ਗੋਢੇ ਹੇਠ ਧੌਣ ਦੱਬਣ ਕਰਕੇ ਮਰੇ ਜੌਰਜ ਫਲਾਇਡ ਦੇ ਕਾਤਲ ਪੁਲਿਸ ਅਧਿਕਾਰੀ ਨੂੰ ਸਾਢੇ 22 ਸਾਲ ਜੇਲ੍ਹ ਦੀ ਸਜ਼ਾ

ਤਸਵੀਰ ਸਰੋਤ, Reuters
ਅਮਰੀਕਾ ਦੀ ਇੱਕ ਅਦਾਲਤ ਨੇ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜੌਰਜ ਫਲਾਇਡ ਦੇ ਪਿਛਲੇ ਸਾਲ ਹੋਏ ਕਤਲ ਦੇ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ੌਵਿਨ ਨੂੰ ਕਤਲ ਦਾ ਦੋਸ਼ੀ ਕਰਾਰ ਦਿੰਦੇ ਹੋਏ 22 ਸਾਲ ਅਤੇ 6 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਜੱਜ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ੌਵਿਨ ਦੀ ਸਜ਼ਾ ''ਆਪਣੇ ਅਹੁਦੇ ਅਤੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਨ'' ਅਤੇ ''ਮੁੱਖ ਤੌਰ 'ਤੇ ਜੌਰਜ ਫਲਾਇਡ ਦੇ ਨਾਲ ਉਨ੍ਹਾਂ ਦੇ ਮਾੜੇ ਵਤੀਰੇ'' ਨੂੰ ਦੇਖਦੇ ਹੋਏ ਤੈਅ ਕੀਤੀ ਗਈ ਹੈ।
45 ਸਾਲਾ ਡੇਰੇਕ ਸ਼ੌਵਿਨ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਪਿਛਲੇ ਸਾਲ ਮਈ ਮਹੀਨੇ ਮਿਨੇਪੋਲਿਸ 'ਚ ਉਨ੍ਹਾਂ ਨੇ ਇੱਕ ਨਿਹੱਥੇ ਅਤੇ ਕਾਲੇ ਵਿਅਕਤੀ ਜੌਰਜ ਫਲਾਇਡ ਦੀ ਧੌਣ ਨੂੰ 9 ਮਿੰਟ ਤੱਕ ਆਪਣੇ ਗੋਢਿਆਂ ਨਾਲ ਦਬਾ ਕੇ ਰੱਖਿਆ ਸੀ।
ਇਹ ਵੀ ਪੜ੍ਹੋ:
ਇਸ ਦੇ ਕੁਝ ਹੀ ਮਿੰਟਾਂ ਮਗਰੋਂ ਜੌਰਜ ਦੀ ਮੌਤ ਹੋ ਗਈ ਸੀ। ਇਹ ਮਾਮਲਾ ਉਦੋਂ ਚਰਚਾ ਵਿੱਚ ਆਇਆ ਜਦੋਂ ਇਸ ਘਟਨਾ ਦਾ ਵੀਡੀਓ ਪੂਰੀ ਦੁਨੀਆਂ ਵਿੱਚ ਵਾਇਰਲ ਹੋ ਗਿਆ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਸਣੇ ਪੂਰੀ ਦੁਨੀਆਂ 'ਚ ਨਸਲਵਾਦ ਅਤੇ ਪੁਲਿਸ ਦੇ ਮਾੜੇ ਵਤੀਰੇ ਖ਼ਿਲਾਫ਼ ਜੰਮ ਕੇ ਵਿਰੋਧ ਪ੍ਰਦਰਸ਼ਨ ਹੋਏ ਸਨ।

ਤਸਵੀਰ ਸਰੋਤ, Reuters
ਅਮਰੀਕੀ ਜੂਰੀ ਨੇ ਅਪ੍ਰੈਲ ਮਹੀਨੇ 'ਚ ਹੀ ਸ਼ੌਵਿਨ ਨੂੰ ਦੂਜੀ ਡਿਗਰੀ ਦੇ ਕਤਲ ਅਤੇ ਹੋਰ ਕਈ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੀ ਸੀ।
ਹਾਲਾਂਕਿ ਸ਼ੌਵਿਨ ਦੇ ਬਚਾਅ ਵਿੱਚ ਉਨ੍ਹਾਂ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਸੇ ਬੁਰਾ ਇਰਾਦੇ ਨਾਲ ਅਜਿਹਾ ਨਹੀਂ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਇਹ ਇੱਕ ਭੁੱਲ ਸੀ ਜਿਸ ਪਿੱਛੇ ਕੋਈ ਮਾੜੀ ਭਾਵਨਾ ਨਹੀਂ ਸੀ।
ਸ਼ੌਵਿਨ ਦੇ ਸਾਰੀ ਉਮਰ ਹਥਿਆਰ ਰੱਖਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਉਨ੍ਹਾਂ ਦੇ ਨਾਲ ਹੀ ਤਿੰਨ ਹੋਰ ਸਾਬਕਾ ਪੁਲਿਸ ਅਧਿਕਾਰੀਆਂ 'ਤੇ ਵੀ ਜੌਰਜ ਫਲਾਇਡ ਦੇ ਨਾਗਰਿਕ ਅਧਿਕਾਰਾਂ ਦੇ ਉਲੰਘਣ ਦੇ ਵੱਖ-ਵੱਖ ਇਲਜ਼ਾਮ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਲਾਇਡ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸ਼ੌਵਿਨ ਨੂੰ ਸੁਣਾਈ ਸਜ਼ਾ ਦਾ ਸਵਾਗਤ ਕੀਤਾ ਹੈ।
ਵਕੀਲ ਬੇਨ ਕ੍ਰੰਪ ਨੇ ਟਵੀਟ ਕੀਤਾ ਹੈ, ''ਇਹ ਇੱਕ ਇਤਿਹਾਸਕ ਫ਼ੈਸਲਾ ਹੈ। ਇਹ ਫਲਾਇਡ ਦੇ ਪਰਿਵਾਰ ਅਤੇ ਇਸ ਦੇਸ਼ ਦੇ ਜ਼ਖ਼ਮ ਨੂੰ ਭਰਨ ਵਿੱਚ ਮਦਦਗਾਰ ਸਾਬਤ ਹੋਵੇਗਾ।''
ਜੌਰਜ ਫਲਾਇਡ ਦੀ ਭੈਣ ਬ੍ਰਿਜੇਟ ਫਲਾਇਡ ਨੇ ਕਿਹਾ ਕਿ ਇਹ ਫ਼ੈਸਲਾ ਦਿਖਾਉਂਦਾ ਹੈ ਕਿ ਪੁਲਿਸ ਦੀ ਤਸ਼ਦੱਦ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਜ਼ਰੂਰ ਕਿਹਾ ਕਿ ਹੁਣ ਇੱਕ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਹ ਫ਼ੈਸਲਾ ''ਉਚਿਤ ਲੱਗ ਰਿਹਾ ਹੈ'' ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।
ਸਜ਼ਾ 'ਤੇ ਸੁਣਵਾਈ ਦੌਰਾਨ ਕੀ ਹੋਇਆ?
ਸਜ਼ਾ ਦੀ ਸੁਣਵਾਈ ਦੌਰਾਨ ਫਲਾਇਡ ਦੇ ਭਰਾ ਟੇਰੇਂਸ ਫਲਾਇਡ ਨੇ ਵੱਧ ਤੋਂ ਵੱਧ 40 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ।
ਸੁਣਵਾਈ ਦੌਰਾਨ ਉਨ੍ਹਾਂ ਨੇ ਕਿਹਾ, ''ਕਿਉਂ? ਤੁਸੀਂ ਕੀ ਸੋਚ ਰਹੇ ਸੀ? ਉਸ ਵੇਲੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਆਪਣਾ ਗੋਢਾ ਉਸ ਦੀ ਧੌਣ ਉੱਤ ਰੱਖਿਆ ਸੀ?''
ਇਹ ਵੀ ਪੜ੍ਹੋ:
ਸੁਣਵਾਈ ਦੌਰਾਨ ਫਲਾਇਡ ਦੀ ਬੇਟੀ ਦੀ ਇੱਕ ਵੀਡੀਓ ਵੀ ਦਿਖਾਈ ਗਈ। ਜਿਸ 'ਚ ਸੱਤ ਸਾਲ ਦੀ ਜਿਯਾਨਾ ਕਹਿ ਰਹੀ ਹੈ ਕਿ ਉਹ ਆਪਣੇ ਪਿਤਾ ਨੂੰ ਯਾਦ ਕਰਦੀ ਹੈ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦੀ ਹੈ।
ਇਸ ਰਿਕਾਰਡਿਡ ਵੀਡੀਓ ਵਿੱਚ ਜਿਯਾਨਾ ਕਹਿ ਰਹੀ ਹੈ, ''ਮੈਂ ਹਰ ਸਮੇਂ ਉਨ੍ਹਾਂ ਬਾਰੇ ਪੁੱਛਦੀ ਰਹਿੰਦੀ ਹਾਂ। ਮੇਰੇ ਪਿਤਾ ਮੈਨੂੰ ਬ੍ਰਸ਼ ਕਰਨ 'ਚ ਮਦਦ ਕਰਦੇ ਸਨ।''

ਤਸਵੀਰ ਸਰੋਤ, Reuters
ਜੱਜ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਹ ਹਾਦਸਾ ਦੇਸ਼ ਅਤੇ ਸਮਾਜ ਲਈ ਦਰਦਨਾਕ ਸੀ ਪਰ ਸਭ ਤੋਂ ਜ਼ਿਆਦਾ ਦੁੱਖ ਜੌਰਜ ਫਲਾਇਡ ਦੇ ਪਰਿਵਾਰ ਨੇ ਸਹਿਣ ਕੀਤਾ ਹੈ।
ਜੱਜ ਪੀਟਰ ਕਾਹਿਲ ਨੇ ਕਿਹਾ ਕਿ ਇਹ ਸਜ਼ਾ ਦਾ ਫ਼ੈਸਲਾ ਕਿਸੇ ਭਾਵਨਾ ਜਾਂ ਫ਼ਿਰ ਹਮਦਰਦੀ ਤੋਂ ਪ੍ਰਭਾਵਿਤ ਨਹੀਂ ਹੈ ਪਰ ਫ਼ਿਰ ਵੀ ਉਸ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੋ ਇਹ ਸਾਰੇ ਪਰਿਵਾਰ ਮਹਿਸੂਸ ਕਰ ਰਹੇ ਹਨ ਅਤੇ ਖ਼ਾਸ ਤੌਰ 'ਤੇ ਜੌਰਜ ਫਲਾਇਡ ਦਾ ਪਰਿਵਾਰ।
ਜੌਰਜ ਫਲਾਇਡ ਨਾਲ ਕੀ ਹੋਇਆ ਸੀ?
46 ਸਾਲਾ ਜੌਰਜ ਫਲਾਇਡ ਨੇ 25 ਮਈ, 2020 ਦੀ ਸ਼ਾਮ ਦੱਖਣੀ ਮਿਨੇਪੋਲਿਸ ਦੀ ਇੱਕ ਦੁਕਾਨ ਤੋਂ ਸਿਗਰੇਟ ਦਾ ਇੱਕ ਪੈਕੇਟ ਖਰੀਦਿਆ ਸੀ।
ਦੁਕਾਨ 'ਤੇ ਕੰਮ ਕਰਨ ਵਾਲੇ ਇੱਕ ਸਟਾਫ਼ ਦਾ ਮੰਨਣਾ ਸੀ ਕਿ ਫਲਾਇਡ ਨੇ ਉਸ ਨੂੰ 20 ਡਾਲਰ ਦਾ ਨਕਲੀ ਨੋਟ ਦਿੱਤਾ ਸੀ, ਇਸ ਲਈ ਉਹ ਵੇਚੇ ਗਏ ਸਿਗਰੇਟ ਦੇ ਪੈਕੇਟ ਨੂੰ ਵਾਪਸ ਮੰਗ ਰਿਹਾ ਸੀ।
ਪਰ ਜੌਰਜ ਫਲਾਇਡ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੁਕਾਨ ਦੇ ਸਟਾਫ਼ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਤੇ ਪੁਲਿਸ ਦੁਕਾਨ 'ਤੇ ਆ ਗਈ।
ਜਦੋਂ ਪੁਲਿਸ ਪਹੁੰਚੀ ਤਾਂ ਉਸ ਨੇ ਫਲਾਇਡ ਨੂੰ ਉਨ੍ਹਾਂ ਦੀ ਕਾਰ ਤੋਂ ਬਾਹਰ ਆਉਣ ਦਾ ਆਦੇਸ਼ ਦਿੱਤਾ ਤੇ ਹੱਥਕੜੀ ਲਗਾ ਦਿੱਤੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਦੋਂ ਆਪਣੀ ਗਸ਼ਤ ਲਗਾਉਣ ਵਾਲੀ ਕਾਰ 'ਚ ਫਲਾਇਡ ਨੂੰ ਬਿਠਾਉਣਾ ਚਾਹਿਆ ਤਾਂ ਉੱਥੇ ਟਕਰਾਅ ਸ਼ੁਰੂ ਹੋ ਗਿਆ।

ਤਸਵੀਰ ਸਰੋਤ, Reuters
ਫਲਾਇਡ ਪੁਲਿਸ ਦੇ ਨਾਲ ਜਾਣਾ ਨਹੀਂ ਚਾਹੁੰਦੇ ਸਨ। ਅਜਿਹੇ 'ਚ ਡੇਰੇਕ ਸ਼ੌਵਿਨ ਨਾਮ ਦੇ ਪੁਲਿਸ ਅਧਿਕਾਰੀ ਨੇ ਫਲਾਇਡ ਨੂੰ ਜ਼ਮੀਨ 'ਤੇ ਸੁੱਟਿਆ ਅਤੇ ਉਸ ਦੇ ਚਿਹਰੇ ਨੂੰ ਆਪਣੇ ਗੋਢੇ ਹੇਠਾਂ ਦਬਾ ਲਿਆ।
ਦੱਸਿਆ ਗਿਆ ਕਿ ਸ਼ੌਵਿਨ ਨੇ ਲਗਭਗ ਨੌਂ ਮਿੰਟ ਤੱਕ ਫਲਾਇਡ ਦੀ ਧੌਣ 'ਤੇ ਆਪਣੇ ਗੋਢੇ ਨੂੰ ਦਬਾ ਕੇ ਰੱਖਿਆ। ਕਈ ਲੋਕਾਂ ਨੇ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ।
ਇਸ ਦੌਰਾਨ ਫਲਾਇਡ ਅਤੇ ਉੱਥੇ ਮੌਜੂਦ ਲੋਕਾਂ ਨੇ ਵੀ ਉਨ੍ਹਾਂ ਨੂੰ ਛੱਡਣ ਦੀ ਅਪੀਲ ਕੀਤੀ। ਗੋਢੇ ਹੇਠਾਂ ਦੱਬੇ ਫਲਾਇਡ ਨੇ 20 ਤੋਂ ਜ਼ਿਆਦਾ ਵਾਰ ਕਿਹਾ ਕਿ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ।
ਉਸਨੇ ਆਪਣੀ ਮਾਂ ਦੀ ਦੁਹਾਈ ਦਿੰਦੇ ਹੋਏ ਛੱਡਣ ਦੀ ਅਪੀਲ ਕੀਤੀ ਪਰ ਪੁਲਿਸ ਅਫ਼ਸਰ ਨੇ ਉਸ ਨੂੰ ਨਹੀਂ ਛੱਡਿਆ।
ਥੋੜ੍ਹੀ ਦੇਰ ਵਿੱਚ ਹੀ ਜੌਰਜ ਫਲਾਇਡ ਉੱਥੇ ਬੇਸੁੱਧ ਹੋ ਗਏ। ਇਸ ਤੋਂ ਬਾਅਦ ਐਂਬੂਲੈਸ ਨੂੰ ਸੱਦਿਆ ਗਿਆ ਜਿਸ ਨੇ ਫਲਾਇਡ ਨੂੰ ਹਸਪਤਾਲ ਪਹੁੰਚਾਇਆ। ਲਗਭਗ ਇੱਕ ਘੰਟੇ ਬਾਅਦ ਹਸਪਤਾਲ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












