ਅਫ਼ਗਾਨਿਸਤਾਨ: ਆਈਐੱਸ ਗਰੁੱਪ ਨੇ ਗੁਰਦੁਆਰਾ 'ਕਰਤਾ-ਏ-ਪਰਵਾਨ' 'ਤੇ ਹਮਲੇ ਦੀ ਜ਼ਿੰਮੇਵਾਰੀ ਲਈ
- ਲੇਖਕ, ਸਿਕੰਦਰ ਕਿਰਮਾਨੀ, ਮੈੱਟ ਮਰਫੀ, ਲੀਓ ਸੈਂਡਗਜ਼ ਤੇ ਪੈਟਰਿਕ ਜੈਕਸਨ
- ਰੋਲ, ਬੀਬੀਸੀ ਪੱਤਰਕਾਰ
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਸਲਾਮਿਕ ਸਟੇਟ ਖੋਰਾਸਨ ਪ੍ਰੋਵਿੰਸ (ਆਈਐਸਕੇਪੀ) ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਗਰੁੱਪ ਨੇ ਕਿਹਾ ਹੈ ਕਿ ਇਹ ਹਮਲਾ ਭਾਰਤੀ ਸਿਆਸਤਦਾਨਾਂ ਵਲੋਂ ਪੈਗੰਬਰ ਮੁਹੰਮਦ ਦੀ ਸ਼ਾਨ ਖਿਲਾਫ਼ ਕੀਤੀਆਂ ਵਿਵਾਦਤ ਟਿੱਪਣੀਆਂ ਦਾ ਬਦਲਾ ਸੀ।
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਗੁਰਦੁਆਰਾ 'ਕਰਤਾ-ਏ-ਪਰਵਾਨ' 'ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿਚ ਇੱਕ ਆਮ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਸੀ। ਅਤੇ ਸੱਤ ਹੋਰ ਜਣੇ ਜਖ਼ਮੀ ਹੋਣ ਸਨ।
ਖ਼ਬਰ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਰਤ ਨੇਅਫ਼ਗਾਨਿਸਤਾਨ ਵਿੱਚ ਵਸਦੇ ਲਗਭਗ 100 ਹਿੰਦੂਆਂ ਅਤੇ ਸਿੱਖਾਂ ਨੂੰ ਈਵੀਜ਼ਾ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਵੱਲੋਂ ਇਹ ਵੀਜ਼ੇ ਪਹਿਲਤਾ ਦੇ ਅਧਾਰ ਤੇ ਜਾਰੀ ਕੀਤੇ ਜਾਣਗੇ।
ਤਾਲਿਬਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਸੀ ਕਿ ਹਮਲਾਵਰ ਨੂੰ ਵੀ ਤਾਲਿਬਾਨ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ।
ਸ਼ਨਿੱਚਰਵਾਰ ਸਵੇਰੇ ਜਦੋਂ ਗੁਰਦੁਆਰੇ 'ਤੇ ਹਮਲਾ ਹੋਇਆ ਤਾਂ ਉੱਥੇ ਲਗਭਗ 30 ਲੋਕ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸਾਬਕਾ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਅਤੇ ਸਾਬਕਾ ਦਿੱਲੀ ਭਾਜਪਾ ਆਗੂ ਨਵੀਨ ਜਿੰਦਲ ਉਨ੍ਹਾਂ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਉੱਪਰ ਪਾਰਟੀ ਵੱਲੋਂ ਕਾਰਵਾਈ ਵੀ ਹੋਈ ਹੈ।
ਭਾਜਪਾ ਆਗੂਆਂ ਦੀਆਂ ਇਨ੍ਹਾਂ ਟਿੱਪਣੀਆਂ ਦਾ ਇਸਲਾਮਿਕ ਦੇਸ਼ਾਂ ਖਾਸਕਰ ਖਾੜੀ ਮੁਲਕਾਂ ਦੀਆਂ ਸਰਕਾਰਾਂ ਨੇ ਤਿੱਖਾਂ ਪ੍ਰਤੀਕਰਮ ਦਿੱਤਾ ਸੀ।
ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਮੁੱਲਾ ਅਬਦੁੱਲ ਤਾਰੀਫ਼ ਤਾਕੂਰ ਨੇ ਬੀਬੀਸੀ ਨੂੰ ਕਰਤਾ-ਏ-ਪਰਵਾਨ ਇਲਾਕੇ ਦੇ ਸਿੰਘ ਸਭਾ ਗੁਰਦੁਆਰਾ ਵਿੱਚ ਧਮਾਕੇ ਦੀ ਪੁਸ਼ਟੀ ਕੀਤੀ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਧਮਾਕਾ ਕਾਰ ਬੰਬ ਰਾਹੀਂ ਕੀਤਾ ਗਿਆ ਅਤੇ ਤਾਲਿਬਾਨ ਮੈਂਬਰ ਅਤੇ ਇੱਕ ਸਿੱਖ ਭਾਈਚਾਰੇ ਦੇ ਵਿਅਕਤੀ ਦੀ ਮੌਤ ਹੋਈ ਹੈ।
ਭਾਰਤੀ ਗ੍ਰਹਿ ਮੰਤਰਾਲੇ ਨੇ ਗੁਰਦੁਆਰੇ ਉੱਪਰ ਹਮਲੇ ਉੱਪਰ ਚਿੰਤਾ ਜਤਾਈ ਸੀ।

- ਹਮਲੇ ਸਮੇਂ ਗੁਰਦੁਆਰੇ ਵਿੱਚ ਲਗਭਗ 30 ਵਿਅਕਤੀ ਮੌਜੂਦ ਸਨ।
- ਰਾਜਧਾਨੀ ਕਾਬੁਲ ਦੇ ਕਰਤਾ-ਏ-ਪਰਵਾਨ ਇਲਾਕੇ ਦਾ ਸਿੰਘ ਸਭਾ ਗੁਰਦੁਆਰਾ।
- ਤਾਲਿਬਾਨ ਸੁਰੱਖਿਆ ਦਸਤਿਆਂ ਵੱਲੋਂ ਇਲਾਕੇ ਨੂੰ ਹਮਲਾਵਰਾਂ ਤੋਂ ਮੁਕਤ ਕਰਵਾ ਲਿਆ ਗਿਆ।
- ਹਮਲੇ ਦੀ ਅਜੇ ਤੱਕ ਕਿਸੇ ਸੰਗਠਨ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਹੈ।
- ਕਾਬੁਲ ਅਤੇ ਆਸਪਾਸ ਦੇ ਇਲਾਕੇ ਵਿੱਚ ਪਹਿਲਾਂ ਇੱਕ ਲੱਖ ਦੇ ਕਰੀਬ ਸਿੱਖ ਅਬਾਦੀ ਸੀ ਜੋ ਕਿ ਹੁਣ ਕੁਝ ਸੌ ਤੱਕ ਸੀਮਤ ਰਹਿ ਗਈ ਹੈ।
- ਤਾਲਿਬਾਨ ਅਧਿਕਾਰੀਆਂ ਮੁਤਾਬਕ ਹਮਲਾਵਰਾਂ ਦੀ ਮਨਸ਼ਾ ਭੀੜਭੜੱਕੇ ਵਾਲੇ ਇਲਾਕੇ ਵਿੱਚ ਧਮਾਕਾ ਕਰਨ ਦੀ ਸੀ ਜੋ ਸਫ਼ਲ ਨਹੀਂ ਹੋਈ।

ਸਾਲ 1970ਵਿਆਂ ਦੌਰਾਨ ਅਫ਼ਗਾਨਿਸਤਾਨ ਵਿੱਚ ਲਗਭਗ ਇੱਕ ਲੱਖ ਦੀ ਸਿੱਖ ਅਬਾਦੀ ਸੀ ਜਦਕਿ ਭਾਈਚਾਰੇ ਦੇ ਆਗੂਆਂ ਮੁਤਾਬਕ ਹੁਣ ਤਾਲਿਬਾਨ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਗਿਣਤੀ ਮਹਿਜ਼ 140 ਰਹਿ ਗਈ ਹੈ।

ਤਸਵੀਰ ਸਰੋਤ, Reuters
ਗੁਰਦੁਆਰੇ ਵਿੱਚ ਕੀ ਸਨ ਹਾਲਾਤ
ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਬੁਲਾਰੇ ਮੁੱਲਾ ਅਬਦੁੱਲ ਤਾਰੀਫ਼ ਤਾਕੂਰ ਨੇ ਬੀਬੀਸੀ ਨੂੰ ਦੱਸਿਆ, ''ਸਵੇਰੇ ਕਰੀਬ 6.30 ਵਜੇ ਕੁਝ ਅਣ-ਪਛਾਤੇ ਹਥਿਆਰਬੰਦ ਵਿਅਕਤੀ ਗੁਰਦੁਆਰਾ ਕਰਤਾ-ਏ-ਪਰਵਾਨ ਵਿੱਚ ਦਾਖ਼ਲ ਹੋਏ।''

ਤਸਵੀਰ ਸਰੋਤ, Reuters
ਗੁਰਦੁਆਰੇ ਵਿੱਚ ਦਾਖਲ ਹੋਣ ਸਮੇਂ ਉਨ੍ਹਾਂ ਪਹਿਰੇਦਾਰਾਂ ਉੱਤੇ ਹੱਥਗੋਲ਼ਾ ਸੁੱਟਿਆ, ਜਿਸ ਵਿੱਚ ਦੋ ਵਿਅਕਤੀ ਜਖ਼ਮੀ ਹੋ ਗਏ ਹਨ। ਇਸੇ ਹੱਥਗੋਲੇ ਨਾਲ ਅੱਗ ਲੱਗੀ। ਜਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ, ਧਰਮ ਅਤੇ ਮੁਲਕ ਦੇ ਦੁਸ਼ਮਣ ਕਾਰ ਬੰਬ ਨਾਲ ਭੀੜ-ਭਾੜ ਵਾਲੇ ਇਲਾਕੇ ਵਿੱਚ ਧਮਾਕਾ ਕਰਨਾ ਚਾਹੁੰਦੇ ਸਨ।

ਤਸਵੀਰ ਸਰੋਤ, Reuters
ਚੰਗੀ ਗੱਲ ਇਹ ਹੋਈ ਕਿ ਉਹ ਆਪਣੇ ਤੈਅ ਨਿਸ਼ਾਨੇ ਤੱਕ ਨਹੀਂ ਪਹੁੰਚ ਸਕੇ।
ਤਾਲਿਬਾਲ ਜੋ ਕਿ ਲਗਭਗ ਵੀਹ ਸਾਲ ਅਫ਼ਗਾਨਿਸਤਾਨ ਦੀ ਸੱਤਾ ਵਿੱਚੋਂ ਬਾਹਰ ਰਹਿਣ ਤੋਂ ਬਾਅਦ ਪਿਛਲੇ ਸਾਲ ਹੀ ਮੁੜ ਸੱਤਾ ਵਿੱਚ ਕਾਬਜ਼ ਹੋਏ ਹਨ, ਮੁਤਾਬਕ ਹਾਲਾਂਕਿ ਹਮਲਾ ਖਤਮ ਹੋ ਚੁੱਕਿਆ ਹੈ ਪਰ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, EPA
ਬੀਬੀਸੀ ਦੇ ਸਿਕੰਦਰ ਕਿਰਮਾਨੀ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਹਸਪਤਾਲ ਦੇ ਬਾਹਰ ਗੱਲਬਾਤ ਕੀਤੀ ਹੈ। ਹਾਲਾਂਕਿ ਤਾਲਿਬਾਨ ਨੇ ਸਿਕੰਦਰ ਦੇ ਅਮਲੇ ਨੂੰ ਰੋਕਣ ਅਤੇ ਫੂਟੇਜ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ।
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਹਮਲੇ ਦੀ ਅਜੇ ਤੱਕ ਹਾਲਾਂਕਿ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗੁਰੱਪ ਵੱਲੋਂ ਲਈ ਗਈ ਸੀ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਹੋਏ ਹਮਲੇ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਕੁੰਦੂਜ਼ ਸ਼ਹਿਰ ਵਿੱਚ ਇੱਕ ਮਸਜਿਦ ਵਿੱਚ ਵੀ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।

ਤਸਵੀਰ ਸਰੋਤ, Reuters
ਪ੍ਰਤੱਖਦਰਸ਼ੀ ਸਈਅਦ ਹੇਜਰਾਨ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, ''ਸਵੇਰੇ ਸਵਾ ਛੇ ਵਜੇ ਸਨ ਜਦੋਂ ਅਸੀਂ ਪਹਿਲੀ ਗੋਲੀ ਦੀ ਅਵਾਜ਼ ਸੁਣੀ। ਅਸੀਂ ਥੱਲੇ ਦੇਖਿਆ ਕਿ ਗੁਰਦੁਆਰੇ ਦੇ ਗਾਰਡ ਨੂੰ ਗੋਲੀ ਮਾਰੀ ਜਾ ਚੁੱਕੀ ਸੀ। ਤਾਲਿਬਾਨ ਸੈਨਿਕਾਂ ਨੇ ਅੱਤਵਾਦੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲਾਵਰ ਗੁਰਦੁਆਰੇ ਦੇ ਅੰਦਰ ਦਾਖਲ ਹੋ ਗਏ ਅਤੇ ਗੋਲੀਬਾਰੀ ਜਾਰੀ ਰਹੀ। ਕੋਈ ਦੋ ਘੰਟਿਆਂ ਬਾਅਦ ਗੁਰਦੁਆਰੇ ਦੇ ਗੇਟ ਤੇ ਖੜ੍ਹੀ ਕਾਰ ਦਾ ਬੰਬ ਫਟ ਗਿਆ।''
ਇਸੇ ਤਰ੍ਹਾਂ ਇੱਕ ਹੋਰ ਪ੍ਰਤੱਖਦਰਸ਼ੀ ਮੁਹੰਮਦ ਮੁਜੀਬ ਜੋ ਕਿ ਘਟਨਾਕ੍ਰਮ ਦੇ ਦੌਰਾਨ ਗੁਰਦੁਆਰੇ ਦੇ ਅੰਦਰ ਹੀ ਸਨ, ਨੇ ਖ਼ਬਰ ਏਜੰਸੀ ਨੂੰ ਦੱਸਿਆ, ਗੋਲੀਬਾਰੀ ਕੋਈ ਪੰਜ ਮਿੰਟ ਤੱਕ ਜਾਰੀ ਰਹੀ। ਜਦੋਂ ਲੜਾਈ ਚੱਲ ਰਹੀ ਸੀ ਤਾਂ ਦੋ ਧਮਾਕੇ ਹੋਏ।''

ਤਸਵੀਰ ਸਰੋਤ, Reuters
'ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ'
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪ੍ਰਤੀਕਰਮ ਵਿੱਚ ਕਿਹਾ ਕਿ ਭਾਵੇਂ ਕਿਸੇ ਵੀ ਦੇਸ਼ ਵਿੱਚ ਹੋਵੇ ਪਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ। ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇਸ ਬਾਰੇ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖਾਂ ਦੇ ਭਲੇ ਲਈ ਅਰਦਾਸ ਕੀਤੀ ਅਤੇ ਭਾਰਤ ਸਰਕਾਰ ਨੂੰ ਉੱਥੇ ਵਸਦੇ ਸਿੱਖਾਂ ਨੂੰ ਉੱਥੋਂ ਕੱਢਣ ਲਈ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੀ ਚਿੱਠੀ ਵਿੱਚ ਕਾਬੁਲ ਦੇ ਗੁਰਦੁਆਰੇ ਉੱਪਰ ਹੋਏ ਅੱਤਵਾਦੀ ਹਮਲੇ ਦੀ ਨਿਖੇਦੀ ਕੀਤੀ ਹੈ। ਕਮੇਟੀ ਨੇ ਸਰਕਾਰ ਨੂੰ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖਾਂ ਅਤੇ ਹਿੰਦੂਆਂ ਨੂੰ ਉੱਥੇ ਕੱਢਣ ਲਈ ਢੁਕਵੇਂ ਪ੍ਰਬੰਧ ਨਾ ਕਰਨ ਅਤੇ ਜੋ ਲੋਕ ਭਾਰਤ ਪਹੁੰਚੇ ਹਨ ਉਨ੍ਹਾਂ ਦੀ ਨਾਗਰਿਕਤਾ ਦੇ ਲਟਕਦੇ ਸਵਾਲ ਦਾ ਮੁੱਦਾ ਚੁੱਕਿਆ ਹੈ
ਹਾਲਾਤਾਂ 'ਤੇ ਭਾਰਤ ਸਰਕਾਰ ਦੀ ਨਜ਼ਰ,ਭਗਵੰਤ ਮਾਨ ਨੇ ਵੀ ਕੀਤੀ ਨਿਖੇਧੀ
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਹਮਲੇ ਉੱਪਰ ਚਿੰਤਾ ਜ਼ਾਹਿਰ ਕੀਤੀ ਗਈ ਹੈ।
ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਖਿਆ ਕਿ ਭਾਰਤ ਸਰਕਾਰ ਨੂੰ ਇਸ ਹਮਲੇ ਬਾਰੇ ਖ਼ਬਰ ਮਿਲੀ ਹੈ ਅਤੇ ਉਨ੍ਹਾਂ ਵੱਲੋਂ ਹਾਲਾਤ ਉੱਪਰ ਨਜ਼ਰ ਬਣਾ ਕੇ ਰੱਖੀ ਗਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਨੇ ਆਪਣੀ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਕਾਬੁਲ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਇਹ ਯਕੀਨੀ ਬਣਾਇਆ ਜਾਵੇ।
ਧਾਮੀ ਨੇ ਆਖਿਆ,"ਅਸੀਂ ਕੁਝ ਦਿਨ ਪਹਿਲਾਂ ਘੱਟ ਗਿਣਤੀ ਕਮਿਸ਼ਨ ਦੇ ਇਕਬਾਲ ਸਿੰਘ ਲਾਲਪੁਰਾ ਨੂੰ ਇੱਕ ਚਿੱਠੀ ਰਾਹੀਂ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਦੇ ਸਿੱਖਾਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਸੀ। ਸਾਡੀ ਅਪੀਲ ਹੈ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ।"

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਵੀ ਅਫ਼ਗਾਨਿਸਤਾਨ ਵਿੱਚ ਮੌਜੂਦ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਭਾਰਤ ਸਰਕਾਰ ਨੂੰ ਕੀਤੀ ਹੈ।
ਇਨ੍ਹਾਂ ਧਮਾਕਿਆਂ ਦੀ ਖ਼ਬਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਉਹ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਲੋਕਾਂ ਦੇ ਸੰਪਰਕ ਵਿੱਚ ਹਨ ਅਤੇ ਕਈ ਲੋਕ ਗੁਰਦੁਆਰੇ ਦੇ ਅੰਦਰ ਹਨ।

ਤਸਵੀਰ ਸਰੋਤ, Igurdwara
ਇਸ ਤੋਂ ਪਹਿਲਾਂ ਮਾਰਚ 2020 ਵਿੱਚ ਵੀ ਕਾਬੁਲ ਦੇ ਗੁਰਦੁਆਰੇ ਉਪਰ ਹਮਲਾ ਹੋਇਆ ਸੀ ਜਿਸ ਵਿੱਚ 20 ਤੋਂ ਵੱਧ ਸਿੱਖ ਮਾਰੇ ਗਏ ਸਨ।
ਇਸ ਹਮਲੇ ਤੋਂ ਬਾਅਦ ਕਈ ਸਾਰੇ ਅਫ਼ਗਾਨ ਸਿੱਖ ਅਫ਼ਗਾਨਿਸਤਾਨ ਛੱਡ ਕੇ ਭਾਰਤ ਆਏ ਸਨ।
ਦੇਸ਼ ਉੱਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੀ ਹਿੰਦੂ ਅਤੇ ਸਿੱਖ ਅਫਗਾਨ ਨਾਗਰਿਕ ਭਾਰਤ ਆਏ ਸਨ।

ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਉੱਪਰ ਪਿਛਲੇ ਸਮੇਂ ਦੌਰਾਨ ਹੋਏ ਹਮਲੇ
5 ਅਕਤੂਬਰ 2021- ਗੁਰਦੁਆਰਾ ਕਰਤਾ-ਏ-ਪਰਵਾਨ ਵਿਖੇ ਭੰਨ ਤੋੜ
25 ਮਾਰਚ 2020- ਗੁਰਦੁਆਰਾ ਹਰਿ ਰਾਏ ਉੱਪਰ ਹਮਲਾ, 20 ਤੋਂ ਵੱਧ ਮੌਤਾਂ
1 ਜੁਲਾਈ 2018- ਜਲਾਲਾਬਾਦ ਵਿਖੇ ਧਮਾਕਾ ਜਿਸ ਵਿੱਚ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਸਮੇਤ 19 ਮੌਤਾਂ

'ਸਾਨੂੰ ਮਹਿਫੂਜ਼ ਨਹੀਂ ਲੱਗ ਰਿਹਾ'
ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨੇ ਗੁਰਦੁਆਰੇ ਦੇ ਨਾਲ ਹੀ ਰਹਿੰਦੇ ਕੁਲਜੀਤ ਸਿੰਘ ਖਾਲਸਾ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ।
ਖਾਲਸਾ ਨੇ ਦੱਸਿਆ, ''ਮੇਰਾ ਘਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਹੈ। ਜਿਵੇਂ ਹੀਂ ਅਸੀਂ ਗੋਲੀਆਂ ਚੱਲਣ ਦੀ ਅਵਾਜ਼ ਸੁਣੀ, ਮੈਂ ਖਿੜਕੀ ਵਿੱਚੋਂ ਬਾਹਰ ਦੇਖਿਆ। ਲੋਕ ਕਹਿ ਰਹੇ ਸਨ ਕਿ ਹਮਲਾਵਰ ਅੰਦਰ ਹਨ।''
ਜਿਸ ਕਾਰ ਵਿੱਚ ਬੰਬ ਸੀ ਉਸ ਵਿੱਚ ਤਾਲਿਬਾਨ ਦੀ ਚੌਂਕੀ ਦੇ ਨੇੜੇ ਧਮਾਕਾ ਕੀਤਾ ਗਿਆ। ਧਮਾਕੇ ਦਾ ਅਸਰ ਨਾਲ ਲਗਦੀਆਂ ਇਮਾਰਤਾਂ ਅਤੇ ਘਰਾਂ ਉੱਪਰ ਵੀ ਮਹਿਸੂਸ ਕੀਤਾ ਗਿਆ।
ਖਾਲਸਾ ਨੇ ਦੱਸਿਆ ਕਿ ਘਟਨਾ ਗੁਰਦੁਆਰੇ ਵਿੱਚ ਸਵੇਰ ਦੀ ਅਰਦਾਸ ਤੋਂ ਡੇਢ ਘੰਟਾ ਪਹਿਲਾਂ ਵਾਪਰੀ ''ਜੇ ਹੋਰ ਦੇਰ ਬਾਅਦ ਅਜਿਹਾ ਹੁੰਦਾ ਤਾਂ ਅੰਦਰ ਹੋਰ ਵੀ ਜ਼ਿਆਦਾ ਲੋਕ ਫ਼ਸੇ ਹੋਣੇ ਸਨ''।
ਸਾਲ 2018 ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਜਲਾਲਾਬਾਦ ਵਿੱਚ ਇੱਕ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਅਤੇ 2020 ਵਿੱਚ ਇੱਕ ਹੋਰ।
ਵੀਡੀਓ: ਵੀਡੀਓ ਸਾਲ 2020 ਵਿੱਚ ਕਾਬੁਲ ਗੁਰਦੁਆਰੇ 'ਤੇ ਹਮਲੇ ਵਿੱਚ 25 ਜਾਨਾਂ ਗਈਆਂ ਸਨ
''ਜਲਾਲਾਬਾਦ ਦੇ ਹਮਲੇ ਸਮੇਂ ਇੱਥੇ ਲਗਭਗ 1500 ਸਿੱਖ ਸਨ। ਉਸ ਤੋਂ ਬਾਅਦ ਲੋਕ ਸੋਚਣ ਲੱਗੇ ਕਿ ਅਸੀਂ ਇੱਥੇ ਨਹੀਂ ਰਹਿ ਸਕਦੇ।'' 2020 ਦੇ ਹਮਲੇ ਤੋਂ ਬਾਅਦ ਹੋਰ ਲੋਕ ਪਲਾਇਨ ਕਰ ਗਏ ਅਤੇ ''ਜਦੋਂ ਪਿਛਲੇ ਸਾਲ ਤਾਲਿਬਾਨ ਨੇ ਸੱਤਾ ਵਿੱਚ ਵਾਪਸੀ ਕੀਤੀ ਤਾਂ ਇੱਥੇ 300 ਸਿੱਖ ਸਨ। ਹੁਣ ਇੱਥੇ ਸਿਰਫ਼ 150 ਦੇ ਲਗਭਗ ਹਨ।''
''ਸਾਡੇ ਸਾਰੇ ਗੁਰਦੁਆਰੇ ਪਹਿਲਾਂ ਹੀ ਸ਼ਹੀਦ ਕਰ ਦਿੱਤੇ ਗਏ ਹਨ ਅਤੇ ਹੁਣ ਜੋ ਇੱਕ ਬਚਿਆ ਸੀ ਉਹ ਵੀ।''
ਗੁਰਦੁਆਰੇ ਦੇ ਧੁਖ ਰਹੇ ਮਲਵੇ ਵਿੱਚ ਡੌਰਭੌਰ ਘੁੰਮ ਰਹੇ ਸਿੱਖਾਂ ਨੇ ਹਮਲੇ ਨੂੰ ਖਤਮ ਕਰਨ ਲਈ ਤਾਲਿਬਾਨ ਦੀ ਮਦਦ ਦਾ ਸ਼ੁਕਰੀਆ ਅਦਾ ਕੀਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਫ਼ੂਜ਼ ਨਹੀਂ ਲੱਗ ਰਿਹਾ 'ਤੇ ਉਹ ਦੇਸ਼ ਛੱਡਣਾ ਚਾਹੁੰਦੇ ਹਨ।
ਸੁਖਬੀਰ ਸਿੰਘ ਖਾਲਸਾ ਨੇ ਕਿਹਾ ਅਸੀਂ ਭਾਰਤ ਸਰਕਾਰ ਨੂੰ ਵੀਜ਼ਾ ਦੇਣ ਲਈ ਕਈ ਵਾਰ ਅਪੀਲ ਕੀਤੀ ਹੈ, ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ।

ਸਾਡੇ ਵਿੱਚੋਂ ਜੋ ਇੱਥੇ ਰਹਿ ਗਏ ਹਨ ਉਹ ਇਸੇ ਕਰਕੇ ਹਨ ਕਿ ਸਾਡੇ ਕੋਲ ਵੀਜ਼ੇ ਨਹੀਂ ਹਨ। ਇੱਥੇ ਕੋਈ ਵੀ ਰਹਿਣਾ ਨਹੀਂ ਚਾਹੁੰਦਾ। ਇਹ ਅੱਜ ਹੋਇਆ ਹੈ। ਇੱਕ ਕੱਲ ਨੂੰ ਫਿਰ ਹੋਵੇਗਾ ਅਤੇ ਉਸ ਤੋਂ ਬਾਅਦ ਫਿਰ।''
ਅਫ਼ਗਾਨਿਸਤਾਨ ਵਿੱਚ ਕਦੇ ਚੋਖੀ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਅਬਾਦੀ ਵਸਦੀ ਸੀ। ਹਾਲਾਂਕਿ ਮੁਲਕ ਵਿੱਚ ਦਹਾਕਿਆਂ ਤੋਂ ਜਾਰੀ ਬਦਅਮਨੀ ਅਤੇ ਅਸਥਿਰਤਾ ਕਰਨਾ ਇਹ ਅਬਾਦੀ ਕੁਝ ਸੈਂਕੜਿਆਂ ਤੱਕ ਸਿਮਟ ਕੇ ਰਹਿ ਗਈ ਹੈ।
ਇਨ੍ਹਾਂ ਨੂੰ ਵੀ ਇਸਲਾਮਿਕ ਸਟੇਟ ਦੀ ਸਥਾਨਿਕ ਸ਼ਾਖਾ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।
ਤਾਲਿਬਾਨ ਨੇ ਭਾਈਚਾਰੇ ਨੂੰ ਅਫ਼ਗਾਨਿਸਤਾਨ ਵਿੱਚ ਰਹਿਣ ਅਤੇ ਆਪਣੇ ਧਰਮ ਦੀ ਪਾਲਣਾ ਕਰਨ ਦੇ ਹੱਕ ਬਾਰੇ ਭਰੋਸਾ ਦਿਵਾਇਆ ਗਿਆ ਸੀ। ਹਾਲਾਂਕਿ ਪਿਛਲੇ ਇੱਕ ਸਾਲ ਦੌਰਾਨ ਦਰਜਣਾਂ ਪਰਿਵਾਰਾਂ ਨੇ ਭਾਰਤ ਪਲਾਇਨ ਕੀਤਾ ਹੈ।
ਕਾਬੁਲ ਦੇ ਐਮਰਜੈਂਸੀ ਹਸਪਤਾਲ ਦੇ ਬਾਹਰ ਆਪਣੇ ਰਿਸ਼ਤੇਦਾਰ ਨੂੰ ਹਸਪਤਾਲ ਲੈ ਕੇ ਪਹੁੰਚੇ ਇੱਕ ਸਿੱਖ ਨੇ ਸਾਨੂੰ ਦੱਸਿਆ ਕਿ ਜੋ ਉੱਥੇ ਰਹਿ ਗਏ ਸਨ ਉਹ ਵੀ ਦੇਸ਼ ਛੱਡ ਕੇ ਜਾਣਾ ਚਾਹੁੰਦੇ ਸਨ ਪਰ ਉਹ ਵੀਜ਼ਾ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














