ਚੀਨ ਨੇ ਬੀਬੀਸੀ ਉੱਪਰ ਲਗਾਈ ਪਾਬੰਦੀ, ਇਹ ਕਾਰਨ ਦੱਸੇ

ਚੀਨ ਦੀ ਸਰਕਾਰ ਨੇ ਦੇਸ਼ ਵਿੱਚ ਬੀਬੀਸੀ ਵਰਲਡ ਨਿਊਜ਼ ਦੇ ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਉੱਪਰ ਪਾਬੰਦੀ ਲਾ ਦਿੱਤੀ ਹੈ।

ਸਰਕਾਰ ਨੇ ਚੀਨ ਵਿੱਚ ਘੱਟ-ਗਿਣਤੀ ਵੀਗਰ ਮੁਸਲਮਾਨਾਂ ਅਤੇ ਕੋਰੋਨਾਵਾਇਰਸ ਬਾਰੇ ਬੀਬੀਸੀ ਦੀ ਰਿਪੋਰਟਿੰਗ ਦੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ:

ਬੀਬੀਸੀ ਨੇ ਚੀਨ ਸਰਕਾਰ ਦੇ ਇਸ ਫ਼ੈਸਲੇ ਉੱਪਰ "ਹਤਾਸ਼ਾ' ਜ਼ਾਹਰ ਕੀਤੀ ਹੈ।

ਬ੍ਰਿਟੇਨ ਦੇ ਮੀਡੀਆ ਰੈਗੂਲੇਟਰਨ ਔਫਕਾਮ ਵੱਲੋਂ ਚੀਨ ਦੇ ਸਰਕਾਰੀ ਬਰਾਡਕਾਸਟਰ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ (CGTN) ਦਾ ਪ੍ਰਸਾਰਣ ਲਾਈਸੈਂਸ ਬਰਖ਼ਾਸਤ ਕੀਤੇ ਜਾਣ ਮਗਰੋਂ ਇਹ ਕਾਰਵਾਈ ਸਾਹਮਣੇ ਆਈ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਔਫਕਾਮ ਨੇ ਵੇਖਿਆ ਕਿ ਸੀਜੀਟੀਐੱਨ ਦਾ ਲਾਇਸੈਂਸ ਗਲਤ ਰੂਪ ਵਿੱਚ ਸਟਾਰ ਚਾਈਨਾ ਮੀਡੀਆ ਲਿਮਿਟਡ ਕੋਲ ਸੀ ਜਿਸ ਤੋਂ ਬਾਅਦ ਸੀਜੀਟੀਐੱਨ ਦਾ ਲਾਈਸੈਂਸ ਬਰਖ਼ਾਸਤ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸੀਜੀਟੀਐੱਨ ਨੇ ਬ੍ਰਿਟਿਸ਼ ਬਰਾਡਕਾਸਟਿੰਗ ਰੈਗੂਲੇਸ਼ਨਾਂ ਦੀ ਉਲੰਘਣਾ ਕੀਤੀ ਸੀ ਅਤੇ ਇੱਕ ਬ੍ਰਿਟਿਸ਼ ਨਾਗਰਿਕ (ਪੀਟਰ ਹਮਫ਼ਰੀ) ਦਾ ਧੱਕੇ ਨਾਲ ਲਿਆ ਗਿਆ ਇਕਬਾਲੀਆ ਬਿਆਨ ਪ੍ਰਸਾਰਿਤ ਕੀਤਾ ਸੀ।

ਆਪਣੇ ਫ਼ੈਸਲੇ ਵਿੱਚ ਚੀਨ ਦੇ ਫ਼ਿਲਮ, ਟੀਵੀ ਅਤੇ ਰੇਡੀਓ ਐਡਮਨਿਸਟਰੇਸ਼ਨ ਨੇ ਕਿਹਾ ਕਿ ਬੀਬੀਸੀ ਦੀਆਂ ਚੀਨ ਬਾਰੇ ਰਿਪੋਰਟਾਂ ਦੇਸ਼ ਦੇ ਪ੍ਰਸਾਰਣ ਦਿਸ਼ਾ ਨਿਰਦੇਸ਼ਾਂ ਦੀ "ਗੰਭੀਰ ਉਲੰਘਣਾ" ਕਰਦੀਆਂ ਹਨ ਅਤੇ "ਖ਼ਬਰਾਂ ਸੱਚੀਆਂ ਅਤੇ ਨਿਰਪੱਖ ਹੋਣੀਆਂ ਚਾਹੀਦੀਆਂ ਹਨ" ਅਤੇ "ਚੀਨ ਦੇ ਕੌਮੀ ਹਿੱਤਾਂ ਨੂੰ ਨੁਕਾਸਨ ਨਾ ਪਹੁੰਚਾਉਂਦੀਆਂ ਹੋਣ" ਦੀ ਉਲੰਘਣਾ ਕਰਦੀਆਂ ਹਨ।

ਬੀਬੀਸੀ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਨਿਰਾਸ਼ ਹਾਂ ਕਿ ਚੀਨੀ ਸਰਕਾਰ ਨੇ ਇਸ ਕਾਰਵਾਈ ਦਾ ਫ਼ੈਸਲਾ ਲਿਆ ਹੈ। ਬੀਬੀਸੀ ਦੁਨੀਆਂ ਦਾ ਸਭ ਤੋਂ ਭਰੋਸੇਮੰਦ ਕੌਮਾਂਤਰੀ ਖ਼ਬਰ ਪ੍ਰਸਾਰਣਕਰਤਾ ਹੈ ਅਤੇ ਦੁਨੀਆਂ ਭਰ ਤੋਂ ਖ਼ਬਰਾਂ ਨਿਰਪੱਖ ਅਤੇ ਬਿਨਾਂ ਪੱਖਪਾਤ ਬਿਨਾਂ ਕਿਸੇ ਭੈਅ ਜਾਂ ਲਗਾਵ ਦੇ ਰਿਪੋਰਟ ਕਰਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)