You’re viewing a text-only version of this website that uses less data. View the main version of the website including all images and videos.
ਹੌਲਦਾਰ ਬਾਜਵਾ ਕਤਲ ਕੇਸ: ਮੁਕਾਬਲੇ ਵਿੱਚ ਕਾਬੂ ਮੁੱਖ ਮੁਲਜ਼ਮ ਜੋਰਾ ਬਾਰੇ ਪੁਲਿਸ ਨੇ ਇਹ ਦੱਸਿਆ
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੌਲਦਾਰ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਯੁਵਰਾਜ ਸਿੰਘ ਉਰਫ਼ ਜੋਰਾ ਨੂੰ ਕਾਬੂ ਕਰ ਲਿਆ ਹੈ।
ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਜੋਰਾ ਵਿਚਾਲੇ ਮੁਕਾਬਲੇ ਹੋਇਆ, ਦੋਵੇਂ ਪਾਸਿਓਂ ਫਾਇਰਿੰਗ ਹੋਈ।
ਇਸ ਮੁਕਾਬਲੇ ਦੌਰਾਨ ਯੁਵਰਾਜ ਸਿੰਘ ਉਰਫ਼ ਜੋਰਾ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ ਜੋਰਾ ਉੱਤੇ ਪਹਿਲਾਂ ਵੀ ਕਤਲ ਦੇ ਕੇਸ ਦਰਜ ਹਨ। ਪੰਜਾਬ ਪੁਲਿਸ ਦੇ ਹੌਲਦਾਰ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰਨ ਦਾ ਵੀ ਇਸ ਉੱਤੇ ਇਲਜ਼ਾਮ ਹੈ।
8 ਜਨਵਰੀ ਨੂੰ ਫਗਵਾੜਾ ਵਿੱਚ ਇੱਕ ਗੱਡੀ ਲੈ ਕੇ ਫਰਾਰ ਹੋ ਰਹੇ ਲੁਟੇਰਿਆ ਦਾ ਕੁਲਦੀਪ ਸਿੰਘ ਬਾਜਵਾ ਨੇ ਪਿੱਛਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਉੱਤੇ ਹਮਲਾ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਡੀਆਈਜੀ ਭੁੱਲਰ ਨੇ ਪੁਲਿਸ ਮੁਕਾਬਲੇ ਬਾਰੇ ਕੀ ਦੱਸਿਆ
ਮੌਕੇ 'ਤੇ ਪਹੁੰਚੇ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੋਰਾ ਦੇ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਰਹਿਣ ਦੀ ਜਾਣਕਾਰੀ ਮਿਲੀ ਸੀ।
ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੇਖਿਆ ਗਿਆ ਕਿ ਜੋਰਾ, ਰਹਿਮਾਨ ਮਲਿਕ ਨਾਮ ਦੀ ਫਰਜ਼ੀ ਆਈਡੀ ਨਾਲ ਬਲਟਾਣਾ ਵਿੱਚ ਸਥਿਤ ਇੱਕ ਨਿੱਜੀ ਹੋਟਲ ਦੇ ਕਮਰਾ ਨੰਬਰ 105 ਵਿੱਚ ਲੁਕਿਆ ਹੋਇਆ ਸੀ।
ਭੁੱਲਰ ਨੇ ਅੱਗੇ ਦੱਸਿਆ, "ਜੋਰਾ ਨੇ ਪੁਲਿਸ 'ਤੇ ਤਿੰਨ ਫਾਇਰ ਕੀਤੇ ਜਿਸ ਵਿੱਚ ਏਆਈਜੀ ਸੰਦੀਪ ਗੋਇਲ ਨੇ ਬੁਲੇਟ ਪਰੂਫ ਜੈਕਟ ਪਹਿਨੀ ਹੋਈ ਸੀ, ਇੱਕ ਗੋਲੀ ਉਸ ਵਿੱਚ ਲੱਗੀ ਹੈ।''
''ਇਹ ਜਲੰਧਰ ਦਿਹਾਤੀ ਦੇ ਫਰਵਾਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਦੀ ਉਮਰ 21 ਸਾਲ ਦੀ ਹੈ।"
"ਇਸ ਤੋਂ ਇਲਾਵਾ ਦੋ ਹਥਿਆਰ ਅਤੇ ਜ਼ਿੰਦਾ ਤੇ ਚੱਲੇ ਹੋਏ ਕਾਰਤੂਸ ਵੀ ਬਰਾਮਦ ਹੋਏ ਹਨ। ਇਨ੍ਹਾਂ ਸਾਰਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।"
ਉਨ੍ਹਾਂ ਨੇ ਇਸ ਤੋਂ ਇਲਾਵਾ ਕਿਹਾ ਕਿ ਗੰਭੀਰਤਾ ਨਾਲ ਜਾਂਚ ਕਰ ਕੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਨੇ ਅੱਗੇ ਦੱਸਿਆ, "ਪੁਲਿਸ ਨੇ ਉਸ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਉਸ ਨੇ ਪੁਲਿਸ ਉੱਤੇ ਗੋਲੀ ਚਲਾਈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜੋਰਾ ਨੂੰ ਲੱਤ ਵਿੱਚ ਗੋਲੀ ਵੱਜੀ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।"
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੌਲਦਾਰ ਕੁਲਦੀਪ ਸਿੰਘ ਨੂੰ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਯੁਵਰਾਜ ਸਿਘ ਉਰਫ਼ ਜੋਰਾ ਨੂੰ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਕਾਬੂ ਕਰ ਲਿਆ ਗਿਆ ਹੈ।
ਕਿਵੇਂ ਹੋਈ ਸੀ ਸਿਪਾਹੀ ਕੁਲਦੀਪ ਬਾਜਵਾ ਦੀ ਮੌਤ
8 ਜਨਵਰੀ ਯਾਨਿ ਕਿ ਐਤਵਾਰ ਦੇਰ ਸ਼ਾਮ ਨੂੰ ਫਗਵਾੜਾ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਬਾਜਵਾ ਉੱਤੇ ਹਮਲਾ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਉਸ ਵੇਲੇ ਦੱਸਿਆ ਸੀ ਕਿ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਐਤਵਾਰ ਦੇਰ ਸ਼ਾਮ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ।
ਪੁਲਿਸ ਪਾਰਟੀ ਵੱਲੋਂ ਕਾਰ ਨੂੰ ਗੋਰਾਇਆ ਵੱਲ ਲੈ ਕੇ ਜਾਂਦੇ ਹੋਏ ਵੇਖਿਆ ਗਿਆ, ਜਿਸ ਉੱਤੇ ਐੱਸਐੱਚਓ ਅਮਨਦੀਪ ਨਾਹਰ ਅਤੇ ਦੋ ਪੁਲਿਸ ਜਵਾਨਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ।
ਪਰ ਇਸ ਦੌਰਾਨ ਕਾਰ ਸਵਾਰਾਂ ਵੱਲੋਂ ਤੁਰੰਤ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਿਸ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੀ।
ਇਸ ਦੌਰਾਨ ਸਿਪਾਹੀ ਕੁਲਦੀਪ ਸਿੰਘ (886/ਕਪੂਰਥਲਾ) ਨੂੰ ਗੋਲੀ ਲੱਗੀ ਅਤੇ ਉਹਨਾਂ ਦੀ ਹਸਪਤਾਲ ਪਹੁੰਚਾਉਣ ਦੌਰਾਨ ਮੌਤ ਹੋ ਗਈ ਸੀ।