਫਾਰਮੈਟ ਵਿੱਚ ਸਭ ਤੋਂ ਵੱਧ 109 ਵਿਕਟਾਂ ਲਈਆਂ ਹਨ। ਇਨ੍ਹਾਂ ਵਿਕਟਾਂ ਤੋਂ ਸਾਫ਼ ਹੈ ਕਿ ਉਨ੍ਹਾਂ ਦਾ ਕਰੀਅਰ ਕਾਫ਼ੀ ਲੰਮਾ ਹੈ। ਇਸ ਦੌਰਾਨ ਕਰੀਅਰ ਵਿੱਚ ਉਤਰਾਅ-ਚੜ੍ਹਾਅ ਆਉਣਾ ਸੁਭਾਵਿਕ ਹੈ। ਉਹ ਡਿੱਗ ਕੇ ਮੁੜ ਖੜ੍ਹਾ ਹੋਣਾ ਸਿੱਖ ਚੁੱਕੇ ਹਨ। ਉਹ ਜਿਸ ਤਰ੍ਹਾਂ ਦੇ ਗੇਂਦਬਾਜ਼ ਹਨ, ਉਨ੍ਹਾਂ ਦਾ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਬੁਮਰਾਹ ਦੇ ਨਾਲ ਖੇਡਣਾ ਤੈਅ ਹੈ।"

ਆਕਾਸ਼ ਚੋਪੜਾ ਦੀ ਗੱਲ ਵਿੱਚ ਦਮ ਲੱਗਦਾ ਹੈ, ਕਿਉਂਕਿ ਪਿਛਲੇ ਮੈਚ ਵਿੱਚ ਇੱਕ ਓਵਰ ਵਿੱਚ ਵਾਈਡ ਗੇਂਦਾਂ ਦੀ ਝੜੀ ਲਗਾ ਦੇਣ ਵਾਲੇ ਇਸ ਗੇਂਦਬਾਜ਼ ਨੇ ਭਾਰਤ ਲਈ ਆਪਣੇ ਪਹਿਲੇ ਹੀ ਓਵਰ ਵਿੱਚ ਰੀਜ਼ਾ ਹੈਂਡ੍ਰਿਕਸ ਦੀ ਵਿਕਟ ਲੈ ਕੇ ਦਿਖਾ ਦਿੱਤਾ ਕਿ ਉਹ ਝਟਕਿਆਂ ਤੋਂ ਉੱਭਰਨਾ ਜਾਣਦੇ ਹਨ।

ਬਾਅਦ ਵਿੱਚ ਉਨ੍ਹਾਂ ਨੇ ਕਪਤਾਨ ਏਡਨ ਮਾਰਕਰਮ ਦੀ ਵਿਕਟ ਲੈ ਕੇ ਦੱਖਣ ਅਫ਼ਰੀਕੀ ਟੀਮ ਦੇ ਉੱਭਰਨ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ।

ਉਨ੍ਹਾਂ ਨੇ ਚਾਰ ਓਵਰਾਂ ਵਿੱਚ 13 ਰਨ ਦੇ ਕੇ ਦੋ ਵਿਕਟਾਂ ਲਈਆਂ ਅਤੇ ਦੱਖਣੀ ਅਫ਼ਰੀਕਾ ਦੀ ਪਾਰੀ ਢਾਹੁਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।

ਅਰਸ਼ਦੀਪ ਦਾ ਇਹ ਪ੍ਰਦਰਸ਼ਨ ਇਸ ਮਾਮਲੇ 'ਚ ਜ਼ਿਕਰਯੋਗ ਕਿ ਪਿਛਲੇ ਮੈਚ ਵਿੱਚ ਉਹ 4 ਓਵਰਾਂ ਵਿੱਚ 54 ਰਨ ਦੇ ਕੇ ਇੱਕ ਵਿਕਟ ਵੀ ਨਹੀਂ ਲੈ ਸਕੇ ਸਨ।

ਅਭਿਸ਼ੇਕ ਸ਼ਰਮਾ ਦੇ ਟਚ ਨੇ ਜਿੱਤ ਬਣਾਈ ਸੌਖੀ

ਅਭਿਸ਼ੇਕ ਸ਼ਰਮਾ ਨੇ ਆਪਣਾ ਅੰਦਾਜ਼ ਦਿਖਾਉਂਦੇ ਹੋਏ ਐਨਗਿਡੀ ਦੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ ਸ਼ੁਰੂਆਤ ਕੀਤੀ।

ਉਨ੍ਹਾਂ ਨੇ ਸਿਰਫ਼ 18 ਗੇਂਦਾਂ ਵਿੱਚ ਤਿੰਨ ਛੱਕਿਆਂ ਅਤੇ ਤਿੰਨ ਚੌਕਿਆਂ ਨਾਲ 35 ਦੌੜਾਂ ਬਣਾ ਕੇ ਦੱਖਣ ਅਫ਼ਰੀਕਾ ਦੀ ਮੈਚ ਵਿੱਚ ਵਾਪਸੀ ਦੀਆਂ ਸਾਰੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ।

ਅਭਿਸ਼ੇਕ ਸ਼ਰਮਾ ਨੇ ਮੈਚ ਤੋਂ ਬਾਅਦ ਲਾਈਵ ਪ੍ਰੋਗਰਾਮ ਵਿੱਚ ਕਿਹਾ, "ਧਰਮਸ਼ਾਲਾ ਦੀ ਠੰਡ ਦਾ ਮੇਰੇ 'ਤੇ ਕੋਈ ਅਸਰ ਨਹੀਂ ਪਿਆ, ਕਿਉਂਕਿ ਅਸੀਂ ਇੱਥੇ ਬਚਪਨ ਤੋਂ ਖੇਡਦੇ ਆਏ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ ਜਾਵੇ, ਜਿਸ ਤੋਂ ਬਾਅਦ ਬੱਲੇਬਾਜ਼ਾਂ ਨੂੰ ਸੌਖ ਰਹੇ।"

ਉਨ੍ਹਾਂ ਕਿਹਾ, "ਮੈਨੂੰ ਪਤਾ ਸੀ ਕਿ ਇਸ ਸੀਰੀਜ਼ ਦੌਰਾਨ 140 ਤੋਂ 150 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਗੇਂਦਾਂ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਅਸੀਂ ਇਸ ਦੀ ਤਿਆਰੀ ਕਰ ਕੇ ਆਏ ਹਾਂ।"

ਇਸ ਦੌਰਾਨ ਉਨ੍ਹਾਂ ਨੇ ਇੱਕ ਮਜ਼ੇਦਾਰ ਗੱਲ ਵੀ ਦੱਸੀ। ਅਭਿਸ਼ੇਕ ਨੇ ਕਿਹਾ, "ਪਿਤਾਜੀ ਹਮੇਸ਼ਾ ਮੈਨੂੰ ਸੰਭਲ ਕੇ ਖੇਡਣ ਲਈ ਕਹਿੰਦੇ ਹਨ। ਪਰ ਅਸੀਂ ਹੁਣ ਜਦੋਂ ਵੀ ਇਕੱਠੇ ਫ਼ਲਾਈਟ ਵਿੱਚ ਜਾਂਦੇ ਹਾਂ ਤਾਂ ਮੈਂ ਆਪਣੀ ਸੀਟ ਉਨ੍ਹਾਂ ਤੋਂ ਵੱਖਰੀ ਰੱਖਦਾ ਹਾਂ। ਉਂਝ ਮੈਦਾਨ ਵਿੱਚ ਘਰ ਵਾਲਿਆਂ ਦੀ ਮੌਜੂਦਗੀ ਨਾਲ ਆਤਮ-ਵਿਸ਼ਵਾਸ ਵਧਦਾ ਹੈ।"

ਅਭਿਸ਼ੇਕ ਨੇ ਇਸ ਦੌਰਾਨ ਇੱਕ ਹੋਰ ਮਜ਼ੇਦਾਰ ਗੱਲ ਕਹੀ, "ਨਿਊ ਚੰਡੀਗੜ੍ਹ ਵਿੱਚ ਦੂਜੇ ਮੈਚ ਦੌਰਾਨ ਯੁਵਰਾਜ ਸਿੰਘ ਮੌਜੂਦ ਸਨ। ਉਨ੍ਹਾਂ ਨੇ ਮੇਰੇ ਆਊਟ ਹੋਣ 'ਤੇ ਕਿਹਾ ਕਿ ਗੇਂਦ ਬਹੁਤ ਵਧੀਆ ਸੀ। ਮੈਂ ਵੀ ਉਨ੍ਹਾਂ ਦੀ ਗੱਲ ਮੰਨ ਲਈ। ਆਮ ਤੌਰ 'ਤੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਆਉਂਦੀ ਹੈ।"

ਤੀਸਰੇ ਨੰਬਰ ਦੇ ਬੱਲੇਬਾਜ਼ ਦਾ ਹੱਲ ਨਿਕਲਦਾ ਨਜ਼ਰ ਆਇਆ

ਟੀ-20 ਕ੍ਰਿਕਟ ਤੋਂ ਵਿਰਾਟ ਕੋਹਲੀ ਦੇ ਸੰਨਿਆਸ ਲੈਣ ਤੋਂ ਬਾਅਦ ਤੋਂ ਭਾਰਤ ਤੀਜੇ ਨੰਬਰ ਲਈ ਬੱਲੇਬਾਜ਼ ਦੀ ਭਾਲ ਕਰ ਰਿਹਾ ਹੈ ਅਤੇ ਇਹ ਖੋਜ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ।

ਵਿਰਾਟ ਕੋਹਲੀ ਤੋਂ ਬਾਅਦ ਇਸ ਪੁਜ਼ੀਸ਼ਨ ਲਈ ਅੱਠ ਬੱਲੇਬਾਜ਼ਾਂ ਨੂੰ ਅਜ਼ਮਾਇਆ ਗਿਆ ਹੈ।

ਦੱਖਣੀ ਅਫਰੀਕਾ ਨਾਲ ਸੀਰੀਜ਼ ਦੇ ਹੁਣ ਤੱਕ ਦੇ ਖੇਡੇ ਗਏ ਤਿੰਨ ਮੈਚਾਂ ਵਿੱਚ ਇਸ ਪੁਜ਼ੀਸ਼ਨ 'ਤੇ ਹੁਣ ਤੱਕ ਵੱਖ-ਵੱਖ ਬੱਲੇਬਾਜ਼ ਖੇਡ ਚੁੱਕੇ ਹਨ।

ਪਹਿਲੇ ਦੋ ਮੈਚਾਂ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਅਕਸ਼ਰ ਪਟੇਲ ਦੇ ਅਸਫਲ ਰਹਿਣ ਤੋਂ ਬਾਅਦ, ਇਸ ਮੈਚ ਵਿੱਚ ਤਿਲਕ ਵਰਮਾ ਨੂੰ ਅਜ਼ਮਾਇਆ ਗਿਆ।

ਤਿਲਕ ਨੇ ਨਾਬਾਦ 26 ਦੌੜਾਂ ਬਣਾਈਆਂ। ਉਹ ਟੀਮ ਦੀਆਂ ਜ਼ਰੂਰਤ ਅਨੁਸਾਰ ਖੇਡਦੇ ਨਜ਼ਰ ਆਏ।

ਕੁਮੈਂਟੇਟਰ ਸੁਰੇਸ਼ ਰੈਨਾ ਨੇ ਮੈਚ ਦੌਰਾਨ ਕੁਮੈਂਟਰੀ ਵਿੱਚ ਕਿਹਾ, "ਵਿਸ਼ਵ ਕੱਪ ਲਈ ਤੀਜੇ ਨੰਬਰ ਦੀ ਪੁਜ਼ੀਸ਼ਨ ਲਈ ਤਿਲਕ ਵਰਮਾ ਦਾ ਨਾਮ ਤੈਅ ਕਰ ਦੇਣਾ ਚਾਹੀਦਾ ਹੈ। ਤਿਲਕ ਨੇ ਹਾਲ ਹੀ ਦੇ ਸਮੇਂ 'ਚ ਆਪਣੇ ਪ੍ਰਦਰਸ਼ਨ ਰਾਹੀਂ ਦਿਖਾਇਆ ਹੈ ਕਿ ਉਨ੍ਹਾਂ ਨੇ ਦਬਾਅ ਝੱਲਣਾ ਸਿੱਖ ਲਿਆ ਹੈ।"

ਸ਼ੁਭਮਨ ਗਿੱਲ ਨਹੀਂ ਚੁੱਕ ਸਕੇ ਮੌਕੇ ਦਾ ਫਾਇਦਾ

ਸ਼ੁਭਮਨ ਗਿੱਲ ਦੇ ਪਿਛਲੇ ਕੁਝ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਟੀਮ ਵਿੱਚ ਉਨ੍ਹਾਂ ਦੀ ਮੌਜੂਦਗੀ 'ਤੇ ਸਵਾਲ ਉੱਠਦੇ ਰਹੇ ਹਨ। ਇਸ ਮੈਚ ਵਿੱਚ ਉਨ੍ਹਾਂ ਨੇ ਪਾਰੀ ਦੀ ਸ਼ੁਰੂਆਤ ਵਿੱਚ ਪਹਿਲੀ ਗੇਂਦ ਖੇਡਣ ਦਾ ਮੌਕਾ ਅਭਿਸ਼ੇਕ ਸ਼ਰਮਾ ਨੂੰ ਦਿੱਤਾ।

ਪਰ ਦੂਜੇ ਓਵਰ 'ਚ ਯਾਨਸਨ ਦੀ ਪਹਿਲੀ ਹੀ ਗੇਂਦ 'ਤੇ ਐਮਪਾਇਰ ਮਦਨ ਨੇ ਜਦੋਂ ਐਲਬੀਡਬਲਯੂ ਦੇ ਦਿੱਤਾ ਤਾਂ ਲੱਗਿਆ ਕਿ ਯੋਜਨਾ ਕੰਮ ਨਹੀਂ ਆਈ। ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਗੇਂਦ ਬੱਲੇ ਨਾਲ ਲੱਗਣ ਕਾਰਨ ਉਹ ਨਾਟ ਆਊਟ ਐਲਾਨੇ ਗਏ।

ਗਿੱਲ ਨੇ ਇਸ ਦਾ ਫਾਇਦਾ ਉਠਾਇਆ ਅਤੇ 28 ਗੇਂਦਾਂ ਵਿੱਚ 28 ਦੌੜਾਂ ਬਣਾਈਆਂ, ਪਰ ਸੈਟਲ ਹੋਣ ਦੇ ਬਾਵਜੂਦ ਉਹ ਆਪਣੀ ਪਾਰੀ ਨੂੰ ਅਰਧ ਸੈਂਕੜੇ ਵਿੱਚ ਨਹੀਂ ਬਦਲ ਸਕੇ।

ਇਹ ਸਹੀ ਹੈ ਕਿ ਇਸ ਪਾਰੀ ਨੇ ਉਨ੍ਹਾਂ ਦਾ ਮਨੋਬਲ ਕੁਝ ਵਧਾਇਆ ਹੋਵੇਗਾ। ਪਰ ਇਸ ਭਰੋਸੇ ਨੂੰ ਲਖਨਊ ਵਿੱਚ ਅਗਲੇ ਮੈਚ ਵਿੱਚ ਵੱਡੀ ਪਾਰੀ ਖੇਡਣ 'ਚ ਦਿਖਾਉਣਾ ਪਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)