ਜੱਗੀ ਜੌਹਲ ਕੇਸ: 5 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਵੀ ਨਹੀਂ ਸ਼ੁਰੂ ਹੋਇਆ ਕੇਸ, ਕੀ ਹਨ ਇਲਜ਼ਾਮ ਤੇ ਹੁਣ ਅੱਗੇ ਕੀ

ਤਸਵੀਰ ਸਰੋਤ, FREE JAGGI CAMPAIGN
"ਮੈਂ ਪਹਿਲੇ ਦਿਨੋਂ ਹੀ ਕਹਿ ਰਿਹਾ ਹਾਂ ਕਿ ਮੇਰਾ ਭਰਾ ਬੇਕਸੂਰ ਹੈ। ਜਗਤਾਰ ਨੂੰ ਇਹ ਜਾਣਨ ਵਿੱਚ 1,807 ਦਿਨ ਲੱਗ ਗਏ ਹਨ ਕਿ ਉਸ 'ਤੇ ਕਿਹੜੇ ਇਲਜ਼ਾਮ ਹਨ। ਅੱਜ ਉਸ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ।"
ਇਹ ਸ਼ਬਦ ਭਾਰਤ 'ਚ ਕਰੀਬ ਪੰਜ ਸਾਲਾਂ ਤੋਂ ਬਿਨਾਂ ਟਰਾਇਲ ਜੇਲ੍ਹ ਵਿਚ ਬੰਦ ਸਕਾਟਲੈਂਡ ਵਾਸੀ ਜਗਤਾਰ ਸਿੰਘ ਜੌਹਲ ਦੇ ਭਰਾ ਗੁਰਪ੍ਰੀਤ ਨੇ ਬੀਬੀਸੀ ਸਕਾਟਲੈਂਡ ਨੂੰ ਸ਼ਨੀਵਾਰ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਕਹੇ।
35 ਸਾਲਾ ਜਗਤਾਰ ਸਿੰਘ ਜੌਹਲ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਅਤੇ ਦਹਿਸ਼ਤਗਰਦੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਬ੍ਰਿਟੇਨ ਦੇ ਕਈ ਪ੍ਰਧਾਨ ਮੰਤਰੀਆਂ ਨੇ ਡੰਬਰਟਨ ਸ਼ਹਿਰ ਦੇ ਵਾਸੀ ਜੌਹਲ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਇਆ ਹੈ।
ਹਾਲਾਂਕਿ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੂੰ ਤਸੀਹੇ ਦਿੱਤੇ ਗਏ ਸਨ ਜਾਂ ਬਦਸਲੂਕੀ ਕੀਤੀ ਗਈ ਸੀ।
ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।
28 ਨਵੰਬਰ ਤੋਂ ਜੱਗੀ ਉਪਰ ਸ਼ੁਰੂ ਹੋਵੇਗਾ ਮੁਕੱਦਮਾ
ਸ਼ਨਿੱਚਰਵਾਰ ਨੂੰ ਜੱਗੀ ਜੌਹਲ ਨੇ ਅਦਾਲਤ ਨੂੰ ਕਿਹਾ ਕਿ ਉਹ ਬੇਕਸੂਰ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੁਕੱਦਮੇ ਦੀ ਕਾਰਵਾਈ 28 ਨਵੰਬਰ ਨੂੰ ਸ਼ੁਰੂ ਹੋਵੇਗੀ।

ਤਸਵੀਰ ਸਰੋਤ, GUPREET SINGH JOHAL
ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਕਹਿੰਦੇ ਹਨ ਕਿ ਜੱਗੀ ਉੱਪਰ ਲਾਏ ਇਲਜ਼ਾਮ ਬੇਬੁਨਿਆਦ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਜੌਹਲ ਦੀ ਜਾਨ ਨੂੰ ਖ਼ਤਰਾ ਹੈ।
ਰੀਪ੍ਰੀਵ ਸੰਸਥਾ ਨਾਲ ਸਬੰਧਤ ਮਾਇਆ ਫੋਆ ਕਹਿੰਦੇ ਹਨ, "ਲਿਜ਼ ਟਰਸ ਵਿਦੇਸ਼ ਮੰਤਰੀ ਵਜੋਂ ਜਗਤਾਰ ਦੀ ਰਿਹਾਈ ਦੀ ਮੰਗ ਕਰਨ ਵਿੱਚ ਅਸਫ਼ਲ ਰਹੇ ਅਤੇ ਹੁਣ ਉਹ ਪ੍ਰਧਾਨ ਮੰਤਰੀ ਵਜੋ ਅਸਫ਼ਲ ਹੋ ਰਹੇ ਹਨ।
"ਸੰਯੁਕਤ ਰਾਸ਼ਟਰ ਦੇ ਕਾਨੂੰਨੀ ਮਾਹਰਾਂ ਨੇ ਮੰਨਿਆ ਹੈ ਕਿ ਉਸਦੀ ਨਜ਼ਰਬੰਦੀ ਮਨਮਾਨੀ ਹੈ ਅਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਵੇ।"
ਯੂਕੇ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਕਿਉਂਕਿ ਜਗਤਾਰ ਦੇ ਖਿਲਾਫ਼ ਲਗਾਏ ਗਏ, ਇਨ੍ਹਾਂ ਇਲਜ਼ਾਮਾਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ।

- 28 ਨਵੰਬਰ ਤੋਂ ਜਗਤਾਰ ਸਿੰਘ ਜੌਹਲ ਉਪਰ ਸ਼ੁਰੂ ਹੋਵੇਗਾ ਮੁਕੱਦਮਾ ਸ਼ੁਰੂ
- ਜੱਗੀ ਜੌਹਲ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਅਤੇ ਦਹਿਸ਼ਤਗਰਦੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ
- ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੂੰ ਤਸੀਹੇ ਦਿੱਤੇ ਗਏ ਸਨ
- ਜੌਹਲ ਇੱਕ ਸਰਗਰਮ ਬਲੌਗਰ ਅਤੇ ਸਿੱਖ ਮਨੁੱਖੀ ਹੱਕਾਂ ਦੀ ਵਕਾਲਤ ਕਰਦੇ ਸਨ
- 2017 ਵਿੱਚ ਵਿਆਹ ਤੋਂ ਕੁਝ ਸਮਾਂ ਬਾਅਦ ਹੋਈ ਸੀ ਗ੍ਰਿਫ਼ਤਾਰੀ

"ਜੱਗੀ ਜੌਹਲ ਦੇ ਪਰਿਵਾਰ ਨੇ ਮੁਕੱਦਮੇ ਬਾਰੇ ਕੀ ਕਿਹਾ ?
ਜਗਤਾਰ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਨੇ ਬੀਬੀਸੀ ਸਕਾਟਲੈਂਡ ਨੂੰ ਕਿਹਾ, "ਮੈਂ ਪਹਿਲੇ ਦਿਨੋਂ ਹੀ ਕਹਿ ਰਿਹਾ ਹਾਂ ਕਿ ਮੇਰਾ ਭਰਾ ਬੇਕਸੂਰ ਹੈ। ਜਗਤਾਰ ਨੂੰ ਇਹ ਜਾਣਨ ਵਿੱਚ 1,807 ਦਿਨ ਲੱਗ ਗਏ ਹਨ ਕਿ ਉਸ 'ਤੇ ਕਿਹੜੇ ਦੋਸ਼ ਹਨ। ਅੱਜ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ।
"ਸਰਕਾਰੀ ਵਕੀਲਾਂ ਕੋਲ ਉਸਦੇ ਖਿਲਾਫ਼ ਕੇਸ ਬਣਾਉਣ ਲਈ ਪੰਜ ਸਾਲ ਦਾ ਸਮਾਂ ਸੀ। ਉਹਨਾਂ ਨੇ ਸਮਝੌਤਾਵਾਦੀ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਤਸੀਹਿਆਂ ਤੋਂ ਬਾਅਦ ਲਏ ਅਖੌਤੀ ਇਕਬਾਲੀਆ ਬਿਆਨ ਦੇ ਪੱਖ ਵਿੱਚ ਕੁਝ ਵੀ ਨਹੀਂ ਲਿਆਂਦਾ ਗਿਆ।"

ਗੁਰਪ੍ਰੀਤ ਨੇ ਕਿਹਾ ਕਿ ਉਸ ਦੇ ਭਰਾ ਨੇ (ਜੇ ਜੱਗੀ ਬਾਹਰ ਹੁੰਦੇ ਤਾਂ) ਮੰਗਲਵਾਰ ਨੂੰ ਆਪਣੀ ਪਤਨੀ ਨਾਲ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰਦੇ ਹੋਣਾ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਕਿਵੇਂ ਜਸ਼ਨ ਮਨਾ ਸਕਦੇ ਹਾਂ ਜਦੋਂ ਉਹ ਸਲਾਖਾਂ ਦੇ ਪਿੱਛੇ ਹੈ? ਸਾਨੂੰ ਉਹ ਸਾਡੇ ਨਾਲ ਘਰ ਵਿੱਚ ਚਾਹੀਦਾ ਹੈ।"
ਜੌਹਲ ਅਕਤੂਬਰ 2017 ਵਿੱਚ ਆਪਣੇ ਵਿਆਹ ਲਈ ਸਕਾਟਲੈਂਡ ਤੋਂ ਭਾਰਤ ਗਏ ਸਨ।
ਪਰ ਪੰਦਰਾਂ ਦਿਨਾਂ ਬਾਅਦ ਪੰਜਾਬ ਵਿੱਚ ਆਪਣੀ ਨਵੀਂ ਦੁਲਹਨ ਦੇ ਨਾਲ ਖਰੀਦਦਾਰੀ ਲਈ ਗਏ ਜੱਗੀ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ ਅਤੇ ਉਸੇ ਸਮੇਂ ਤੋਂ ਉਹ ਹਿਰਾਸਤ ਵਿੱਚ ਹੈ।
ਆਪਣੀ 2017 ਵਿੱਚ ਗ੍ਰਿਫ਼ਤਾਰੀ ਦੇ ਸਮੇਂ ਜੌਹਲ ਇੱਕ ਸਰਗਰਮ ਬਲੌਗਰ ਅਤੇ ਸਿੱਖ ਮਨੁੱਖੀ ਹੱਕਾਂ ਦਾ ਵਕਾਲਤੀ ਸੀ।

ਇਹ ਵੀ ਪੜ੍ਹੋ-

ਜੱਗੀ ਬਾਰੇ ਕਿਹਾ ਜਾਂਦਾ ਹੈ ਕਿ ਇਸੇ ਕੰਮ ਨੇ ਉਸਨੂੰ ਭਾਰਤੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ।
ਜੱਗੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬਿਨਾਂ ਨਿਸ਼ਾਨ ਵਾਲੀ ਕਾਰ ਵਿਚ ਬੰਨ੍ਹਿਆ ਗਿਆ, ਜੇਲ੍ਹ ਵਿਚ ਬਦਸਲੂਕੀ ਕੀਤੀ ਗਈ ਅਤੇ ਝੂਠੇ ਇਕਬਾਲੀਆ ਬਿਆਨ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ।
ਯੂਕੇ ਦੀਆਂ ਖੂਫ਼ੀਆਂ ਏਜੰਸੀਆਂ ਉਪਰ ਕੀ ਸਵਾਲ ਉੱਠੇ ਸੀ?
ਤਾਜ਼ਾ ਘਟਨਾਕ੍ਰਮ ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ MI5 ਅਤੇ MI6 ਉਪਰ ਭਾਰਤੀ ਅਧਿਕਾਰੀਆਂ ਨੂੰ ਸੂਹ ਦੇਣ ਦੇ ਦੋਸ਼ ਲੱਗਣ ਦੇ ਦੋ ਮਹੀਨੇ ਬਾਅਦ ਸਾਹਮਣੇ ਆਇਆ ਹੈ।
ਜੌਹਲ ਦੇ ਵਕੀਲਾਂ ਨੇ ਯੂਕੇ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਸ਼ਿਕਾਇਤ MI5 ਅਤੇ MI6 ਦੇ ਉਸ ਦਾਆਵੇ ਤੋਂ ਬਾਅਦ ਹੋਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਬ੍ਰਿਟਿਸ਼ ਨਾਗਰਿਕ ਬਾਰੇ ਜਾਣਕਾਰੀ ਵਿਦੇਸ਼ੀ ਅਧਿਕਾਰੀਆਂ ਨੂੰ ਦਿੱਤੀ ਗਈ ਸੀ।

ਤਸਵੀਰ ਸਰੋਤ, FREE JAGGI CAMPAIGN
ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਆਨ ਆਰਬਿਟਰੇਰੀ ਡਿਟੈਂਸ਼ਨ ਦੀ ਇੱਕ ਜਾਂਚ ਨੇ ਮਈ ਵਿੱਚ ਫੈਸਲਾ ਦਿੱਤਾ ਸੀ ਕਿ ਭਾਰਤ ਵਿੱਚ ਜੌਹਲ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਉਨ੍ਹਾਂ ਮਨੁੱਖੀ ਅਧਿਕਾਰਾਂ ਦੀਆਂ ਕਈ ਉਲੰਘਣਾਵਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੱਗੀ ਨੂੰ ਇੱਕ ਝੂਠੇ "ਇਕਬਾਲੀਆ ਬਿਆਨ" 'ਤੇ ਦਸਤਾਖਰ ਕਰਨ ਲਈ ਤਸੀਹੇ ਦਿੱਤੇ ਗਏ ਸਨ।
ਉਸਦੇ ਕੰਨਾਂ, ਨਿੱਪਲਾਂ ਅਤੇ ਜਣਨ ਅੰਗਾਂ ਨੂੰ ਬਿਜਲੀਆਂ ਲਾਈਆਂ ਗਈਆਂ।
ਵਿਦੇਸ਼ੀ ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਲਗਾਤਾਰ ਜੌਹਲ ਦੇ ਕੇਸ ਬਾਰੇ ਭਾਰਤ ਸਰਕਾਰ ਕੋਲ ਆਪਣੇ ਤੌਖਲੇ ਚੁੱਕੇ ਹਨ। ਇਸ ਵਿੱਚ ਉਨ੍ਹਾਂ ਉਪਰ ਤਸ਼ੱਦਦ ਦੇ ਦੋਸ਼ਾਂ ਅਤੇ ਨਿਰਪੱਖ ਮੁਕੱਦਮੇ ਦਾ ਅਧਿਕਾਰ ਵੀ ਸ਼ਾਮਲ ਹੈ। ਅਸੀਂ ਜੋ ਕਰ ਸਕਦੇ ਹਾਂ, ਉਹ ਕਰਨ ਲਈ ਵਚਨਬੱਧ ਹਾਂ।"
"ਯੂਕੇ ਸਿਧਾਂਤਕ ਤੌਰ 'ਤੇ ਹਰ ਹਾਲਤ ਵਿੱਚ ਮੌਤ ਦੀ ਸਜ਼ਾ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਅਸੀਂ ਭਾਰਤ ਸਰਕਾਰ ਨੂੰ ਇਹ ਸਪੱਸ਼ਟ ਕਰੀ ਜਾ ਰਹੇ ਹਾਂ।
ਜੱਗੀ ਜੌਹਲ ਦਾ ਕੀ ਹੈ ਪਿਛੋਕੜ
ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਸਟਾਕਟਨ ਦਾ ਰਹਿਣ ਵਾਲਾ ਹੈ, 35 ਸਾਲ ਇਹ ਨੌਜਵਾਨ ਅਕਤੂਬਰ 2017 ਵਿੱਚ ਆਪਣ ਵਿਆਹ ਕਰਵਾਉਣ ਵਾਸਤੇ ਭਾਰਤ ਆਇਆ ਸੀ।
ਉਦੋਂ ਉਸਦੇ ਵਿਆਹ ਸਮਾਗਮ ਦੀ ਵੀਡੀਓ ਵਿੱਚ ਉਹ ਜਸ਼ਨ ਮਨਾਉਣ ਲਈ ਉਤਸ਼ਾਹ ਨਾਲ ਭੰਗੜੇ ਦੀਆਂ ਤਰਜ਼ਾਂ 'ਤੇ ਨੱਚ ਰਿਹਾ ਹੈ।
ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦਾ ਹੱਥ ਫ਼ੜ੍ਹਿਆ ਹੋਇਆ ਹੈ, ਜਦੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਸਾਹਮਣੇ ਪਹਿਲੀ ਵਾਰ ਨੱਚੇ।
ਉਨ੍ਹਾਂ ਦਾ ਭਰਾ ਗੁਰਪ੍ਰੀਤ ਸਿੰਘ ਜੌਹਲ ਯਾਦ ਕਰਦਾ ਹੈ, "ਇਹ ਸਾਡੇ ਲਈ ਖ਼ੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।"
ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਦੁਆਰਾ ਫ਼ੜ ਲਏ ਗਏ ਅਤੇ ਉਸ ਦੇ ਬਾਅਦ ਤੋਂ ਜੇਲ੍ਹ ਵਿਚ ਬੰਦ ਹਨ।
ਉਨ੍ਹਾਂ ਦਾ ਭਰਾ ਗੁਰਪ੍ਰੀਤ ਜੋ ਸਕੌਟਲੈਂਡ ਵਾਸੀ ਹੈ, ਨੇ ਦੱਸਿਆ, ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ।
ਗੁਰਪ੍ਰੀਤ ਕਹਿੰਦੇ ਹਨ, "ਮੈਂ ਮੰਨਦਾ ਹਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਬੜਬੋਲਾ ਸੀ। ਮੈਂ ਮੰਨਦਾ ਹਾਂ ਕਿ ਉਹ ਮਸੂਮ ਹੈ ਅਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ।"

ਇਹ ਵੀ ਪੜ੍ਹੋ-












