ਕਿੰਗ ਚਾਰਲਸ III ਬਣੇ ਬ੍ਰਿਟੇਨ ਦੇ ਰਾਜਾ, ਪਹਿਲੀ ਵਾਰ ਟੈਲੀਵਿਜ਼ਨ ’ਤੇ ਵਿਖਾਈ ਗਈ ਸੈਰੇਮਨੀ ਵਿੱਚ ਕੀ ਹੋਇਆ

ਤਸਵੀਰ ਸਰੋਤ, PA Media
ਤਾਜਪੋਸ਼ੀ ਕਾਊਂਸਲ ਵੱਲੋਂ ਸ਼ਨਿੱਚਰਵਾਰ ਨੂੰ ਨਵੇਂ ਰਾਜਾ ਦਾ ਐਲਾਨ ਕਰ ਦਿੱਤਾ ਗਿਆ। ਇਹ ਅਜਿਹੀਆਂ ਰਸਮਾਂ ਸਨ ਜੋ ਪਿਛਲੇ ਸੱਤਰ ਸਾਲਾਂ ਤੋਂ ਨਹੀਂ ਹੋਈਆਂ ਸਨ। ਇਸ ਦੌਰਾਨ ਇੱਕ ਅਵਾਜ਼ ਜੈਕਾਰ ਤੋਂ ਲੈ ਕੇ ਇੱਕ ਭਾਵੁਕ ਸੰਬੋਧਨ ਹੋਇਆ, ਸਹੁੰਆਂ ਚੁੱਕੀਆਂ ਗਈਆਂ ਅਤੇ ਸਰਕਾਰੀ ਬੈਂਡ ਨੇ ਸਲਾਮੀ ਦਿੱਤੀ। ਪੜ੍ਹੋ ਸੈਂਟ ਜੇਮਜ਼ ਦੇ ਮਹਿਲ ਵਿੱਚ ਕੀ ਕੁਝ ਹੋਇਆ।
ਲੰਡਨ ਦੇ ਸੈਂਟ ਜੇਮਜ਼ ਮਹਿਲ ਵਿੱਚ ਹੋਏ ਇੱਕ ਇਤਿਹਾਸਕ ਸਮਾਗਮ ਵਿੱਚ ਚਾਰਲਸ ਤੀਜੇ ਨੂੰ ਰਸਮੀ ਤੌਰ ’ਤੇ ਰਾਜਾ ਐਲਾਨ ਦਿੱਤਾ ਗਿਆ ਹੈ।
ਸ਼ਨਿੱਚਰਵਾਰ ਨੂੰ ਰਵਾਇਤੀ ਰਸਮਾਂ ਦੌਰਾਨ- ਜਿਨ੍ਹਾਂ ਨੂੰ ਪਹਿਲੀ ਵਾਰ ਟੀਵੀ ’ਤੇ ਦਿਖਾਇਆ ਗਿਆ, ਜਿਹੜੇ ਝੰਡਿਆਂ ਨੂੰ ਮਹਾਰਾਣੀ ਦੇ ਸੋਗ ਵਿੱਚ ਅੱਧੇ ਝੁਕਾਇਆ ਗਿਆ ਨਵੇਂ ਰਾਜਾ ਦੇ ਜਸ਼ਨ ਵਿੱਚ ਪੂਰੀ ਤਰ੍ਹਾਂ ਲਹਿਰਾਏ ਗਏ।
ਬ੍ਰਿਟੇਨ ਵਿੱਚ ਐਤਵਾਰ ਤੱਕ ਹੋਰ ਵੀ ਘੋਸ਼ਣਾਵਾਂ ਹੁੰਦੀਆਂ ਰਹਿਣਗੀਆਂ ਅਤੇ ਮਹਾਰਾਣੀ ਐਲਿਜ਼ਾਬੈਥ ਦੂਜੇ ਦੀ ਅੱਠ ਸਤੰਬਰ ਨੂੰ ਹੋਈ ਮੌਤ ਤੋਂ ਬਾਅਦ ਜਾਰੀ ਸੋਗ ਪੂਰਾ ਹੋਣ ਤੱਕ ਝੰਡੇ ਪਹਿਲਾਂ ਵਾਂਗ ਮੁੜ ਝੁਕਾਅ ਦਿੱਤੇ ਜਾਣਗੇ।
ਨਵੇਂ ਰਾਜਾ ਦਾ ਐਲਾਨ ਇੱਕ ਤਾਜਪੋਸ਼ੀ ਕਾਊਂਸਲ ਵੱਲੋਂ ਇੱਕ ਲੰਬੇ ਚੌੜੇ ਸਮਾਗਮ ਵਿੱਚ ਰਵਾਇਤੀ ਰਸਮਾਂ ਦੌਰਾਨ ਕੀਤਾ ਗਿਆ। ਇੱਕ ਅਜਿਹਾ ਸਮਾਗਮ ਜੋ ਪਿਛਲੇ ਸੱਤ ਦਹਾਕਿਆਂ ਤੋਂ ਨਹੀਂ ਹੋਇਆ ਸੀ।

ਤਸਵੀਰ ਸਰੋਤ, Getty Images
ਘੋਸ਼ਣਾ ਅਸਲ ਵਿੱਚ ਹੁੰਦੀ ਕੀ ਹੈ?
ਐਕਟ ਆਫ਼ ਸੈਟਲਮੈਂਟ 1701 ਦੀਆਂ ਧਾਰਾਵਾਂ ਤਹਿਤ ਚਾਰਲਸ ਪਹਿਲਾਂ ਤੋਂ ਹੀ ਰਾਜਾ ਸਨ। ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਆਪਣੇ-ਆਪ ਹੀ ਰਾਜਾ ਬਣ ਗਏ ਸਨ। ਇਸ ਲਈ ਤਾਜਪੋਸ਼ੀ ਕਾਊਂਸਲ ਵੱਲੋਂ ਨਵੇਂ ਰਾਜਸ਼ਾਹ ਦੇ ਨਾਮ ਦਾ ਐਲਾਨ ਕਰਨ ਦੀ ਕਾਰਵਾਈ ਤਾਂ ਰਸਮੀ ਸੀ।
ਆਮ ਤੌਰ ’ਤੇ ਇਹ ਅਧਿਰਾਜ ਦੀ ਮੌਤ ਤੋਂ 24 ਘੰਟਿਆਂ ਦੇ ਅੰਦਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਾਰ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਅਤੇ ਬਕਿੰਘਮ ਪੈਲੇਸ ਦੇ ਨੇੜੇ ਹੀ ਸਥਿਤ ਸੇਂਟ ਜੇਮਜ਼ ਪੈਲੇਸ ਵਿੱਚ ਹੋਏ ਇਸ ਸਮਾਗਮ ਵਿਚ ਕੁਝ ਜ਼ਿਆਦਾ ਸਮਾਂ ਲੰਘ ਗਿਆ ਹੈ।
ਰਵਾਇਤ ਤੋਂ ਹਟ ਕੇ ਰਾਜਾ ਚਾਰਲਸ ਤੀਜੇ ਨੇ ਫ਼ੈਸਲਾ ਲਿਆ ਕਿ ਇਸ ਤਾਜਪੋਸ਼ੀ ਕਾਊਂਸਲ ਨੂੰ ਟੀਵੀ ਉੱਪਰ ਦਿਖਾਇਆ ਜਾਵੇਗਾ।
ਕੌਣ-ਕੌਣ ਸ਼ਾਮਲ ਹੋਇਆ?
ਪ੍ਰਿਵੀ ਕਾਊਂਸਲ ਦੇ 200 ਤੋਂ ਜ਼ਿਆਦਾ ਮੈਂਬਰ। ਜੋ ਕਿ ਰਾਜਸ਼ਾਹ ਦੇ ਰਸਮੀ ਸਲਾਹਕਾਰਾਂ ਦੀ ਕਮੇਟੀ ਹੈ, ਜਿਸ ਵਿੱਚ ਜ਼ਿਆਦਾਤਰ ਪੁਰਾਣੇ ਅਤੇ ਮੌਜੂਦਾ ਸਿਆਸਤਦਾਨ ਹਨ, ਸੇਂਟ ਜੇਮਜ਼ ਪੈਲੇਸ ਵਿੱਚ ਇਕੱਠੇ ਹੋਏ। ਉਨ੍ਹਾਂ ਦੇ ਨਾਲ ਹੀ ਪੁਜਾਰੀ ਸ਼੍ਰੇਣੀ ਵੀ ਮੌਜੂਦ ਸੀ।
ਇਹ ਕਾਊਂਸਲ ਨੌਰਮਨ ਰਾਜਿਆਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਦੇ ਹਾਲਾਂਕਿ 700 ਮੈਂਬਰ ਹਨ ਪਰ ਸਿਰਫ਼ 200 ਨੂੰ ਹੀ ਸੱਦਿਆ ਗਿਆ ਸੀ।
ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗੌਰਡਨ ਬਰਾਊਨ, ਡੇਵਿਡ ਕੈਮਰਿਓਨ, ਬੌਰਿਸ ਜੌਹਨਸਨ ਅਤੇ ਟੈਰੀਜ਼ਾ ਮੇਅ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਦੌਰਾਨ ਮਹਾਰਾਣੀ ਨਾਲ ਕਈ ਮੌਕਿਆਂ ਉੱਪਰ ਮੁਲਾਕਾਤ ਕੀਤੀ ਹੈ, ਸਾਰੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਲੰਡਨ ਦੇ ਲੌਰਡ ਮੇਅਰ, ਸੀਨੀਅਰ ਜੱਜ ਅਤੇ ਅਧਿਕਾਰੀ ਵੀ ਸਨ।

ਤਸਵੀਰ ਸਰੋਤ, Getty Images
ਕੈਮਿਲਾ ਪਾਰਕਰ ਬੌਵਲਸ ਜੋ ਚਾਰਲਸ ਦੀ ਪਿਛਲੇ 17 ਸਾਲਾਂ ਤੋਂ ਪਤਨੀ ਹਨ, ਅਤੇ ਰਾਜਾ ਦੇ ਪੁੱਤਰ ਵਿਲੀਅਮ ਅਤੇ ਨਵੇਂ ਪ੍ਰਿੰਸ ਆਫ਼ ਵੇਲਜ਼ ਵੀ ਮੌਜੂਦ ਸਨ।
ਪਹਿਲਾ ਭਾਗ: ਰਾਜਾ ਦਾ ਨਾਮ ਕਰਨ
ਤਾਜਪੋਸ਼ੀ ਕਾਊਂਸਲ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਅਤੇ ਦੂਜੇ ਹਿੱਸੇ ਲਈ ਸਿਰਫ਼ ਚਾਰਲਸ ਮੌਜੂਦ ਸਨ।
ਪਹਿਲਾਂ ਤਾਂ, ਦਿ ਲੌਰਡ ਪ੍ਰੈਜ਼ੀਡੈਂਟ- ਕੰਜ਼ਰਵੇਟਿਵ ਐਮਪੀ ਪੈਨੀ ਮੋਰਡਾਊਂਟ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਛੇ ਸਤੰਬਰ ਨੂੰ ਨਿਯੁਕਤ ਕੀਤਾ ਸੀ- ਨੇ ਮਹਾਰਾਣੀ ਦੀ ਮੌਤ ਦਾ ਐਲਾਨ ਕੀਤਾ।
ਫਿਰ ਉਨ੍ਹਾਂ ਨੇ ਤਾਜਪੋਸ਼ੀ ਕਾਊਂਸਲ ਦੇ ਕਲਰਕ ਨੂੰ ਤਾਜਪੋਸ਼ੀ ਦੀ ਘੋਸ਼ਣਾ ਪੜ੍ਹਨ ਲਈ ਕਿਹਾ- ਜਿਸ ਵਿੱਚ ਰਾਜਾ ਦੇ ਚੁਣੇ ਹੋਏ ਖਿਤਾਬ ਚਾਰਲਸ-III ਨਾਲ ਸੰਬੋਧਿਤ ਕੀਤਾ ਗਿਆ।
ਫਿਰ ਦਸਤਾਵੇਜ਼ਾਂ ਉੱਪਰ ਦਸਤਖ਼ਤ ਕੀਤੇ ਜਾਣ ਤੋਂ ਪਹਿਲਾਂ ਕਮਰੇ ਵਿੱਚ ਜੁੜੇ 200 ਦੇ ਕਰੀਬ ਲੋਕਾਂ ਨੇ ਇਕੱਠਿਆਂ ਕਿਹਾ ਕਿ ਗੌਡ ਸੇਵ ਦਾ ਕਿੰਗ।
ਪ੍ਰਿੰਸ ਵਿਲੀਅਮ, ਪ੍ਰਧਾਨ ਮੰਤਰੀ ਲਿਜ਼ ਟ੍ਰਸ ਅਤੇ ਆਰਕਬਿਸ਼ਪ ਜਸਟਿਨ ਵੈਲਬੀ ਵੀ ਇਹ ਸਭ ਦੇਖ ਰਹੇ ਸਨ।

ਤਸਵੀਰ ਸਰੋਤ, PA Media

ਤਸਵੀਰ ਸਰੋਤ, PA Media

ਤਸਵੀਰ ਸਰੋਤ, PA Media
ਘੋਸ਼ਣਾ ਉਪਰ ਰਾਜ ਪਰਿਵਾਰ ਦੇ ਮੈਂਬਰਾਂ, ਪ੍ਰਧਾਨ ਮੰਤਰੀ, ਆਰਕਬਿਸ਼ਪ ਆਫ਼ ਕੈਂਟਬਰੀ, ਦਿ ਲੌਰਡ ਚਾਂਸਲਰ ਅਤੇ ਦਿ ਅਰਲ ਮਾਰਸ਼ਲ- ਡਿਊਕ ਆਫ਼ ਨੌਰਫੌਕ ਵੱਲੋਂ ਦਸਤਖ਼ਤ ਕੀਤੇ ਗਏ। ਡਿਊਕ ਆਫ਼ ਨੌਰਫੌਕ ਸਰਕਾਰੀ ਸਮਾਗਮ ਦੇ ਬੰਦੋਬਸਤ ਲਈ ਜ਼ਿੰਮੇਵਾਰ ਹਨ।
ਦਸਤਖ਼ਤਾਂ ਤੋਂ ਬਾਅਦ ਮੌਰਡਾਊਂਟ ਨੇ ਚੁੱਪ ਹੋਣ ਨੂੰ ਕਿਹਾ ਅਤੇ ਸਭਾ ਦੇ ਏਜੰਡੇ ਦੀਆਂ ਮੁੱਖ ਮੱਦਾਂ ਪੜੀਆਂ, ਜਿਨ੍ਹਾਂ ਵਿੱਚ ਹਾਇਦ ਪਾਰਕ ਵਿੱਚ ਅਤੇ ਟਾਵਰ ਆਫ਼ ਲੰਡਨ ਤੋਂ ਤੋਪਾਂ ਦੀ ਸਲਾਮੀ ਦੇਣ ਦੇ ਹੁਕਮ ਦੇਣਾ ਵੀ ਸ਼ਾਮਲ ਸੀ।
ਘੋਸ਼ਣਾ ਨੂੰ ਬੈਲਫੋਰਡ. ਕਾਰਡਿਫ਼, ਇਡਨਬਰਾ ਅਤੇ ਦੇਸ਼ ਭਰ ਵਿੱਚ ਹੋਰ ਥਾਵਾਂ ’ਤੇ ਵੀ ਪੜ੍ਹਿਆ ਗਿਆ।
ਦੂਜਾ ਭਾਗ: ਰਾਜਾ ਦਾ ਸੰਬੋਧਨ
ਦੂਜੇ ਹਿੱਸੇ ਵਿੱਚ ਪ੍ਰੀਵੀ ਕਾਊਂਸਲ ਨੇ ਨਵੇਂ ਰਾਜਾ ਦਾ ਸੇਂਟ ਜੇਮਜ਼ ਪੈਲੇਸ ਵਿੱਚ ਸਿੰਘਾਸਨ ਕਕਸ਼ ਵਿੱਚ ਸਵਾਗਤ ਕੀਤਾ।
ਨਵੇਂ ਰਾਜਾ ਨੇ ਇੱਥੇ ਪ੍ਰੀਵੀ ਕਾਊਂਸਲ ਨਾਲ ਪਹਿਲੀ ਬੈਠਕ ਕੀਤੀ।

ਤਸਵੀਰ ਸਰੋਤ, Getty Images
ਕਾਊਂਸਲਰਾਂ ਨੇ ਕਤਾਰਬੱਧ ਹੋਕੇ ਉਨ੍ਹਾਂ ਦਾ ਸਵਾਗਤ ਕੀਤਾ। ਸਾਰੇ ਖੜ੍ਹੇ ਸਨ ਕਿਉਂਕਿ ਰਵਾਇਤ ਹੈ ਕਿ ਪ੍ਰੀਵੀ ਕਾਊਂਸਲ ਵਿੱਚ ਕੋਈ ਵੀ ਬੈਠਦਾ ਨਹੀਂ ਹੈ।
ਕਾਊਂਸਲ ਨੂੰ ਦਿੱਤੇ ਆਪਣੇ ਪਹਿਲੇ ਅਤੇ ਭਾਵੁਕ ਸੰਬੋਧਨ ਵਿੱਚ ਨਵੇਂ ਰਾਜਾ ਆਪਣੇ ਪਿਆਰੀ ਮਾਂ ਦੀ ਜ਼ਿੰਦਗੀ ਅਤੇ ਸੇਵਾ ਬਾਰੇ ਬੋਲੇ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਅਹਿਦ ਲਿਆ।
''ਸਾਨੂੰ ਸਾਰਿਆਂ ਨੂੰ ਜੋ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ ਉਸ ਵਿੱਚ ਪੂਰੀ ਦੁਨੀਆਂ ਮੇਰੇ ਨਾਲ ਹਮਦਰਦੀ ਕਰਦਾ ਹੈ।”
“ਮੇਰੀ ਮਾਂ ਦਾ ਰਾਜ ਆਪਣੀ ਮਿਆਦ ਅਤੇ ਸਮਰਪਣ ਕਾਰਨ ਲਾਮਿਸਾਲ ਸੀ। ਜਦੋਂ ਕਿ ਭਾਵੇਂ ਅਸੀਂ ਸੋਗ ਮਨਾ ਰਹੇ ਹਾਂ ਅਸੀਂ ਇਸ ਸਭ ਤੋਂ ਭਰੋਸੇਯੋਗ ਜੀਵਨ ਲਈ ਧੰਨਵਾਦ ਕਰਦੇ ਹਾਂ (ਮਰਹੂਮ ਰਾਣੀ ਦਾ)।”
ਅੱਗੇ ਰਾਜਾ ਨੇ ਆਪਣੀਆਂ ਨਵੀਂਆਂ ਜ਼ਿੰਮੇਵਾਰੀਆਂ ਦਾ ਜ਼ਿਕਰ ਕੀਤਾ।
“ਮੈਂ ਇਸ ਡੂੰਘੀ ਵਿਰਾਸਤ ਤੋਂ ਅਤੇ ਗੰਭੀਰ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਜੋ ਹੁਣ ਮੈਨੂੰ ਮਿਲ ਗਈਆਂ ਹਨ।”
ਉਨ੍ਹਾਂ ਨੇ ਕੈਮਿਲਾ, ਕੁਈਨ ਕੌਨਸੌਰਟ ਪ੍ਰਤੀ ਵੀ ਕਿਹਾ, “ਮੈਨੂੰ ਆਪਣੀ ਪਤਨੀ ਤੋਂ ਮਿਲਦਾ ਨਿਰੰਤਰ ਸਾਥ ਵੀ ਬਹੁਤ ਪ੍ਰੇਰਿਤ ਕਰਦਾ ਹੈ।''
ਰਾਜਾ ਚਾਰਲਸ ਨੇ ਕਿਹੜੀ ਸਹੁੰ ਚੁੱਕੀ ਹੈ?
ਐਕਟ ਆਫ਼ ਯੂਨੀਅਨ ਦੀਆਂ ਸ਼ਰਤਾਂ ਦੇ ਤਹਿਤ, ਨਵੇਂ ਰਾਜਸ਼ਾਹਾਂ ਨੂੰ ਸਕੌਟਲੈਂਡ ਦੇ ਚਰਚ ਨੂੰ ਬਰਕਾਰ ਅਤੇ ਸੁਰੱਖਿਅਤ ਰੱਖਣ ਦੀ ਸਹੁੰ ਵੀ ਚੁੱਕਣੀ ਪੈਂਦੀ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਸਕੌਟਲੈਂਡ ਵਿੱਚ ਸਰਕਾਰ ਅਤੇ ਚਰਚ ਦੀਆਂ ਸ਼ਕਤੀਆਂ ਵੰਡੀਆਂ ਹੋਈਆਂ ਹਨ।
ਚਰਾਲਸ ਨੇ ਪ੍ਰੀਵੀ ਕਾਊਂਸਲ ਦੇ ਸਾਹਮਣੇ ਸਹੁੰ ਦੀਆਂ ਦੋ ਨਕਲਾਂ ਉੱਪਰ ਦਸਖ਼ਤ ਕੀਤੇ। ਪ੍ਰਿੰਸ ਵਿਲੀਅਮ- ਨਵੇਂ ਪ੍ਰਿੰਸ ਆਫ਼ ਵੇਲਜ਼ ਤੋਂ ਬਾਅਦ ਕੈਮਿਲਾ ਕੁਈਨ ਕੌਨਸੌਰਟ ਸਮੇਤ ਹੋਰ ਗਵਾਹਾਂ ਨੇ ਵੀ ਇਨ੍ਹਾਂ ਉੱਪਰ ਦਸਤਖ਼ਤ ਕੀਤੇ।

ਤਸਵੀਰ ਸਰੋਤ, PA Media
ਅਖੀਰ ਵਿੱਚ ਜਦੋਂ ਅੰਤਮ ਗਵਾਹ ਸਹੁੰ-ਪੱਤਰ ਉੱਪਰ ਦਸਤਖ਼ਤ ਕਰ ਰਹੇ ਸਨ, ਬੈਂਡ ਵਾਦਨ ਸ਼ੁਰੂ ਹੋ ਗਿਆ।
ਚਾਰਲਸ ਨੂੰ ਜੋ ਸਹੁੰਆਂ ਚੁੱਕਣ ਲਈ ਕਹੀਆਂ ਗਈਆਂ ਉਹ ਕਿਸੇ ਉੱਪਰ ਵੀ ਕਿੰਤੂ ਕਰ ਸਕਦੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 1910 ਵਿੱਚ ਹੀ ਕਿਸੇ ਰਾਜਸ਼ਾਹ ਨੇ ਅਜਿਹਾ ਕੀਤਾ ਸੀ। ਮਹਾਰਾਜਾ ਜੌਰਜ ਪੰਜਵੇਂ ਨੇ ਸਹੁੰ ਵਿੱਚ ਕੈਥੋਲਿਕ ਵਿਰੋਧੀ ਸ਼ਬਦਾਵਲੀ ਉੱਪਰ ਇਤਰਾਜ਼ ਜਾਹਰ ਕੀਤਾ ਸੀ।
ਬਾਲਕੋਨੀ ਵਿੱਚ ਕੀ ਹੋਇਆ?
ਇਸ ਤੋਂ ਅਗਲੀ ਕਾਰਵਾਈ ਪੈਲੇਸ ਤੋਂ ਬਹਾਰ ਸ਼ੁਰੂ ਹੋਈ।
ਆਮ ਲੋਕਾਂ ਨੂੰ ਦਿ ਮਾਲ ਵਾਲੇ ਪਾਸੇ ਤੋਂ ਫਰੇਅਰੀ ਕੋਰਟ ਵਿੱਚ ਦਾਖਲ ਹੋਣ ਦਿੱਤਾ ਗਿਆ ਸੀ ਤਾਂ ਜੋ ਉਹ ਰਾਜਾ ਚਾਰਲਸ-III ਦੀ ਰਾਜ ਘੋਸ਼ਣਾ ਦੇ ਗਵਾਹ ਬਣ ਸਕਣ।
ਦਰਬਾਰ ਤੋਂ ਬੀਬੀਸੀ ਪੱਤਰਕਾਰ ਜੇਮਜ਼ ਬਰਾਇਂਟ ਨੇ ਰਿਪੋਰਟ ਕੀਤਾ,''ਉਹ ਆਪਣੇ ਪਾਲਤੂ ਜਾਨਵਰਾਂ ਨਾਲ ਆਏ, ਹੱਥਾਂ ਵਿੱਚ ਫੁੱਲ ਫੜ ਕੇ, ਇੱਕ ਬੱਚੇ ਨੇ ਸਪਾਈਡਰਮੈਨ ਵਾਲੀ ਪੈਂਟ ਪਾਈ ਹੋਈ ਸੀ, ਜੋ ਖੜ੍ਹ ਨਹੀਂ ਸਕਦੇ ਸਨ ਉਹ ਮੋਬਲਿਟੀ ਸਕੂਟਰਾਂ ਉਪਰ ਆਏ।''

ਤਸਵੀਰ ਸਰੋਤ, Getty Images
ਦਿ ਗਾਰਟਰ ਕਿੰਗ ਆਫ਼ ਆਰਮਸ, ਫਰੇਅਰੀ ਕੋਰਟ ਦੀ ਬਾਲਕੋਨੀ ਵਿੱਚ ਘੋਸ਼ਣਾ ਪੜ੍ਹਨ ਲਈ ਗਏ ਅਤੇ ਸ਼ਾਹੀ ਤੂਤੀ ਵਾਦਕਾਂ ਨੇ ਸ਼ਾਹੀ ਸਲਾਮੀ ਵਜਾਈ।
ਫਿਰ ਸੱਤ ਦਹਾਕਿਆਂ ਬਾਅਦ ''ਗੌਡ ਸੇਵ ਦਿ ਕਿੰਗ'' ਸ਼ਬਦਾਂ ਦੇ ਨਾਲ ਕੌਮੀ ਤਰਾਨਾ ਵਜਾਇਆ ਗਿਆ।
ਫਿਰ ਸਾਂਝਾ ਜਸ਼ਨ ਸ਼ੁਰੂ ਹੋਇਆ। ਦਿ ਗਾਰਟਰ ਕਿੰਗ ਆਫ਼ ਆਰਮਸ ਨੇ ਐਲਾਨ ਕੀਤਾ, ਥਰੀ ਚੀਅਰਸ ਫਾਰ ਦਿ ਹਿਜ਼ ਮੈਜਿਸਟੀ ਦਿ ਕਿੰਗ। ਹਿਪ-ਹਿਪ...'' ਇਸ ਦੇ ਜਵਾਬ ਵਿੱਚ ਰਾਜਾ ਦੇ ਗਾਰਦਾਂ ਨੇ ਤਿੰਨ ਵਾਰ ਜਵਾਬ ਦਿੱਤਾ , ਹੂਰੇ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਟੋਪੀਆਂ ਸਿਰਾਂ ਦੇ ਉੱਪਰ ਹਵਾ ਵਿੱਚ ਲਹਿਰਾਈਆਂ।
ਫਿਰ ਸ਼ਾਹੀ ਤੂਤੀ ਵਾਦਕਾਂ ਅਤੇ ਕਾਸਦਾਂ ਨੇ ਗੱਡੀਆਂ ਦੀ ਕਤਾਰ ਬਣਾਈ। ਉਹ ਲੰਡਨ ਸ਼ਹਿਰ ਵਿੱਚ ਰੌਇਲ ਇਕਸਚੇਂਜ ਤੱਕ ਗਏ, ਜਿੱਥੇ ਬਾਕੀ ਦੀ ਘੋਸ਼ਣਾ ਪੜ੍ਹੀ ਗਈ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਅੱਗੇ ਕੀ ਹੋਇਆ?
ਸਮਾਗਮ ਚਾਰਲਸ ਨੂੰ ਪ੍ਰੀਵੀ ਕਾਊਂਸਲ ਦੇ ਕਲਕਰ ਵੱਲੋਂ ਰਾਜਾ, ਰਾਸ਼ਟਰਮੰਡਲ ਦੇ ਮੁਖੀ, ਭਰੋਸੇ ਦੇ ਰਾਖੇ'' ਕਹਿ ਕੇ ਸੰਬੋਧਨ ਕੀਤੇ ਜਾਣ ਨਾਲ ਸਮਾਪਤ ਹੋਈ। ਉਸ ਤੋਂ ਪਹਿਲਾਂ ਉਨ੍ਹਾਂ ਨੇ ''ਗੌਡ ਸੇਵ ਦਿ ਕਿੰਗ'' ਕਿਹਾ।
ਪੈਨੀ ਮੌਰਡਾਊਂਟ ਨੇ ਘੋਸ਼ਣਾ ਨੂੰ ਅਧਿਕ੍ਰਿਤ ਕਰਨ ਦੇ ਹੁਕਮਾਂ ਨੂੰ ਪੜ੍ਹ ਕੇ ਸਮਾਗਮ ਦੀ ਸਮਾਪਤੀ ਕੀਤੀ। ਰਾਜਾ ਚਾਰਲਸ -III ਇੱਕ ਇੱਕ ਕਰਕੇ ਸਾਰਿਆਂ ਹੁਕਮਾਂ ਨੂੰ ਪ੍ਰਵਾਨਗੀ ਦਿੱਤੀ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਇੱਕ ਹੁਕਮ ਮਹਾਰਾਣੀ ਦੇ ਫਿਊਨਰਲ ਵਾਲੇ ਦਿਨ ਨੂੰ ਬੈਂਕ ਹੌਲੀਡੇ ਜਾਂ ਸਰਕਾਰੀ ਛੁੱਟੀ ਐਲਾਨੇ ਜਾਣ ਬਾਰੇ ਸੀ।
ਹਾਲਾਂਕਿ ਚਾਰਲਸ ਦੀ ਤਾਜਪੋਸ਼ੀ ਨੂੰ ਅਜੇ ਕੁਝ ਸਮਾਂ ਲੱਗੇਗਾ। ਜਦੋਂ ਮਹਾਰਾਣੀ ਐਲਿਜ਼ਾਬੈਥ ਦੇ ਪਿਤਾ ਕਿੰਗ ਜੌਰਜ ਛੇਵੇਂ ਦੀ ਮੌਤ ਹੋਈ ਸੀ ਤਾਂ ਕੋਈ 16 ਮਹੀਨੇ ਬਾਅਦ ਉਨ੍ਹਾਂ ਦੀ ਤਾਜਪੋਸ਼ੀ ਜੂਨ 1953 ਵਿੱਚ ਹੋਈ ਸੀ।













