ਸਆਦਤ ਹਸਨ ਮੰਟੋ ਨੇ ਕਿਹਾ ਸੀ 'ਮੇਰੀ ਕਬਰ 'ਤੇ ਲਿਖਵਾ ਦੇਣਾ ਕਿ ਉਹ ਅੱਜ ਵੀ ਸੋਚਦਾ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ' -ਨਜ਼ਰੀਆ
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ
ਸਆਦਤ ਹਸਨ ਮੰਟੋ ਦਾ ਜਨਮ ਦਿਹਾੜਾ ਹੈ। ਮੰਟੋ ਤੂੰ 43 ਸਾਲ ਦੀ ਉਮਰ 'ਚ ਖੂਨ ਥੁੱਕਦਾ, ਪਾਗਲਖਾਨਿਆਂ ਦੇ ਚੱਕਰ ਲਗਾਉਂਦਾ ਤੁਰ ਗਿਆ ਸੀ। ਅੱਜ ਕਹਿਣਾ ਤਾਂ ਸਾਨੂੰ ਹੈੱਪੀ ਬਰਥ ਡੇਅ ਚਾਹੀਦਾ ਪਰ ਤੂੰ ਹੀ ਸਿਖਾ ਗਿਆ ਸੀ ਕਿ ਗੱਲ ਸਿੱਧੀ-ਸਿੱਧੀ ਕਰਿਆ ਕਰੋ, ਤੇ ਸਿੱਧੀ ਗੱਲ ਇਹ ਹੈ ਕਿ ਬਈ ਮੁਬਾਰਕ ਹੋਵੇ ਤੂੰ ਚੰਗਾ ਕੀਤਾ ਜੋ ਮਰ ਗਿਆ।
ਜੋ ਕੁਝ ਵੀ ਤੂੰ ਵੇਖਿਆ ਉਹ ਲਿਖਿਆ, ਜੋ ਤੂੰ ਲਿਖਿਆ ਉਸ ਨੇ ਤੈਨੂੰ ਜਿਉਣ ਹੀ ਨਾ ਦਿੱਤਾ। ਤੇਰੇ ਬਾਅਦ ਜੋ ਹੋਇਆ ਮੰਟੋ, ਉਹ ਤੇਰੋ ਕੋਲੋਂ ਵੀ ਨਹੀਂ ਸੀ ਲਿਖਿਆ ਜਾਣਾ।
ਤੇਰੇ ਯਾਰ ਕਹਿੰਦੇ ਸਨ ਕਿ ਤੂੰ ਪਾਰਟੀਸ਼ਨ ਦੇ ਸਮੇਂ ਆਪਣੇ ਪਿਆਰੇ ਮੁੰਬਈ ਸ਼ਹਿਰ ਨੂੰ ਛੱਡ ਕੇ ਲਾਹੌਰ ਇਸ ਲਈ ਟੁਰ ਗਿਆ ਸੀ ਕਿਉਂਕਿ ਤੈਨੂੰ ਡਰ ਲੱਗਦਾ ਸੀ ਅਤੇ ਡਰ ਲੱਗਣਾ ਵੀ ਚਾਹੀਦਾ ਸੀ, ਜਦੋਂ ਤੇਰੇ ਆਪਣੇ ਹੀ ਸੱਜਣ ਕਹਿ ਦੇਣ ਕਿ ਅਸੀਂ ਹਿੰਦੂ-ਮੁਸਲਮਾਨ ਦੇ ਚੱਕਰ 'ਚ ਤੈਨੂੰ ਤੇ ਤੇਰਾ ਯਾਰ ਵੀ ਮਾਰ ਸਕਦੇ ਹਾਂ।
ਤੂੰ ਚਾਰ-ਛੇ ਲਾਈਨਾ ਦੀ ਪਾਰਟੀਸ਼ਨ 'ਤੇ ਕਹਾਣੀ ਲਿਖੀ ਸੀ, ਜਿਸ ਦਾ ਨਾਮ ਸੀ 'ਮਿਸਟੇਕ'। ਇੱਕ ਚਾਕੂ ਢਿੱਡ ਪਾੜਦਾ ਹੈ ਅਤੇ ਫਿਰ ਥੱਲੇ ਨੇਫਾ ਕੱਟਦਾ ਹੈ, ਫਿਰ ਮਾਰਨ ਵਾਲੇ ਨੂੰ ਥੱਲੇ ਵੇਖ ਕੇ ਅਫ਼ਸੋਸ ਹੁੰਦਾ ਹੈ, ਤੇ ਉਹ ਕਹਿੰਦਾ ਹੈ - ਓ ਹੋ ਮਿਸਟੇਕ ਹੋ ਗਈ।
ਬਸ ਇਹੀ ਸਮਝ ਲੈ ਕੇ ਜਿਹੜੀ ਮਿਸਟੇਕ ਸੰਨ ਸੰਤਾਲੀ 'ਚ ਸ਼ੁਰੂ ਹੋਈ ਸੀ , ਉਹ ਅੱਜ ਤੱਕ ਜਾਰੀ ਹੈ।
ਮੇਰਿਆ ਝੱਲਿਆ ਵੀਰਾ ਮੰਟੋ, ਤੂੰ ਇੱਕ ਟੋਬਾ ਟੇਕ ਸਿੰਘ ਲਿਖਿਆ ਸੀ, ਹੁਣ ਸਾਰਾ ਹਿੰਦੁਸਤਾਨ, ਪਾਕਿਸਤਾਨ ਟੋਬਾ ਟੇਕ ਸਿੰਘ ਬਣਿਆ ਹੋਇਆ ਹੈ।
ਅਸੀਂ ਤੈਨੂੰ ਪਾਗਲਖਾਨੇ ਪਾਇਆ ਸੀ, ਹੁਣ ਅਸੀਂ ਸਾਰਾ ਹਿੰਦ-ਸਿੰਧ ਹੀ ਪਾਗਲਖਾਨਾ ਬਣਾ ਛੱਡਿਆ ਹੈ।
ਇਹ ਵੀ ਪੜ੍ਹੋ:

ਜੇਕਰ ਤੂੰ ਹਿੰਦੁਸਤਾਨ 'ਚ ਹੁੰਦਾ ਤਾਂ ਉਨ੍ਹਾਂ ਕਹਿਣਾ ਸੀ ਕਿ ਦੇਸ਼ ਕੇ ਗੱਦਾਰਾਂ ਕੋ , ... ਕੋ। ਇੱਥੇ ਪਾਕਿਸਤਾਨ 'ਚ ਪਤਾ ਨਹੀਂ ਕਿੰਨਿਆਂ ਨੇ ਤੈਨੂੰ ਕਾਫ਼ਰ, ਕਾਫ਼ਰ, ਮੰਟੋ ਕਾਫ਼ਰ ਕਹਿ ਕੇ ਨਾਅਰੇ ਲਗਾ ਦੇਣੇ ਸੀ।
ਤੂੰ ਹਮੇਸ਼ਾਂ ਦਿਲੋਂ ਲਿਖਿਆ, ਇੰਝ ਲਿਖਿਆ ਜਿਵੇਂ ਤੇਰੀ ਕਲਮ ਨੂੰ ਅੱਗ ਲੱਗੀ ਹੋਵੇ। ਜਿੰਨ੍ਹਾਂ ਕਾਗਜ਼ਾਂ 'ਤੇ ਤੂੰ ਕਹਾਣੀਆਂ ਲਿਖੀਆਂ, ਉਹ ਕਾਗਜ਼ ਵੀ ਸੜ੍ਹ ਕੇ ਸੁਆਹ ਹੋ ਜਾਣ ਪਰ ਸਾਡੇ ਵੱਡਿਆਂ ਨੂੰ ਤੇਰੀਆਂ ਕਹਾਣੀਆਂ 'ਚ ਸਿਰਫ ਤੇ ਸਿਰਫ ਫਾਹਾਸ਼ੀ (ਅਸ਼ਲੀਲਤਾ) ਹੀ ਨਜ਼ਰ ਆਈ।
ਤੂੰ ਸਾਨੂੰ ਬੇਲੇ ਵਿੱਛੀਆਂ ਲਾਸ਼ਾਂ ਵਿਖਾਈਆਂ, ਉਹ ਕਹਿਣ ਮੰਟੋ ਖੁਸ਼ ਹੈ। ਤੂੰ ਆਖੇ ਇੱਥੇ ਔਰਤ ਲੁੱਟਦੀ, ਕਰਲਾਉਂਦੀ ਤੁਰਦੀ ਹੈ, ਉਹ ਕਹਿਣ ਵੇਖੋ ਮੰਟੋ ਫਿਰ ਗੰਦੀਆਂ ਗੱਲਾਂ ਕਰਦਾ ਪਿਆ ਹੈ।
ਤਿੰਨ ਕੇਸ ਤੇਰੇ 'ਤੇ ਅੰਗਰੇਜ਼ ਸਰਕਾਰ ਨੇ ਕੀਤੇ।
ਅਸੀਂ ਫਿਰ ਅੰਗਰੇਜ਼ਾ ਤੋਂ ਆਜ਼ਾਦੀ ਲੈ ਲਈ, ਪਾਕਿਸਤਾਨ ਬਣਾ ਲਿਆ। ਇਸ ਚੱਕਰ 'ਚ ਕਰੋੜਾਂ ਬੰਦੇ ਘਰੋਂ ਬੇਘਰ ਹੋ ਗਏ।
ਕੋਈ 20 ਲੱਖ ਬੰਦਾ ਅਸੀਂ ਬਰਛੀਆਂ, ਕੁਹਾੜੀਆਂ ਨਾਲ ਮਾਰ ਛੱਡਿਆ। ਉਸ ਤੋਂ ਬਾਅਦ ਵੀ ਸਾਡੀ ਨਵੀਂ ਸਰਕਾਰ ਨੂੰ ਫਿਕਰ ਕੀ- ਉਹ ਵੇਖੋ ਮੰਟੋ ਫਿਰ ਗੰਦ ਪਿਆ ਲਿੱਖਦਾ ਹੈ।
ਤਿੰਨ ਕੇਸ ਸਾਡੀ ਨਵੀਂ ਆਜ਼ਾਦ ਸਰਕਾਰ ਨੇ ਤੇਰੇ 'ਤੇ ਫਿਰ ਠੋਕ ਦਿੱਤੇ।
ਤੂੰ ਕਲਮ ਦਾ ਮਜ਼ਦੂਰ ਸੀ, ਆਪਣੀਆਂ ਬੱਚੀਆਂ ਦੀ ਦਵਾਈ ਲਈ ਤੇ ਆਪਣੀ ਦਾਰੂ ਲਈ ਕਾਗਜ਼ ਹੀ ਕਾਲੇ ਕਰਨੇ ਸਨ।

ਤਸਵੀਰ ਸਰੋਤ, other
ਅਸੀਂ ਤੇਰੀ ਰੋਟੀ ਰੋਜ਼ੀ ਵੀ ਬੰਦ ਕਰ ਦਿੱਤੀ। ਤੂੰ ਤੇਰੀ ਕਲਮ ਦੋਵੇਂ ਹੀ ਖੂਨ ਥੁੱਕਦੇ ਇਸ ਜ਼ਾਲਮ ਦੁਨੀਆ ਤੋਂ ਤੁਰ ਗਏ।
ਝੱਲਿਆ, ਨਾਮ ਤਾਂ ਤੇਰਾ ਵੱਡਾ ਸੀ ਪਰ ਆਕੜ ਤੇਰੀ ਉਸ ਤੋਂ ਵੀ ਵੱਡੀ ਸੀ। ਅਮਰੀਕੀ ਤੇਰੇ ਘਰ ਤੁਰ ਕੇ ਆਏ ਪਰ ਤੂੰ ਉਨ੍ਹਾਂ ਦੇ ਡਾਲਰ ਉਨ੍ਹਾਂ ਦੇ ਹੀ ਮੂੰਹ 'ਤੇ ਮਾਰੇ ਅਤੇ ਨਾਲ ਹੀ ਅੰਕਲ ਸਾਹਿਬ ਨੂੰ ਜੁਗਤ ਵੀ ਲਗਾਈ ਕਿ ਸਾਨੂੰ ਅਸਲ੍ਹਾ ਦਿਓ, ਸਾਡੇ ਮੌਲਵੀਆਂ ਦੀ ਮਦਦ ਕਰੋ, ਇਹ ਤੁਹਾਡੇ ਬਹੁਤ ਕੰਮ ਆਉਣਗੇ।
ਅਮਰੀਕੀਆਂ ਨੇ ਤੇਰੀ ਜੁਗਤ ਨੂੰ ਆਪਣੀ ਵਿਦੇਸ਼ ਨੀਤੀ ਬਣਾ ਲਿਆ ਅਤੇ ਅਸੀਂ ਅੱਜ ਤੱਕ ਭੁਗਤ ਰਹੇ ਹਾਂ।
ਮੰਟੋ ਤੂੰ ਜਦੋਂ ਤੱਕ ਜਿਉਂਦਾ ਰਿਹਾ, ਤੇਰੇ ਤੋਂ ਸਾਡੇ ਜੱਜ ਵੀ ਪਰੇਸ਼ਾਨ, ਪ੍ਰਕਾਸ਼ਕ ਵੀ ਹੈਰਾਨ, ਤੇਰੇ ਲਿਖਾਰੀ ਸੱਜਣ ਵੀ ਕਹਿਣ ਕਿ ਗੱਲ ਤਾਂ ਤੂੰ ਸੱਚੀ ਕਰਦਾ ਹੈ, ਪਰ ਤੈਨੂੰ ਗੱਲ ਕਰਨ ਦੀ ਤਮੀਜ਼ ਕੋਈ ਨਹੀਂ।
ਤੂੰ ਆਖਿਆ, ਮੈਂ ਲਿਖਾਰੀ ਹਾਂ, ਧੋਬੀ ਨਹੀਂ ਜੋ ਤੁਹਾਡੇ ਗੰਦੇ ਕੱਪੜੇ ਧੋਈ ਜਾਵਾਂ।
ਇਹ ਸੁਣ ਕੇ ਵੈਸੇ ਤੈਨੂੰ ਹਾਸਾ ਆਵੇਗਾ ਕਿ ਅਸੀਂ ਤੈਨੂੰ ਆਰਾਮ ਨਾਲ ਜਿਉਣ ਤਾਂ ਨਹੀਂ ਦਿੱਤਾ ਪਰ ਤੇਰੇ ਮਰਨ ਤੋਂ ਬਾਅਦ ਅਸੀਂ ਮੰਟੋ, ਮੰਟੋ ਕਰਦੇ ਰਹਿੰਦੇ ਹਾਂ।
ਪਿਆਰ ਤੈਨੂੰ ਉੱਥੋਂ ਹੀ ਲੱਭਿਆ, ਜਿੱਥੋਂ ਤੈਨੂੰ ਚਾਹੀਦਾ ਸੀ ਯਾਨੀ ਕਿ ਪੜ੍ਹਨ ਵਾਲਿਆਂ ਤੋਂ। ਤੇਰੇ ਪੜ੍ਹਨ ਵਾਲੇ ਅੱਜ ਵੀ ਤੈਨੂੰ ਰੱਜ ਕੇ ਪਿਆਰ ਕਰਦੇ ਹਨ।

ਉਹ ਇੰਨਾ ਪਿਆਰ ਕਰਦੇ ਹਨ, ਜਿੰਨਾ ਉਨ੍ਹਾਂ ਨੇ ਕਦੇ ਵੀ ਕਿਸੇ ਜ਼ਿੰਦਾ ਜਾਂ ਮੁਰਦਾ ਲਿਖਾਰੀ ਨੂੰ ਨਹੀਂ ਕੀਤਾ।
ਤੂੰ ਕਿਹਾ ਸੀ ਕਿ ਮੇਰੀ ਕਬਰ 'ਤੇ ਲਿਖਵਾ ਦੇਣਾ ਕਿ ਇੱਥੇ ਮੰਟੋ ਪਿਆ ਹੈ, ਅੱਜ ਵੀ ਸੋਚਦਾ ਪਿਆ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ।
ਅਸੀਂ ਡਰੇ ਹੋਏ ਲੋਕ ਹਾਂ। ਅਸੀਂ ਤੇਰੀ ਕਬਰ 'ਤੇ ਇਹ ਤਾਂ ਨਹੀਂ ਲਿਖਵਾ ਸਕੇ ਪਰ ਹੁਣ ਯਕੀਨ ਹੈ ਕਿ ਤੂੰ ਆਪਣੇ ਰੱਬ ਕੋਲ ਹੈਂ ਅਤੇ ਆਪਣੇ ਰੱਬ ਨਾਲ ਆਪ ਹੀ ਮੁੱਕ ਲੈ ਕਿ ਕਿਹੜਾ ਵੱਡਾ ਲਿਖਾਰੀ ਹੈ ਅਤੇ ਨਾਲ ਹੀ ਸਾਡੀਆਂ ਸਾਰੀਆਂ ਮਿਸਟੇਕਾਂ ਦੀ ਮੁਆਫ਼ੀ ਵੀ ਮੰਗ ਲਵੀਂ ।
ਹੈੱਪੀ ਬਰਥਡੇਅ ਮੰਟੋ, ਸਾਡੇ ਦਿਲਾਂ 'ਚ ਜਿਉਂਦੇ ਰਹੋ।
ਰੱਬ ਰਾਖਾ!
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













