ਰੈਫ਼ਰੈਂਡਮ 2020 ਮੁਹਿੰਮ ਵਾਲਿਆਂ 'ਤੇ ਪੰਜਾਬ 'ਚ ਹਿੰਸਕ ਗਤੀਵਿਧੀਆਂ ਨੂੰ ਫੰਡਿੰਗ ਕਰਨ ਦੇ ਇਲਜ਼ਾਮ

    • ਲੇਖਕ, ਰਵਿੰਦਰ ਸਿੰਘ ਰੌਬਿਨ/ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੀ ਬਟਾਲਾ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚੋਂ ਦੋ ਨੇ 31 ਮਈ ਦੀ ਸਵੇਰ ਨੂੰ ਬਟਾਲਾ ਦੇ ਪਿੰਡਾ ਦੇ ਦੋ ਠੇਕਿਆਂ ਨੂੰ ਅੱਗ ਲਾਈ ਸੀ।

ਬਾਰਡਰ ਰੇਂਜ ਦੇ ਐਸਪੀ ਐਸ ਪਰਮਾਰ ਨੇ ਐਸਐਸਪੀ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 21 ਸਾਲਾਂ ਧਰਮਿੰਦਰ ਸਿੰਘ ਉਰਫ਼ ਕਮਾਂਡੋ ਸਿੰਘ ਅਤੇ 26 ਸਾਲਾਂ ਕ੍ਰਿਪਾਲ ਸਿੰਘ ਨੂੰ ਵੱਖ-ਵੱਖ ਸੋਸ਼ਲ ਮੀਡੀਆ (ਜਿਵੇਂ ਵਟਸਐੱਪ ਤੇ ਟੈਲੀਗ੍ਰਾਮ) ਮੰਚਾਂ ਰਾਹੀਂ ਵਿਦੇਸ਼ੀ ਬੈਠੇ ਵੱਖਵਾਦੀ ਸਮਰਥਕਾਂ ਨੇ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਹੈ।

ਅੱਗ ਹਵਾਲੇ ਕੀਤੇ ਇੱਕ ਠੇਕੇ ਵਿੱਚ ਸੁੱਤੇ ਇੱਕ ਵਰਕਰ ਦੀ ਮੌਤ ਵੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਹੋ ਗਈ ਹੈ।

ਪਿੰਡ ਹਾਰਪੁਰਾ ਜ਼ਿਲ੍ਹਾ ਬਟਾਲੇ ਦਾ ਰਹਿਣ ਵਾਲਾ ਧਰਮਿੰਦਰ ਸਿੰਘ 2016 ਵਿੱਚ ਭਾਰਤੀ ਟੈਰੀਟੋਰੀਅਲ ਆਰਮੀ ਦੀ ਯੂਨਿਟ 105 ਟੀਏ ਰਾਜਪੁਤਾਨਾ ਰਾਈਫਲ 'ਚ ਦਿੱਲੀ 'ਚ ਨੌਕਰੀ ਕਰ ਚੁੱਕਿਆ ਹੈ।

ਇਸ ਦੌਰਾਨ ਧਰਮਿੰਦਰ ਨੂੰ 9 ਮਹੀਨਿਆਂ ਦੀ ਮੁਢਲੀ ਸਿਖਲਾਈ ਅਤੇ ਹਥਿਆਰਾਂ ਦੀ ਟ੍ਰੈਨਿੰਗ ਵੀ ਦਿੱਤੀ ਗਈ ਸੀ।

ਕ੍ਰਿਪਾਲ ਸਿੰਘ ਜ਼ਿਲ੍ਹਾ ਵਲਟੋਹਾ ਤਰਨਤਾਰਨ ਦੇ ਪਿੰਡ ਫਤਹਿਪੁਰ ਨਵਾਂਪਿੰਡ ਦਾ ਰਹਿਣਾ ਵਾਲਾ ਹੈ।

ਕੱਟੜਪੰਥੀਆਂ ਨੇ ਇਨ੍ਹਾਂ ਨੂੰ ਇਸ ਘੱਲੂਘਾਰਾ ਹਫਤੇ ਦੌਰਾਨ ਰਿਫੈਂਡੰਮ 2020 ਦੇ ਸਲੋਗਨ ਉਲੀਕਣ ਅਤੇ ਸ਼ਰਾਬ ਦੇ ਠੇਕਿਆਂ ਤੇ ਸਰਕਾਰ ਜਾਇਦਾਦ ਨੂੰ ਅੱਗ ਦੇ ਹਵਾਲੇ ਕਰਨ ਲਈ ਕਿਹਾ ਸੀ।

ਉਨ੍ਹਾਂ ਨੂੰ ਦੋਵਾਂ ਨੂੰ ਪਿੰਡ ਹਾਰਪੁਰਾ ਢੰਢੋਈ ਸਥਿਤ ਧਰਮਿੰਦਰ ਦੇ ਘਰੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਇਨ੍ਹਾਂ 'ਤੇ ਜ਼ਿਲ੍ਹਾ ਬਟਾਲਾ ਦੇ ਰੰਗਰ ਨੰਗਲ ਪੁਲਿਸ ਸਟੇਸ਼ਨ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਕੀ-ਕੀ ਕੀਤਾ ਬਰਾਮਦ

ਪੁਲਿਸ ਦੇ ਦਾਅਵੇ ਮੁਤਾਬਕ ਧਰਮਿੰਦਰ ਕੋਲੋਂ ਇੱਕ 32 ਕੈਲੀਬਰ ਰਿਵੌਲਵਰ ਅਤੇ ਕ੍ਰਿਪਾਲ ਕੋਲੋਂ 30 ਕੈਲੀਬਰ ਪਿਸਤੌਲ ਬਰਾਮਦ ਕੀਤੀ ਹੈ। ਪੁਲਿਸ ਨੇ ਕਿਹਾ ਕਿ ਕ੍ਰਿਪਾਲ ਤੇ ਧਰਮਿੰਦਰ ਤੋਂ ਕੀਤੀ ਪੁੱਛਗਿੱਛ ਦੇ ਆਧਾਰ ਉੱਤੇ ਰਵਿੰਦਰ ਸਿੰਘ ਰਾਜਾ ਨੂੰ ਕਾਬੂ ਕੀਤਾ ਗਿਆ। ਰਾਜਾ ਉੱਤੇ ਦੋਵਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਇਲਜ਼ਾਮ ਹੈ।

ਇਸ ਤੋਂ ਇਲਾਵਾ ਘਰ ਦੀ ਤਲਾਸ਼ੀ ਦੌਰਾਨ 2020 ਸਿੱਖ ਰਿਫਰੈਂਡਮ ਬਾਰੇ ਪੋਸਟਰ, ਖਾਲਿਸਤਾਨ ਜ਼ਿੰਦਾਬਾਦ ਤੇ 2020 ਸਿੱਖ ਰਿਫਰੈਂਡੰਮ ਦੇ ਸਟੈਨਸਿਲ ਅਤੇ ਇੱਕ ਪੈਂਟ ਕਰਨ ਵਾਲੀ ਸਪ੍ਰੇਅ ਬੋਟਲ ਵੀ ਮਿਲੀ ਹੈ।

ਇਸ ਤੋਂ ਇਲਾਵਾ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਮੋਟਰਸਾਈਕਲ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਹੈ।

ਕੀ ਸੀ ਉਦੇਸ਼ ?

ਪੁਲਿਸ ਦੇ ਦਾਅਵੇ ਮੁਤਾਬਕ ਸ਼ੁਰੂਆਤੀ ਜਾਂਚ ਦੌਰਾਨ ਇਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ 'ਵੱਖਰੇ ਰਾਜ' ਲਈ ਆਈਐਸਆਈ ਵੱਲੋਂ ਮਾਲੀ ਸਹਾਇਤਾ ਪ੍ਰਾਪਤ ਵੱਖਵਾਦੀ ਮੁਹਿੰਮ ਦਾ ਮੀਡੀਆ ਵਿੱਚ ਵਿਆਪਕ ਪ੍ਰਚਾਰ ਕਰਨ 'ਤੇ ਹਿੰਸਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਵਿਦੇਸ਼ੀ ਬੈਠੇ ਕੁਝ ਲੋਕਾਂ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਮਾਲੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।

ਜਿਨ੍ਹਾਂ ਵਿੱਚ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ, ਪਰਮਜੀਤ ਸਿੰਘ ਪੰਮਾ (ਯੂਕੇ), ਮਾਨ ਸਿੰਘ (ਯੂਕੇ) ਦੀਪ ਕੌਰ (ਮਲੇਸ਼ੀਆ) ਦੇ ਨਾਮ ਸ਼ਾਮਿਲ ਹਨ।

ਪੁਲਿਸ ਦਾ ਦਾਅਵਾ ਹੈ ਕਿ ਸਿੱਖ ਫਾਰ ਜਸਟਿ "ਸਿੱਖ ਰਿਫਰੈਂਡੰਮ 2020" ਦਾ ਪ੍ਰਚਾਰ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਗੈਂਗਸਟਰਾਂ ਅਤੇ ਕੱਟੜਵਾਦੀਆਂ ਦਾ ਸਮਰਥਨ ਲਈ ਉਕਸਾ ਰਹੀ ਹੈ, ਜੋ ਭਾਰਤ ਸਰਕਾਰ ਕੋਲੋਂ 'ਵੱਖਰੇ ਰਾਜ' ਦੀ ਮੰਗ ਕਰ ਰਹੇ ਹਨ।

ਪੰਜਾਬ ਪੁਲਿਸ ਦਾ ਦਾਅਵਾ

ਪੰਜਾਬ ਪੁਲਿਸ ਮੁਤਾਬਕ ਸ਼ਰਾਬ ਦੇ ਠੇਕਿਆਂ ਨੂੰ ਅੱਗ ਦੇ ਹਵਾਲੇ ਕਰਨ ਵਾਲੇ ਸਿੱਖ ਫਾਰ ਜਸਟਿਸ ਲਈ ਕੰਮ ਰਹੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਨਾਲ ਗੁਰਪਤਵੰਤ ਸਿੰਘ ਦੇ ਇਹ ਦਾਅਵੇ ਝੂਠੇ ਪੈ ਜਾਂਦੇ ਹਨ ਕਿ ਉਨ੍ਹਾਂ ਦੀ ਮੁਹਿੰਮ ਵਿੱਚ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਹਿੰਸਾ ਕਰਵਾਉਣ ਦੀ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਇਹ ਅੱਤਵਾਦੀ ਗਤੀਵਿਧੀਆਂ ਲਈ ਕਿਸੇ ਤਰ੍ਹਾਂ ਦੀ ਮਾਲੀ ਮਦਦ ਕਰ ਰਹੇ ਹਨ।

ਪੁਲਿਸ ਮੁਤਾਬਕ ਇਸ ਨਾਲ ਸਾਬਿਤ ਹੋ ਜਾਂਦਾ ਹੈ ਕਿ ਸਿੱਖ ਫਾਰ ਜਸਟਿਸ ਨੇ ਪੰਜਾਬ ਦੇ ਗਰੀਬ ਅਤੇ ਭੋਲੇ-ਭਾਲੇ ਨੌਜਵਾਨਾਂ ਦਾ ਲਗਾਤਾਰ ਸ਼ੋਸ਼ਣ ਕਰਕੇ ਹਿੰਸਕ ਵਾਰਦਾਤਾਂ ਰਾਹੀਂ ਪੰਜਾਬ ਵਿੱਚ ਆਪਣੀ ਮੁਹਿੰਮ ਨੂੰ ਪ੍ਰਫੁਲਿਤ ਕਰਨ ਲਈ ਵਰਤ ਰਹੀ ਹੈ।

ਪਹਿਲਾਂ ਹੋਈਆਂ ਗ੍ਰਿਫਤਾਰੀਆਂ

ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਪੁਲਿਸ ਨੇ ਨਵਾਂਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾਉਣ ਦੀ ਪਲਾਨਿੰਗ ਕਰਦੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ "ਸਿੱਖ ਰਿਫਰੈਂਡੰਮ 2020" ਪੋਸਟਰ ਮਿਲੇ ਹਨ।

ਉਨ੍ਹਾਂ ਨੇ ਵੀ ਖੁਲਾਸਾ ਕੀਤਾ ਕਿ ਉਹ ਮਲੇਸ਼ੀਆ ਦੀ ਦੀਪ ਕੌਰ ਅਤੇ ਪਾਕਿਸਤਾਨ ਦੇ ਫਤਹਿ ਸਿੰਘ ਦੇ ਕਹਿਣ 'ਤੇ ਕੰਮ ਕਰ ਰਹੇ ਸਨ।

ਇਸ ਤੋਂ ਇਲਾਵਾ ਨੂੰ ਵੀ ਗੁਰਪਤਵੰਤ ਸਿੰਘ ਪੰਨੂੰ ਨੇ ਮੋਹਾਲੀ ਆਈਪੀਐੱਲ ਮੈਚ ਦੌਰਾਨ "ਸਿੱਖ ਰਿਫਰੈਂਡੰਮ 2020" ਦਾ ਬੈਨਰ ਲਗਾਉਣ ਦਾ ਟੀਚਾ ਦਿੱਤਾ ਸੀ।

ਸੋਸ਼ਲ ਮੀਡੀਆ ਦੀ ਦੁਰਵਰਤੋਂ

ਇਸ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਸੀ।

ਸੁਰੇਸ਼ ਅਰੋੜਾ,ਅੰਮ੍ਰਿਤਸਰ ਵਿੱਚ ਸਾਕਾ ਨੀਲਾ ਤਾਰਾ ਵਰ੍ਹੇਗੰਢ ਸਮਾਗਮਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲੈਂਣ ਪਹੁੰਚੇ ਹੋਏ ਸਨ।

ਉਨ੍ਹਾਂ ਸੋਸ਼ਲ ਮੀਡੀਆ ਦੀ ਗੈਰ ਸਮਾਜੀ ਕਾਰਜਾਂ ਲਈ ਹੋ ਰਹੀ ਦੁਰਵਰਤੋਂ ਉੱਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਪੰਜਾਬ ਪੁਲਿਸ ਇਸ ਲਈ ਹੋਰ ਚੌਕਸ ਹੋ ਰਹੀ ਹੈ ਅਤੇ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦੇ ਸਾਜੋ-ਸਮਾਜ ਨਾਲ ਲੈਸ ਕੀਤਾ ਜਾ ਰਿਹਾ ਹੈ।