ਜਸਵੀਰ ਸਿੰਘ: ਯੂਕੇ ਦੇ ਜਾਣੇ-ਪਛਾਣੇ ਸਿੱਖ ਵਕੀਲ ਜਿਨ੍ਹਾਂ ਨੇ ਸਮਲਿੰਗੀ ਹੋਣਾ ਜਨਤਕ ਤੌਰ ਉੱਤੇ ਸਵਿਕਾਰ ਕਰ ਲਿਆ

ਜਸਵੀਰ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ
ਤਸਵੀਰ ਕੈਪਸ਼ਨ, ਜਸਵੀਰ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ
    • ਲੇਖਕ, ਅਲੀਮ ਮਕਬੂਲ
    • ਰੋਲ, ਧਾਰਮਿਕ ਮਾਮਲਿਆਂ ਦੇ ਸੰਪਾਦਕ, ਬੀਬੀਸੀ ਨਿਊਜ਼

ਜਸਵੀਰ ਸਿੰਘ ਬਰਤਾਨੀਆ ਦੀਆਂ ਪ੍ਰਮੁੱਖ ਸਿੱਖ ਹਸਤੀਆਂ ਵਿੱਚੋਂ ਇੱਕ ਹਨ। ਉਹ ਸਮਲਿੰਗੀ ਵੀ ਹਨ ਤੇ ਇਹ ਇੱਕ ਅਜਿਹਾ ਤੱਥ ਹੈ, ਜੋ ਉਨ੍ਹਾਂ ਨੇ ਹੁਣ ਤੱਕ ਨਿੱਜੀ ਹੀ ਰੱਖਿਆ ਸੀ।

ਉਨ੍ਹਾਂ ਨੂੰ ਆਪਣੇ ਹੀ ਭਾਈਚਾਰੇ ਦੇ ਕੁਝ ਮੈਂਬਰਾਂ ਵੱਲੋਂ ਵਿਰੋਧ ਵੀ ਝੱਲਣਾ ਪਿਆ ਅਤੇ ਕੁਝ ਮਤਭੇਦ ਵੀ ਹੋਏ। ਪਰ ਉਹ ਕਹਿੰਦੇ ਹਨ ਕਿ ਉਹ ਹੁਣ ਆਪਣੀ ਲਿੰਗਤਾ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਹਨ।

ਜਸਵੀਰ ਸਿੰਘ ਨੇ ਆਪਣੇ ਸਾਹਮਣੇ ਮੇਜ਼ 'ਤੇ ਕੁਝ ਤਸਵੀਰਾਂ ਰੱਖੀਆਂ, ਇਹ ਪਿਛਲੀਆਂ ਗਰਮੀਆਂ ਦੇ ਉਨ੍ਹਾਂ ਖੁਸ਼ੀ ਭਰੇ ਪਲਾਂ ਦੀਆਂ ਤਸਵੀਰਾਂ ਸਨ, ਜਦੋਂ ਉਨ੍ਹਾਂ ਨੇ ਆਪਣੇ ਪਤੀ ਨਿਕ ਨਾਲ ਵਿਆਹ ਕਰਵਾਇਆ ਸੀ।

''ਮੈਨੂੰ ਪਤਾ ਹੈ ਕਿ ਇਸ ਬਾਰੇ ਬੋਲਣਾ ਬਹੁਤ ਵਿਵਾਦਪੂਰਨ ਹੋਣ ਵਾਲਾ ਹੈ।''

ਉਹ ਕਹਿੰਦੇ ਹਨ, ''ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਹੋਣਗੇ ਜੋ ਪ੍ਰੇਸ਼ਾਨ ਹੋਣਗੇ, ਮੇਰੇ ਨਾਲ ਨਾਰਾਜ਼ ਹੋਣਗੇ, ਇੱਥੋਂ ਤੱਕ ਕਿ ਮੇਰੇ ਨਾਲ ਗੁੱਸੇ ਵੀ ਹੋਣਗੇ।''

"ਪਰ ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਮੈਨੂੰ ਪਤਾ ਹੈ ਕਿ ਮੇਰੇ ਨਾਲ ਵਾਹਿਗੁਰੂ ਹਨ, ਮੈਨੂੰ ਪਤਾ ਹੈ ਕਿ ਵਾਹਿਗੁਰੂ ਹਮੇਸ਼ਾ ਮੇਰੇ ਨਾਲ ਰਹੇ ਹਨ।''

'ਮੈਨੂੰ ਸਮਲਿੰਗੀ ਹੋਣ ਕਾਰਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ'

ਜਸਵੀਰ ਸਿੰਘ

ਜਸਵੀਰ ਸਿੰਘ ਪਰਿਵਾਰਕ ਮਾਮਲਿਆਂ ਦੇ ਵਕੀਲ ਹਨ ਅਤੇ ਰੇਡੀਓ 4 ਦੇ 'ਥੌਟ ਫਾਰ ਦਿ ਡੇਅ' ਲਈ ਵੀ ਕੰਮ ਕਰਦੇ ਹਨ ।

ਉਨ੍ਹਾਂ ਨੂੰ ਧਾਰਮਿਕ ਭਾਈਚਾਰਿਆਂ ਨੂੰ ਇਕੱਠੇ ਕਰਨ ਅਤੇ ਕਮਜ਼ੋਰ ਸਮੂਹਾਂ ਦੇ ਪੱਖ ਦੀ ਗੱਲ ਕਰਨ ਲਈ ਹਾਲ ਹੀ ਵਿੱਚ ਸੀਬੀਈ ਐਵਾਰਡ (ਕਮਾਂਡਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਮਪਾਇਰ) ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਸਭ ਦੇ ਬਾਵਜੂਦ, ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਟਕਲਾਂ ਦੇ ਭੰਵਰ ਵਿੱਚ ਫਸੇ ਰਹੇ ਹਨ, ਜਿਨ੍ਹਾਂ ਵਿੱਚ ਅਕਸਰ ਡਰਾਉਣ-ਧਮਕਾਉਣ ਦੀਆਂ ਧਮਕੀਆਂ ਵੀ ਸ਼ਾਮਲ ਹੁੰਦੀਆਂ ਹਨ।

....ਤੇ ਹੁਣ ਉਹ ਇਸ ਬਾਰੇ ਸਿੱਧੇ ਤੌਰ 'ਤੇ ਗੱਲ ਕਰਨਾ ਚਾਹੁੰਦੇ ਹਨ।

Banner

ਕੌਣ ਹਨ ਜਸਵੀਰ ਸਿੰਘ

  • ਜਸਵੀਰ ਸਿੰਘ ਯੂਕੇ ਦੇ ਜਾਣੇ-ਪਛਾਣੇ ਵਕੀਲ ਤੇ ਸਮਾਜਿਕ ਆਗੂ ਹਨ
  • ਉਹ ਸਮਲਿੰਗੀ ਹਨ, ਇਸ ਬਾਰੇ ਉਨ੍ਹਾਂ ਪਹਿਲਾਂ ਕਦੇ ਵੀ ਇਕਰਾਰ ਨਹੀਂ ਕੀਤਾ ਸੀ
  • ਪਿਛਲੇ ਦਿਨੀਂ ਉਨ੍ਹਾਂ ਦੇ ਸਮਲਿੰਗੀ ਵਿਆਹ ਬਾਰੇ ਇੱਕ ਵੀਡੀਓ ਲੀਕ ਹੋ ਗਈ ਸੀ
  • ਜਿਸ ਤੋਂ ਬਾਅਦ ਉਨ੍ਹਾਂ ਆਪਣੀ ਸਮਲਿੰਗਤਾ ਨੂੰ ਜਨਤਕ ਤੌਰ ਉੱਤੇ ਸਵਿਕਾਰ ਕਰ ਲਿਆ
  • ਜਸਵੀਰ ਸਿੰਘ ਖੁਦ ਨੂੰ ਸਿੱਖ ਅਤੇ ਸਮਲਿੰਗੀ ਦੱਸਦੇ ਹਨ ਤੇ ਕਹਿੰਦੇ ਹਨ ਕਿ ਇਸ ਵਿੱਚ ਕੋਈ ਵਿਰੋਧਾਭਾਸ ਨਹੀਂ
  • ਜਸਵੀਰ ਸਿੰਘ ਮੁਤਾਬਕ ਉਨ੍ਹਾਂ ਦੇ ਜਨਤਕ ਇਕਰਾਰ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ
Banner

''ਬ੍ਰਿਟਿਸ਼ ਸਿੱਖ ਕਮਿਊਨਿਟੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਆਪਣੀ ਹੋਂਦ ਨੂੰ ਪੁਰਜ਼ੋਰ ਢੰਗ ਨਾਲ ਦਰਸਾਉਂਦਾ ਹੈ। ਉਨ੍ਹਾਂ ਵੱਲੋਂ ਮੈਨੂੰ ਸਮਲਿੰਗੀ ਹੋਣ ਕਾਰਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।''

''ਇੱਕ ਟੀਵੀ ਸਟੇਸ਼ਨ 'ਤੇ ਮੇਰੇ ਉੱਤੇ ਨਾਸਤਿਕ ਹੋਣ ਦਾ ਇਲਜ਼ਾਮ ਲਗਾਇਆ ਗਿਆ। ਲੋਕਾਂ ਨੇ ਮੈਨੂੰ ਫੋਨ ਵੀ ਕੀਤਾ ਅਤੇ ਮੈਨੂੰ ਬੇਨਕਾਬ ਕਰਨ ਦੀ ਧਮਕੀ ਦਿੱਤੀ।''

ਹਾਲਾਂਕਿ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜਿਨਸੀ ਰੁਝਾਨ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਪਰ ਇਹ ਅਜਿਹਾ ਕੁਝ ਵੀ ਨਹੀਂ ਹੈ, ਜਿਸ ਬਾਰੇ ਉਨ੍ਹਾਂ ਨੇ ਜਨਤਕ ਤੌਰ 'ਤੇ ਗੱਲ ਕੀਤੀ ਹੈ।

ਸਮਲਿੰਗੀ ਸਿੱਖਾਂ ਨੂੰ ਸੁਨੇਹਾ

ਹਾਲ ਹੀ ਵਿੱਚ ਉਨ੍ਹਾਂ ਦੇ ਵਿਆਹ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣ ਤੋਂ ਬਾਅਦ, ਉਨ੍ਹਾਂ ਨੂੰ ਲੱਗਿਆ ਕਿ ਇਸ ਬਾਰੇ ਬੋਲਣ ਦਾ ਇਹੀ ਸਮਾਂ ਸਹੀ ਹੈ।

ਉਹ ਆਪਣੀਆਂ ਸ਼ਰਤਾਂ 'ਤੇ ਆਪਣੀ ਕਹਾਣੀ ਨੂੰ ਦੱਸਣਾ ਚਾਹੁੰਦੇ ਸਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਮਲਿੰਗੀ ਸਿੱਖਾਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦੇ ਸਨ।

''ਜਿਸ ਤਰ੍ਹਾਂ ਸਿੱਖ ਧਰਮ ਮੇਰਾ ਹਿੱਸਾ ਹੈ, ਉਸੇ ਤਰ੍ਹਾਂ ਹੀ ਮੇਰੀ ਲਿੰਗਤਾ ਵੀ ਹੈ। ਮੇਰੀ ਪੱਗ ਵੀ ਮੇਰੀ ਪਛਾਣ ਹੈ। ਮੈਂ ਆਪਣੇ ਆਪ ਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਨਾਲੋਂ ਵੀ ਵੱਖ ਨਹੀਂ ਕਰ ਸਕਦਾ। ਮੈਂ ਇਹੀ ਹਾਂ।''

ਜਸਵੀਰ ਸਿੰਘ ਦਾ ਕਹਿਣਾ ਹੈ ਕਿ ਜਿਸ ਧਾਰਮਿਕ ਸਿੱਖ ਪਰਿਵਾਰ ਵਿੱਚ ਉਹ ਪਲ਼ੇ ਤੇ ਵੱਡੇ ਹੋਏ, ਉਸ 'ਚ ਬਰਾਬਰੀ ਦੇ ਕੇਂਦਰੀ ਸਿਧਾਂਤ 'ਤੇ ਬਹੁਤ ਧਿਆਨ ਦਿੱਤਾ ਗਿਆ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਆਸਥਾ ਨੂੰ ਆਪਣੀ ਸਮਲਿੰਗਤਾ ਦੇ ਵਿਰੋਧ ਵਿੱਚ ਮਹਿਸੂਸ ਨਹੀਂ ਕੀਤਾ।

ਜਦੋਂ ਉਹ ਭਾਰਤ ਆਏ ਸਨ

ਉਹ ਇੱਕ ਮਹੱਤਵਪੂਰਨ ਪਲ ਵੱਲ ਇਸ਼ਾਰਾ ਕਰਦੇ ਹਨ, ਜਦੋਂ ਉਹ 16 ਸਾਲਾਂ ਦੇ ਸਨ।

''ਮੈਂ ਆਪਣੇ ਜੀਸੀਐੱਸਈ ਨਤੀਜਿਆਂ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਮੈਂ ਭਾਰਤ 'ਚ ਤੀਰਥ ਯਾਤਰਾ 'ਤੇ ਗਿਆ ਸੀ।''

''ਆਪਣੇ ਪਿਤਾ ਜੀ ਦੇ ਨਾਲ ਮੈਂ ਹਿਮਾਲਿਆ ਦੇ ਖੂਬਸੂਰਤ ਗੁਰਦੁਆਰੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਤਿੰਨ ਜਾਂ ਚਾਰ ਦਿਨ ਦੀ ਯਾਤਰਾ ਕੀਤੀ। ਜੋ ਉਤਰਾਖੰਡ ਦੀ ਰਮਣੀਕ ਜਗ੍ਹਾ 'ਤੇ ਸਥਿਤ ਹੈ।''

''ਇਸ ਮੁਸ਼ਕਿਲ ਸਫ਼ਰ ਤੋਂ ਬਾਅਦ, ਮੈਂ ਸਤਿਕਾਰ ਸਹਿਤ ਸਿੱਜਦਾ ਕੀਤਾ ਪਰ ਮੈਂ ਜਿਸ ਚੀਜ਼ ਲਈ ਪ੍ਰਾਰਥਨਾ ਕੀਤੀ, ਉਹ ਇਹ ਸੀ ਕਿ ਮੈਂ ਸਟ੍ਰੇਟ ਹੋ ਜਾਵਾਂ।''

''ਮੈਂ ਬਸ ਅਜਿਹੀ ਜ਼ਿੰਦਗੀ ਜੀਉਣ ਵਿੱਚ ਸਮਰੱਥ ਹੋਣਾ ਚਾਹੁੰਦਾ ਸੀ, ਜਿੱਥੇ ਮੈਂ ਲੋਕਾਂ ਨੂੰ ਸ਼ਰਮਿੰਦਾ ਨਾ ਕਰਾਂ ਅਤੇ ਜਿੱਥੇ ਮੇਰੇ ਪਰਿਵਾਰ ਨੂੰ ਮੇਰੇ ਤੋਂ ਸ਼ਰਮਿੰਦਾ ਨਾ ਹੋਣਾ ਪਵੇ।''

ਜਸਵੀਰ ਸਿੰਘ ਦਾ ਕਹਿਣਾ ਹੈ ਕਿ ਤੀਰਥ ਯਾਤਰਾ ਤੋਂ ਬਾਅਦ ਉਨ੍ਹਾਂ ਦਾ ਜਿਨਸੀ ਰੁਝਾਨ ਨਹੀਂ ਬਦਲਿਆ। ਇਸ ਲਈ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਵਾਹਿਗੁਰੂ ਨੇ ਉਨ੍ਹਾਂ ਲਈ ਇਹੀ ਮਾਰਗ ਚੁਣਿਆ ਹੈ।

ਇਸ ਨੇ ਉਨ੍ਹਾਂ ਨੂੰ ਇਹ ਆਤਮਵਿਸ਼ਵਾਸ ਦਿੱਤਾ ਕਿ ਉਹ ਆਪਣੇ ਇਸੇ ਰੂਪ ਵਿੱਚ ਆਪਣੇ ਦੋਸਤਾਂ ਦੇ ਸਾਹਮਣੇ ਆ ਸਕਣ।

ਹਾਲਾਂਕਿ ਬਹੁਤ ਸਾਰੇ ਸਿੱਖ ਇਨ੍ਹਾਂ ਚੀਜ਼ਾਂ ਨੂੰ ਅਲੱਗ ਤਰ੍ਹਾਂ ਨਾਲ ਦੇਖਦੇ ਹਨ, ਪਰ ਜਸਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਧਰਮ ਦੀਆਂ ਸਿੱਖਿਆਵਾਂ ਅਤੇ ਧਰਮ ਗ੍ਰੰਥਾਂ ਵਿੱਚ ਆਪਣੇ ਵਿਸ਼ਵਾਸ ਅਤੇ ਆਪਣੇ ਜਿਨਸੀ ਝੁਕਾਅ ਵਿਚਕਾਰ ਕੋਈ ਟਕਰਾਅ ਨਹੀਂ ਦੇਖਿਆ।

ਜਸਵੀਰ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ

ਜਸਵੀਰ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦਾ ਮਤਲਬ ਹੈ ਕਿ ਉਹ ਆਪਣੇ ਧਰਮ ਨੂੰ ਉਸ ਤਰੀਕੇ ਨਾਲ ਨਹੀਂ ਜੀਅ ਸਕਦੇ, ਜਿਸ ਤਰ੍ਹਾਂ ਨਾਲ ਉਹ ਚਾਹੁੰਦੇ ਹਨ ਅਤੇ ਜਿਸ ਤਰ੍ਹਾਂ ਨਾਲ ਦੂਸਰੇ ਜੀਅ ਸਕਦੇ ਹਨ।

"ਮੇਰੇ ਪਤੀ ਬਰਤਾਨਵੀਂ ਗੋਰੇ ਹਨ ਅਤੇ ਉਹ ਸਿੱਖ ਪਰਿਵਾਰ ਵਿੱਚ ਪੈਦਾ ਨਹੀਂ ਹੋਏ। ਪਰ ਉਹ ਮੇਰੀ ਸਿੱਖੀ (ਸਿੱਖ ਧਰਮ) ਨੂੰ ਸਮਝਦੇ ਹਨ ਅਤੇ ਉਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਉਸ ਹਿੱਸੇ ਦਾ ਸਤਿਕਾਰ ਕੀਤਾ ਹੈ ਅਤੇ ਉਸ ਨੂੰ ਅਪਣਾਇਆ ਹੈ।''

''ਅਸੀਂ ਫੈਸਲਾ ਕੀਤਾ ਹੈ ਕਿ ਸਾਨੂੰ ਇੱਕ ਪਰਿਵਾਰ ਚਾਹੀਦਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਬਣਾਉਣਾ ਹੈ।''

''ਅਸੀਂ ਉਸ ਤਰ੍ਹਾਂ ਦੇ ਵਿਆਹ ਬਾਰੇ ਬਹੁਤ ਵਿਸਥਾਰ ਨਾਲ ਗੱਲ ਕੀਤੀ ਸੀ ਜੋ ਅਸੀਂ ਚਾਹੁੰਦੇ ਸੀ, ਪਰ ਦੁੱਖ ਦੀ ਗੱਲ ਹੈ ਕਿ ਅਜਿਹੇ ਵਿੱਚ ਗੁਰਦੁਆਰੇ ਵਿੱਚ ਵਿਆਹ ਕਰਵਾਉਣ ਦਾ ਕੋਈ ਤਰੀਕਾ ਨਹੀਂ ਸੀ, ਭਾਵੇਂ ਕਿ ਆਨੰਦ ਕਾਰਜ ਦੀ ਮੇਰੀ ਵਿਆਖਿਆ ਵਿੱਚ (ਜਿਸ ਤਰ੍ਹਾਂ ਮੈਂ ਆਨੰਦ ਕਾਰਜ ਨੂੰ ਸਮਝਦਾ ਹਾਂ ਜਾਂ ਸਮਝ ਸਕਦਾ ਹਾਂ) ਇਸ ਦਾ ਕੋਈ ਕਾਰਨ ਨਹੀਂ ਹੈ।''

ਯੂਕੇ ਅਤੇ ਹੋਰ ਥਾਵਾਂ 'ਤੇ ਸਿੱਖ ਜਥੇਬੰਦਕ ਸੰਸਥਾਵਾਂ ਚੀਜ਼ਾਂ ਨੂੰ ਬਹੁਤ ਵੱਖਰੇ ਢੰਗ ਨਾਲ ਦੇਖਦੀਆਂ ਹਨ।

2005 ਵਿੱਚ, ਪੰਜਾਬ ਵਿੱਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਅਕਾਲ ਤਖ਼ਤ ਦੀ ਸਿੱਖ ਧਾਰਮਿਕ ਲੀਡਰਸ਼ਿਪ ਨੇ ਇਸ ਬਾਰੇ ਕਿਹਾ ਕਿ 'ਸਮਲਿੰਗੀ ਵਿਆਹ ਅਸਵੀਕਾਰਨਯੋਗ' ਹੈ।

ਯੂਕੇ ਵਿੱਚ ਬਰਤਾਨਵੀ ਸਿੱਖਾਂ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਪ੍ਰਤੀਨਿਧ ਸੰਸਥਾ, ਸੁਪਰੀਮ ਸਿੱਖ ਕੌਂਸਲ ਦੇ ਸਕੱਤਰ-ਜਨਰਲ ਗੁਰਮੇਲ ਸਿੰਘ ਨੇ ਕਿਹਾ, ''ਧਰਮ ਦੇ ਨਜ਼ਰੀਏ ਤੋਂ ਇਸ ਬਾਰੇ ਸਪੱਸ਼ਟ ਨਿਰਦੇਸ਼ ਹਨ। ਆਨੰਦ ਕਾਰਜ ਕੇਵਲ ਲਿੰਗਕ ਤੌਰ 'ਤੇ ਵਿਪਰੀਤ ਜੋੜਿਆਂ ਲਈ ਹੀ ਹੈ।''

ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਹ ਜਸਵੀਰ ਨੂੰ ਇੱਕ ਸਿੱਖ ਵਕੀਲ ਵਜੋਂ ਜਾਣਦੇ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ।

ਪਰ ਇਹ ਵੀ ਹੈ ਕਿ ਤੇਜ਼ੀ ਨਾਲ ਵਿਕਸਤ ਹੋ ਰਹੇ ਸਮਾਜ ਵਿੱਚ ਧਰਮ ਦੇ ਬੁਨਿਆਦੀ ਸਿਧਾਂਤ, ਉਨ੍ਹਾਂ ਨੂੰ ਗੁਰਦੁਆਰੇ ਵਿੱਚ ਇੱਕ ਪੁਰਸ਼ ਨਾਲ ਵਿਆਹ ਕਰਨ ਦੀ ਇਜਾਜ਼ਤ ਦੇਣ ਲਈ ਨਹੀਂ ਬਦਲਣਗੇ।

ਜਦੋਂ ਗੁਰਦੁਆਰੇ ਦੇ ਗ੍ਰੰਥੀ ਨੇ ਉਨ੍ਹਾਂ ਲਈ ਕੀਤੀ ਅਰਦਾਸ

ਜਸਵੀਰ, ਇਸ ਤਰ੍ਹਾਂ ਨਾਲ ਸਵੀਕਾਰੇ ਜਾਣ ਸਬੰਧੀ ਇੱਕ ਪਲ਼ ਨੂੰ ਯਾਦ ਕਰਦੇ ਹਨ, ਜਿਸ ਨੇ ਉਨ੍ਹਾਂ ਨੂੰ ਗਹਿਰਾਈ ਨਾਲ ਛੂਹਿਆ ਸੀ।

ਇਹ ਪਿਛਲੇ ਸਾਲ ਜਸਵੀਰ ਤੇ ਉਨ੍ਹਾਂ ਦੇ ਮੰਗੇਤਰ ਨਾਲ ਯੂਕੇ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।

"ਅਸੀਂ ਨਤਮਸਤਕ ਹੋਣ ਲਈ ਗਏ ਸੀ ਅਤੇ ਇੱਕ ਰੁਮਾਲਾ ਲੈ ਗਏ ਸੀ। ਉੱਥੇ ਗ੍ਰੰਥੀ ਸਿੰਘ ਨੇ ਸਾਨੂੰ ਇਕੱਠੇ ਆਉਂਦਿਆਂ ਵੇਖਿਆ ਅਤੇ ਕਿਹਾ ਕਿ ਉਹ ਸਾਡੇ ਲਈ ਅਰਦਾਸ ਕਰਨਗੇ।''

"ਗ੍ਰੰਥੀ ਸਿੰਘ ਨੇ ਸਾਨੂੰ ਪੁੱਛਿਆ ਕਿ ਕੀ ਕੋਈ ਖਾਸ ਚੀਜ਼ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਲਈ ਅਰਦਾਸ ਕਰਨ, ਅਤੇ ਅਸੀਂ ਉਨ੍ਹਾਂ ਨੂੰ ਸਿਰਫ਼ ਆਪਣੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਕਿਹਾ ਸੀ।''

''ਪਰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਹੋਰ ਕੁਝ ਨਹੀਂ ਹੈ, ਜਿਸ ਲਈ ਉਹ ਸਾਡੇ ਲਈ ਅਰਦਾਸ ਕਰਨ।''

''ਉਦੋਂ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਦੇਖ ਲਿਆ ਸੀ ਕਿ ਸਾਡੇ ਦੋਹਾਂ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਸੀ, ਜੋ ਅਕਸਰ ਵਿਆਹ ਵੇਲੇ ਲਗਾਈ ਜਾਂਦੀ ਹੈ।''

''ਉਨ੍ਹਾਂ ਨੇ ਅਰਦਾਸ ਕੀਤੀ ਅਤੇ ਇਹ ਸਿਰਫ਼ ਸਾਡੀ ਤੰਦਰੁਸਤੀ ਲਈ ਨਹੀਂ ਸੀ, ਇਹ ਸਾਡੇ ਦੋ ਪਰਿਵਾਰਾਂ ਦੇ ਇਕੱਠੇ ਹੋਣ ਲਈ ਸੀ। ਇਹ ਮੇਰੇ ਅਤੇ ਸਾਡੇ ਦੋਵਾਂ ਲਈ ਬਹੁਤ ਤਾਕਤ ਦੇਣ ਵਾਲੀ ਗੱਲ ਸੀ।''

'ਮੈਂ ਆਪਣੀ ਲਿੰਗਤਾ 'ਤੇ ਸ਼ਰਮਿੰਦਾ ਨਹੀਂ ਹੋਵਾਂਗਾ'

ਜਸਵੀਰ ਅਤੇ ਨਿੱਕ ਹਾਲ ਹੀ ਵਿੱਚ ਆਪਣੇ ਹਨੀਮੂਨ ਤੋਂ ਵਾਪਸ ਆਏ ਹਨ।

ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਅਤੇ ਭਾਰਤ ਦਾ ਦੌਰਾ ਵੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਹੋਰ ਹਿੱਸਿਆਂ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕੀਤੇ।

ਇਹ ਵੇਖਦੇ ਹੋਏ ਕਿ ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਹੈ, ਜਸਵੀਰ ਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਧਾਰਮਿਕ ਆਗੂਆਂ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਦਾ ਪੰਜਾਬੀ ਸੱਭਿਆਚਾਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਹੈ।

ਹਾਲਾਂਕਿ ਯੂਕੇ ਦੀਆਂ ਸਿੱਖ ਸੰਸਥਾਵਾਂ ਨੇ ਇਸ ਤੋਂ ਇਨਕਾਰ ਕੀਤਾ ਹੈ।

''ਅਫ਼ਸੋਸ ਦੀ ਗੱਲ ਹੈ ਕਿ ਮੈਂ ਉਨ੍ਹਾਂ ਸਮਲਿੰਗੀ ਸਿੱਖਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਆਪਣੀ ਆਸਥਾ ਛੱਡ ਦਿੱਤੀ ਹੈ, ਜਾਂ ਜੋ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਇੱਕੋ-ਇੱਕ ਵਿਕਲਪ ਆਪਣੇ ਵਾਲ ਕਟਾਉਣਾ ਅਤੇ ਆਸਥਾ ਨੂੰ ਘੱਟ ਕਰਨਾ ਸੀ।

''ਜਾਂ ਗੁਰਦੁਆਰੇ ਵਿੱਚ ਸਮਾਂ ਬਿਤਾਉਣ ਦੀ ਬਜਾਏ ਆਪਣੇ ਅੰਦਰੂਨੀ ਵਿਸ਼ਵਾਸ 'ਤੇ ਧਿਆਨ ਕੇਂਦਰਿਤ ਕਰਨਾ ਸੀ।''

ਹਾਲਾਂਕਿ, ਉਹ ਖੁਦ ਯੂਕੇ ਵਿੱਚ ਇੱਕ ਪ੍ਰਗਤੀਸ਼ੀਲ ਸਿੱਖ ਜਥੇਬੰਦੀ ਦੇ ਆਗੂ ਹਨ, ਪਰ ਇੱਥੇ ਧਾਰਮਿਕ ਭਾਈਚਾਰੇ ਵਿੱਚ ਉਹ ਲੋਕ ਵੀ ਹਨ ਜੋ ਜਸਵੀਰ ਨੂੰ ਸੱਚਾ ਸਿੱਖ ਨਹੀਂ ਮੰਨਦੇ। ਉਸ ਉਨ੍ਹਾਂ ਨੂੰ ਇੱਕ ਅਜਿਹਾ ਵਿਅਕਤੀ ਮੰਨਦੇ ਹਨ ਜੋ ਪੱਗ ਬੰਨ੍ਹਦਾ ਹੈ ਅਤੇ ਸਿੱਖ ਧਰਮ ਦੀਆਂ ਕੁਝ ਗੱਲਾਂ ਦੀ ਪਾਲਣਾ ਕਰਦਾ ਹੈ।

ਜਸਵੀਰ ਕਹਿੰਦੇ ਹਨ, ''ਮੇਰਾ ਧਾਰਮਿਕ ਵਿਸ਼ਵਾਸ ਜੀਵਨ ਦੇ ਚੰਗੇ ਅਤੇ ਮਾੜੇ ਸਮਿਆਂ ਵਿੱਚ ਸਥਿਰ ਰਿਹਾ ਹੈ। ਮੈਂ ਆਪਣੇ ਧਾਰਮਿਕ ਵਿਸ਼ਵਾਸ ਤੋਂ ਡੋਲਣ ਵਾਲਾ ਨਹੀਂ ਹਾਂ, ਪਰ ਮੈਂ ਆਪਣੀ ਲਿੰਗਤਾ 'ਤੇ ਵੀ ਸ਼ਰਮਿੰਦਾ ਨਹੀਂ ਹੋਵਾਂਗਾ।''

ਜਸਵੀਰ ਸਿੰਘ

ਜਸਵੀਰ ਦੇ ਬੋਲਣ ਦਾ ਇੱਕ ਕਾਰਨ ਇਹ ਵੀ

ਜਸਵੀਰ ਦੇ ਬੋਲਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਕਦੇ ਵੀ ਸਮਲਿੰਗੀ ਸਿੱਖ ਰੋਲ ਮਾਡਲ ਨਹੀਂ ਸਨ, ਖਾਸ ਤੌਰ 'ਤੇ ਜੋੜੇ ਦੇ ਰੂਪ ਵਿੱਚ ਤੇ ਜੋ ਆਪਣੇ ਆਪ ਨੂੰ ਧਾਰਮਿਕ ਸਮਝਦੇ ਸਨ।

ਪਰ ਉਹ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਮੁਕਾਬਲਤਨ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ।

ਉਹ ਕਹਿੰਦੇ ਹਨ, "ਅਫ਼ਸੋਸ ਦੀ ਗੱਲ ਹੈ ਕਿ ਮੈਂ ਕੁਝ ਸਿੱਖਾਂ ਨੂੰ ਦੇਖਿਆ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਕਾਰਨ ਘਰ ਛੱਡ ਦਿੱਤੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਕੁੱਟਿਆ ਗਿਆ ਹੈ।''

''ਜਾਂ ਜਿਨ੍ਹਾਂ ਨੂੰ ਪੀਡੋਫਾਈਲ (ਜੋ ਵਿਅਕਤੀ ਬੱਚਿਆਂ ਵੱਲ ਜਿਨਸੀ ਤੌਰ 'ਤੇ ਆਕਰਸ਼ਿਤ ਹੁੰਦਾ ਹੈ) ਕਿਹਾ ਗਿਆ ਹੈ, ਅਤੇ ਉਨ੍ਹਾਂ 'ਤੇ ਬਹੁਤ ਚਿੱਕੜ ਉਛਾਲਿਆ ਗਿਆ ਹੈ।''

ਜਸਵੀਰ ਕਹਿੰਦੇ ਹਨ, ''ਜਦੋਂ ਉਹ ਇਹ ਦੇਖਦੇ ਹਨ ਕਿ ਪੱਗੜੀਧਾਰੀ ਪਰਿਵਾਰ ਦੇ ਮੈਂਬਰਾਂ ਦੁਆਰਾ ਅਜਿਹਾ ਕੀਤਾ ਜਾਂਦਾ ਹੈ ਤਾਂ ਉਹ ਉਸ ਨੂੰ ਆਪਣੇ ਧਰਮ ਨਾਲ ਜੋੜ ਕੇ ਦੇਖਦੇ ਹਨ। ਜੋ ਕੁਝ ਉਨ੍ਹਾਂ ਨੇ ਅਨੁਭਵ ਕੀਤਾ ਹੈ, ਉਸ ਕਾਰਨ ਉਹ ਕਿਸੇ ਵੀ ਪੱਗੜੀਧਾਰੀ ਵਿਅਕਤੀ ਨਾਲ ਖੁੱਲ੍ਹ ਕੇ ਗੱਲ ਕਰਨ ਵਿੱਚ ਵੀ ਸਹਿਜ ਨਹੀਂ ਹੁੰਦੇ।''

ਜਸਵੀਰ ਨੂੰ ਉਮੀਦ ਹੈ ਕਿ ਬੋਲਣ ਨਾਲ, ਉਹ ਦੂਜਿਆਂ ਨੂੰ ਇਸ ਗੱਲ 'ਤੇ ਮਾਣ ਕਰਨ ਲਈ ਉਤਸ਼ਾਹਿਤ ਕਰਨਗੇ ਕਿ ਉਹ ਜੋ ਅਸਲ ਵਿੱਚ ਹਨ, ਉਹ ਸਹੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਯੂਕੇ ਵਿੱਚ ਸਿੱਖ ਸਮਾਜ ਜ਼ਿਆਦਾ ਅਜਿਹੀਆਂ ਚੀਜ਼ਾਂ ਨੂੰ ਸਮਝਣ ਅਤੇ ਸਵੀਕਾਰ ਕਰਨ ਵੱਲ ਵਧ ਰਿਹਾ ਹੈ।

ਇੱਕ ਪਾਸੇ ਜਿੱਥੇ ਜਸਵੀਰ ਨੂੰ ਲੱਗ ਰਿਹਾ ਹੈ ਕਿ ਖੁੱਲ੍ਹ ਕੇ ਬੋਲਣ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਝੱਲਣੀ ਪਵੇਗੀ, ਦੂਜੇ ਪਾਸੇ ਉਨ੍ਹਾਂ ਨੂੰ ਇਹ ਉਮੀਦ ਵੀ ਹੈ ਕਿ ਕੁਝ ਲੋਕ ਇਸ ਨਾਲ ਖੁਸ਼ ਵੀ ਹੋਣਗੇ।

ਉਹ ਕਹਿੰਦੇ ਹਨ, ''ਜਦੋਂ ਵਿਆਹ ਦਾ ਵੀਡੀਓ ਲੀਕ ਹੋਇਆ ਸੀ ਅਤੇ ਉਹ ਬਦਨੀਤੀ ਨਾਲ ਸੋਸ਼ਲ ਮੀਡੀਆ 'ਤੇ ਫੈਲ ਗਿਆ ਸੀ, ਤਾਂ ਉਸੇ ਤਰ੍ਹਾਂ ਮੇਰੇ ਬਜ਼ੁਰਗ ਰਿਸ਼ਤੇਦਾਰਾਂ ਵਿੱਚੋਂ ਇੱਕ ਨੂੰ ਪਤਾ ਲੱਗਾ ਕਿ ਮੈਂ ਸਮਲਿੰਗੀ ਹਾਂ।''

''ਉਹ ਆਪਣੇ ਨੱਬੇਵਿਆਂ 'ਚ ਹਨ, ਪਰ ਉਨ੍ਹਾਂ ਨੇ ਪਰਿਵਾਰ ਦੇ ਇੱਕ ਹੋਰ ਮੈਂਬਰ ਨੂੰ ਕਿਹਾ, 'ਜਦੋਂ ਤੱਕ ਉਹ ਖੁਸ਼ ਹੈ, ਮੈਂ ਖੁਸ਼ ਹਾਂ'- ਤੇ ਇਹ ਕੁਝ ਅਜਿਹਾ ਹੈ ਜਿਸ ਤੋਂ ਅਸੀਂ ਸਾਰੇ ਸਿੱਖ ਸਕਦੇ ਹਾਂ।''

Banner

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)