ਕੈਨੇਡਾ ਵਿੱਚ ਅਜਿਹਾ ਕੀ ਹੋ ਰਿਹਾ ਕਿ ਜਗਮੀਤ ਸਿੰਘ ਨੂੰ ਦਿੱਤਾ ਜਾ ਰਿਹਾ 'ਪੈਨਿਕ ਬਟਨ'

ਤਸਵੀਰ ਸਰੋਤ, Getty Images
- ਲੇਖਕ, ਟਿਫਨੀ ਵਰਥਾਈਮਰ
- ਰੋਲ, ਬੀਬੀਸੀ ਨਿਊਜ਼
ਕੈਨੇਡਾ ਦੀ ਐੱਨਡੀਪੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਸਣੇ ਸੰਸਦ ਮੈਂਬਰਾਂ ਨੂੰ ਪੈਨਿਕ ਬਟਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਇੱਕ ਰੋਸ ਮੁਜ਼ਾਹਰੇ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ। ਇਸੇ ਤਰ੍ਹਾਂ ਦੀਆਂ ਹੋਰ ਸੰਸਦ ਮੈਂਬਰਾਂ ਨਾਲ ਘਟਨਾਵਾਂ ਵਾਪਰੀਆਂ ਹਨ।
ਦਰਅਸਲ ਆਏ ਦਿਨ ਵਧ ਰਹੀਆਂ ਪਰੇਸ਼ਾਨੀਆਂ, ਖਤਰਿਆਂ ਅਤੇ ਹਿੰਸਾ ਦੀਆਂ ਧਮਕੀਆਂ ਕਾਰਨ ਐਮਰਜੈਂਸੀ ਵਿੱਚ ਪੁਲਿਸ ਨੂੰ ਬੁਲਾਉਣ ਲਈ ਪੈਨਿਕ ਬਟਨ ਦਿੱਤੇ ਜਾ ਰਹੇ ਹਨ।
ਇਸ ਫ਼ੈਸਲੇ ਦਾ ਐਲਾਨ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਪਿਛਲੇ ਹਫ਼ਤੇ ਦੇ ਅੱਧ ਵਿੱਚ ਕੀਤਾ। ਉਨ੍ਹਾਂ ਨੂੰ ਖੁਦ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਉਨ੍ਹਾਂ ਨੇ ਕਿਹਾ, "ਅਸੀਂ ਆਨਲਾਈਨ ਬਹੁਤ ਹੀ ਨਕਾਰਾਤਮਕ ਅਤੇ ਜ਼ਹਿਰੀਲੀ ਬਿਆਨਬਾਜ਼ੀ ਦੇਖ ਰਹੇ ਹਾਂ" ਜੋ ਬਹੁਤ ਚਿੰਤਾਜਨਕ ਹੈ।
ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਵੀ ਸੜਕਾਂ 'ਤੇ ਧਮਕਾਇਆ ਗਿਆ ਅਤੇ ਪਿਛਲੇ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਵੀ ਕਿਸੇ ਨੇ ਬਜਰੀ ਦੀ ਮੁੱਠ ਵਗਾਹ ਮਾਰੀ ਸੀ।
ਮੈਂਡੀਸਿਨੋ ਨੇ ਪਿਛਲੇ ਮਹੀਨੇ ਸੰਸਦ ਵਿੱਚ ਗੰਨ ਰੈਗੂਲੇਸ਼ਨ ਬਿਲ ਪੇਸ਼ ਕੀਤਾ ਸੀ। ਬਿਲ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਵੀ ਮਿਲੀ ਸੀ।
ਮੰਤਰੀ ਨੇ ਕਿਹਾ ਕਿ ਮੋਬਾਈਲ ਅਲਾਰਮ ਸਿਆਸਤਦਾਨਾਂ ਲਈ ਸੁਰੱਖਿਆ ਦੀ ਇੱਕ ਹੋਰ ਘੇਰਾ ਬਣਾ ਦੇਵੇਗਾ।

ਕੀ ਹੈ ਮੁੱਖ ਕਾਰਨ
- ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਸਿਆਸਤਦਾਨਾਂ ਨੂੰ ਨਫ਼ਰਤੀ ਬੋਲਾਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਕੈਨੇਡਾ ਸਰਕਾਰ ਨੇ ਸੰਸਦ ਮੈਂਬਰਾਂ ਦਾ ਸੁਰੱਖਿਆ ਘੇਰਾ ਵਧਾਉਂਦੇ ਹੋਏ ਪੈਨਿਕ ਬਟਨ ਦੇਣ ਦਾ ਫ਼ਸਲਾ ਕੁਝ ਦਿਲ ਪਹਿਲਾਂ ਲਿਆ।
- ਇੱਕ ਪ੍ਰਦਰਸ਼ਨ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ।
- ਇਸ ਪੈਨਕ ਬਟਨ ਨਾਲ ਸਾਂਸਦ ਐਮਰਜੈਂਸੀ ਹਾਲਤਾਂ ਵਿੱਚ ਪੁਲਿਸ ਬੁਲਾ ਸਕਣਗੇ।
- ਇੱਥੋਂ ਤੱਕ ਕਿ ਇੱਕ ਵਾਰ ਪੀਐਮ ਜਸਟਿਨ ਟਰੂਡੋ ਵੱਲ ਵੀ ਕਿਸੇ ਨੇ ਬੱਜਰੀ ਵਗਾਹ ਮਾਰੀ ਸੀ।
- ਜਨਤਕ ਜੀਵਨ ਵਿੱਚ ਵਿਚਰਨ ਵਾਲੇ ਹੋਰ ਵੀ ਕੋਈ ਲੋਕਾਂ ਨੇ ਅਜਿਹੀਆਂ ਘਟਵਾਨਾਂ ਵਿੱਚ ਵਾਧੇ ਦਾ ਇਲਜ਼ਾਮ ਲਗਾਇਆ ਹੈ।
- ਕਈ ਸਾਂਸਦਾਂ ਨੇ ਪੁਲਿਸ ਵੱਲੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ।

ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੈਮਰੇ, ਅਲਾਰਮ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਪੁਲਿਸ ਦੀ ਆਲੋਚਨਾ
ਉਨ੍ਹਾਂ ਨੂੰ ਸੰਭਾਵੀ ਹਿੰਸਕ ਸਥਿਤੀਆਂ ਨੂੰ ਕਿਵੇਂ ਘੱਟ ਕੀਤਾ ਜਾਵੇ, ਇਸ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।
ਮੈਂਡੀਸਿਨੋ ਨੇ ਕਿਹਾ, "ਸਾਡੇ ਕੋਲ ਇੱਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਆਲੋਚਨਾ ਦੇ ਪੱਧਰ ਨੂੰ ਦੇਖੇ ਬਿਨਾਂ ਅਤੇ ਸਰੀਰਕ ਟਕਰਾਅ, ਹਿੰਸਾ ਅਤੇ ਮੌਤ ਦੀਆਂ ਧਮਕੀਆਂ ਦੇ ਉਕਸਾਵੇ ਵਿੱਚ ਆਏ ਆਪਣੀ ਗੱਲ ਰੱਖ ਸਕੀਏ।''
ਕੈਨੇਡਾ ਵਿੱਚ ਸਿਆਸਤਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੀ ਹੈ।
ਹਾਲਾਕਿ ਕਈ ਸੰਸਦ ਮੈਂਬਰਾਂ ਨੇ ਆਪਣੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਪੁਲਿਸ ਦੀ ਆਲੋਚਨਾ ਵੀ ਕੀਤੀ ਹੈ।

ਤਸਵੀਰ ਸਰੋਤ, Reuters
ਇਹ ਵੀ ਪੜ੍ਹੋ:
ਇੱਕ ਵਾਰ ਤਾਂ ਇੱਕ ਸਿਆਸਤਦਾਨ ਨਾਲ ਬਦਸਕਲੂਕੀ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ।
ਜਗਮੀਤ ਸਿੰਘ ਨਾਲ ਕੀ ਵਾਪਰੀ ਸੀ
ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਦੇ ਆਗੂ ਅਤੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸੰਬਧਿਤ ਜਗਮੀਤ ਸਿੰਘ ਨੂੰ ਪਿਛਲੇ ਮਹੀਨੇ ਪੀਟਰਬਰੋ, ਓਂਟਾਰੀਓ ਵਿੱਚ ਇੱਕ ਪ੍ਰਚਾਰ ਦੌਰੇ ਦੌਰਾਨ ਗੁੱਸੇ ਵਿੱਚ ਆਏ ਮੁਜ਼ਾਹਰਾਕਾਰੀਆਂ ਨੇ ਪਰੇਸ਼ਾਨ ਕੀਤਾ ਸੀ।
ਵੀਡੀਓ 'ਚ ਭੀੜ ਨੇ ਜਗਮੀਤ ਸਿੰਘ ਨੂੰ ਬੁਰਾ ਭਲਾ ਕਹਿੰਦੇ ਹੋਏ, ਉਨ੍ਹਾਂ ਨੂੰ "ਗੱਦਾਰ" ਕਿਹਾ ਅਤੇ ਉਨ੍ਹਾਂ ਦੀ ਮੌਤ ਦੀ ਕਾਮਨਾ ਕਰਦੇ ਹੋਏ ਦਿਖਾਇਆ ਗਿਆ।
ਜਗਮੀਤ ਸਿੰਘ ਨੇ ਬਾਅਦ ਵਿੱਚ ਕਿਹਾ ਕਿ ਇਹ ਮੁਕਾਬਲਾ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਹਮਲਾਵਰਪੁਣੇ ਦੀਆਂ "ਸਭ ਤੋਂ ਤੀਬਰ, ਧਮਕੀ ਭਰੀਆਂ ਅਤੇ ਅਪਮਾਨਜਨਕ" ਘਟਨਾਵਾਂ ਵਿੱਚੋਂ ਇੱਕ ਸੀ।
ਜਗਮੀਤ ਸਿੰਘ ਨੇ ਹਾਲ ਹੀ ਵਿੱਚ ਕਿਹਾ ਕਿ ਉਨ੍ਹਾਂ ਦਾ ਸਟਾਫ਼ ਉਨ੍ਹਾਂ ਦੀ ਸਲਾਤਮੀ ਨੂੰ ਲੈ ਕੇ ਫ਼ਿਕਰਮੰਦ ਹੈ।
ਐੱਨਡੀਪੀ ਸੰਸਦ ਮੈਂਬਰ ਹੀਥਰ ਮੈਕਫਰਸਨ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਜਗਮੀਤ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਪਹਿਲਾਂ ਵੀ ਉਨ੍ਹਾਂ ਨੂੰ ਆਪਣੇ ਪਾਲਤੂ ਕੁੱਤੇ ਨੂੰ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਜਸਟਿਨ ਟਰੂਡੋ ਨੂੰ ਗੁਪਤ ਟਿਕਾਣੇ ਉੱਤੇ ਲਿਜਾਇਆ ਗਿਆ ਸੀ
ਕਈ ਸੰਸਦ ਮੈਂਬਰਾਂ ਨੇ ਕਿਹਾ ਕਿ ਫਰਵਰੀ ਅਤੇ ਮਾਰਚ ਵਿੱਚ ਓਟਾਵਾ ਵਿੱਚ ਵੈਕਸੀਨ ਵਿਰੋਧੀ ਪ੍ਰਦਰਸ਼ਨ ਤੋਂ ਬਾਅਦ ਆਲੋਚਨਾ ਤੇਜ਼ ਹੋ ਗਈ ਹੈ।
ਟਰਕ ਡਰਾਈਵਰਾਂ ਦੀ ਹੜਤਾਲ ਦੇ ਹਿੱਸੇ ਵਜੋਂ ਫਰੀਡਮ ਕੌਨਵੋਏ ਨੇ ਸ਼ਹਿਰ ਨੂੰ ਰੋਕ ਦਿੱਤਾ ਜਦੋਂ ਸੈਂਕੜੇ ਲੌਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਸੀ।
ਕੈਨੇਡੀਅਨ ਮੀਡੀਆ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਦਿਨਾਂ ਲਈ, ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉੁਨ੍ਹਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਗੁਪਤ ਟਿਕਾਣੇ 'ਤੇ ਲਿਜਾਇਆ ਗਿਆ।
ਵੀਡੀਓ:ਕੈਨੇਡਾ: ਟਰੱਕਾਂ ਦੀ ਹੜਤਾਲ ਵਿੱਚ ਪੰਜਾਬੀ ਸ਼ਾਮਲ ਕਿਉਂ ਨਹੀਂ ਹੋਏ
ਲਿਬਰਲ ਐੱਮਪੀ ਜੂਡੀ ਸਗਰੋ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬਹੁਤ ਸਾਰੇ ਸਿਆਸਤਦਾਨ "ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ"।
ਜੂਡੀ ਸਗਰੋ ਨੇ ਕਿਹਾ ਲੋਕ ਗੁੱਸੇ ਵਿਚ ਹਨ
ਜੂਡੀ ਸਗਰੋ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਪੈਨਿਕ ਬਟਨ ਨਹੀਂ ਲਿਆ ਸੀ ਜਦੋਂ ਤੱਕ ਕਿ ਇੱਕ ਦਿਨ ਅਚਾਨਕ ਕੋਈ ਉਨ੍ਹਾਂ ਦੇ ਘਰ ਤੱਕ ਨਹੀਂ ਪਹੁੰਚ ਗਿਆ।
ਜੂਡੀ ਸਗਰੋ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਔਰਤਾਂ ਵਧੇਰੇ ਅਸੁਰੱਖਿਅਤ ਹਨ ਅਤੇ ਉਹ ਬਹੁਤ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੀਆਂ ਹਨ।"
"ਇਸ ਲਈ ਸਾਰੇ ਸੰਸਦ ਮੈਂਬਰਾਂ ਲਈ ਸੁਰੱਖਿਆ ਵਿੱਚ ਸੁਧਾਰ ਕਰਨਾ ਮੰਦਭਾਗਾ ਹੈ, ਪਰ ਅਜਿਹਾ ਲੱਗਦਾ ਹੈ ਕਿ ਅਸੀਂ ਇਸ ਸਮੇਂ ਸਮਾਜ ਵਿੱਚ ਇੱਕ ਮੁਸ਼ਕਲ ਸਮੇਂ ਵਿੱਚ ਹਾਂ। ਇੱਥੇ ਬਹੁਤ ਸਾਰੇ ਬੁਰੇ, ਗੁੱਸੈਲ ਅਤੇ ਨਿਰਾਸ਼ ਲੋਕ ਹਨ।"
2020 ਵਿੱਚ, ਕਈ ਬੰਦੂਕਾਂ ਨਾਲ ਲੈਸ ਇੱਕ ਵਿਅਕਤੀ ਨੇ ਉਸ ਅਸਟੇਟ ਦੇ ਗੇਟਾਂ ਵਿੱਚੋਂ ਇੱਕ ਤੱਕ ਟਰੱਕ ਲਿਆਂਦਾ ਜਿੱਥੇ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਸੀ।
ਕਿਉ-ਏਨੌਨ ਬਾਰੇ ਸੋਸ਼ਲ ਮੀਡੀਆ ਪੋਸਟ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਦੋਸ਼ੀ ਠਹਿਰਾਇਆ ਗਿਆ।
ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਲਿਬਰਲ ਫੰਡਰੇਜ਼ਰ ਪ੍ਰੋਗਰਾਮ ਵਿੱਚ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦੀ ਯੋਜਨਾ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਇਹ ਚਿੰਤਾ ਸੀ ਕਿ ਪ੍ਰੋਗਰਾਮ ਦੇ ਬਾਹਰ ਹਮਲਾਵਰ ਵਿਰੋਧ ਵਧ ਸਕਦਾ ਹੈ।

ਕੌਣ ਹਨ ਜਗਮੀਤ ਸਿੰਘ
ਜਗਮੀਤ ਸਿੰਘ ਐੱਨਡੀਪੀ ਦੇ ਮੁਖੀ ਅਤੇ ਕੈਨੇਡਾ ਦੇ ਸੰਸਦ ਮੈਂਬਰ ਹਨ।
ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।
ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰ 'ਨਿਊ ਡੈਮੋਕਰੇਟਿਕ ਪਾਰਟੀ' ਦੇ ਕੱਦਾਵਰ ਆਗੂ ਹਨ।
ਪਾਰਟੀ ਪ੍ਰਧਾਨਗੀ ਦੀ ਚੋਣ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਰੈਲੀ ਵਿਚ ਪਹੁੰਚ ਕੇ ਉਨ੍ਹਾਂ ਖਿਲਾਫ਼ ਨਸਲੀ ਟਿੱਪਣੀਆਂ ਕਰਨ ਕਰਕੇ ਉਹ ਮੁੜ ਚਰਚਾ ਵਿਚ ਆ ਗਏ ਸਨ।
ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।
ਜਗਮੀਤ ਸਿੰਘ ਦਾ ਪਿਛੋਕੜ ਜਾਣਨ ਲਈ ਰਿਪੋਰਟ ਉੱਤੇ ਕਲਿੱਕ ਕਰੋ ਕੈਨੇਡਾ ਚੋਣਾਂ ਵਿੱਚ 'ਕਿੰਗਮੇਕਰ' ਬਣ ਕੇ ਉੱਭਰੇ ਜਗਮੀਤ ਸਿੰਘ ਦਾ ਪਿਛੋਕੜ ਕੀ?

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













