ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਵਿੱਚ ਕੀ ਕੁਝ ਬਦਲਿਆ ਹੈ, ਕੀ ਰੂਸ ਦੀ 'ਤਰੱਕੀ' ਨੂੰ ਪੁੱਠਾ ਗੇੜ ਪੈ ਗਿਆ ਹੈ

ਤਸਵੀਰ ਸਰੋਤ, Getty Images
ਜਦੋਂ ਤੋਂ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਹੈ, ਰੂਸ ਵਾਸੀਆਂ ਲਈ ਜ਼ਿੰਦਗੀ ਬਹੁਤ ਬਦਲ ਗਈ ਹੈ।
ਉਨ੍ਹਾਂ ਲਈ ਵਿਦੇਸ਼ਾਂ ਦੇ ਦਰਵਾਜ਼ੇ ਬੰਦ ਹੋ ਰਹੇ ਹਨ। ਮਹਿੰਗਾਈ ਰਾਕਟ ਵਾਂਗ ਵਧ ਰਹੀ ਹੈ। ਪੱਛਮੀ ਕੰਪਨੀਆਂ ਇੱਕ ਤੋਂ ਬਾਅਦ ਇੱਕ ਕਰਕੇ ਰੂਸ ਵਿੱਚ ਆਪਣੇ ਕਾਰੋਬਾਰ ਸਮੇਟ ਰਹੀਆਂ ਹਨ।
ਬੋਇੰਗ ਅਤੇ ਏਅਰਬਸ, ਐਪਲ ਤੇ ਨੋਕੀਆ, IKEA ਕੇ ਐਕਸਮੋਬਿਨ, ਬੀਐਮਡਬਲਿਊ ਤੇ ਫੋਰਡ ਉਨ੍ਹਾਂ ਸੈਂਕੜੇ ਕੰਪਨੀਆਂ ਵਿੱਚੋਂ ਕੁਝ ਹਨ ਜਿਨ੍ਹਾਂ ਨੇ ਰੂਸ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਕੌਮਾਂਤਰੀ ਭੁਗਤਾਨ ਪ੍ਰਣਾਲੀ ਸਵਿਫ਼ਟ ਵਿੱਚੋਂ ਕਈ ਰੂਸੀ ਵਿੱਤੀ ਅਦਾਰੇ ਤੇ ਬੈਂਕ ਬਾਹਰ ਕੀਤੇ ਜਾ ਚੁੱਕੇ ਹਨ। ਵੀਜ਼ਾ ਅਤੇ ਮਾਸਟਰ ਕਾਰਡ ਨੇ ਵੀ ਰੂਸੀ ਗਾਹਕਾਂ ਲਈ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਰੂਸ ਵਿੱਚ ਪੂੰਜੀਵਾਦ ਦਾ ਪ੍ਰਤੀਕ ਮੈਕਡੌਨਲਡ ਨੇ ਦੇਸ ਵਿੱਚੋਂ ਆਪਣੇ ਸਾਰੇ ਆਊਟਲੈਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਅਚਾਨਕ ਦੇਖਣ ਵਿੱਚ ਆ ਰਿਹਾ ਹੈ ਕਿ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਰੂਸ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋਈਆਂ ਸਨ ਅਚਾਨਕ ਮੁੜ ਅਲੋਪ ਹੋਣ ਲੱਗ ਪਈਆਂ ਹਨ।
ਇੱਕ ਨਜ਼ਰ ਉਨ੍ਹਾਂ ਸ਼ੈਆਂ ਉੱਪਰ ਜੋ ਰੂਸ ਵਿੱਚੋਂ ਅਲੋਪ ਹੋ ਰਹੀਆਂ ਹਨ-
ਵਿਦੇਸ਼ੀ ਮੁਦਰਾ
ਸੋਵੀਅਤ ਸੰਘ ਦੇ ਸਮੇਂ ਦੌਰਾਨ ਵਿਦੇਸ਼ੀ ਮੁਦਰਾ ਦੇ ਮੁਕਤ ਵਟਾਂਦਰੇ ਉੱਪਰ ਪਾਬੰਦੀ ਸੀ। ਜਿਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਰੂਪ ਵਿੱਚ ਮੁੱਦਰਾ ਵਟਾਂਦਰਾ ਕਰਦਿਆਂ ਫੜ ਲਿਆ ਜਾਂਦਾ ਸੀ ਉਨ੍ਹਾਂ ਨੂੰ ਜੁਰਮਾਨੇ ਤੋਂ ਇਲਾਵਾ ਸਜ਼ਾਏ ਮੌਤ ਵੀ ਹੋ ਸਕਦੀ ਸੀ।
ਸਰਕਾਰੀ ਐਕਸਚੇਂਜ ਦਰ ਜਿਵੇਂ ਇੱਕ ਲਤੀਫ਼ਾ ਸੀ। ਤੁਹਾਨੂੰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 64 ਕਾਗੈਕਸ (ਇੱਕ ਰੂਬਲ ਦਾ ਸੌਵਾਂ ਹਿੱਸਾ) ਮਿਲਦੇ ਸਨ। ਜਦਕਿ ਕਾਲੇ ਬਜ਼ਾਰ ਵਿੱਚ ਡਾਲਰ ਬਹੁਤ ਮਹਿੰਗਾ ਵਿਕਦਾ ਸੀ।
ਕਲਾਕਾਰ ਅਤੇ ਵਿਦੇਸ਼ੀ ਕਾਰੋਬਾਰੀ ਦੌਰਿਆਂ ਤੇ ਵਿਦੇਸ਼ ਜਾਣ ਵਾਲਿਆਂ ਨੂੰ ਥੋੜ੍ਹੀ-ਬਹੁਤ ਵਿਦੇਸ਼ੀ ਕਰੰਸੀ ਰੱਖਣ ਦੀ ਖੁੱਲ੍ਹ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, TASS
ਹੁਣ ਕੀ ਹਾਲ...
ਬੁੱਧਵਾਰ ਰਾਤ ਨੂੰ ਰੂਸ ਦੇ ਕੇਂਦਰੀ ਬੈਂਕ ਨੇ ਵਿਦੇਸ਼ੀ ਮੁਦਰਾ ਵਿੱਚ ਨਗਦ ਲੈਣ-ਦੇਣ ਦੀ ਸੀਮਾ ਤੈਅ ਕਰ ਦਿੱਤੀ। ਹੁਣ ਰੂਸ ਵਿੱਚ ਕੋਈ ਵੀ ਵਿਦੇਸ਼ੀ ਕੰਰਸੀ ਖਰੀਦਣਾ ਗੈਰ-ਕਾਨੂੰਨੀ ਹੈ।
ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਰੂਸੀ ਨਾਗਰਿਕ ਹੁਣ ਵਿਦੇਸ਼ ਦੌਰੇ ਲਈ ਵੀ ਵਿਦੇਸ਼ੀ ਮੁਦਰਾ ਨਹੀਂ ਖਰੀਦ ਸਕਦੇ। ਹੁਣ ਤੁਸੀਂ ਸਿਰਫ਼ ਰੂਸ ਦੇ ਮੀਰ (ਵਿਸ਼ਵ) ਬੈਂਕ ਕਾਰਡ ਜ਼ਰੀਏ ਹੀ ਵਿਦੇਸ਼ੀ ਕਰੰਸੀ ਹਾਸਲ ਕਰ ਸਕਦੇ ਹੋ।
ਹਾਲਾਂਕਿ ਮੀਰ ਨੂੰ ਸਿਰਫ਼ - ਤੁਰਕੀ, ਵੀਅਤਨਾਮ, ਅਰਮੇਨੀਆ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਜ਼ੀਆ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਮਾਨਤਾ ਹਾਸਲ ਹੈ।
ਦੇਸ਼ ਦੀ ਕਰੰਸੀ ਵਾਲੇ ਖਾਤਾ ਧਾਰਕ ਵੀ ਵੱਧ ਤੋਂ ਵੱਧ ਇੱਕ ਹੱਦ ਤੱਕ ਹੀ ਡਾਲਰਾਂ ਵਿੱਚ ਪੈਸੇ ਲੇ ਸਕਦੇ ਹਨ। ਬਾਕੀ ਰਾਸ਼ੀ ਉਨ੍ਹਾਂ ਨੂੰ ਰੂਸੀ ਕਰੰਸੀ ਰੂਬਲ ਵਿੱਚ ਹੀ ਮਿਲੇਗੀ। ਉਹ ਯੂਰੋ ਤਾਂ ਬਿਲਕੁਲ ਵੀ ਨਹੀਂ ਲੈ ਸਕਦੇ।
ਨਾਗਰਿਕ ਵਿਦੇਸ਼ੀ ਕੰਰਸੀ ਖਾਤੇ ਖੁਲ੍ਹਵਾ ਸਕਦੇ ਹਨ ਅਤੇ ਜਮ੍ਹਾਂ ਵੀ ਕਰਵਾ ਸਕਦੇ ਹਨ ਪਰ ਕਢਵਾ ਸਿਰਫ਼ ਰੂਬਲਾਂ ਵਿੱਚ ਸਕਣਗੇ।
ਕੇਂਦਰੀ ਬੈਂਕ ਮੁਤਾਬਕ ਇਹ ਬੰਦੋਬਸਤ ਨੌਵੇਂ ਮਹੀਨੇ ਦੀ ਨੌਂ ਤਰੀਕ ਤੱਕ ਅਮਲ ਵਿੱਚ ਰਹਿਣਗੇ।
ਵਿਦੇਸ਼ ਸਫ਼ਰ
ਵਿਦੇਸ਼ ਯਾਤਰਾ ਦੇ ਚਾਹਵਾਨ ਰੂਸੀ ਨਾਗਰਿਕ ਦਾ ਬੇਦਾਗ ਰਿਕਾਰਡ ਹੋਣਾ ਚਾਹੀਦਾ ਸੀ। ਤੁਹਾਨੂੰ ਬਹੁਤ ਸਾਰੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਸਨ। ਵਿਦੇਸ਼ ਜਾਣ ਵਾਲੇ ਲੋਕਾਂ ਦੀ ਰੂਸ ਦੀ ਖੂਫ਼ੀਆ ਏਜੰਸੀ ਕੇਜੀਬੀ ਵੱਲੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਸੀ।
ਕੂਟਨੀਤਕਾਂ ਅਤੇ ਇੰਟੈਲੀਜੈਂਸ ਅਧਿਕਾਰੀਆਂ ਤੋਂ ਇਲਾਵਾ ਵਿਦੇਸ਼ੀ ਪਾਸਪੋਰਟ ਸੇਲਰਾਂ, ਖਿਡਾਰੀਆਂ, ਕਲਾਕਾਰਾਂ ਅਤੇ ਸਮਾਜਵਾਦੀ ਦੇਸਾਂ ਦੇ ਦੌਰੇ 'ਤੇ ਟੂਰ ਪੈਕੇਜ ਦੇ ਹਿੱਸੇ ਵਜੋਂ ਸਮਾਜਵਾਦੀ ਮੁਲਕਾਂ ਦੀ ਫੇਰੀ 'ਤੇ ਜਾਣ ਵਾਲੇ ਸੈਲਾਨੀਆਂ ਨੂੰ ਦਿੱਤੇ ਜਾਂਦੇ ਸਨ।
ਸੋਵੀਅਤ ਸੰਘ ਦੇ ਜ਼ਿਆਦਾਤਰ ਨਾਗਰਿਕਾਂ ਲਈ ਵਿਦੇਸ਼ ਜਾਣਾ ਲਗਭਗ ਪਹੁੰਚ ਤੋਂ ਬਾਹਰ ਸੀ।

ਤਸਵੀਰ ਸਰੋਤ, Getty Images
ਹੁਣ ਕੀ ਹਾਲ...
ਹਾਲਾਂਕਿ ਰਸਮੀ ਤੌਰ 'ਤੇ ਰੂਸ ਛੱਡਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਇਹ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਰੂਸ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਯੂਰਪੀ ਯੂਨੀਅਨ ਦੇ ਦੇਸ, ਅਮਰੀਕਾ ਅਤੇ ਕੈਨੇਡਾ ਨੇ ਰੂਸੀ ਜਹਾਜ਼ਾਂ ਲਈ ਆਪਣੇ ਅਕਾਸ਼ ਬੰਦ ਕਰ ਲਏ ਹਨ।
ਰੂਸ ਦੀ ਏਵੀਏਸ਼ਨ ਅਥਾਰਟੀ ਨੇ ਸਿਫ਼ਾਰਿਸ਼ ਕੀਤੀ ਹੈ ਕਿ ਰੂਸੀ ਹਵਾਈ ਕੰਪਨੀਆਂ ਆਪਣੇ ਜਹਾਜ਼ ਵਿਦੇਸ਼ ਨਾ ਭੇਜਣ ਕਿਉਂਕਿ ਉਨ੍ਹਾਂ ਦੇ ਜਹਾਜ਼ ਮੇਜ਼ਬਾਨ ਦੇਸਾਂ ਵੱਲੋਂ ਜ਼ਬਤ ਕੀਤੇ ਜਾ ਸਕਦੇ ਹਨ।
ਰਿਪੋਰਟਾਂ ਵਿੱਚ ਆ ਰਿਹਾ ਹੈ ਕਿ ਕੁਝ ਕਾਊਂਸਲੇਟਾਂ ਨੇ ਰੂਸੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ।
ਰੂਸੀ ਨਾਗਰਿਕਾਂ ਨੂੰ ਡਾਲਰ ਵੇਚਣ ਉੱਪਰ ਲਗਾਈ ਪਾਬੰਦੀ ਵੀ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਵਰਜੇਗੀ।
ਮੀਡੀਆ ਦੀ ਸਥਿਤੀ
ਜਦੋਂ ਤੱਕ ਰੂਸ ਦੇ ਤਤਕਾਲੀ ਰਾਸ਼ਟਰਪਤੀ ਮਿਖਾਇਲ ਗਰਬਾਚੋਵ ਨੇ ਪੁਨਰਗਠਨ ਅਤੇ ਖੁੱਲ੍ਹਾਪਣ ਦੀ ਨੀਤੀ ਲਾਗੂ ਨਹੀਂ ਕੀਤੀ ਸੀ, ਉਦੋਂ ਤੱਕ ਰੂਸ ਵਿੱਚ ਅਜ਼ਾਦ ਅਤੇ ਮੀਡੀਆ ਦੀ ਕੋਈ ਹੋਂਦ ਨਹੀਂ ਸੀ।
ਸਾਰੀਆਂ ਅਖ਼ਬਾਰਾਂ, ਰਸਾਲਿਆ, ਟੀਵੀ ਅਤੇ ਰੇਡੀਓ ਸਟੇਸ਼ਨਾਂ ਨੂੰ ਸਰਕਾਰ ਵੱਲੋਂ ਫੰਡਿੰਗ ਮਿਲਦੀ ਸੀ ਅਤੇ ਉਨ੍ਹਾਂ ਉੱਪਰ ਕਮਿਊਨਿਸਟ ਪਾਰਟੀ ਅਤੇ ਸੂਹੀਆ ਸੇਵਾ ਦਾ ਕੰਟਰੋਲ ਹੁੰਦਾ ਸੀ।
ਸੋਵੀਅਤ ਕਾਲ ਵਿੱਚ ਮੀਡੀਆ ਦਾ ਮੁੱਖ ਮੰਤਵ ਜਿਵੇਂ ਸਮਾਜਵਾਦੀ ਨਿਜ਼ਾਮ ਲਈ ਪ੍ਰਾਪੇਗੰਡਾ ਸਮੱਗਰੀ ਤਿਆਰ ਕਰਨਾ, ਪੱਛਮੀ ਵਿਚਾਰਧਾਰਾ ਦੀ ਵਿਰੋਧਤਾ ਅਤੇ ਲੋਕਾਂ ਨੂੰ ਸਮਝਾਉਣਾ ਸੀ ਕਿ ਕਿਉਂ ਸਿਰਫ਼ ਕਮਿਊਨਿਸਟ ਪਾਰਟੀ ਆਫ਼ ਸੋਵੀਅਤ ਯੂਨੀਅਨ ਹੀ ਉਨ੍ਹਾਂ ਨੂੰ ਸਹੀ ਰਸਤੇ ਉੱਪਰ ਲਿਜਾ ਸਕਦੀ ਹੈ।

ਤਸਵੀਰ ਸਰੋਤ, Getty Images
ਹੁਣ ਕੀ ਹਾਲ...
24 ਫ਼ਰਵਰੀ ਤੋਂ ਰੂਸ ਦੇ ਮੀਡੀਆ ਵਾਚਡਾਗ ਰੋਸਕੋਮਨਾਡਜ਼ੋਰ ਨੇ ਜ਼ਿਆਦਾਤਰ ਸੁਤੰਤਰ ਮੀਡੀਆ ਅਦਾਰਿਆਂ ਉੱਪਰ ਪਾਬੰਦੀ ਲਗਾ ਦਿੱਤੀ ਹੈ।
ਜਿਹੜੇ ਪਾਠਕ ਅਜ਼ਾਦ ਮੀਡੀਆ ਨੂੰ ਫੌਲੋ ਕਰਨਾ ਚਾਹੁੰਦੇ ਹਨ ਉਹ ਟੈਲੀਗ੍ਰਾਮ ਰਾਹੀ ਆਪਣੀ ਲੋੜ ਪੂਰੀ ਕਰ ਰਹੇ ਹਨ।
ਟੀਵੀ ਡੋਜ਼ਡ ਨੇ ਐਲਾਨ ਕੀਤਾ ਕੀ ਉਹ ਹੁਣ ਆਪਣਾ ਪ੍ਰਸਾਰਨ ਨਹੀਂ ਕਰਨਗੇ।(ਪਿਛਲੇ ਸਾਲ ਚੈਨਲ ਨੂੰ ਵਿਦੇਸ਼ੀ ਏਜੰਟਾਂ ਦੀ ਸੂਚੀ ਵਿੱਚ ਰੱਖ ਦਿੱਤਾ ਗਿਆ ਸੀ।)
ਦਿ ਈਕੋ ਮਾਸਕੋ ਰੇਡੀਓ ਸਟੇਸ਼ਨ ਜਿਸ ਦੇ ਮਾਲਕ ਗਾਜ਼ਪਰੋਮ ਮੀਡੀਆ ਵਾਲੇ ਹਨ ਨੂੰ ਪਿਛਲੇ ਹਫ਼ਤੇ ਬੋਰਡ ਆਫ਼ ਡਾਇਰਕੈਟਰਾਂ ਵੱਲੋਂ ਬੰਦ ਕਰ ਦਿੱਤਾ ਗਿਆ। ਇਸ ਦੀ ਰੇਡੀਓ ਫਰੀਕੁਏਂਸੀ ਨੂੰ ਸਰਕਾਰੀ ਰੇਡੀਓ ਚੈਨਲ ਸਪੂਤਨੀਕ ਨੇ ਆਪਣੇ ਅਧੀਨ ਕਰ ਲਿਆ।
ਇੱਕ ਨਵੇਂ ਕਾਨੂੰਨ ਮੁਤਾਬਕ ਜੰਗ ਬਾਰੇ ਝੂਠੀ ਰਿਪੋਰਟਿੰਗ ਲਈ ਸਜ਼ਾ ਦਾ ਬੰਦੋਬਸਤ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਤੁਹਾਨੂੰ 15 ਸਾਲ ਦੀ ਕੈਦ ਹੋ ਸਕਦੀ ਹੈ।
ਇਸ ਕਾਨੂੰਨ ਕਾਰਨ ਕਈ ਅਜ਼ਾਦ ਮੀਡੀਆ ਅਦਾਰਿਆਂ ਨੇ ਆਪਣੇ ਰਿਪੋਰਟਰ ਜਾਂ ਤਾਂ ਰੂਸ ਤੋਂ ਬਾਹਰ ਕੱਢ ਲਏ ਹਨ ਜਾਂ ਉਨ੍ਹਾਂ ਨਾਲੋਂ ਕਰਾਰ ਖਤਮ ਕਰ ਦਿੱਤੇ ਹਨ।
ਬਾਹਰ ਖਾਣਾ ਖਾਣਾ
ਸੋਵੀਅਤ ਸੰਘ ਦੌਰਾਨ ਘਰੋਂ ਬਾਹਰ ਖਾਣਾ ਖਾਣ ਲਈ ਤਿੰਨ ਤਰ੍ਹਾਂ ਦੀਆਂ ਥਾਵਾਂ ਸਨ।

ਤਸਵੀਰ ਸਰੋਤ, Getty Images
ਸਸਤੀਆਂ- ਫੈਕਟਰੀ ਕੰਟੀਨਾਂ, ਜਿੱਥੇ ਤੁਸੀਂ ਇੱਕ ਰੂਬਲ ਵਿੱਚ ਪੇਟ ਭਰ ਖਾਣਾ ਖਾ ਸਕਦੇ ਸੀ।
ਗੈਰ-ਮਨੋਰੰਜਕ- ਰੇਲਵੇ ਸਟੇਸ਼ਨ ਕੈਫ਼ੇ ਅਤੇ ਬਾਰ ਜਿੱਥੇ ਤੁਸੀਂ ਵੋਡਕਾ, ਕੇਕ, ਦੁੱਧ ਵਾਲੀ ਚਾਹ ਪੀ ਸਕਦੇ ਸੀ।
ਤੀਜੇ ਸਨ ਮਹਿੰਗੇ ਰੈਸਟੋਰੈਂਟ ਜਿੱਥੇ ਤੁਸੀਂ ਪਕਵਾਨ ਅਤੇ ਨਿਮਰਤਾ ਸਹਿਤ ਕੀਤੀ ਜਾਂਦੀ ਮੇਜ਼ਬਾਨੀ ਦਾ ਆਨੰਦ ਲੈ ਸਕਦੇ ਸੀ। ਇਹ ਰੈਸਟੋਰੈਂਟ ਬਹੁਗਿਣਤੀ ਰੂਸੀ ਨਾਗਰਿਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਸਨ।
31 ਜਨਵਰੀ 1990 ਨੂੰ ਮੈਕਡੌਨਲਡਜ਼ ਨੇ ਰੂਸ ਵਿੱਚ ਆਪਣਾ ਪਹਿਲਾ ਆਊਟਲੈਟ ਖੋਲ੍ਹਿਆ। ਹਾਲਾਂਕਿ ਰੂਸ ਉਸ ਸਮੇਂ ਵੀ ਸੋਵੀਅਤ ਸੰਘ ਹੀ ਸੀ।
ਹੁਣ ਕੀ ਹਾਲ...
ਅੱਠ ਮਾਰਚ ਨੂੰ ਮੈਕਡੌਨਲਜ਼ ਨੇ ਰੂਸ ਵਿਚਲੇ ਆਪਣੇ ਸਾਰੇ ਆਊਟਲੈਟ ਅਤੇ ਰੂਸ ਦੀ ਸ਼ੇਅਰ ਮਾਰਕਿਟ ਵਿੱਚ ਆਪਣੀ ਟਰੇਡਿੰਗ ਗਤੀਵਿਧੀਆਂ ਆਰਜ਼ੀ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ।
ਇਹ ਸਪੱਸ਼ਟ ਨਹੀਂ ਹੈ ਕਿ ਰੂਸ ਦੇ ਰੈਸੋਟਰੈਂਟ ਕਾਰੋਬਾਰ ਦਾ ਕੀ ਬਣੇਗਾ।
ਮੈਕਡੀ, ਸਟਾਰਬਕਸ ਅਤੇ ਕੇਐਫ਼ਸੀ ਦੇ ਮਾਲਕਾਂ ਅਤੇ ਹੋਰਾਂ ਨੇ ਰੂਸ ਵਿੱਚ ਆਪਣੇ ਕਾਰੋਬਾਰ ਆਰਜ਼ੀ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।
ਹਾਲਾਂਕਿ ਕੇਐਫ਼ਸੀ ਅਤੇ ਬਰਗਰ ਕਿੰਗ ਕਿਉਂਕਿ ਰੂਸ ਵਿੱਚ ਫਰੈਂਚਾਈਜ਼ੀ ਪ੍ਰਣਾਲੀ ਤਹਿਤ ਕੰਮ ਕਰਦਾ ਹੈ ਇਸ ਲਈ ਉਹ ਕੰਮ ਕਰਦੇ ਰਹਿ ਸਕਣਗੇ।
ਜਦੋਂ ਤੋਂ ਯੂਕਰੇਨ ਵਿੱਚ ਜੰਗ ਛਿੜੀ ਹੈ। ਰਾਜਧਾਨੀ ਮਾਸਕੋ ਦੇ ਰੈਸਟੋਰੈਂਟਾਂ ਵਿੱਚ ਲੋਕਾਂ ਦੀ ਭੀੜ ਘਟੀ ਹੈ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੂਬਲ ਦੇ ਮੁੱਲ ਵਿੱਚ ਆਈ ਗਿਰਾਵਟ ਕਾਰਨ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਰੈਸਟੋਰੈਂਟਾਂ ਨੂੰ ਇਸ ਨਵੀਂ ਤਬਦੀਲੀ ਨਾਲ ਸਮਝੌਤਾ ਕਰਨਾ ਪਵੇਗਾ।
ਭੋਜਨ ਅਤੇ ਗਾਹਕੀ ਵਰਤੋਂ ਦੀਆਂ ਵਸਤਾਂ
ਸੋਵੀਅਤ ਸੰਘ ਨੂੰ ਖਾਲੀ ਸ਼ੈਲਫ਼ਾਂ ਵਾਲੀਆਂ ਸੂਪਰ ਮਾਰਕਿਟਾਂ ਅਤੇ ਪੂਰਤੀ ਦੀ ਨਿਰੰਤਰ ਕਮੀ ਨਾਲ ਜੂਝਦੇ ਰਹਿਣ ਕਰਕੇ ਜਾਣਿਆ ਜਾਂਦਾ ਸੀ।
ਅੰਤਹੀਣ ਕਤਾਰਾਂ ਲੱਗੀਆਂ ਹੁੰਦੀਆਂ ਸਨ। ਹਰ ਖੇਤਰ ਵਿੱਚ ਖਾਸ ਕਿਸਮ ਦੀ ਪੂਰਤੀ ਘੱਟ ਹੁੰਦੀ ਸੀ।
ਸਭ ਤੋਂ ਮੁਸ਼ਕਲ ਨਾਲ ਮਿਲਦੀਆਂ ਸਨ ਕਾਰਾਂ ਅਤੇ ਘਰੇਲੂ ਉਪਕਰਣ।

ਤਸਵੀਰ ਸਰੋਤ, Getty Images
ਬਿਜਲੀ ਦੀਆਂ ਵਸਤੂਆਂ, ਵਧੀਆ ਜੁੱਤੇ, ਕਿਤਾਬਾਂ, ਕਾਸਮੈਟਿਕਸ ਸਾਰਿਆਂ ਦੀ ਕਮੀ ਰਹਿੰਦੀ ਸੀ।
ਸੋਵੀਅਤ ਨਾਗਰਿਕ ਇਸ ਬੇਰਹਿਮ ਸੱਚਾਈ ਤੋਂ ਜਾਣੂ ਸਨ ਕਿ ਪੱਛਮ ਵਿੱਚ ਸੂਪਰ ਮਾਰਕਿਟਾਂ ਦੀਆਂ ਸ਼ੈਲਫ਼ਾਂ ਸਮਾਨ ਨਾਲ ਡੁੱਲੂੰ-ਡੁੱਲੂੰ ਕਰਦੀਆਂ ਭਰੀਆਂ ਰਹਿੰਦੀਆਂ ਸਨ।
ਹੁਣ ਕੀ ਹਾਲ..
ਫਿਲਹਾਲ ਦੀ ਘੜੀ ਤਾਂ ਰੂਸ ਵਿੱਚ ਕੋਈ ਵੀ ਭਾਰੀ ਕਮੀ ਦੀ ਗੱਲ ਨਹੀਂ ਕਰ ਰਿਹਾ ਪਰ ਪੂਰਤੀ ਵਿੱਚ ਵਿਘਨ ਪੈਣੇ ਸ਼ੁਰੂ ਹੋ ਗਏ ਹਨ।
ਬਹੁਤ ਸਾਰੇ ਕੌਮਾਂਤਰੀ ਬਰਾਂਡ ਰੂਸ ਛੱਡ ਕੇ ਜਾ ਰਹੇ ਹਨ। ਦੂਜੇ ਰੂਸ ਨੂੰ ਆਪਣੀ ਸਪਲਾਈ ਰੋਕ ਰਹੇ ਹਨ। ਇਨ੍ਹਾਂ ਦਾ ਬਦਲ ਤਲਾਸ਼ਣਾ ਰੂਸੀ ਲੋਕਾਂ ਲਈ ਸੁਖਾਲਾ ਕੰਮ ਨਹੀਂ ਹੋਵੇਗਾ।

ਐਪਲ, ਮਾਈਕ੍ਰੋਸਾਫ਼ਟ ਅਤੇ ਹੋਰ ਵੱਡੀਆਂ ਟੈਕ ਕੰਪਨੀਆਂ ਨੇ ਆਪਣੀ ਤਕਨੀਕ ਰੂਸ ਨੂੰ ਭੇਜਣੀ ਅਤੇ ਰੂਸ ਵਿੱਚ ਵੇਚਣੀ ਬੰਦ ਕਰ ਦਿੱਤੀ ਹੈ।
ਡੀਐਚਐਲ, ਫੈਡਐਕਸ, ਕੁਹੇਨ+ਨਾਗੇਲ, ਮੇਕਰਸ ਅਤੇ ਯੂਪੀਐਸ ਵਰਗੀਆਂ ਕੁਰੀਅਰ ਕੰਪਨੀਆਂ ਵੀ ਰੂਸ ਵਿੱਚ ਡਿਲਵਰੀ ਬੰਦ ਕਰ ਚੁੱਕੀਆਂ ਹਨ।
ਪਿਛਲੇ ਸਮੇਂ ਦੌਰਾਨ ਪਹਿਲੀ ਵਾਰ ਲਾਡਾ ਕਾਰਾਂ ਦੀਆਂ ਕੀਮਤਾਂ 15% ਵਧ ਗਈਆਂ।
ਵਿਰੋਧ ਦਾ ਦਮਨ
ਕਿਸੇ ਵੀ ਤਰ੍ਹਾਂ ਦੀ ਅਜ਼ਾਦ ਖਿਆਲੀ ਨੂੰ ਦੇਸ ਧ੍ਰੋਹ ਦੇ ਬਰਾਬਰ ਸਮਝਿਆ ਜਾਂਦਾ ਸੀ ਤੇ ਕੁਚਲ ਦਿੱਤਾ ਜਾਂਦਾ ਸੀ।
ਸੋਵੀਅਤ ਵਿੱਚ ਵਿਰੋਧ ਕਰਨ ਵਾਲਿਆਂ ਦੀ ਨਾਗਰਿਕਤਾ ਖੋਹ ਲਈ ਜਾਂਦੀ ਸੀ। ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਜਾਂ ਘਰੇ ਨਜ਼ਰਬੰਦ ਕਰ ਦਿੱਤਾ ਜਾਂਦਾ।
ਸੋਵੀਅਤ ਵਿਰੋਧੀ ਇੱਕ ਚੁਟਕਲਾ ਸੁਣਾਉਣ ਬਦਲੇ ਤੁਹਾਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਸੀ ਜਾਂ ਕੈਂਪਾਂ ਵਿੱਚ ਭੇਜ ਦਿੱਤਾ ਜਾ ਸਕਦਾ ਸੀ।
ਇੱਕ ਸਮੇਂ 'ਤੇ ਤੁਹਾਨੂੰ ਜਾਂ ਤਾਂ ਮਨੋਚਕਿਤਸਕ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਸੀ ਜਾਂ ਗੈਰ-ਭਰੋਸੇਯੋਗ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਸੀ।

ਤਸਵੀਰ ਸਰੋਤ, Getty Images
ਰੂਸ ਵਿੱਚ ਹੁਣ...
ਪਿਛਲੇ ਇੱਕ ਸਾਲ ਤੋਂ ਦੇਸ ਦੀਆਂ ਸੜਕਾਂ 'ਤੇ ਮੁਜ਼ਾਹਰੇ ਕਰਨ ਦੀ ਪਾਬੰਦੀ ਹੈ। ਵਿਰੋਧੀ ਧਿਰਾਂ ਨੂੰ ਸੜਕਾਂ ਤੇ ਇਕੱਠੇ ਹੋਣ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਬਹਾਨੇ ਘੜ ਲਏ ਜਾਂਦੇ ਹਨ।
ਯੂਕਰੇਨ ਜੰਗ ਖਿਲਾਫ਼ ਮੁਜ਼ਾਹਰਿਆਂ ਨੂੰ ਵੀ ਦਬਾਇਆ ਗਿਆ ਹੈ। ਦੇਸ ਭਰ ਵਿੱਚ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜੁਰਮਾਨੇ ਕੀਤੇ ਗਏ ਹਨ।
ਓਵੀਡੀ-ਇਨਫ਼ੋ (ਇੱਕ ਹੋਰ ਗੈਰ-ਸਰਕਾਰੀ ਸੰਗਠਨ ਜਿਸ ਉੱਪਰ ਵਿਦੇਸ਼ੀ ਏਜੰਟ ਦਾ ਲੇਬਲ ਲਗਾ ਦਿੱਤਾ ਗਿਆ ਹੈ।) ਨੇ ਸਿਆਸੀ ਦਮਨ ਬਾਰੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਦੇਸ ਭਰ ਵਿੱਚੋਂ 5,000 ਤੋਂ ਜ਼ਿਆਦਾ ਲੋਕਾਂ ਜੋ ਜੰਗ ਵਿਰੋਧੀ ਮੁਜ਼ਾਹਰੇ ਕਰ ਰਹੇ ਸਨ, ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰੂਸ ਦੇ ਨਾਗਰਿਕਾਂ ਨੂੰ ਹੁਣ ਜੰਗ ਦੀ ਝੂਠੀ ਰਿਪੋਰਟਿੰਗ ਬਦਲੇ ਜੁਰਮਾਨੇ ਲਗਾਏ ਜਾ ਰਹੇ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਹੁਣ ਤੱਕ 144 ਕੇਸ ਦਰਜ ਕੀਤੇ ਜਾ ਚੁੱਕੇ ਹਨ।
ਨਵੇਂ ਕਾਨੂੰਨ ਮੁਤਾਬਕ ਫ਼ੌਜਦਾਰੀ ਕੇਸਾਂ ਨੂੰ ਵੀ ਅਪਰਾਧਿਕ ਕੇਸ ਸਮਝਿਆ ਜਾਵੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












