'ਮੈਂ ਬਹੁਤ ਰੋਂਦੀ ਸੀ ਕਿ ਸਿਲਵਰ ਮੈਡਲ ਮਿਲਿਆ', ਟ੍ਰੋਲਿੰਗ ਤੋਂ ਗੋਲਡ ਮੈਡਲ ਤੱਕ ਕਿਵੇਂ ਪਹੁੰਚੀ ਬਾਕਸਰ ਹਵਾ ਸਿੰਘ ਦੀ ਪੋਤਰੀ ਨੂਪੁਰ ਸ਼ਿਓਰਾਨ

    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ

"ਨੀਂਦ ਆਉਣੀ ਬੰਦ ਹੋ ਗਈ ਸੀ ਮੈਨੂੰ ਕੰਪੀਟੀਸ਼ਨ ਤੋਂ ਬਾਅਦ, ਉਸ ਹਾਰ ਦਾ ਅੰਦਰ ਤੋਂ ਪਛਤਾਵਾਂ ਇੰਨਾ ਹੋ ਜਾਂਦਾ, ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜਿੱਤ ਸਕਦੇ ਸੀ। ਉਪਰ ਤੋਂ ਟਰੋਲਿੰਗ ਨੇ ਕਾਫ਼ੀ ਜ਼ਿਆਦਾ ਪਰੇਸ਼ਾਨ ਕੀਤਾ।"

ਇਹ ਸ਼ਬਦ ਹਨ ਬਾਕਸਰ ਨੂਪੁਰ ਸ਼ਿਓਰਾਨ ਦੇ, ਜਿਨ੍ਹਾਂ ਨੂੰ ਲੀਵਰਪੂਰ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਮਗਰੋਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।

ਹਰਿਆਣਾ ਦੇ ਭਿਵਾਨੀ ਦੀ ਰਹਿਣ ਵਾਲੀ ਬਾਕਸਰ ਨੂਪੁਰ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ।

ਨੂਪੁਰ ਦੱਸਦੇ ਹਨ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ਼ ਇੱਕ ਪੁਆਇੰਟ ਦੇ ਕਾਰਨ ਮੈਂ ਪਿੱਛੇ ਰਹਿ ਗਈ ਸੀ ਤੇ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਇਸ ਤੋਂ ਬਾਅਦ ਕਿਹਾ ਕਿ ਮੈਂ ਆਉਣ ਵਾਲੇ ਵਿਸ਼ਵ ਕੱਪ ਵਿੱਚ ਜ਼ਰੂਰ ਗੋਲਡ ਮੈਡਲ ਜਿੱਤਾਂਗੀ।

ਨੂਪੁਰ ਕਹਿੰਦੇ ਹਨ ਕਿ ਸਿਰਫ਼ ਇੰਨੀ ਜਿਹੀ ਗੱਲ ਕਰਕੇ ਮੈਨੂੰ ਸੋਸ਼ਲ ਮੀਡੀਆ 'ਤੇ ਇਹ ਕਹਿ ਕੇ ਟ੍ਰੋਲ ਕੀਤਾ ਗਿਆ ਕਿ ਸਿਲਵਰ ਮੈਡਲ ਜਿੱਤ ਕੇ ਓਵਰ ਕਾਨਫੀਡੈਂਸ ਹੋ ਗਈ।

"ਗੋਲਡ ਮੈਡਲ ਜਿੱਤਣਾ ਕੀ ਹਲਵਾ ਹੈ। ਪਰ ਮੈਂ ਇਹ ਕਰਕੇ ਦਿਖਾਇਆ।"

ਨੋਇਡਾ ਵਿਖੇ ਹੋਏ ਬਾਕਸਿੰਗ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ, ਉਸ ਸਮੇਂ ਉਨ੍ਹਾਂ ਨੇ ਆਪਣੀ ਖੇਡ ਨੂੰ ਹੋਰ ਮਜ਼ਬੂਤ ਕਿਵੇਂ ਕੀਤਾ ਅਤੇ ਉਹ ਸਮਾਂ ਕਿਵੇਂ ਬਿਤਾਇਆ।

ਬਾਕਸਰ ਹਵਾ ਸਿੰਘ ਦੀ ਪੋਤੀ ਨੂਪੁਰ ਕਿਵੇਂ ਪਰਿਵਾਰ ਦੀ ਪਰੰਪਰਾ ਨੂੰ ਵਧਾ ਰਹੀ

ਨੂਪੁਰ ਭਾਰਤ ਦੇ ਮਹਾਨ ਬਾਕਸਰ ਹਵਾ ਸਿੰਘ ਦੀ ਪੋਤੀ ਹੈ। ਹਵਾ ਸਿੰਘ ਨੇ ਆਪਣੇ ਬਾਕਸਿੰਗ ਕਰੀਅਰ ਵਿੱਚ ਕਈ ਖਿਤਾਬ ਜਿੱਤੇ। ਹਵਾ ਸਿੰਘ ਕੌਮੀ ਚੈਂਪੀਅਨ ਹੋਣ ਦੇ ਨਾਲ ਨਾਲ ਦੋ ਵਾਰ ਏਸ਼ੀਅਨ ਖੇਡਾਂ ਵਿੱਚ ਸੋਨੇ ਦੇ ਤਗਮੇ ਵੀ ਜਿੱਤੇ ਸਨ।

ਪਹਿਲਾ ਤਗਮਾ 1966 ਵਿੱਚ ਤੇ ਦੂਜਾ ਤਗਮਾ 1970 ਦੀਆਂ ਏਸ਼ੀਅਨ ਖੇਡਾਂ ਵਿੱਚ ਹਾਸਲ ਕੀਤਾ। ਹਵਾ ਸਿੰਘ ਹੈਵੀਵੇਟ ਬਾਕਸਰ ਸਨ ਤੇ ਭਾਰਤੀ ਫੌਜ ਚੋਂ ਕੈਪਟਨ ਦੇ ਰੈਂਕ ਤੋਂ ਰਿਟਾਇਰ ਹੋਏ ਸਨ।

ਹਵਾ ਸਿੰਘ ਨੂੰ ਅਰਜੁਨਾ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ। ਹਵਾ ਸਿੰਘ ਰਿਟਾਇਰ ਹੋਣ ਮਗਰੋਂ ਕੋਚਿੰਗ ਵੀ ਦੇਣ ਲੱਗ ਪਏ ਸਨ ਤੇ ਉਨ੍ਹਾਂ ਨੂੰ ਦਰੋਣਾਚਾਰੀਆ ਐਵਾਰਡ ਵੀ ਮਿਲਿਆ,ਹਾਲਾਂਕਿ ਇਹ ਐਵਾਰਡ ਉਨ੍ਹਾਂ ਨੂੰ ਦੇਹਾਂਤ ਬਾਅਦਮਿਲਿਆ।

ਹਵਾ ਸਿੰਘ ਦੇ ਪੁੱਤਰ ਤੇ ਨੂਪੁਰ ਦੇ ਪਿਤਾ ਸੰਜੇ ਕੁਮਾਰ ਵੀ ਬਾਕਸਿੰਗ ਦੇ ਚੰਗੇ ਖਿਡਾਰੀ ਰਹੇ ਸਨ। ਸੰਜੇ ਭੀਮ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ।

ਸੰਜੇ ਅੱਜ ਕੱਲ੍ਹ ਭਿਵਾਨੀ ਵਿੱਚ ਬਾਕਸਿੰਗ ਅਕੈਡਮੀ ਚਲਾ ਰਹੇ ਹਨ, ਜਿੱਥੇ ਉਹ ਕਈ ਖਿਡਾਰੀਆਂ ਨੂੰ ਬਾਕਸਿੰਗ ਦੇ ਪੰਚ ਲਾਉਣੇ ਸਿਖਾ ਰਹੇ ਹਨ।

ਨੁਪੂਰ ਦੇ ਕੋਚ ਵੀ ਉਨ੍ਹਾਂ ਦੇ ਪਿਤਾ ਹੀ ਹਨ, ਪਿਤਾ ਤੋਂ ਸਿਖਲਾਈ ਲੈ ਕੇ ਹੀ ਨੂਪੁਰ ਅੰਤਰਰਾਸ਼ਟਰੀ ਪੱਧਰ 'ਤੇ ਬਾਕਸਿੰਗ ਰਹੀ ਹੈ ਤੇ ਆਪਣੇ ਪਰਿਵਾਰ ਦੀ ਰਵਾਇਤ ਨੂੰ ਅੱਗੇ ਵਧਾ ਰਹੀ ਹੈ।

ਨੂਪੁਰ 2 ਵਾਰ ਬਾਕਸਿੰਗ ਵਿਸ਼ਵ ਕੱਪ 'ਚੋਂ ਗੋਲਡ ਮੈਡਲ ਜਿੱਤ ਚੁੱਕੇ ਹਨ 'ਤੇ ਇਸੇ ਵਰ੍ਹੇ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਨੂਪੁਰ 5 ਵਾਰ ਦੇ ਨੈਸ਼ਨਲ ਚੈਂਪੀਅਨ ਵੀ ਹਨ।

ਪਹਿਲੇ ਗੋਲਡ ਮੈਡਲ ਦਾ ਸਫ਼ਰ

ਬਾਕਸਰ ਨੂਪੁਰ ਸ਼ਿਓਰਾਨ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਹਨ। ਨੁਪੂਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸੰਜੇ ਕੁਮਾਰ ਹੀ ਉਨ੍ਹਾਂ ਦੇ ਕੋਚ ਹਨ। ਨੂਪੁਰ ਦੇ ਮਾਪਿਆਂ ਨੇ 2005 ਵਿੱਚ ਖੇਡ ਅਕੈਡਮੀ ਸ਼ੁਰੂ ਕੀਤੀ ਸੀ। ਅਕੈਡਮੀ ਖੋਲ੍ਹਣ ਦਾ ਸੁਪਨਾ ਨੁਪੂਰ ਦੇ ਦਾਦਾ ਤੇ ਮਾਤਾ ਦਾ ਸੀ।

ਨੂਪੁਰ ਦੱਸਦੇ ਹਨ ਕਿ ਉਨ੍ਹਾਂ ਦੇ ਘਰ 'ਚ ਖੇਡਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਮਾਹੌਲ ਸੀ। ਜਿਹੜੇ ਕਮਰੇ 'ਚ ਬੈਠ ਕੇ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਉਹ ਕਮਰਾ ਮੈਡਲ, ਤਮਗਿਆਂ ਨਾਲ ਭਰਿਆ ਹੋਇਆ ਸੀ।

ਕਮਰੇ ਬਾਰੇ ਨੂਪੁਰ ਕਹਿੰਦੇ ਹਨ ਕਿ ਇੱਥੇ ਪਹਿਲਾਂ 25 ਦੇ ਕਰੀਬ ਬੱਚੇ ਰਹਿੰਦੇ ਸਨ ਜਿਨ੍ਹਾਂ ਨੂੰ ਮੇਰੇ ਪਿਤਾ ਟ੍ਰੇਨਿੰਗ ਦਿੰਦੇ ਸੀ। ਕਈ ਬੱਚੇ ਆਰਥਿਕ ਪੱਖੋ ਕਮਜ਼ੋਰ ਸਨ ਪਰ ਮੇਰੇ ਮਾਤਾ-ਪਿਤਾ ਦਾ ਜਜ਼ਬਾ ਸੀ ਕਿ ਇਨ੍ਹਾਂ ਸਾਰਿਆਂ ਬੱਚਿਆਂ ਨੂੰ ਗੇਮ 'ਚ ਅੱਗੇ ਪਹੁੰਚਾਉਣਾ ਹੈ।

ਨੂਪੁਰ ਦੱਸਦੇ ਹਨ ਕਿ ਜਦੋਂ ਉਹ 10ਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਨੇ ਸਟੇਟ ਲੈਵਲ ਦੇ ਬਾਕਸਿੰਗ ਮੈਚ 'ਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਉਦੋਂ ਭਾਰ ਕਰੀਬ 90 ਕਿਲੋਗ੍ਰਾਮ ਸੀ।

ਨੂਪੁਰ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਯੂਥ ਨੈਸ਼ਨਲ ਚੈਂਪਿਅਨ ਬਣੀ ਤਾਂ ਮੈਂ ਉਦੋਂ 12ਵੀਂ ਜਮਾਤ 'ਚ ਪੜ੍ਹਦੀ ਸੀ। ''ਫਿਰ ਮੈਂ ਫਿਟਨਸ 'ਤੇ ਧਿਆਨ ਦੇਣਾ ਸ਼ੁਰੂ ਕੀਤਾ, ਬਾਕਸਿੰਗ ਦੇ ਅਭਿਆਸ ਦੇ ਨਾਲ ਨਾਲ ਦੌੜਨਾਂ ਵੀ ਸ਼ੁਰੂ ਕੀਤਾ।

ਬਾਕਸਰ ਨੂਪੁਰ ਸ਼ਿਓਰਾਨ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ 'ਚ ਮੈਂ ਕਦੇਂ ਸੋਚਿਆ ਨਹੀਂ ਸੀ ਕਿ ਬਾਕਸਿੰਗ ਲਈ ਕਿੰਨੀ ਮਿਹਨਤ ਕਰਨੀ ਪਵੇਗੀ। ਸਵੇਰੇ ਚਾਰ ਵਜੇ ਉੱਠ ਕੇ ਅਭਿਆਸ ਲਈ ਨਿਕਲਣਾ, ਪ੍ਰੈਕਟਿਸ ਦੌਰਾਨ ਸੱਟਾਂ ਲੱਗਣੀਆਂ, ਸਰਦੀਆਂ 'ਚ ਤਾਂ ਸਰੀਰ ਸੁੰਨ ਪੈ ਜਾਂਦਾ ਸੀ, ਪਰ ਮੈਂ ਹਿੰਮਤ ਨਹੀਂ ਛੱਡੀ ਅਤੇ ਡਟੀ ਰਹੀ।''

'ਆਪਣੇ ਪਿਤਾ ਦੇ ਹਿਸਾਬ ਨਾਲ ਮੈਚ ਖੇਡਦੀ ਹਾਂ'

ਨੂਪੁਰ ਨੇ ਦੱਸਿਆ ਕਿ ਜਦੋਂ ਮੈਂ ਸੀਨੀਅਰ ਨੈਸ਼ਨਲ ਚੈਂਪੀਅਨ ਬਣੀ ਤਾਂ ਉਦੋਂ ਟੋਕੀਓ ਓਲੰਪੀਕ ਲਈ ਟ੍ਰਾਇਲ ਚੱਲ ਰਹੇ ਸਨ। ਫਾਇਨਲ ਵਿੱਚ ਮੇਰਾ ਮੈਚ ਪੂਜਾ ਵੋਹਰਾ ਨਾਲ ਹੋਇਆ ਸੀ ਤੇ ਪੂਜਾ ਵੋਹਰਾ ਵੀ ਮੇਰੇ ਪਿਤਾ ਦੀ ਸਟੂਡੈਂਟ ਹੈ। ਹਾਲਾਂਕਿ ਉਹ ਮੈਚ ਮੈਂ 3-2 ਨਾਲ ਹਾਰ ਗਈ ਸੀ।

ਉਨ੍ਹਾਂ ਨੇ ਕਿਹਾ, ''ਮੈਨੂੰ ਆਦਤ ਹੈ ਕਿ ਮੈਂ ਆਪਣੇ ਪਿਤਾ ਦੇ ਹਿਸਾਬ ਨਾਲ ਹੀ ਮੈਚ ਖੇਡਦੀ ਹਾਂ, ਉਸ ਮੁਕਾਬਲੇ 'ਚ ਨਾਂ ਤਾਂ ਮੈਨੂੰ ਮੇਰੇ ਪਿਤਾ ਨੇ ਕੁਝ ਦੱਸਿਆ ਅਤੇ ਨਾ ਹੀ ਪੂਜਾ ਵੋਹਰਾ ਨੂੰ ਗਾਈਡ ਕੀਤਾ ਸੀ। ਫਿਰ ਮੈਂ ਇੱਕ ਸਾਲ ਤੱਕ ਪਿਤਾ ਨਾਲ ਨਾਰਾਜ਼ ਰਹੀ।''

ਉਹ ਮੈਚ ਦੇਖਣ ਲਈ 300 ਦੇ ਕਰੀਬ ਲੋਕ ਸਨ ਅਤੇ ਮੇਰੇ ਹੱਕ 'ਚ ਬੋਲਣ ਵਾਲ ਸਿਰਫ਼ ਇੱਕ ਮੇਰਾ ਭਰਾ ਹੀ ਸੀ।ਜੋ ਮੇਰੇ ਭਰਾ ਨੇ ਉਸ ਸਮੇਂ ਮੈਨੂੰ ਦੱਸਿਆ ਮੈਂ ਓਵੇਂ ਓਵੇਂ ਕਰਦੀ ਗਈ ਪਰ ਫਿਰ ਵੀ ਮੈਂ ਮੈਚ ਹਾਰ ਗਈ।''

ਨੂਪੁਰ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਉਸ ਸਮੇਂ ਮੇਰੇ ਲਈ ਨਹੀਂ ਸੀ, ਫਿਰ ਮੈਂ ਸੋਚਿਆ ਕਿ ਜੇਕਰ ਕੁਝ ਕਰਨਾ ਹੈ ਤਾਂ ਆਪਣੇ ਦਮ 'ਤੇ ਹੀ ਕਰਨਾ ਪਵੇਗਾ।

ਮੈਚ ਤੋਂ ਪਹਿਲਾ ਦਬਾਅ ਮਹਿਸੂਸ ਹੁੰਦਾ?

ਖੇਡ ਮੈਦਾਨ 'ਚ ਮੈਚ ਤੋਂ ਪਹਿਲਾਂ ਪੈਣ ਵਾਲੇ ਪ੍ਰੈਸ਼ਰ ਜਾਂ ਦਬਾਅ ਬਾਰੇ ਜਦੋਂ ਨੂਪੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਸੇ ਵੀ ਖਿਡਾਰੀ ਨੂੰ ਪੁੱਛ ਕੇ ਦੇਖ ਲਵੋ ਮੈਚ ਤੋਂ ਪਹਿਲਾਂ ਪ੍ਰੈਸ਼ਰ ਹਰ ਕਿਸੇ 'ਤੇ ਹੁੰਦਾ ਹੈ। ਇਸ ਨੂੰ ਮੁਕਾਬਲੇ ਤੋਂ ਪਹਿਲਾਂ ਹਰ ਕੋਈ ਮਹਿਸੂਸ ਕਰਦਾ ਹੀ ਹੈ।

''ਜਦੋਂ ਮੈਂ ਖੇਡਦੀ ਹਾਂ ਤਾਂ ਮੇਰੇ 'ਤੇ ਪ੍ਰੈਸ਼ਰ ਦਾ ਲੈਵਲ ਬਹੁਤ ਉੱਚਾ ਹੋ ਜਾਂਦਾ ਹੈ। ਕਿਉਂਕਿ ਮੇਰੇ ਦਾਦਾ ਅਤੇ ਪਿਤਾ ਦਾ ਨਾਮ ਬਹੁਤ ਵੱਡਾ ਹੈ ਤੇ ਮੈਂ ਸੋਚਦੀ ਰਹਿੰਦੀ ਸੀ ਕਿ ਜੇਕਰ ਮੈਂ ਹਾਰ ਗਈ ਤਾਂ ਉਨ੍ਹਾਂ ਦਾ ਨਾਮ ਖ਼ਰਾਬ ਨਾ ਹੋ ਜਾਵੇ।''

ਬਾਕਸਰ ਨੂਪੁਰ ਨੇ ਕਿਹਾ, ''ਮੈਨੂੰ ਇਸ ਪ੍ਰੈਸ਼ਰ ਨੂੰ ਸਮਝਣ ਅਤੇ ਸਿੱਖਣ 'ਚ ਤਿੰਨ ਤੋਂ ਚਾਰ ਸਾਲ ਲੱਗ ਗਏ। ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਪਹਿਲਾਂ ਸਮਾਂ ਹੋਰ ਸੀ ਹੁਣ ਸਮਾਂ ਮੇਰਾ ਹੈ ਤੇ ਮੈਨੂੰ ਖੇਡ ਵੀ ਆਪਣੇ ਤਰੀਕੇ ਨਾਲ ਹੀ ਖੇਡਣੀ ਪਵੇਗੀ।''

''ਮੇਰੇ ਦਾਦਾ ਜੀ ਅਤੇ ਪਿਤਾ ਜੀ ਦੀ ਖੇਡ ਬਾਰੇ ਸਾਰੇ ਜਾਣਦੇ ਹਨ, ਉਨ੍ਹਾਂ ਤੋਂ ਹੀ ਮੈਂ ਸਿੱਖਿਆ ਤੇ ਆਪਣੇ ਪਰਿਵਾਰ ਦੀ ਮੋਟੀਵੇਸ਼ਨ ਮੇਰੇ ਕੋਲ ਅੱਜ ਵੀ ਹੈ ਅਤੇ ਅੱਗੇ ਵੀ ਰਹੇਗੀ।''

ਨੂਪੁਰ ਨੇ ਕਿਹਾ ਕਿ ਮੇਰੇ ਪਿਤਾ ਹੀ ਮੇਰੇ ਕੋਚ ਹਨ। ਜੇਕਰ ਕਦੇ ਮੈਂ ਟ੍ਰੇਨਿੰਗ ਦੌਰਾਨ ਕੋਈ ਗੜਬੜ ਕਰਦੀ ਹਾਂ ਤਾਂ ਉਸ ਦਾ ਨਤੀਜਾ ਸਿਰਫ਼ ਗ੍ਰਾਉਂਡ ਤੱਕ ਨਹੀਂ, ਪੂਰਾ ਦਿਨ ਭੁਗਤਨਾ ਪੈਂਦਾ ਹੈ। ਕੋਚ ਦਾ ਸਖ਼ਤ ਹੋਣਾ ਵੀ ਜ਼ਰੂਰੀ ਹੈ। ਹੁਣ ਵੀ ਮੇਰੇ ਪਿਤਾ ਮੈਨੂੰ ਵਿਹਲੀ ਨਹੀਂ ਬੈਠਣ ਦਿੰਦੇ।

ਸੋਸ਼ਲ ਮੀਡੀਆ 'ਤੇ ਟ੍ਰੋਲ

ਨੂਪੁਰ ਨੇ ਕਿਹਾ ਕਿ ਮੈਨੂੰ ਵੀ ਸੋਸ਼ਲ ਮੀਡੀਆ 'ਤੇ ਆਪਣੇ ਹੀ ਦੇਸ਼ ਦੇ ਲੋਕਾਂ ਨੇ ਬਹੁਤ ਟ੍ਰੋਲ ਕੀਤਾ। ਮੈਂ ਕੋਈ ਪਾਕਿਸਤਾਨੀ ਥੋੜ੍ਹਾ ਸੀ। ਦੁੱਖ ਵੀ ਲੱਗਦਾ ਹੈ। ਮੈਂ ਕਦੇ ਓਵਰ ਕਾਨਫੀਡੈਂਸ ਨਹੀਂ ਹੋਈ। ਮੈਨੂੰ ਪੂਰਾ ਯਕੀਨ ਸੀ ਕਿ ਮੈਂ ਵਿਸ਼ਵ ਕੱਪ 'ਚ ਗੋਲਡ ਮੈਡਲ ਜਿੱਤਾਂਗੀ ਪਰ ਮੇਰੇ ਇਸ ਕਾਨਫੀਡੈਂਸ 'ਤੇ ਹੀ ਮੈਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਂ ਕੋਈ ਵੱਡੇ ਅੰਤਰ ਨਾਲ ਨਹੀਂ ਹਾਰੀ ਸੀ ਸਿਰਫ਼ ਇੱਕ ਪੁਆਇੰਟ ਕਾਰਨ ਹੀ ਪਿੱਛੇ ਰਹਿ ਗਈ ਸੀ ਤੇ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਮੈਨੂੰ ਮੇਰੀ ਮਿਹਨਤ 'ਤੇ ਪੂਰਾ ਯਕੀਨ ਹੈ ਇਸ ਲਈ ਮੈਂ ਕਿਹਾ ਸੀ ਕਿ ਆਉਣ ਵਾਲੇ ਵਿਸ਼ਵ ਕੱਪ 'ਚ ਜ਼ਰੂਰ ਗੋਲਡ ਮੈਡਲ ਜਿੱਤਾਂਗੀ।

ਉਨ੍ਹਾਂ ਕਿਹਾ ਕਿ ਅਜਿਹੇ ਪ੍ਰੈਸ਼ਰ ਕਰਕੇ ਮੇਰੀ ਖੇਡ 'ਤੇ ਅਸਰ ਪੈਂਦਾ ਹੈ। ਪਟਿਆਲਾ ਕੈਂਪ 'ਚ ਮੈਨੂੰ ਅਜਿਹਾ ਅਹਿਸਾਸ ਹੋਇਆ ਸੀ। ਜਦੋਂ ਮੁਕਾਬਲੇ ਨੂੰ 10 ਦਿਨ ਰਹਿ ਗਏ ਸੀ ਤਾਂ ਮੈਂ ਆਪਣੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਜਿੱਤਾਂ ਤਾਂ ਮੇਰੇ ਕੋਲ ਆ ਜਾਓ।''

ਨੂਪੁਰ ਨੇ ਕਿਹਾ ਕਿ ਅਗਲੇ ਹੀ ਦਿਨ ਮੇਰੇ ਮਾਂ ਪਟਿਆਲਾ ਪਹੁੰਚ ਗਏ ਸਨ ਤੇ 10 ਦਿਨ ਮੇਰੇ ਕੋਲ ਹੀ ਰਹੇ ਸਨ। ਮੈਂ ਕੈਂਪ 'ਚ ਵੀ ਬਹੁਤ ਰੋਂਦੀ ਸੀ ਕਿ ਚੈਂਪੀਅਨਸ਼ਿਪ 'ਚ ਮੇਰਾ ਸਿਲਵਰ ਮੈਡਲ ਆਇਆ। ਮੇਰੇ ਪਿਤਾ ਅਤੇ ਮਾਂ ਮੈਨੂੰ ਹਰ ਵੇਲੇ ਹੌਂਸਲਾ ਦਿੰਦੇ ਸਨ।

'ਖੇਡ ਵਿਰਾਸਤ 'ਚ ਨਹੀਂ ਮਿਲਦੀ ਕਮਾਉਣੀ ਪੈਂਦੀ'

ਬਾਕਸਰ ਨੂਪੁਰ ਦੇ ਪਿਤਾ ਸੰਜੇ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਾਰ 'ਚ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਆਪਣੇ ਬੱਚਿਆਂ ਨੂੰ ਖਡਾਉਂਦਾ ਹੈ। ਪੀੜ੍ਹੀ ਦਰ ਪੀੜ੍ਹੀ ਖੇਡ ਕਮਾਉਣੀ ਪੈਂਦੀ ਹੈਂ ਇਹ ਵਿਰਾਸਤ 'ਚ ਮਿਲਦੀ। ਇਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ।

ਸੰਜੇ ਕੁਮਾਰ ਨੇ ਅੱਗੇ ਕਿਹਾ, ''ਮੁੱਖ ਮੰਤਰੀ ਦਾ ਲੜਕਾ ਮੁੱਖ ਮੰਤਰੀ ਜਾਂ ਮੰਤਰੀ ਦਾ ਬੇਟਾ ਮੰਤਰੀ ਬਣ ਸਕਦਾ ਹੈ, ਵਿਰਾਸਤ ਉੱਥੇਂ ਮਿਲ ਸਕਦੀ ਪਰ ਖੇਡ 'ਚ ਵਿਰਸਾਤ ਕਮਾਉਣ ਲਈ ਬਹੁਤ ਸਖ਼ਤ ਮਿਹਨਤ ਦੀ ਜ਼ਰੂਰ ਹੈ। ਬਾਕਸਿੰਗ ਇੱਕ ਅਜਿਹੀ ਚੀਜ਼ ਹੈ, ਜਿੱਤ ਵੀ ਜਾਵੋਗੇ ਤਾਂ ਵੀ ਮਾਰ ਖਾਣੀ ਪਵੇਗੀ ਹਾਰ ਗਏ ਤਾਂ ਵੀ ਮਾਰ ਖਾਣੀ ਪਵੇਗੀ ਹੀ।''

ਉਨ੍ਹਾਂ ਨੇ ਕਿਹਾ ਕਿ ਇੱਕ ਪਿਤਾ ਦਾ ਆਪਣੇ ਬੱਚਿਆਂ ਲਈ ਕੋਚ ਬਣਨਾ ਸਭ ਤੋਂ ਔਖਾ ਹੁੰਦਾ ਹੈ। ਖਾਸ ਕਰਕੇ ਜਦੋਂ ਸਟੂਡੈਂਟ ਤੁਹਾਡੀ ਧੀ ਹੋਵੇ। ਕਿਉਂਕਿ ਬੇਟੀ ਪਿਓ ਦੀ ਪਿਆਰੀ ਹੁੰਦੀ ਹੈ। ਪ੍ਰੈਕਟਿਸ ਦੌਰਾਨ ਸਖ਼ਤ ਮਿਹਨਤ ਕਰਵਾਉਣਾ, ਗਲਤੀ ਕਰਨ 'ਤੇ ਸਜ਼ਾ ਦੇਣੀ ਅਤੇ ਫਿਰ ਇੱਕ ਪਿਤਾ ਦੀ ਤਰ੍ਹਾਂ ਪਿਆਰ ਵੀ ਕਰਨਾ ਬਹੁਤ ਔਖਾ ਹੁੰਦਾ ਹੈ।

ਪਿਤਾ ਦੀ ਅਕੈਡਮੀ ਬਾਰੇ ਨੂਪੁਰ ਦੇ ਮਨ 'ਚ ਰੋਸ

ਨੂਪੁਰ ਸ਼ਿਓਰਾਨ ਦੇ ਪਿਤਾ ਬੀਤੇ ਕਈ ਸਾਲਾਂ ਤੋਂ ਭਿਵਾਨੀ ਵਿਖੇ ਆਪਣੇ ਘਰ ਦੇ ਬਿਲਕੁਲ ਨੇੜੇ ਬਾਕਸਿੰਗ ਅਕੈਡਮੀ ਚਲਾਉਂਦੇ ਹਨ। ਇਹ ਅਕੈਡਮੀ ਹਵਾ ਸਿੰਘ ਦੇ ਨਾਮ 'ਤੇ ਬਣੀ ਹੋਈ ਹੈ।

ਨੁੁਪੂਰ ਵੀ ਇਸੇ ਅਕੈਡਮੀ ਵਿੱਚ ਮਿਹਨਤ ਕਰਨ ਮਗਰੋਂ ਅੱਜ ਇਸ ਮੁਕਾਮ 'ਤੇ ਪਹੁੰਚ ਸਕੇ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਨੂਪੁਰ ਥੋੜ੍ਹੇ ਨਿਰਾਸ਼ ਹੋ ਗਏ।

ਨੂਪੁਰ ਦਾ ਕਹਿਣਾ ਸੀ ਇੱਕ ਅਕੈਡਮੀ ਨੇ ਵਿਸ਼ਵ ਚੈਂਪੀਅਨ, ਏਸ਼ੀਅਨ ਚੈਂਪੀਅਨ, ਓਲੰਪੀਅਨ ਤੇ ਕਾਮਨਵੈਲਥ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਪਰ ਇੱਥੇ ਸਹੂਲਤਾਂ ਦੀ ਬਹੁਤ ਕਮੀ ਹੈ।

ਉਹ ਸਹੂਲਤਾਂ ਵੀ ਨਹੀਂ ਹਨ ਜੋ ਇੱਕ ਅੰਤਰਰਾਸ਼ਟਰੀ ਪੱਧਰ ਦੀ ਅਕੈਡਮੀ ਵਿੱਚ ਹੋਣੀਆਂ ਚਾਹੀਦੀਆਂ ਹਨ।

ਬਾਕਸਰ ਨੂਪੁਰ ਨੇ ਕਿਹਾ ਕਿ ਸਾਡੀ ਅਕੈਡਮੀ ਦੀ ਹਾਲਤ ਕਾਫ਼ੀ ਖ਼ਰਾਬ ਹੈ। ਅਸੀਂ ਰਿੰਗ ਵੀ ਸਿਮੇਂਟ ਦਾ ਬਣਾਇਆ ਹੋਇਆ ਹੈ। ਸਾਡੇ ਬੈਗ ਵੀ ਜੇਕਰ ਫੱਟ ਜਾਂਦੇ ਹਨ ਤਾਂ ਅਸੀਂ ਨਵਾਂ ਨਹੀਂ ਖਰੀਦਦੇ ਉਸ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਕੋਲ ਸਹੂਲਤਾਂ ਨਾਂ ਦੇ ਬਰਾਬਰ ਹੈ ਅਤੇ ਸਾਨੂੰ ਕਿਸੇ ਤੋਂ ਮਦਦ ਵੀ ਨਹੀਂ ਮਿਲਦੀ। ਸਾਡੀ ਅਕੈਡਮੀ 'ਚ ਸਾਰੇ ਹੀ ਮੈਡਲ ਹਨ, ਪਰ ਸਹੂਲਤ ਕਿਸੇ ਤਰ੍ਹਾਂ ਦੀ ਵੀ ਨਹੀਂ ਹੈ।

ਨੂਪੁਰ ਦੇ ਪਿਤਾ ਸੰਜੇ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਇਸ ਅਕੈਡਮੀ ਤੇ ਆਪਣੇ ਕੋਲੋਂ ਪੈਸੇ ਖਰਚ ਕਰਦਾ ਹਾਂ, ਜਦਕਿ ਮੈਨੂੰ ਪਤਾ ਹੈ ਕਿ ਇਸਦਾ ਮੈਨੂੰ ਰਿਟਰਨ ਕੁਝ ਨਹੀਂ ਮਿਲਣਾ, ਬੱਸ ਤਸੱਲੀ ਹੈ ਕਿ ਇੱਥੇ ਅਭਿਆਸ ਕਰਾ ਕੇ ਮੈਂ ਕਈ ਨਾਮੀ ਬਾਕਸਰ ਪੈਦਾ ਕਰ ਚੁੱਕਿਆਂ ਹਾਂ।

ਜੋ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਅਕੈਡਮੀ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)