You’re viewing a text-only version of this website that uses less data. View the main version of the website including all images and videos.
ਪਹਿਲਾਂ ਗ੍ਰਿਫ਼ਤਾਰੀ ਤੇ ਹੁਣ ਨਜ਼ਰਬੰਦ, ਕਿਸੇ ਨੂੰ ਇੰਸਟਾਗ੍ਰਾਮ ਪੋਸਟਾਂ ਪਾਉਣ ਦੀ ਅਜਿਹੀ ਸਜ਼ਾ ਵੀ ਮਿਲ ਸਕਦੀ ਹੈ?
- ਲੇਖਕ, ਸਟੀਵ ਰੋਸੇਨਬਰਗ
- ਰੋਲ, ਰੂਸੀ ਸੇਵਾ ਦੇ ਸੰਪਾਦਕ, ਅਰਖਾਨਜਲੇਸਕ
ਯੂਨੀਵਰਸਿਟੀ ਦੀ ਵਿਦਿਆਰਥਣ ਓਲੇਸੀਆ ਕ੍ਰਿਵਤਸੋਵਾ ਕਲਾਸਾਂ ਵਿੱਚੋਂ ਬਹੁਤ ਗ਼ੈਰ-ਹਾਜ਼ਰ ਰਹਿੰਦੀ ਹੈ।
ਅਜਿਹਾ ਇਸ ਲਈ ਕਿਉਂਕਿ 20 ਸਾਲਾ ਓਲੇਸੀਆ ਘਰ ਵਿੱਚ ਨਜ਼ਰਬੰਦ ਹੈ। ਉਸ ਦੀ ਲੱਤ 'ਤੇ ਇਲੈਕਟ੍ਰੌਨਿਕ ਟੈਗ ਹੈ। ਪੁਲਿਸ ਉਸ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਸਕਦੀ ਹੈ।
ਉਸ ਦਾ ਕਥਿਤ ਅਪਰਾਧ ਹੈ? ਓਲੇਸੀਆ ਨੂੰ ਸੋਸ਼ਲ ਮੀਡੀਆ 'ਤੇ ਜੰਗ ਵਿਰੋਧੀ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਪਿਛਲੇ ਅਕਤੂਬਰ ਵਿੱਚ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ ਉੱਤੇ ਹੋਏ ਧਮਾਕੇ ਨਾਲ ਸਬੰਧਤ ਸੀ।
ਓਲੇਸੀਆ ਬੀਬੀਸੀ ਨੂੰ ਦੱਸਦੀ ਹੈ, "ਮੈਂ ਪੁਲ ਬਾਰੇ ਇੱਕ ਇੰਸਟਾਗ੍ਰਾਮ ਕਹਾਣੀ ਪੋਸਟ ਕੀਤੀ ਹੈ, "ਇਸ ਗੱਲ ਨੂੰ ਦਰਸਾਉਂਦੇ ਹੋਏ ਕਿ ਜੋ ਵਾਪਰਿਆ ਉਸ ਤੋਂ ਯੂਕਰੇਨੀਅਨ ਕਿਵੇਂ ਖੁਸ਼ ਸਨ।"
ਉਸ ਨੇ ਜੰਗ ਬਾਰੇ ਆਪਣੇ ਇੱਕ ਦੋਸਤ ਦੀ ਪੋਸਟ ਵੀ ਸ਼ੇਅਰ ਕੀਤੀ ਸੀ। ਫਿਰ ਇਹ ਡਰਾਮਾ ਸ਼ੁਰੂ ਹੋ ਗਿਆ।
ਓਲੇਸੀਆ ਯਾਦ ਕਰਦੀ ਹੋਈ ਦੱਸਦੀ ਹੈ, ''ਮੈਂ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਜਦੋਂ ਮੈਂ ਸਾਹਮਣੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣੀ।''
''ਬਹੁਤ ਸਾਰੇ ਪੁਲਿਸ ਵਾਲੇ ਅੰਦਰ ਆ ਗਏ। ਉਨ੍ਹਾਂ ਨੇ ਮੇਰਾ ਫੋਨ ਖੋਹ ਲਿਆ ਅਤੇ ਮੈਨੂੰ ਫਰਸ਼ 'ਤੇ ਲੇਟਣ ਲਈ ਜ਼ੋਰ ਨਾਲ ਬੋਲੇ।''
ਓਲੇਸੀਆ 'ਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਅਤੇ ਰੂਸੀ ਹਥਿਆਰਬੰਦ ਬਲਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ।
ਉਸ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਓਲੇਸੀਆ ਕਹਿੰਦੀ ਹੈ, "ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਟਰਨੈੱਟ 'ਤੇ ਕੁਝ ਪੋਸਟ ਕਰਨ ਲਈ ਕਿਸੇ ਨੂੰ ਇੰਨੀ ਲੰਬੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।''
''ਮੈਂ ਰੂਸ ਵਿੱਚ ਇਨ੍ਹਾਂ ਸਨਕੀ ਫੈਸਲਿਆਂ ਦੀਆਂ ਖ਼ਬਰਾਂ ਦੇਖੀਆਂ ਸਨ, ਪਰ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਬੋਲਣਾ ਜਾਰੀ ਰੱਖਿਆ।''
ਘਰ ਵਿੱਚ ਨਜ਼ਰਬੰਦੀ
ਅਰਖਾਨਜਲੇਸਕ ਦੀ ਨਾਦਰਨ ਫੈਡਰਲ ਯੂਨੀਵਰਸਿਟੀ ਦੀ ਵਿਦਿਆਰਥਣ ਓਲੇਸੀਆ ਨੂੰ ਹੁਣ ਰੂਸ ਦੇ ਅੱਤਵਾਦੀਆਂ ਅਤੇ ਕੱਟੜਪੰਥੀਆਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਓਲੇਸੀਆ ਯਾਦ ਕਰਦਿਆਂ ਦੱਸਦੀ ਹੈ, ''ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸਕੂਲ ਸ਼ੂਟਰਾਂ ਅਤੇ ਇਸਲਾਮਿਕ ਸਟੇਟ ਸਮੂਹ ਦੀ ਸਮਾਨ ਸੂਚੀ ਵਿੱਚ ਪਾਇਆ ਗਿਆ ਹੈ ਤਾਂ ਮੈਨੂੰ ਲੱਗਿਆ ਕਿ ਇਹ ਸਨਕਪੁਣਾ ਹੈ।''
ਉਸ ਦੀ ਘਰ ਵਿੱਚ ਨਜ਼ਰਬੰਦੀ ਦੇ ਨਿਯਮਾਂ ਤਹਿਤ ਉਸ ਨੂੰ ਫੋਨ 'ਤੇ ਗੱਲ ਕਰਨ ਅਤੇ ਆਨਲਾਈਨ ਹੋਣ 'ਤੇ ਪਾਬੰਦੀ ਲਾਈ ਗਈ ਹੈ।
ਓਲੇਸੀਆ ਦੀ ਸੱਜੀ ਲੱਤ 'ਤੇ ਇੱਕ ਆਕਰਸ਼ਕ ਟੈਟੂ ਬਣਾਇਆ ਹੋਇਆ ਹੈ। ਇਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇੱਕ ਸਪਾਈਡਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇੱਥੇ ਓਰਵੇਲੀਆਈ ਸ਼ਬਦਾਵਲੀ ਵਿੱਚ ਲਿਖਿਆ ਹੈ: ''ਬਿਗ ਬ੍ਰਦਰ ਇਜ਼ ਵਾਚਿੰਗ ਯੂ।''
ਅਜਿਹਾ ਲੱਗਦਾ ਹੈ ਕਿ ਓਲੇਸੀਆ ਦੇ ਕੇਸ ਵਿੱਚ 'ਬਿਗ ਬ੍ਰਦਰ' ਉਸ ਨੂੰ ਨਹੀਂ ਦੇਖ ਰਿਹਾ ਸੀ, ਬਲਕਿ ਉਸ ਦੇ ਸਾਥੀ ਵਿਦਿਆਰਥੀ ਸਨ।
ਓਲੇਸੀਆ ਕਹਿੰਦੀ ਹੈ, ''ਇੱਕ ਦੋਸਤ ਨੇ ਮੈਨੂੰ ਇੱਕ ਚੈਟ ਵਿੱਚ ਮੇਰੇ ਬਾਰੇ ਇੱਕ ਪੋਸਟ ਦਿਖਾਈ। ਇਸ ਬਾਰੇ ਕਿ ਮੈਂ ਕਿਵੇਂ 'ਵਿਸ਼ੇਸ਼ ਫੌਜੀ ਕਾਰਵਾਈ' ਦੇ ਵਿਰੁੱਧ ਸੀ।
ਇਸ ਚੈਟ ਵਿੱਚ ਸ਼ਾਮਲ ਜ਼ਿਆਦਾਤਰ ਇਤਿਹਾਸ ਦੇ ਵਿਦਿਆਰਥੀ ਸਨ। ਉਹ ਇਸ ਗੱਲ 'ਤੇ ਚਰਚਾ ਕਰ ਰਹੇ ਸਨ ਕਿ ਅਧਿਕਾਰੀਆਂ ਦੇ ਸਾਹਮਣੇ ਮੇਰੇ 'ਤੇ ਇਲਜ਼ਾਮ ਲਾਇਆ ਜਾਵੇ ਜਾਂ ਨਹੀਂ।''
ਬੀਬੀਸੀ ਨੇ ਗਰੁੱਪ ਚੈਟ ਦੇ ਅੰਸ਼ ਦੇਖੇ ਹਨ।
ਇੱਕ ਕੁਮੈਂਟ ਵਿੱਚ ਓਲੇਸੀਆ 'ਤੇ 'ਨਿਰਾਸ਼ਾਵਾਦੀ ਅਤੇ ਕੱਟੜਪੰਥੀ ਚਰਿੱਤਰ ਦੀਆਂ ਭੜਕਾਊ ਪੋਸਟਾਂ' ਲਿਖਣ ਦਾ ਦੋਸ਼ ਲਗਾਇਆ ਗਿਆ ਹੈ।
''ਇਹ ਜੰਗ ਦੇ ਸਮੇਂ ਬਰਦਾਸ਼ਤ ਤੋਂ ਬਾਹਰ ਹੈ। ਇਸ ਨੂੰ ਜੜ੍ਹ ਤੋਂ ਹੀ ਖਤਮ ਕਰ ਦੇਣਾ ਚਾਹੀਦਾ ਹੈ।''
''ਪਹਿਲਾਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਉਹ ਨਹੀਂ ਸਮਝਦੀ ਤਾਂ ਸੁਰੱਖਿਆ ਸੇਵਾਵਾਂ ਨੂੰ ਇਸ ਨਾਲ ਨਜਿੱਠਣ ਦਿਓ।"
ਇੱਕ ਹੋਰ ਲਿਖਦਾ ਹੈ, ''ਪਰਦਾਫਾਸ਼ ਕਰਨਾ ਇੱਕ ਦੇਸ਼ਭਗਤ ਦਾ ਫਰਜ਼ ਹੈ।''
'ਵਿਸ਼ੇਸ਼ ਫੌਜੀ ਕਾਰਵਾਈ'
ਬਾਅਦ ਵਿੱਚ, ਜਦੋਂ ਅਦਾਲਤ ਵਿੱਚ ਇਸਤਗਾਸਾ ਪੱਖ ਦੇ ਗਵਾਹਾਂ ਦੀ ਸੂਚੀ ਪੜ੍ਹੀ ਗਈ, ਓਲੇਸੀਆ ਨੇ ਵਿਦਿਆਰਥੀਆਂ ਦੀ ਚੈਟ ਤੋਂ ਨਾਵਾਂ ਨੂੰ ਪਛਾਣਿਆ।
ਕ੍ਰੇਮਲਿਨ ਵੱਲੋਂ ਯੂਕਰੇਨ ਵਿੱਚ ਆਪਣੀ 'ਵਿਸ਼ੇਸ਼ ਫੌਜੀ ਕਾਰਵਾਈ' ਸ਼ੁਰੂ ਕੀਤੇ ਨੂੰ ਇੱਕ ਸਾਲ ਹੋ ਗਿਆ ਹੈ। 'ਵਿਸ਼ੇਸ਼ ਫੌਜੀ ਕਾਰਵਾਈ' ਸ਼ਬਦ ਰੂਸ ਵਿੱਚ ਆਪਣੇ ਗੁਆਂਢੀ 'ਤੇ ਪੂਰੇ ਜ਼ੋਰ ਨਾਲ ਹਮਲੇ ਲਈ ਵਰਤਿਆ ਜਾਂਦਾ ਹੈ।
ਹਮਲੇ ਦੇ ਕੁਝ ਹਫ਼ਤਿਆਂ ਦੇ ਅੰਦਰ ਰਾਸ਼ਟਰਪਤੀ ਪੁਤਿਨ ਰੂਸੀ ਜਨਤਾ ਨੂੰ ''ਸੱਚੇ ਦੇਸ਼ ਭਗਤਾਂ ਨੂੰ ਮੈਲ ਅਤੇ ਗੱਦਾਰਾਂ ਤੋਂ ਵੱਖ ਕਰਨ'' ਦਾ ਸੱਦਾ ਦੇ ਰਹੇ ਸਨ।
ਉਦੋਂ ਤੋਂ, ਪੂਰੇ ਰੂਸ ਵਿੱਚ ਯੁੱਧ ਦੇ ਆਲੋਚਕਾਂ ਦੇ ਖਿਲਾਫ਼ ਸੋਵੀਅਤ ਸ਼ੈਲੀ ਦੀ ਨਿੰਦਾ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।
ਉਨ੍ਹਾਂ ਵਿੱਚ ਅਧਿਆਪਕਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਦਿਆਰਥੀ ਅਤੇ ਆਪਣੇ ਸਾਥੀ ਕਰਮਚਾਰੀਆਂ ਦੀ ਸੂਚਨਾ ਦੇਣ ਵਾਲੇ ਸਹਿਕਰਮੀ ਸ਼ਾਮਲ ਹਨ।
ਹਮਲੇ ਦੀ ਜਨਤਕ ਆਲੋਚਨਾ ਅਤੇ ਇਸ ਵਿੱਚ ਹੋਰ ਲੋਕਾਂ ਦੀ ਆਲੋਚਨਾ ਨੂੰ ਦੁਬਾਰਾ ਪੋਸਟ ਕਰਨਾ ਖਤਰਨਾਕ ਹੈ।
ਰੂਸੀ ਅਧਿਕਾਰੀਆਂ ਨੂੰ ਯੂਕਰੇਨ ਵਿੱਚ ਹਮਲੇ ਲਈ ਸੰਪੂਰਨ ਤੇ ਅਟੁੱਟ ਸਮਰਥਨ ਦੀ ਉਮੀਦ ਹੈ। ਜੇਕਰ ਤੁਸੀਂ ਇਸ ਦਾ ਸਮਰਥਨ ਨਹੀਂ ਕਰਦੇ, ਤਾਂ ਘੱਟੋ-ਘੱਟ ਤੁਹਾਡੇ ਤੋਂ ਚੁੱਪ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
ਜੇਕਰ ਤੁਸੀਂ ਚੁੱਪ ਨਹੀਂ ਰਹਿੰਦੇ, ਤਾਂ ਤੁਹਾਡੀ ਅਸਹਿਮਤੀ ਨੂੰ ਸਜ਼ਾ ਦੇਣ ਲਈ ਦਮਨਕਾਰੀ ਕਾਨੂੰਨਾਂ ਦੀ ਇੱਕ ਸੀਰੀਜ਼ ਮੌਜੂਦ ਹੈ।
ਇਸ ਵਿੱਚ ਫੌਜ ਬਾਰੇ ''ਗਲਤ ਜਾਣਕਾਰੀ'' ਫੈਲਾਉਣ ਅਤੇ ਫੌਜ ਨੂੰ ''ਬਦਨਾਮ'' ਕਰਨ ਦੇ ਖਿਲਾਫ਼ ਕਾਨੂੰਨ ਸ਼ਾਮਲ ਹਨ।
ਅਰਖਾਨਜਲੇਸਕ ਵਿੱਚ ਯੂਕਰੇਨ ਵਿੱਚ ਮਾਰੇ ਗਏ ਇੱਕ ਰੂਸੀ ਸੈਨਿਕ ਦਾ ਵਿਸ਼ਾਲ ਪੋਰਟਰੇਟ ਨੌਂ ਮੰਜ਼ਿਲਾ ਅਪਾਰਟਮੈਂਟ ਬਲਾਕ ਦੇ ਪਾਸਿਓਂ ਸ਼ਹਿਰ ਵੱਲ ਵੇਖਦਾ ਹੈ।
ਇਸ ਨਾਲ ਇਹ ਸ਼ਬਦ ਲਿਖੇ ਹਨ, ''ਇੱਕ ਯੋਧਾ ਹੋਣ ਦਾ ਅਰਥ ਹੈ ਹਮੇਸ਼ਾ ਲਈ ਜਿਉਣਾ।''
ਇਹ ਸੰਦੇਸ਼ ਦੇਸ਼ ਭਗਤੀ ਦਾ ਪ੍ਰੇਰਕ ਹੈ।
ਅਰਖਾਨਜਲੇਸਕ ਦੀਆਂ ਸੜਕਾਂ 'ਤੇ ਅਸੀਂ ਉਨ੍ਹਾਂ ਰੂਸੀਆਂ ਲਈ ਬਹੁਤ ਘੱਟ ਸੰਵੇਦਨਾ ਦੇਖਦੇ ਹਾਂ ਜੋ ਯੁੱਧ ਵਿਰੋਧੀ ਟਿੱਪਣੀਆਂ ਲਈ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।
ਕੋਨਸਟੈਂਟਿਨ ਮੈਨੂੰ ਦੱਸਦਾ ਹੈ, ''ਜੋ ਲੋਕ ਸਾਡੀ ਫੌਜ ਨੂੰ ਬਦਨਾਮ ਕਰਦੇ ਹਨ ਜਾਂ ਅਫ਼ਵਾਹਾਂ ਫੈਲਾਉਂਦੇ ਹਨ, ਉਹ ਮਨੋ ਬਿਮਾਰ ਹਨ।''
''ਉਨ੍ਹਾਂ ਨੂੰ ਤੋਪਾਂ ਨਾਲ ਉਡਾਉਣ ਲਈ ਪਹਿਲੀ ਕਤਾਰ ਵਿੱਚ ਭੇਜ ਦੇਣਾ ਚਾਹੀਦਾ ਹੈ।''
ਏਕਾਤੇਰੀਨਾ ਨੇ ਮੈਨੂੰ ਕਿਹਾ, ''ਵਿਸ਼ੇਸ਼ ਓਪਰੇਸ਼ਨ ਦੇ ਆਲੋਚਕਾਂ ਪ੍ਰਤੀ ਮੇਰਾ ਰਵੱਈਆ ਨਕਾਰਾਤਮਕ ਹੈ।''
ਪਰ ਕੁਝ ਆਨਲਾਈਨ ਪੋਸਟਾਂ ਪਾਉਣ ਲਈ ਲੰਬੀ ਜੇਲ੍ਹ ਦੀ ਸਜ਼ਾ, ਕੀ ਇਹ ਜ਼ਿਆਦ ਨਹੀਂ ਹੈ? ਮੈਂ ਪੁੱਛਿਆ।
''ਲੋਕਾਂ ਨੂੰ ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ।'' ਏਕਾਤੇਰੀਨਾ ਨੇ ਜਵਾਬ ਦਿੱਤਾ।
''ਜੇ ਉਹ ਇਸ ਦੇਸ਼ ਵਿੱਚ ਰਹਿੰਦੇ ਹਨ, ਜੇ ਉਹ ਇਸ ਦੇਸ਼ ਦੇ ਸਾਰੇ ਲਾਭਾਂ ਦਾ ਆਨੰਦ ਮਾਣਦੇ ਹਨ। ਜੇ ਉਹ ਦੇਸ਼ਭਗਤ ਹਨ, ਤਾਂ ਉਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਹੈ।''
ਉਸ ਦਿਨ ਤੋਂ ਬਾਅਦ ਓਲੇਸੀਆ ਨੂੰ ਉਸ ਦੇ ਫਲੈਟ ਤੋਂ ਬਾਹਰ ਜਾਣ ਦਿੱਤਾ ਗਿਆ, ਪਰ ਸਿਰਫ਼ ਅਦਾਲਤੀ ਸੁਣਵਾਈ ਵਿੱਚ ਹਾਜ਼ਰ ਹੋਣ ਲਈ ਹੀ।
ਉਸ ਦੇ ਬਚਾਅ ਪੱਖ ਦੇ ਵਕੀਲ ਉਸ ਦੇ ਆਉਣ ਜਾਣ 'ਤੇ ਪਾਬੰਦੀਆਂ ਹਟਾਉਣ ਲਈ ਜੱਜ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਓਲੇਸੀਆ ਦੀ ਟੀ-ਸ਼ਰਟ 'ਤੇ ਪੁਲਿਸ ਵੈਨ ਦੀ ਤਸਵੀਰ ਹੈ ਜਿਸ 'ਤੇ ''ਸਕੂਲ ਬੱਸ'' ਲਿਖਿਆ ਹੋਇਆ ਹੈ।
ਇਹ ਇਸ ਬਾਰੇ ਇੱਕ ਟਿੱਪਣੀ ਹੈ ਕਿ ਨੌਜਵਾਨ ਰੂਸੀਆਂ ਨੂੰ ਕਿਵੇਂ ਅਧਿਕਾਰੀਆਂ ਦੀ ਆਲੋਚਨਾ ਲਈ ਸਜ਼ਾ ਦਿੱਤੀ ਜਾ ਰਹੀ ਹੈ।
ਜੱਜ ਨੇ ਉਸ ਨੂੰ ਘਰ ਵਿੱਚ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ ਹੈ।
ਓਲੇਸੀਆ ਕਹਿੰਦੀ ਹੈ, ''ਦੇਸ਼ ਕੋਲ ਬਹਿਸ ਲਈ, ਜਮਹੂਰੀਅਤ ਜਾਂ ਆਜ਼ਾਦੀ ਲਈ ਮਾਦਾ ਨਹੀਂ ਹੈ।''
''ਪਰ ਉਹ ਹਰ ਕਿਸੇ ਨੂੰ ਜੇਲ੍ਹ ਵਿੱਚ ਨਹੀਂ ਡੱਕ ਸਕਦੇ। ਕਿਸੇ ਸਮੇਂ ਉਨ੍ਹਾਂ ਦੇ ਸੈੱਲ ਖ਼ਤਮ ਹੋ ਜਾਣਗੇ।''
ਲੀਜ਼ਾ ਸ਼ੁਵਾਲੋਵਾ ਦੁਆਰਾ ਨਿਰਮਿਤ
ਇਹ ਵੀ ਪੜ੍ਹੋ: