You’re viewing a text-only version of this website that uses less data. View the main version of the website including all images and videos.
ਹਰਿਆਣਾ ਦੇ ਆਈਪੀਐੱਸ ਅਧਿਕਾਰੀ ਦੀ ਕਥਿਤ ਖੁਦਕੁਸ਼ੀ ਦਾ ਮਾਮਲਾ, ਹਰਿਆਣਾ ਦੇ ਡੀਜੀਪੀ ਖ਼ਿਲਾਫ ਮਾਮਲਾ ਦਰਜ, ਹੁਣ ਤੱਕ ਕੀ-ਕੀ ਹੋਇਆ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਪੁਲਿਸ ਦੇ ਇੰਸਪੈਕਟਰ ਜਨਰਲ ਵਾਈ ਪੂਰਨ ਕੁਮਾਰ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਦੀ ਜਾਂਚ ਲਈ ਇੱਕ 6 ਮੈਂਬਰੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਹਰਿਆਣਾ ਦੇ ਕਈ ਸੀਨੀਆਰ ਪੁਲਿਸ ਅਧਿਕਾਰੀਆਂ ਉਪਰ ਕੇਸ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਵੀ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਮਕਵਾਨਾ ਨੇ ਕਿਹਾ, "ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।"
ਏਐੱਨਆਈ ਮੁਤਾਬਕ ਇਹ ਐਫਆਈਆਰ ਪੂਰਨ ਕੁਮਾਰ ਦੀ ਪਤਨੀ ਆਈਏਐੱਸ ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ' ਤੇ, ਮ੍ਰਿਤਕ ਦੇ ਅੰਤਿਮ ਨੋਟ ਵਿੱਚ ਦੱਸੇ ਗਏ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸਸੀ/ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਦੇ ਤਹਿਤ ਦਰਜ ਕੀਤੀ ਗਈ ਹੈ।
ਹਰਿਆਣਾ ਦੇ ਡੀਜੀਪੀ ਸ਼ਤਰੁਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਐੱਸਪੀ ਨਰਿੰਦਰ ਬਿਜਾਰਨੀਆ ਸਣੇ ਹੋਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਹਰਿਆਣਾ ਸਰਕਾਰ ਵੱਲੋਂ 11 ਅਕਤੂਬਰ ਨੂੰ ਸੁਰਿੰਦਰ ਸਿੰਘ ਭੌਰੀਆ ਨੂੰ ਰੋਹਤਕ ਦਾ ਐੱਸਪੀ ਲਾਇਆ ਗਿਆ ਹੈ।
ਆਈਜੀਐੱਸ ਪੂਰਨ ਕੁਮਾਰ ਦੀ ਲਾਸ਼ ਮੰਗਲਵਾਰ ਨੂੰ ਚੰਡੀਗੜ੍ਹ ਸੈਕਟਰ 11 ਸਥਿਤ ਆਪਣੀ ਰਿਹਾਇਸ਼ ਉੱਤੇ ਮਿਲੀ ਸੀ।
ਕਥਿਤ ਖ਼ੁਦਕੁਸ਼ੀ ਨੋਟ ਮੁਤਾਬਕ ਪੂਰਨ ਕੁਮਾਰ ਵੱਲੋਂ ਪੇਸ਼ੇਵਾਰ ਸਫ਼ਰ, ਤਬਾਦਲਿਆਂ, ਕਰੀਅਰ ਅਤੇ ਜਾਤ-ਪਾਤ ਦੀਆਂ ਵਾਰ-ਵਾਰ ਸ਼ਿਕਾਇਤਾਂ ਦਾ ਵਰਣਨ ਕੀਤਾ ਗਿਆ ਹੈ।
ਕੌਣ ਹਨ ਵਾਈ ਪੂਰਨ ਕੁਮਾਰ
ਵਾਈ ਪੂਰਨ ਕੁਮਾਰ ਮੁੱਖ ਤੌਰ ਉੱਤੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ ਅਤੇ ਇੰਜੀਨੀਅਰਿੰਗ ਗਰੈਜੂਏਟ ਸਨ।
ਉਹ ਹਰਿਆਣਾ ਕੇਡਰ ਵਿੱਚ 2001 ਬੈਚ ਦੇ ਆਈਪੀਐੱਸ ਪੁਲਿਸ ਅਧਿਕਾਰੀ ਸਨ। ਆਪਣੇ ਕਰੀਅਰ ਦੌਰਾਨ ਉਹ ਅੰਬਾਲਾ ਅਤੇ ਕੁਰੂਕਸ਼ੇਤਰ ਵਿੱਚ ਐੱਸਪੀ ਵਜੋਂ ਕੰਮ ਕਰ ਚੁੱਕੇ ਸਨ। ਇਸ ਤੋਂ ਬਾਅਦ ਉਹ ਅੰਬਾਲਾ ਅਤੇ ਰੋਹਤਕ ਰੇਂਜ ਦੇ ਆਈਜੀ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਉਨ੍ਹਾਂ ਦੀ ਪਤਨੀ ਵੀ ਹਰਿਆਣਾ ਸਰਕਾਰ ਵਿੱਚ ਆਈਏਐੱਸ ਅਧਿਕਾਰੀ ਵਜੋਂ ਵਿਦੇਸ਼ੀ ਸਹਿਯੋਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦੇ ਅਹੁਦੇ ਉੱਤੇ ਤੈਨਾਤ ਹਨ। ਜਿਸ ਸਮੇਂ ਘਟਨਾ ਵਾਪਰੀ ਉਹ ਹਰਿਆਣਾ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਜਾਪਾਨ ਦੌਰੇ ਉਤੇ ਗਏ ਗਏ ਵਫ਼ਦ ਵਿੱਚ ਸ਼ਾਮਲ ਸਨ।
ਹਰਿਆਣਾ ਸਰਕਾਰ ਕੇਸ ਨੂੰ ਲੈ ਕੇ ਉਲਝੀ
ਉੱਧਰ ਦੂਜੇ ਪਾਸੇ ਹਰਿਆਣਾ ਵਿੱਚ ਤੈਨਾਤ ਆਈਪੀਐੱਸ ਅਧਿਕਾਰੀ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਸਰਕਾਰ ਕਰਵਾਈ ਨੂੰ ਲੈ ਕੇ ਉਲਝ ਗਈ ਹੈ।
ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਜਪਾਨ ਦੌਰੇ ਤੋਂ ਪਰਤ ਕੇ ਸਿੱਧਾ ਚੰਡੀਗੜ੍ਹ ਦੇ ਸੈਕਟਰ 24 ਸਥਿਤ ਵਾਈ ਪੂਰਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਵਾਈ ਪੂਰਨ ਕੁਮਾਰ ਦੀ ਆਈਏਐੱਸ ਪਤਨੀ ਅਮਨੀਤ ਪੀ ਕੁਮਾਰ ਨਾਲ ਗੱਲਬਾਤ ਕੀਤੀ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਚਲੇ ਗਏ।
ਮੁੱਖ ਮੰਤਰੀ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਦਾ ਵੀ ਸੱਦਾ ਦਿੱਤਾ ਸੀ ਪਰ ਇਹ ਵੀ ਰੱਦ ਕਰ ਦਿੱਤੀ ਗਈ।
ਉੱਧਰ ਦੂਜੇ ਪਾਸੇ ਮੀਡੀਆ ਵੱਲੋਂ ਵਾਰ-ਵਾਰ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਿਰਫ਼ ਇੰਨਾ ਹੀ ਆਖਿਆ, "ਵਾਈ ਪੂਰਨ ਕੁਮਾਰ ਇੱਕ ਯੋਗ ਅਫ਼ਸਰ ਸਨ ਅਤੇ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਆਖ ਸਕਦਾ।"
ਮੁੱਖ ਮੰਤਰੀ ਨਾਇਬ ਸੈਣੀ ਨੇ ਵੀਰਵਾਰ ਸ਼ਾਮੀ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਨੂੰ ਆਪਣੀ ਰਿਹਾਇਸ਼ ਉੱਤੇ ਬੁਲਾਇਆ ਅਤੇ ਘਟਨਾ ਦਾ ਵੇਰਵਾ ਲਿਆ।
ਉਧਰ ਇਸ ਮਾਮਲੇ ਵਿੱਚ ਹਰਿਆਣਾ ਡੀਜੀਪੀ ਦਾ ਪੱਖ ਜਾਨਣ ਦੇ ਲਈ ਬੀਬੀਸੀ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਵਿਭਾਗ ਨਾਲ ਸੰਪਰਕ ਕਰਨ ਉੱਤੇ ਪੁਲਿਸ ਬੁਲਾਰੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਜਦੋਂ ਡੀਜੀਪੀ ਵੱਲੋਂ ਕੋਈ ਪੱਖ ਪੇਸ਼ ਕੀਤਾ ਜਾਵੇਗਾ ਤਾਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਚੰਡੀਗੜ੍ਹ ਪੁਲਿਸ ਦਾ ਜਵਾਬ
ਆਈਪੀਐੱਸ ਅਧਿਕਾਰੀ ਦੀ ਖ਼ੁਦਕੁਸ਼ੀ ਦੀ ਜਾਂਚ ਚੰਡੀਗੜ੍ਹ ਦੇ ਸੈਕਟਰ 11 ਸਥਿਤ ਪੁਲਿਸ ਥਾਣੇ ਵੱਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਆਈਏਐੱਸ ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਜਾਰੀ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਕ ਘਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ।
ਇਸ ਤੋਂ ਇਲਾਵਾ ਜਿਸ ਕਮਰੇ ਵਿੱਚ ਘਟਨਾ ਹੋਈ ਹੈ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੀਐੱਫਐੱਸਐੱਲ ਟੀਮ ਨੇ ਖ਼ੁਦਕੁਸ਼ੀ ਨੋਟ ਤੋਂ ਇਲਾਵਾ ਘਰ ਵਿਚੋਂ ਕੁਝ ਇਲੋਕ੍ਰਟਨਿਕ ਉਪਕਰਨ ਵੀ ਜ਼ਬਤ ਕੀਤੇ ਹਨ।
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ