ਜਪਾਨ ਆਪਣੇ ਲੋਕਾਂ ਨੂੰ ਵੱਧ ਸ਼ਰਾਬ ਪੀਣ ਲਈ ਕਿਉਂ ਕਹਿ ਰਿਹਾ

ਜਪਾਨ ਦੀ ਨੌਜਵਾਨ ਪੀੜ੍ਹੀ ਕਾਫ਼ੀ ਸੋਬਰ ਮੰਨੀ ਜਾ ਰਹੀ ਹੈ ਪਰ ਹੁਣ ਉੱਥੋਂ ਦਾ ਪ੍ਰਸ਼ਾਸਨ ਇਸ ਨੂੰ ਬਦਲਣਾ ਚਾਹੁੰਦਾ ਹੈ।

ਜਪਾਨੀ ਨੌਜਵਾਨ ਪਿਛਲੀ ਪੀੜ੍ਹੀ ਦੇ ਮੁਕਾਬਲੇ ਬਹੁਤ ਘੱਟ ਸ਼ਰਾਬ ਪੀਂਦੇ ਹਨ ਜਿਸ ਕਾਰਨ ਸਰਕਾਰ ਨੂੰ ਟੈਕਸ ਵਿੱਚ ਘਾਟਾ ਪੈ ਰਿਹਾ ਹੈ।

ਹੁਣ ਸਰਕਾਰ ਦੇਸ ਵਿੱਚ ਸ਼ਰਾਬ ਪੀਣ ਦੇ ਰੁਝਾਨ ਨੂੰ ਹੱਲਾਸ਼ੇਰੀ ਦੇਣ ਲਈ, ਇੱਕ ਕੌਮੀ ਪੱਧਰ ਦਾ ਮੁਕਾਬਲਾ ਕਰਵਾਉਣ ਜਾ ਰਹੀ ਹੈ।

ਮੁਕਾਬਲੇ ਵਿੱਚ 20 ਤੋਂ 29 ਸਾਲਾਂ ਦੇ ਲੋਕਾਂ ਨੂੰ ਬਿਜ਼ਨਸ ਆਈਡੀਏ ਪੁੱਛੇ ਜਾਣਗੇ ਕਿ ਕਿਵੇਂ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਭਾਵੇਂ ਜਪਾਨੀ ਚੌਲਾਂ ਦੀ ਸ਼ਰਾਬ ਹੋਵੇ, ਸ਼ੋਕੋ ਹੋਵੇ, ਵਿਸਕੀ ਹੋਵੇ, ਬੀਅਰ ਹੋਵੇ ਜਾਂ ਵਾਈਨ ਹੋਵੇ।

ਟੈਕਸ ਵਿਭਾਗ ਲਈ ਕੰਪੀਟਸ਼ਨ ਕਰਵਾਉਣ ਵਾਲੇ ਸਮੂਹ ਦਾ ਕਹਿਣਾ ਹੈ ਕਿ ਇਹ ਨਵੀਆਂ ਆਦਤਾਂ ਕੁਝ ਹੱਦ ਤੱਕ ਕੋਵਿਡ ਮਹਾਮਾਰੀ ਦੌਰਾਨ ਪਈਆਂ ਹਨ ਅਤੇ ਜਪਾਨ ਦੀ ਉਮਰ ਦਰਾਜ਼ ਹੁੰਦੀ ਜਾ ਰਹੀ ਜਨਸੰਖਿਆ ਵੀ ਸ਼ਰਾਬ ਦੀ ਵਿਕਰੀ ਘਟਣ ਦਾ ਇੱਕ ਕਾਰਨ ਹੈ।

ਮੁਕਾਬਲੇ ਵਿੱਚ ਪ੍ਰਤੀਯੋਗੀਆਂ ਤੋਂ ਨਾ ਸਿਰਫ਼ ਮਸ਼ਹੂਰੀਆਂ, ਬਰਾਂਡਿੰਗ ਲਈ ਸੁਝਾਅ ਮੰਗੇ ਗਏ ਸਨ ਸਗੋਂ ਅਜਿਹੇ ਵਿਚਾਰ ਵੀ ਮੰਗੇ ਗਏ ਹਨ ਜਿਨ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੋਵੇ।

ਜਪਾਨੀ ਮੀਡੀਆ ਮੁਤਾਬਕ ਸਰਕਾਰ ਨੂੰ ਇਸ ਬਾਰੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ। ਕੁਝ ਲੋਕ ਨੌਜਵਾਨਾਂ ਵਿੱਚ ਇੱਕ ਨੁਕਸਾਨਦਾਇਕ ਆਦਤ ਨੂੰ ਹੱਲਾਸ਼ੇਰੀ ਦੇਣ ਦੇ ਨਜ਼ਰੀਏ ਤੋਂ ਇਸ ਦਾ ਵਿਰੋਧ ਕਰ ਰਹੇ ਹਨ।

ਵੀਡੀਓ: ਜਾਣੋ ਕਿਉਂ ਖਾਸ ਹੈ ਸਕਾਟਲੈਂਡ ਦੀ ਵਿਸਕੀ

ਦੂਜੇ ਲੋਕਾਂ ਦੀ ਰਾਇ ਹੈ ਕਿ ਕਿਸੇ ਮਸ਼ਹੂਰ ਅਦਾਕਾਰਾ ਨੂੰ ਡਿਜੀਟਲ ਕਲੱਬਾਂ ਵਿੱਚ ਵਰਚੂਅਲ ਮੈਜ਼ਬਾਨ ਬਣਾ ਕੇ ਪੇਸ਼ ਕੀਤਾ ਜਾਵੇ।

ਪ੍ਰਤੀਯੋਗੀਆਂ ਨੂੰ ਆਪਣੇ ਵਿਚਾਰ ਭੇਜਣ ਲਈ ਸਤੰਬਰ ਅੰਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਚੁਣੀਆਂ ਗਈਆਂ ਯੋਜਨਾਵਾਂ ਨੂੰ ਮਾਹਰਾਂ ਦੀ ਮਦਦ ਨਾਲ ਵਿਕਸਿਤ ਕੀਤਾ ਜਾਵੇਗਾ।

ਕੈਂਪੇਨ ਦੀ ਵੈਬਸਾਈਟ ਮੁਤਾਬਕ ਜਪਾਨ ਵਿੱਚ ਸ਼ਰਾਬ ਦਾ ਬਜ਼ਾਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਦੇ ਪਿੱਛੇ ਵਧ ਰਹੀ ਔਸਤ ਉਮਰ ਅਤੇ ਨੀਵੀਂ ਜਨਮ ਦਰ ਇੱਕ ਵੱਡਾ ਕਾਰਨ ਹੈ।

ਟੈਕਸ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਜਪਾਨੀ ਲੋਕ 1995 ਦੇ ਮੁਕਾਬਲੇ 2020 ਵਿੱਚ ਥੋੜ੍ਹੀ ਸ਼ਰਾਬ ਪੀ ਰਹੇ ਸਨ।

ਜਿੱਥੇ 1995 ਵਿੱਚ ਇੱਕ ਔਸਤ ਜਪਾਨੀ ਬਾਲਗ 100 ਲੀਟਰ ਸ਼ਰਾਬ ਹਰ ਸਾਲ ਪੀ ਜਾਂਦਾ ਸੀ ਉੱਥੇ ਹੀ 2020 ਵਿੱਚ ਇਹ ਮਾਤਰਾ ਸਿਰਫ਼ 75 ਲੀਟਰ ਰਹਿ ਗਈ ਸੀ।

ਇਹ ਵੀ ਪੜ੍ਹੋ-

ਵੀਡੀਓ: ਕੋਰੋਨਾ ਨੇ ਸ਼ਰਾਬੀਆਂ ਨੂੰ ਕਿਵੇਂ ਬਦਲਿਆ?

ਇਸੇ ਤਰ੍ਹਾਂ ਦਿ ਜਪਾਨ ਟਾਈਮਜ਼ ਅਖ਼ਬਾਰ ਮੁਤਾਬਕ ਦੇਸ ਵਿੱਚ ਪਿਛਲੇ ਸਾਲਾਂ ਦੌਰਾਨ ਸ਼ਰਾਬ ਤੋਂ ਇਕੱਠੇ ਹੋਣ ਵਾਲੇ ਮਾਲੀਏ ਵਿੱਚ ਵੀ ਕਮੀ ਆਈ ਹੈ। ਜਿੱਥੇ ਸਾਲ 1980 ਵਿੱਚ ਸ਼ਰਾਬ ਤੋਂ ਕੁੱਲ ਟੈਕਸ ਦਾ 5% ਟੈਕਸ ਇਕੱਠਾ ਹੋਇਆ ਉੱਥੇ 2020 ਵਿੱਚ ਸਿਰਫ਼ 1.7 ਫ਼ੀਸਦੀ।

ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਜਪਾਨ ਦੀ ਲਗਭਗ ਇੱਕ ਤਿਹਾਈ ਵਸੋਂ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀ ਹੈ। ਬਜ਼ੁਰਗਾਂ ਦਾ ਇਹ ਅਨੁਪਾਤ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।

ਜਪਾਨ ਦੀ ਆਰਥਿਕਤਾ ਨੂੰ ਸਿਰਫ਼ ਘੱਟ ਰਹੀ ਸ਼ਰਾਬ ਦੀ ਵਿਕਰੀ ਤੋਂ ਹੀ ਖ਼ਤਰਾ ਨਹੀਂ ਹੈ ਸਗੋਂ ਲਗਾਤਾਰ ਘੱਟ ਰਹੀ ਨੌਜਵਾਨ ਸ਼ਕਤੀ ਵੀ ਚਿੰਤਾ ਦਾ ਸਬੱਬ ਹੈ। ਭਵਿੱਖ ਵਿੱਚ ਦੇਸ ਕੋਲ ਬਜ਼ੁਰਗਾਂ ਦੀ ਸਾਂਭ ਸਭਾਂਲ ਕਰਨ ਵਾਲੇ ਅਤੇ ਕਈ ਕਿਸਮ ਦੇ ਪੇਸ਼ਿਆਂ ਲਈ ਨੌਜਵਾਨਾਂ ਦੀ ਕਮੀ ਦਾ ਸੰਕਟ ਵੀ ਖੜ੍ਹਾ ਹੋ ਜਾਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)