ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਪੜ੍ਹਨਾ ਮੁਸ਼ਕਲ ਹੋਇਆ ਤਾਂ ਇਹ ਦੇਸ਼ ਪੜ੍ਹਾਈ ਲਈ ਖੁੱਲ੍ਹਾ ਸੱਦਾ ਦੇ ਰਹੇ ਹਨ

ਅਮਰੀਕਾ ਵਿੱਚ ਭਾਰਤੀ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਦੂਤਾਵਾਸਾਂ ਨੂੰ ਵਿਦਿਆਰਥੀ ਵੀਜ਼ਾ ਲਈ ਇੰਟਰਵਿਊ ਲਈ ਸਮਾਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ
    • ਲੇਖਕ, ਰੇਬੇਕਾ ਥੋਰਨ
    • ਰੋਲ, ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਦੀ ਸਰਕਾਰ ਅਮਰੀਕਾ ਲਈ ਵਿਦਿਆਰਥੀ ਵੀਜ਼ਾ ਲਈ ਮੁਲਾਕਾਤਾਂ ਨੂੰ ਅਸਥਾਈ ਤੌਰ 'ਤੇ ਰੋਕਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਨੂੰ ਲੈ ਕੇ ਭਾਰਤ ਸਣੇ ਦੁਨੀਆਂ ਭਰ ਦੇ ਵਿਦਿਆਰਥੀ ਚਿੰਤਾ ਤੇ ਦੁਚਿੱਤੀ ਵਿੱਚ ਹਨ।

ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐਸ ਦੁਆਰਾ ਦੇਖੇ ਗਏ ਇੱਕ ਅਧਿਕਾਰਤ ਮੈਮੋ ਵਿੱਚ ਅਪੁਆਇੰਟਮੈਂਟਸ 'ਤੇ ਅਸਥਾਈ ਤੌਰ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ।

ਇਸ ਦੇ ਪਿੱਛੇ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਵਿਦੇਸ਼ ਵਿਭਾਗ, ਬਹਾਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਫੌਰਨ ਐਕਚੇਂਜ ਵੀਜ਼ਾ ਲਈ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਵਧਾਉਣ ਦੀ ਤਿਆਰੀ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ 'ਤੇ ਵਿਆਪਕ ਕਾਰਵਾਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਉਦਾਰਵਾਦੀ ਹਨ।

ਟਰੰਪ ਪ੍ਰਸ਼ਾਸਨ ਦੇ ਇਸ ਤਾਜ਼ਾ ਫੈਸਲੇ ਨੂੰ ਵੀ ਇਨ੍ਹਾਂ ਕਾਰਵਾਈਆਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ 'ਤੇ ਵਿਆਪਕ ਕਾਰਵਾਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਉਦਾਰਵਾਦੀ ਹਨ

ਇਸੇ ਕਾਰਵਾਈ ਦੇ ਤਹਿਤ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਰੋਕਣ ਲਈ ਵੀ ਕਦਮ ਚੁੱਕਿਆ ਹੈ ਅਤੇ ਨਾਲ ਹੀ ਇਲਜ਼ਾਮ ਲਗਾਇਆ ਗਿਆ ਹੈ ਅਦਾਰੇ ਨੇ ਕੈਂਪਸ ਵਿੱਚ ਯਹੂਦੀਆਂ ਦੇ ਵਿਰੋਧ ਦਾ ਮੁਕਾਬਲਾ ਕਰਨ ਲਈ ਉਚਿਤ ਢੰਗ ਨਾਲ ਕੰਮ ਨਹੀਂ ਕੀਤਾ।

ਇਸਦੇ ਜਵਾਬ ਵਿੱਚ, ਹਾਰਵਰਡ ਨੇ ਮੁਕੱਦਮਾ ਦਾਇਰ ਕੀਤਾ ਹੈ ਅਤੇ ਇੱਕ ਜੱਜ ਨੇ ਟਰੰਪ ਦੀ ਪਾਬੰਦੀ ਨੂੰ ਫਿਲਹਾਲ ਲਈ ਰੋਕ ਦਿੱਤਾ ਹੈ।

ਕਿਹੜੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ?

ਹਾਰਵਰਡ ਦੇ ਵਿਦਿਆਰਥੀਆਂ ਦੀ ਰੈਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਰਵਰਡ ਦੇ ਵਿਦਿਆਰਥੀਆਂ ਨੇ 27 ਮਈ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਇੱਕ ਰੈਲੀ ਕੀਤੀ

ਓਪਨ ਡੋਰਸ, ਇੱਕ ਸੰਗਠਨ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਦਾ ਡੇਟਾ ਇਕੱਠਾ ਕਰਦਾ ਹੈ। ਇਸਦੇ ਅਨੁਸਾਰ, 2023-24 ਸਕੂਲੀ ਸਾਲ ਵਿੱਚ 210 ਤੋਂ ਵੱਧ ਦੇਸ਼ਾਂ ਦੇ 1.1 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਮਰੀਕੀ ਕਾਲਜਾਂ ਵਿੱਚ ਦਾਖਲਾ ਲਿਆ ਸੀ।

ਓਪਨ ਡੋਰਸ ਦੇ ਅਨੁਸਾਰ, ਪਿਛਲੇ ਸਾਲ ਅਮਰੀਕਾ ਵਿੱਚ ਪੜ੍ਹਨ ਵਾਲੇ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਆਏ ਸਨ, ਜੋ ਕਿ 330,000 ਤੋਂ ਵੱਧ ਸਨ।

ਦੂਜੇ ਨੰਬਰ 'ਤੇ ਹਨ ਚੀਨ ਤੋਂ ਆਏ ਵਿਦਿਆਰਥੀ, ਜੋ ਲਗਭਗ 280,000 ਸਨ। ਇਸ ਤੋਂ ਬਾਅਦ ਦੱਖਣੀ ਕੋਰੀਆ, ਕੈਨੇਡਾ, ਤਾਇਵਾਨ, ਵੀਅਤਨਾਮ, ਨਾਈਜੀਰੀਆ, ਬੰਗਲਾਦੇਸ਼, ਬ੍ਰਾਜ਼ੀਲ ਅਤੇ ਨੇਪਾਲ ਦਾ ਨੰਬਰ ਦੇ ਵਿਦਿਆਰਥੀ ਹਨ।

ਹਾਲਾਂਕਿ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ "ਚੀਨੀ ਵਿਦਿਆਰਥੀਆਂ ਲਈ ਜ਼ੋਰਦਾਰ ਢੰਗ ਨਾਲ ਵੀਜ਼ਾ ਰੱਦ ਕਰੇਗਾ, ਜਿਨ੍ਹਾਂ ਵਿੱਚ ਚੀਨੀ ਕਮਿਊਨਿਸਟ ਪਾਰਟੀ ਨਾਲ ਸਬੰਧ ਰੱਖਣ ਵਾਲੇ ਜਾਂ ਜਟਿਲ ਵਿਸ਼ਿਆਂ ਸਬੰਧੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ।"

ਯੋਜਨਾ ਦੇ ਹਿੱਸੇ ਵਜੋਂ, ਚੀਨ ਅਤੇ ਹਾਂਗਕਾਂਗ ਦੇ ਭਵਿੱਖ ਦੇ ਵੀਜ਼ਾ ਬਿਨੈਕਾਰਾਂ ਦੀ "ਜਾਂਚ ਵਧਾਉਣ" ਲਈ ਮਾਪਦੰਡਾਂ ਨੂੰ ਵੀ ਸੋਧਿਆ ਜਾਵੇਗਾ।

ਇਹ ਸਪਸ਼ਟ ਨਹੀਂ ਹੈ ਕਿ ਅਮਰੀਕਾ ਵਿੱਚ ਪਹਿਲਾਂ ਤੋਂ ਪੜ੍ਹ ਰਹੇ ਕਿੰਨੇ ਚੀਨੀ ਵਿਦਿਆਰਥੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਚੀਨ ਨੇ ਕਿਹਾ ਕਿ ਉਹ ਇਸ ਕਦਮ ਦਾ "ਸਖ਼ਤ ਵਿਰੋਧ" ਕਰਦਾ ਹੈ, ਅਤੇ ਅਮਰੀਕਾ ਨੂੰ ਹੋਰ ਰਚਨਾਤਮਕ ਸਬੰਧਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।

ਹਾਰਵਰਡ ਦੇ ਵਿਦਿਆਰਥੀਆਂ ਦੀ ਰੈਲੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਸਾਥੀ ਵਿਦਿਆਰਥੀਆਂ ਨਾਲ ਨਾਅਰੇ ਲਗਾਉਂਦੇ ਹੋਏ

ਟਰੰਪ ਪ੍ਰਸ਼ਾਸਨ ਪਹਿਲਾਂ ਹੀ ਕਈ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਅੱਗੇ ਵਧ ਚੁੱਕਾ ਹੈ, ਜਦਕਿ ਹੋਰਨਾਂ ਹਜ਼ਾਰਾਂ ਦੇ ਵੀਜ਼ੇ ਰੱਦ ਕਰ ਰਿਹਾ ਹੈ।

ਮਾਰਚ ਦੇ ਅੰਤ ਵਿੱਚ, ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਯੂਨੀਵਰਸਿਟੀ ਕੈਂਪਸਾਂ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ 'ਤੇ ਸ਼ਿਕੰਜਾ ਕੱਸਣ ਦੇ ਯਤਨਾਂ ਦੇ ਹਿੱਸੇ ਵਜੋਂ ਘੱਟੋ-ਘੱਟ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਹਾਲਾਂਕਿ, ਰੂਬੀਓ ਨੇ ਇਹ ਬਿਲਕੁਲ ਨਹੀਂ ਦੱਸਿਆ ਸੀ ਕਿ ਉਹ ਕਿਹੜੇ ਦੇਸ਼ਾਂ ਤੋਂ ਸਨ।

ਬੁੱਧਵਾਰ ਨੂੰ, ਹਾਰਵਰਡ ਨੇ ਇੱਕ ਅਦਾਲਤ ਵਿੱਚ ਦਾਇਰ ਕੀਤੀ ਗਈ ਫਾਈਲਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਲਈ ਇਸਦੇ ਪ੍ਰਮਾਣੀਕਰਣ ਨੂੰ ਰੱਦ ਕਰਨ ਨਾਲ ਯੂਨੀਵਰਸਿਟੀ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਸਕਦਾ ਹੈ।

ਅਦਾਲਤੀ ਪ੍ਰਸਤਾਵ ਦੇ ਨਾਲ ਦਾਇਰ ਇੱਕ ਘੋਸ਼ਣਾ ਵਿੱਚ, ਹਾਰਵਰਡ ਦੇ ਅੰਤਰਰਾਸ਼ਟਰੀ ਦਫਤਰ ਦੇ ਨਿਰਦੇਸ਼ਕ ਮੌਰੀਨ ਮਾਰਟਿਨ ਨੇ ਕਿਹਾ ਕਿ ਇਹ ਕਦਮ ਵਿਦਿਆਰਥੀਆਂ ਅਤੇ ਸਕਾਲਰਾਂ ਲਈ "ਮਹੱਤਵਪੂਰਨ ਭਾਵਨਾਤਮਕ ਪਰੇਸ਼ਾਨੀ" ਦਾ ਕਾਰਨ ਬਣ ਰਿਹਾ ਹੈ।

ਉਨ੍ਹਾਂ ਲਿਖਿਆ ਕਿ ਵਿਦਿਆਰਥੀ ਗ੍ਰੈਜੂਏਸ਼ਨ ਸਮਾਰੋਹਾਂ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰ ਰਹੇ ਹਨ, ਅੰਤਰਰਾਸ਼ਟਰੀ ਯਾਤਰਾ ਰੱਦ ਕਰ ਰਹੇ ਸਨ ਅਤੇ ਕੁਝ ਮਾਮਲਿਆਂ ਵਿੱਚ ਤਾਂ ਦੂਜੇ ਕਾਲਜਾਂ ਵਿੱਚ ਟ੍ਰਾਂਸਫਰ ਦੀ ਮੰਗ ਕਰ ਰਹੇ ਸਨ।

ਅਦਾਲਤੀ ਫਾਈਲਿੰਗ ਦੇ ਅਨੁਸਾਰ, ਕੁਝ ਵਿਦਿਆਰਥੀਆਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚ ਵਾਪਸ ਜਾਣ ਲਈ ਮਜਬੂਰ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਸਰਗਰਮ ਟਕਰਾਅ ਜਾਂ ਸਿਆਸੀ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰੋਫੈਸਰ ਐਮਰੀਟਸ ਵਿਲੀਅਮ ਬਰਸਟਾਈਨ, ਵੈਸਟ ਵਰਜੀਨੀਆ ਯੂਨੀਵਰਸਿਟੀ ਅਤੇ ਪਿਟਸਬਰਗ ਯੂਨੀਵਰਸਿਟੀ ਦੋਵਾਂ ਨਾਲ ਸੰਬੰਧਿਤ ਹਨ ਅਤੇ ਉੱਚ ਅੰਤਰਰਾਸ਼ਟਰੀ ਸਿੱਖਿਆ ਲਈ ਇੱਕ ਗਲੋਬਲ ਰਣਨੀਤੀਕਾਰ ਹਨ। ਉਹ ਕਹਿੰਦੇ ਹਨ ਕਿ ਅਮਰੀਕਾ 'ਤੇ ਵੀ ਇਸਦਾ ਪ੍ਰਭਾਵ ਗੰਭੀਰ ਹੋਵੇਗਾ।

ਪ੍ਰੋਫੈਸਰ ਐਮਰੀਟਸ ਮੁਤਾਬਕ, "ਹਾਰਵਰਡ ਇਸ ਨੂੰ ਝੱਲ ਲਵੇਗਾ। ਮੇਰਾ ਮਤਲਬ ਹੈ ਕਿ ਇਹ ਮੁਸ਼ਕਲ ਹੋਵੇਗਾ ਪਰ ਮੈਨੂੰ ਚਿੰਤਾ ਸਾਡੀਆਂ ਪਬਲਿਕ ਯੂਨੀਵਰਸਿਟੀਆਂ ਦੀ ਹੈ ਜੋ ਟਿਊਸ਼ਨ ਅਤੇ ਫੀਸਾਂ ਤੋਂ ਹੋਣ ਵਾਲੇ ਮਾਲੀਏ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ।"

ਉਨ੍ਹਾਂ ਅੱਗੇ ਕਿਹਾ, "ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਾਡੇ ਕੈਂਪਸਾਂ ਵਿੱਚ ਵੱਖਰੇ ਮੁੱਦਿਆਂ 'ਤੇ ਵਿਭਿੰਨ ਦ੍ਰਿਸ਼ਟੀਕੋਣ ਲਿਆਉਣ ਦੀ ਯੋਗਤਾ, ਅਸਲ ਪ੍ਰਭਾਵ ਇਸ 'ਤੇ ਪਵੇਗਾ।''

ਵਿਦਿਆਰਥੀਆਂ ਕੋਲ ਹੋਰ ਬਦਲ ਕਿਹੜੇ ਹਨ?

ਹਾਰਵਰਡ ਯੂਨੀਵਰਸਿਟੀ ਵਿੱਚ ਇੱਕ ਇਮਾਰਤ ਦਾ ਬਾਹਰੀ ਦ੍ਰਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਰਵਰਡ ਯੂਨੀਵਰਸਿਟੀ ਵਿੱਚ ਇੱਕ ਇਮਾਰਤ ਦਾ ਬਾਹਰੀ ਦ੍ਰਿਸ਼

ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਆਪਣੇ ਵੱਲ ਆਕਰਸ਼ਿਤ ਕੀਤਾ ਹੈ।

ਪਰ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਨਾਟਕੀ ਤਬਦੀਲੀਆਂ ਦੇ ਨਤੀਜੇ ਵਜੋਂ ਹਾਲ ਹੀ ਵਿੱਚ ਵਿਦਿਆਰਥੀਆਂ ਦੀ ਸੰਖਿਆ ਵਿੱਚ ਕਾਫ਼ੀ ਗਿਰਾਵਟ ਆਈ ਹੈ।

ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਵਚਨਬੱਧ ਹੈ। ਮਿਸਾਲ ਵਜੋਂ, ਵਿਦੇਸ਼ੀ ਵਿਦਿਆਰਥੀਆਂ ਲਈ ਫੰਡਾਂ ਦੇ ਸਬੂਤ ਪੇਸ਼ ਕਰਨ ਸਬੰਧੀ ਜ਼ਰੂਰਤਾਂ ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। ਇਹ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।

ਯੂਕੇ, ਜਿੱਥੇ ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਰਗੀਆਂ ਵੱਕਾਰੀ ਸੰਸਥਾਵਾਂ ਹਨ, ਉਹ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੌਕਿਆਂ ਨੂੰ ਸੀਮਿਤ ਕਰ ਰਹੇ ਹਨ।

ਵਿਦਿਆਰਥੀ ਵੀਜ਼ਾ ਪਾਬੰਦੀਆਂ ਜਨਵਰੀ 2024 ਵਿੱਚ ਲਾਗੂ ਹੋਈਆਂ ਹਨ, ਜਿਸਦਾ ਮਤਲਬ ਹੈ ਕਿ ਪੋਸਟ ਗ੍ਰੈਜੂਏਟ ਵਿਦਿਆਰਥੀ ਹੁਣ ਆਪਣੇ (ਉਨ੍ਹਾਂ 'ਤੇ ਨਿਰਭਰ) ਪਰਿਵਾਰਕ ਮੈਂਬਰਾਂ ਨੂੰ ਯੂਕੇ ਨਹੀਂ ਲਿਆ ਸਕਦੇ ਅਤੇ ਨਵੇਂ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਦੀ ਸਮਾਪਤੀ ਤੋਂ ਪਹਿਲਾਂ ਵਰਕ ਵੀਜ਼ਾ 'ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।

ਆਸਟ੍ਰੇਲੀਆ, ਦੁਨੀਆਂ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਬਾਜ਼ਾਰਾਂ ਵਿੱਚੋਂ ਇੱਕ ਹੈ, ਨੇ ਵੀ ਵਿਦੇਸ਼ੀ ਬਿਨੈਕਾਰਾਂ ਦੀ ਗਿਣਤੀ 'ਤੇ ਇੱਕ ਸੀਮਾ ਪੇਸ਼ ਕੀਤੀ ਹੈ। ਭਾਵ ਉਹ ਹੁਣ ਇੱਕ ਸੀਮਾ ਤੱਕ ਹੀ ਅਰਜ਼ੀਆਂ ਸਵੀਕਾਰ ਕਰਨਗੇ, ਕਿਉਂਕਿ ਆਸਟ੍ਰੇਲੀਆ ਦੀ ਕੋਸ਼ਿਸ਼ ਹੈ ਕਿ ਸਮੁੱਚੇ ਇਮੀਗ੍ਰੇਸ਼ਨ ਨੂੰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੱਕ ਘਟਾ ਦਿੱਤਾ ਜਾਵੇ।

ਪ੍ਰੋਫੈਸਰ ਐਮਰੀਟਸ ਕਹਿੰਦੇ ਹਨ ਕਿ ਇਸਦਾ ਇੱਕ ਨਤੀਜਾ ਇਹ ਹੋ ਸਕਦਾ ਹੈ ਕਿ ਜਿਵੇਂ ਵੱਧ ਤੋਂ ਵੱਧ ਦੇਸ਼ ਆਪਣੇ ਸਿੱਖਿਆ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨ ਦੀ ਚੋਣ ਕਰਦੇ ਹਨ, ਵਿਦਿਆਰਥੀ ਵੀ ਘਰ 'ਚ (ਦੇਸ਼ 'ਚ) ਹੀ ਰਹਿਣ ਦੀ ਚੋਣ ਕਰਨ। ਪਰ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਾ ਪਵੇ।

ਹੋਰ ਦੇਸ਼ ਕੀ ਪੇਸ਼ਕਸ਼ ਦੇ ਰਹੇ ਹਨ?

ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ 'ਚ ਹੋ ਰਹੀਆਂ ਤਬਦੀਲੀਆਂ ਕਾਰਨ ਹੋਰ ਦੇਸ਼ਾਂ ਦੀ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੀਆਂ

ਅਮਰੀਕਾ ਵਿੱਚ ਹਾਲ ਹੀ ਦੀਆਂ ਤਬਦੀਲੀਆਂ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਲਈ ਇੱਕ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਫੰਡਿੰਗ ਦੇ ਇੱਕ ਮਹੱਤਵਪੂਰਨ ਹਿੱਸੇ ਲਈ ਵਿਦੇਸ਼ੀ ਵਿਦਿਆਰਥੀਆਂ 'ਤੇ ਨਿਰਭਰ ਕਰਦੇ ਹਨ, ਜੋ ਕਿ ਉਨ੍ਹਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੀਆਂ ਉੱਚ ਟਿਊਸ਼ਨ ਫੀਸਾਂ ਤੋਂ ਮਿਲਦਾ ਹੈ।

ਹਾਂਗ ਕਾਂਗ ਦੇ ਮੁੱਖ ਕਾਰਜਕਾਰੀ, ਜੌਨ ਲੀਅ ਨੇ ਕਿਹਾ ਹੈ ਕਿ ਹਾਂਗ ਕਾਂਗ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ "ਸਵਾਗਤ" ਕਰੇਗਾ ਜਿਨ੍ਹਾਂ ਨਾਲ "ਅਮਰੀਕੀ ਨੀਤੀ ਦੁਆਰਾ ਵਿਤਕਰਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੜ੍ਹਾਈ ਕਰਨ ਜਾਂ ਅਮਰੀਕੀ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਜਾਰੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ, "ਜੋ ਹਾਂਗ ਕਾਂਗ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣਾ ਚੁਣਦੇ ਹਨ, ਸਰਕਾਰੀ ਅਤੇ ਤੀਜੇ ਦਰਜੇ ਦੀਆਂ ਸਥਾਨਕ ਸੰਸਥਾਵਾਂ ਉਨ੍ਹਾਂ ਲਈ ਵਧੀਆ ਤੋਂ ਵਧੀਆ ਸਹਾਇਤਾ ਅਤੇ ਪ੍ਰਬੰਧ ਪ੍ਰਦਾਨ ਕਰਨਗੀਆਂ।''

ਏਸ਼ੀਆ ਦੀਆਂ ਹੋਰ ਸੰਸਥਾਵਾਂ, ਜਿਵੇਂ ਮਲੇਸ਼ੀਆ ਵਿੱਚ ਸਨਵੇ ਯੂਨੀਵਰਸਿਟੀ ਸਮੇਤ ਕਈ ਹੋਰ ਅਦਾਰਿਆਂ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ।

ਲਿੰਕਡਇਨ 'ਤੇ ਇਸ ਸਮੂਹ ਦੀ ਸੀਈਓ ਐਲਿਜ਼ਾਬੈਥ ਲੀਅ ਨੇ ਲਿਖਿਆ, "ਸਾਡੀ ਐਰੀਜ਼ੋਨਾ ਸਟੇਟ ਯੂਨੀਵਰਸਿਟੀ (ਏਐਸਯੂ) ਨਾਲ ਇੱਕ ਭਾਈਵਾਲੀ ਹੈ ਜਿੱਥੇ ਅਸੀਂ ਹਾਰਵਰਡ ਵਿੱਚ ਪ੍ਰਾਪਤ ਕੀਤੇ ਤੁਹਾਡੇ ਸਾਰੇ ਕ੍ਰੈਡਿਟ ਨੂੰ ਏਐਸਯੂ ਟ੍ਰਾਂਸਫਰ ਕਰਨ ਲਈ ਕੰਮ ਕਰ ਸਕਦੇ ਹਾਂ ਜਾਂ ਇੱਥੋਂ ਤੱਕ ਕਿ ਸਾਡੇ ਆਪਣੇ ਕਿਸੇ ਵੀ ਸਨ-ਯੂ ਡਿਗਰੀ ਪ੍ਰੋਗਰਾਮਾਂ ਵਿੱਚ ਟ੍ਰਾਂਸਫਰ ਕਰਨ 'ਤੇ ਕੰਮ ਕਰ ਸਕਦੇ ਹਾਂ ਜੋ ਤੁਹਾਨੂੰ ਲੈਂਕੈਸਟਰ ਯੂਨੀਵਰਸਿਟੀ ਤੋਂ ਵਾਧੂ ਬ੍ਰਿਟਿਸ਼ ਪ੍ਰਮਾਣੀਕਰਣ ਵੀ ਪ੍ਰਾਪਤ ਕਰਵਾ ਸਕਦਾ ਹੈ।''

ਅਮਰੀਕੀ ਵੀਜ਼ਾ 'ਤੇ ਪਾਬੰਦੀ

ਯੂਰਪ ਵਿੱਚ, ਜਰਮਨੀ ਉਨ੍ਹਾਂ ਵਿਦਿਆਰਥੀਆਂ ਲਈ ਪਸੰਦੀਦਾ ਬਣਦਾ ਜਾ ਰਿਹਾ ਹੈ ਜੋ ਅਮਰੀਕਾ ਤੋਂ ਬਾਹਰ ਬਦਲ ਦੀ ਭਾਲ ਕਰ ਰਹੇ ਹਨ।

ਜਰਮਨ ਅਕਾਦਮਿਕ ਐਕਸਚੇਂਜ ਸੇਵਾ (DAAD) ਦੇ ਅਨੁਮਾਨਾਂ ਅਨੁਸਾਰ, ਦੇਸ਼ ਵਿੱਚ 2025 ਵਿੱਚ 400,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਨ ਲਈ ਪਹੁੰਚੇ ਹਨ।

ਪਿਛਲੇ ਸਾਲ ਮਾਰਚ ਵਿੱਚ, ਜਰਮਨੀ ਨੇ ਯੂਰਪੀ ਸੰਘ ਤੋਂ ਬਾਹਰਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਤੱਕ ਕੰਮ ਕਰਨ ਦੀ ਆਗਿਆ ਦੇਣ ਲਈ ਨਵੇਂ ਪ੍ਰਸਤਾਵ ਵੀ ਪੇਸ਼ ਕੀਤੇ ਹਨ, ਜਦਕਿ ਪਹਿਲਾਂ ਸਿਰਫ਼ ਦਸ ਘੰਟਿਆਂ ਦੀ ਆਗਿਆ ਮਿਲਦੀ ਸੀ।

ਇਸਦੇ ਨਾਲ ਹੀ, ਜਰਮਨੀ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਲਈ ਫੰਡਾਂ ਦੇ ਸਬੂਤ ਦੀਆਂ ਸ਼ਰਤਾਂ ਵਿੱਚ ਵੀ ਵਾਧਾ ਕੀਤਾ ਹੈ, ਪਰ ਇਹ ਵਾਧਾ ਓਨਾ ਨਾਟਕੀ ਨਹੀਂ ਹੈ, ਜਿਹੋ ਜਿਹਾ ਕੈਨੇਡਾ ਅਤੇ ਆਸਟ੍ਰੇਲੀਆ ਨੇ ਕੀਤਾ ਹੈ।

ਪ੍ਰੋਫੈਸਰ ਐਮਰੀਟਸ ਕਹਿੰਦੇ ਹਨ ਕਿ ਪਿਛਲੇ 15 ਸਾਲਾਂ ਵਿੱਚ ਉੱਚ ਸਿੱਖਿਆ ਦਾ ਗਲੋਬਲ ਬਾਜ਼ਾਰ ਬੁਨਿਆਦੀ ਤੌਰ 'ਤੇ ਬਦਲ ਗਿਆ ਹੈ, ਇਸ ਲਈ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਚਾਰ ਕਰਨ ਲਈ ਬਹੁਤ ਸਾਰੇ ਬਦਲ ਅਤੇ ਸਥਾਨ ਹਨ।

ਉਹ ਕਹਿੰਦੇ ਹਨ, "ਮਲੇਸ਼ੀਆ ਵਿੱਚ ਬਹੁਤ ਸਾਰੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਹਨ। ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਅਜੇ ਵੀ ਇੱਕ ਆਪਸ਼ਨ ਹੈ। ਫਰਾਂਸ ਵਿੱਚ, ਅਜਿਹੇ ਚੋਟੀ ਦੇ ਪ੍ਰੋਫੈਸਰਾਂ ਨੂੰ ਖਿੱਚਣ ਲਈ ਪੈਸਾ ਅਲਾਟ ਕੀਤਾ ਜਾ ਰਿਹਾ ਹੈ ਜੋ ਅਮਰੀਕਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ।''

''ਇਸ ਲਈ ਮੈਨੂੰ ਲੱਗਦਾ ਹੈ ਕਿ ਯੂਰਪ ਅਜੇ ਵੀ ਖੇਡ ਵਿੱਚ ਬਣਿਆ ਹੋਇਆ ਹੈ। ਪਰ ਮੇਰੇ ਸਾਰਾ ਧਿਆਨ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਕੀ ਹੋ ਰਿਹਾ ਹੈ ਇਸ 'ਤੇ ਹੈ ਕਿਉਂਕਿ ਇਹ ਦੁਨੀਆਂ ਦਾ ਸਭ ਤੋਂ ਐਕਟਿਵ ਖੇਤਰ ਹੈ।''

ਕੀ ਵਿਦਿਆਰਥੀ ਵਿਦੇਸ਼ ਵਿੱਚ ਕਿਸੇ ਹੋਰ ਬ੍ਰਾਂਚ ਵਿੱਚ ਟ੍ਰਾਂਸਫਰ ਲੈ ਸਕਦੇ ਹਨ?

ਵਿਦਿਆਰਥਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛਲੇ ਸਾਲ ਅਮਰੀਕਾ ਵਿੱਚ ਪੜ੍ਹਨ ਵਾਲੇ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਆਏ ਸਨ, ਜੋ ਕਿ 330,000 ਤੋਂ ਵੱਧ ਸਨ

ਪ੍ਰੋਫੈਸਰ ਐਮਰੀਟਸ ਉਮੀਦ ਕਰਦੇ ਹਨ ਕਿ 'ਬ੍ਰਾਂਚ-ਕੈਂਪਸ' ਦਾ ਵਿਚਾਰ ਹੁਣ ਵਧੇਰੇ ਪ੍ਰਸਿੱਧ ਹੋ ਜਾਵੇਗਾ।

ਉਹ ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਬ੍ਰਿਟਿਸ਼ ਯੂਨੀਵਰਸਿਟੀਆਂ ਦਾ ਅਜਿਹਾ ਕਰਨ ਦਾ ਇੱਕ ਲੰਮਾ ਇਤਿਹਾਸ ਹੈ। ਮਲੇਸ਼ੀਆ ਦੀਆਂ ਯੂਨੀਵਰਸਿਟੀਆਂ ਵੀ ਕਰਦੀਆਂ ਹਨ। ਅਮਰੀਕਾ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਦੇ ਨਾਲ ਵੀ (ਮਿਸਾਲ ਵਜੋਂ) ਭਾਰਤ ਵਿੱਚ ਇਲੀਨੋਇਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਕੰਮ ਅਤੇ ਚੀਨ ਵਿੱਚ ਇਸਦੇ ਕੰਮ ਦੀਆਂ ਉਦਾਹਰਣਾਂ ਹਨ।''

ਹਾਰਵਰਡ ਦੀ ਵੈੱਬਸਾਈਟ 'ਤੇ 50 ਤੋਂ ਵੱਧ ਦੇਸ਼ਾਂ ਦੀ ਸੂਚੀ ਹੈ, ਜਿੱਥੇ ਇਹ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਵਿੱਚ ਅਰਜਨਟੀਨਾ, ਇੰਗਲੈਂਡ, ਕੋਰੀਆ, ਸੇਨੇਗਲ ਅਤੇ ਬ੍ਰਾਜ਼ੀਲ ਸ਼ਾਮਲ ਹਨ।

ਹਾਲਾਂਕਿ, ਅਜੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਹੈ ਕਿ ਜੇਕਰ ਟਰੰਪ ਦੀ ਪਾਬੰਦੀ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਕੀ ਵਿਦਿਆਰਥੀ ਆਪਣੀ ਪੜ੍ਹਾਈ ਇਨ੍ਹਾਂ ਵਿੱਚੋਂ ਕਿਸੇ ਇੱਕ ਸਥਾਨ 'ਤੇ ਟ੍ਰਾਂਸਫਰ ਕਰ ਸਕਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)