ਚੰਨ ਗ੍ਰਹਿਣ 5 ਮਈ 2023 : ਸੰਪੂਰਨ ਚੰਨ ਗ੍ਰਹਿਣ ਕੀ ਹੁੰਦਾ ਹੈ ਅਤੇ ਇਹ ਭਾਰਤ 'ਚ ਕਦੋਂ ਤੇ ਕਿਵੇਂ ਦੇਖਿਆ ਜਾ ਸਕਦਾ ਹੈ

ਪਿਨੰਮਰਬਲ ਚੰਨ (ਚੰਦਰਮਾ) ਗ੍ਰਹਿਣ ਭਾਰਤ ਵਿੱਚ 5 ਮਈ 2023 ਨੂੰ ਦੇਖਿਆ ਜਾਵੇਗਾ। ਇਹ ਚੰਨ ਗ੍ਰਹਿਣ ਉੱਤਰੀ ਅਮਰੀਕ, ਏਸ਼ੀਆ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਵੀ ਦਿਖਾਈ ਦੇਵੇਗਾ।

ਜਦੋਂ ਚੰਨ, ਧਰਤੀ ਅਤੇ ਸੂਰਜ ਇੱਕ ਲਾਇਨ ਵਿਚ ਆਉਂਦੇ ਹਨ, ਅਤੇ ਚੰਨ ਧਰਤੀ ਪਰਛਾਵੇਂ ਹੇਠ ਲੁਕ ਜਾਂਦਾ ਹੈ।

ਨਾਸਾ ਮੁਤਾਬਕ ਸੰਪੂਰਨ ਚੰਨ ਗ੍ਰਹਿਣ ਉਦੋਂ ਲੱਗਦਾ ਹੈ, ਜਦੋਂ ਚੰਨ, ਧਰਤੀ ਦੇ ਸਭ ਤੋਂ ਸੰਘਣੇ ਪਰਛਾਵੇਂ ਦੇ ਹਿੱਸੇ ਦੇ ਥੱਲੇ ਚਲਾ ਜਾਂਦਾ ਹੈ, ਇਸ ਨੂੰ ਖਗੋਲ ਵਿਗਿਆਨ ਦੀ ਭਾਸ਼ਾ ਵਿਚ ਅੰਬਰ ਕਿਹਾ ਜਾਂਦਾ ਹੈ।

ਅਮਰੀਕੀ ਸਪੇਸ ਏਜੰਸੀ ਮੁਤਾਬਕ ਅਗਲਾ ਸੰਪੂਰਨ ਚੰਨ ਗ੍ਰਹਿਣ ਤਾਂ ਹੁਣ 14 ਮਾਰਚ,2025 ਨੂੰ ਲੱਗੇਗਾ। ਪਰ ਇਸ ਸਮੇਂ ਦਰਮਿਆਨ ਅੱਧੇ-ਅਧੂਰੇ ਚੰਨ ਗ੍ਰਹਿਣ ਦੇਖੇ ਜਾਂਦੇ ਰਹਿਣਗੇ।

ਚੰਨ ਗ੍ਰਹਿਣ ਅਤੇ ਚੰਦਰਮਾ ਨਾਲ ਜੁੜੇ ਕਈ ਸ਼ਬਦ ਜਿਵੇਂ ਸੁਪਰਮੂਨ,ਬਲੱਡ ਮੂਨ ਅਕਸਰ ਚਰਚਾ ਵਿੱਚ ਆਉਂਦੇ ਹਨ।

ਕਈ ਵਾਰੀ ਇੱਕ ਅਨੋਖਾ ਚੰਦਰਮਾ ਗ੍ਰਹਿਣ ਲੱਗਦਾ ਹੈ ਜਿਸ ਦੌਰਾਨ ਚੰਦਰਮਾ ਕੁਝ ਸਮੇਂ ਲਈ ਲਾਲ ਸੁਰਖ਼ ਹੋ ਜਾਂਦਾ ਹੈ।

ਚੰਦਰਮਾ ਨੂੰ ਕਿਸ ਤਰ੍ਹਾਂ ਗ੍ਰਹਿਣ ਲੱਗਦਾ ਹੈ ਅਤੇ ਚੰਦਰਮਾ ਵੱਖ-ਵੱਖ ਰੰਗਾਂ ਨਾਲ ਕਿਉਂ ਨਜ਼ਰ ਆਉਂਦਾ ਹੈ,ਇਹ ਅਸੀਂ ਇਸ ਲੇਖ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ।

ਚੰਦਰਮਾ ਗ੍ਰਹਿਣ ਕਿਵੇਂ ਲੱਗਦਾ

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਦਰਮਾ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ।

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ।

ਇਸ ਨਾਲ ਚੰਦਰਮਾ 'ਤੇ ਪਰਛਾਵੇਂ ਵਾਲੇ ਹਿੱਸੇ 'ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰਦਰਮਾ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ। ਇਸੇ ਨੂੰ ਹੀ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।

ਚੰਦਰਮਾ ਗ੍ਰਹਿਣ ਦੀਆਂ ਕਿਸਮਾਂ

ਚੰਦਰ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ।

  • ਪੂਰਨ ਚੰਦਰਮਾ ਗ੍ਰਹਿਣ
  • ਅੰਸ਼ਕ ਚੰਦਰਮਾ ਗ੍ਰਹਿਣ
  • ਪਿਨੰਮਰਬਲ ਚੰਦਰ ਗ੍ਰਹਿਣ

ਪੂਰਨ ਚੰਦਰਮਾ ਗ੍ਰਹਿਣ

ਨਾਸਾ ਦੇ ਅਨੁਸਾਰ, ਪੂਰਨ ਚੰਦਰ ਗ੍ਰਹਿਣ ਦੇ ਦੌਰਾਨ ਚੰਦਰਮਾ ਅਤੇ ਸੂਰਜ ਧਰਤੀ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ।

ਨਾਸਾ ਕਹਿੰਦਾ ਹੈ, "ਹਾਲਾਂਕਿ ਚੰਦਰਮਾ ਧਰਤੀ ਦੇ ਪਰਛਾਵੇਂ ਹੇਠਾਂ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਕੁਝ ਹਿੱਸਾ ਹੀ ਚੰਦਰਮਾ ਤੱਕ ਪਹੁੰਚਦਾ ਹੈ।"

ਇਹ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿਚੋਂ ਲੰਘਦੀ ਹੈ, ਜੋ ਕਿ ਜ਼ਿਆਦਾਤਰ ਨੀਲੀ ਰੋਸ਼ਨੀ ਨੂੰ ਛੰਣ ਲੈਂਦੀ (ਫਿਲਟਰ ਕਰਦੀ) ਹੈ।

ਇਸੇ ਲਈ, ਇਸ ਵਰਤਾਰੇ ਦੇ ਦੌਰਾਨ, ਚੰਦਰਮਾ ਲਾਲ ਦਿਖਦਾ ਹੈ ਅਤੇ ਉਸਨੂੰ "ਬਲੱਡ ਮੂਨ" ਵੀ ਕਿਹਾ ਜਾਂਦਾ ਹੈ।

ਅੰਸ਼ਕ ਚੰਦਰ ਗ੍ਰਹਿਣ

ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਸਿਰਫ਼ ਇਕ ਹਿੱਸਾ ਧਰਤੀ ਦੇ ਪਰਛਾਵੇਂ ਹੇਠਾਂ ਹੁੰਦਾ ਹੈ।

ਗ੍ਰਹਿਣ ਦੀ ਗਹਿਰਾਈ 'ਤੇ ਨਿਰਭਰ ਕਰਦਿਆਂ, ਚੰਦਰਮਾ ਦੀ ਸਤਹ ਦੇ ਪਰਛਾਵੇਂ ਵਾਲੇ ਹਿੱਸੇ 'ਤੇ, ਇੱਕ ਗੂੜਾ ਲਾਲ, ਧੁੰਦਲਾ ਜਾਂ ਸਲੇਟੀ ਰੰਗ ਦਿਖਾਈ ਦੇ ਸਕਦਾ ਹੈ।

ਇਹ ਇਸ ਹਿੱਸੇ ਅਤੇ ਚੰਦਰਮਾ ਦੇ ਦੂਜੇ ਚਮਕਦਾਰ ਹਿੱਸੇ ਦੇ ਅੰਤਰ ਦੇ ਕਾਰਨ ਹੈ ਜੋ ਪਰਛਾਵੇਂ ਤੋਂ ਬਾਹਰ ਰਹਿੰਦਾ ਹੈ।

ਨਾਸਾ ਦੇ ਅਨੁਸਾਰ, ਜਦੋਂ ਕਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰਾ ਹੈ, ਅੰਸ਼ਕ ਤੌਰ 'ਤੇ ਇਹ ਗ੍ਰਹਿਣ ਸਾਲ ਵਿੱਚ ਘੱਟੋ ਘੱਟ ਦੋ ਵਾਰ ਲੱਗਦਾ ਹੈ।

ਪਿਨੰਮਰਬਲ ਚੰਦਰ ਗ੍ਰਹਿਣ

ਇਹ ਉਦੋਂ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ।

ਇਸ ਲਈ, ਇਹ ਗ੍ਰਹਿਣ ਇੰਨੇ ਸੂਖਮ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣਾ ਚੰਦ ਦੇ ਉਸ ਹਿੱਸੇ 'ਤੇ ਨਿਰਭਰ ਕਰਦਾ ਹੈ ਜੋ ਹਲਕੇ ਧੁੰਦਲੇ ਪਰਛਾਵੇਂ ਵਾਲੇ ਖੇਤਰ ਵਿੱਚ ਦਾਖਲ ਹੁੰਦੀ ਹੈ।

ਇਹ ਜਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਹੀ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆਂ ਤੋਂ ਇਲਾਵਾ ਕਿਸੇ ਹੋਰ ਲਈ ਅਹਿਮ ਨਹੀਂ ਹੁੰਦਾ।

ਇਸ ਤੋਂ ਇਲਾਵਾ ਅਕਸਰ ਬਲੱਡ ਮੂਨ, ਸੁਪਰਮੂਨ ਵਰਗੇ ਸ਼ਬਦ ਵੀ ਚਰਚਾ ਦਾ ਵਿਸ਼ਾ ਬਣਦੇ ਹਨ। ਅਸੀਂ ਇਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਬਲੱਡ ਮੂਨ

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਦਰਮਾ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਸ ਸਦੀ ਦਾ ਸਭ ਤੋਂ ਵੱਡਾ ਚੰਦਰ ਗ੍ਰਹਿਣ 27 ਜੁਲਾਈ 2018 ਨੂੰ ਦੇਖਿਆ ਗਿਆ ਸੀ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਸੀ।

ਸੁਪਰਮੂਨ

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ।

ਦਸੰਬਰ ਦਾ ਪੂਰਾ ਚੰਦ ਰਵਾਇਤੀ ਤੌਰ 'ਤੇ ਠੰਢੇ ਚੰਦ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

"ਸੁਪਰ" ਦਾ ਅਰਥ ਹੈ ਕਿ ਇਹ ਅਸਮਾਨ ਵਿੱਚ ਵੱਡਾ ਦਿਖਾਈ ਦੇਵੇਗਾ।

'ਸੁਪਰਮੂਨ' ਉਹ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਸਭ ਤੋਂ ਨਜ਼ਦੀਕ ਬਿੰਦੂ 'ਤੇ (ਜਾਂ 90 ਪ੍ਰਤੀਸ਼ਤ ਦੇ ਅੰਦਰ) ਹੁੰਦਾ ਹੈ ਕਿਉਂਕਿ ਇਹ ਸਾਡੇ ਆਲੇ ਦੁਆਲੇ ਦੇ ਅੰਡਾਕਾਰ ਦਾ ਚੱਕਰ ਲਗਾਉਂਦਾ ਹੈ।

ਦੂਜੇ ਸ਼ਬਦਾਂ ਵਿੱਚ ਚੰਨ ਇੱਕ ਪੂਰੇ ਚੱਕਰ ਵਿੱਚ ਧਰਤੀ ਦੇ ਚੱਕਰ ਨਹੀਂ ਲਗਾਉਂਦਾ। ਕਈ ਵਾਰ ਇਹ ਥੋੜ੍ਹਾ ਨੇੜੇ ਹੁੰਦਾ ਹੈ ਅਤੇ ਕਈ ਵਾਰੀ ਦੂਰ।

ਸੁਪਰ ਪਿੰਕ ਮੂਨ

ਅਮਰੀਕੀ ਕਬੀਲਿਆਂ ਸਣੇ ਬਹੁਤ ਸਾਰੇ ਸਭਿਆਚਾਰਾਂ ਵਿੱਚ ਲੋਕਾਂ ਨੇ ਸਮੇਂ ਦੀ ਜਾਣਕਾਰੀ ਰੱਖਣ ਲਈ ਪੂਰਨਮਾਸ਼ੀ ਦੇ ਚੰਦ ਦੇ ਨਾਮ ਰੱਖੇ।

ਇਸ ਲਈ ਹਾਲਾਂਕਿ ਅਪ੍ਰੈਲ ਦੇ ਪੂਰਨਮਾਸ਼ੀ ਦੇ ਚੰਦਰਮਾ ਨੂੰ ਪਿੰਕ ਮੂਨ ਵਜੋਂ ਜਾਣਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਗੁਲਾਬੀ ਨਹੀਂ ਹੁੰਦਾ।

ਇਸ ਦਾ ਨਾਮ ਗੁਲਾਬੀ ਫੁੱਲਾਂ ਦੇ ਨਾਮ 'ਤੇ ਰੱਖਿਆ ਗਿਆ ਹੈ ਜਿਸ ਨੂੰ 'ਵਾਈਲਡ ਗਰਾਊਂਡ ਫਲੋਕਸ' ਕਿਹਾ ਜਾਂਦਾ ਹੈ।

ਇਹ ਬਸੰਤ ਦੀ ਸ਼ੁਰੂਆਤ ਵਿੱਚ ਖਿੜਦਾ ਹੈ ਅਤੇ ਸਾਰੇ ਯੂਐੱਨ ਅਤੇ ਕੈਨੇਡਾ ਵਿੱਚ ਦਿਖਾਈ ਦਿੰਦਾ ਹੈ।

ਇਸ ਨੂੰ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ 'ਸਪਰਾਊਟਿੰਗ ਗਰਾਸ ਮੂਨ', 'ਐੱਗ ਮੂਨ' ਅਤੇ 'ਫਿਸ਼ ਮੂਨ' ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਜੁਲਾਈ ਜੇ ਪੂਰਨਮਾਸ਼ੀ ਦੇ ਚੰਦ ਨੂੰ ਬੱਕ ਮੂਨ ਆਖਿਆ ਜਾਂਦਾ ਹੈ।ਦਰਅਸਲ ਅਮਰੀਕਾ ਵਿੱਚ ਪਾਏ ਜਾਂਦੇ ਬੱਕ ਹਿਰਨ ਦੀ ਇਸ ਸਮੇਂ ਦੌਰਾਨ ਨਵੇਂ ਸਿੰਗ ਨਿਕਲਦੇ ਹਨ।

ਚੰਨ ਗ੍ਰਹਿਣ ਕਿਵੇਂ ਦੇਖਿਆ ਜਾਵੇ

ਸੂਰਜ ਗ੍ਰਹਿਣ ਦੇ ਉਲਟ ਚੰਨ ਗ੍ਰਹਿਣ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ ਅਤੇ ਇਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ।

ਚੰਨ ਗ੍ਰਹਿਣ ਦੇਖਣ ਲਈ ਕਿਸੇ ਨੂੰ ਕੋਈ ਖਾਸ ਕਿਸਮ ਦੇ ਯੰਤਰ ਜਾਂ ਚਸ਼ਮੇ ਦੀ ਲੋੜ ਨਹੀਂ ਪੈਂਦੀ।

ਭਾਵੇਂ ਕਿ ਦੂਰਬੀਨ ਨਾਲ ਇਸ ਦਾ ਨਜਾਰਾ ਹੋਰ ਬਿਹਤਰ ਦੇਖਿਆ ਜਾ ਸਕਦਾ ਹੈ। ਕਈ ਮੀਡੀਆ ਅਦਾਰੇ ਇਸ ਦਾ ਵੱਖ ਵੱਖ ਤਰੀਕਿਆਂ ਨਾਲ ਪ੍ਰਸਾਰਣ ਕਰਦੇ ਹਨ

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)