ਕੋਰੋਨਾਵਾਇਰਸ: ਲੌਕਡਾਊਨ ਖੁੱਲ੍ਹਣ ਮਗਰੋਂ ਵੂਹਾਨ ਸਮੇਤ ਸਾਰਾ ਚੀਨ ਮੁੜ ਕੰਮ 'ਤੇ ਕਿਵੇਂ ਪਰਤਿਆ

ਤਸਵੀਰ ਸਰੋਤ, Getty Images
- ਲੇਖਕ, ਲੁ-ਹਾਇ ਲਿਆਂਗ
- ਰੋਲ, ਬੀਬੀਸੀ ਪੱਤਰਕਾਰ
ਇਸ ਸਮੇਂ ਜ਼ਿਆਦਾਤਰ ਦੇਸਾਂ ਦੇ ਲੋਕ ਕੋਰੋਨਾਵਾਇਰਸ ਕਰਕੇ ਇਕਾਂਤਵਾਸ ਵਿੱਚ ਰਹਿ ਰਹੇ ਹਨ। ਪਰ ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।
ਕਿਵੇਂ ਲੱਗ ਰਹੀ ਹੈ ਇੱਥੇ ਮੁੜ ਤੋਂ ਸ਼ੁਰੂ ਹੋਈ ਆਮ ਜ਼ਿੰਦਗੀ?
ਜਦੋਂ ਗਾਓ ਟਿੰਗ ਨਵਾਂ ਸਾਲ ਮਨਾਉਣ ਲਈ ਵੂਹਾਨ ਤੋਂ ਆਪਣੇ ਜੱਦੀ ਸ਼ਹਿਰ ਗਈ ਸੀ ਤਾਂ ਉਹ ਆਪਣੇ ਦੋਸਤਾਂ ਨੂੰ ਮਿਲਣ ਤੇ ਵਧੀਆ ਪਕਵਾਨ ਖਾਣ ਲਈ ਬਹੁਤ ਉਤੇਜਿਤ ਸੀ।



ਉਹ ਯਾਦ ਕਰਦੀ ਹੈ ਕਿ ਉਸ ਵੇਲੇ ਬਹੁਤੇ ਲੋਕ ਮਾਸਕ ਨਹੀਂ ਸੀ ਪਾਉਂਦੇ। ਉਹ ਵੀ ਮਾਸਕ ਨਹੀਂ ਪਾਉਂਦੀ ਸੀ।
ਵੂਹਾਨ ਵਿੱਚ ਕੰਮ ਕਰਨ ਵਾਲੀ ਗਾਓ ਲੌਕਡਾਊਨ ਲੱਗਣ ਤੋਂ ਤਿੰਨ ਦਿਨ ਪਹਿਲਾਂ ਹੀ ਆਪਣੇ ਘਰ ਲਈ ਨਿਕਲੀ ਸੀ। ਇਹ ਲੌਕਡਾਊਨ 23 ਜਨਵਰੀ ਨੂੰ ਲਾਗੂ ਹੋਇਆ ਸੀ ਤਾਂ ਕਿ ਕੋਵਿਡ-19 ਨਾਂ ਦੇ ਖ਼ਤਰਨਾਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
34 ਸਾਲਾ ਗਾਓ ਨੂੰ 68 ਦਿਨਾਂ ਲਈ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਘਰ ਵਿੱਚ ਰਹਿਣਾ ਪਿਆ। ਉਹ ਵੂਹਾਨ ਤੋਂ 300 ਕਿਲੋਮੀਟਰ ਦੂਰ ਪੱਛਮੀ ਹਿੱਸੇ ਵਿੱਚ ਪੈਂਦੇ ਇਚਾਂਗ ਨਾਂ ਦੇ ਸ਼ਹਿਰ ਵਿੱਚ ਰਹਿੰਦੇ ਹਨ ਜਿੱਥੇ ਕੁਲ ਆਬਾਦੀ 40 ਲੱਖ ਹੈ।
ਗਾਓ ਦੱਸਦੀ ਹੈ ਕਿ ਉਨ੍ਹਾਂ ਨੂੰ ਇੰਨੇ ਦਿਨ ਘਰ ਅੰਦਰ ਹੀ ਰਹਿਣਾ ਪਿਆ।

"ਹਰ ਰੋਜ਼ ਸਿਹਤ ਕਰਮੀ ਸਾਡਾ ਤਾਪਮਾਨ ਚੈੱਕ ਕਰਨ ਆਉਂਦੇ। ਆਪਣੇ ਪਰਿਵਾਰ ਨਾਲ ਇਕੱਠਿਆਂ ਰਹਿਣ ਤੇ ਖਾਣ-ਪੀਣ ਵਿੱਚ ਮਜ਼ਾ ਆਇਆ। ਅਸੀਂ ਕੁਲ 8 ਲੋਕ ਇਕੱਠੇ ਰਹਿ ਰਹੇ ਸੀ ਜਿਨ੍ਹਾਂ ਵਿੱਚ ਮੇਰੀ ਭੈਣ ਤੇ ਉਸਦੇ ਸੁਹਰੇ ਵੀ ਸ਼ਾਮਲ ਸਨ।"
ਦੋ ਮਹੀਨਿਆਂ ਬਾਅਦ, 29 ਮਾਰਚ ਨੂੰ ਗਾਓ ਕੰਮ 'ਤੇ ਵਾਪਸ ਗਈ।
ਗਾਓ ਨੇ ਦੱਸਿਆ, "ਪਹਿਲੇ ਦਿਨ ਸਬਵੇਅ 'ਤੇ ਬਹੁਤ ਲੋਕ ਮੌਜੂਦ ਸਨ। ਸਭ ਨੇ ਮਾਸਕ ਪਾਏ ਹੋਏ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਭ ਠੀਕ ਹੋਵੇ। ਲੋਕ ਆਪਣੇ ਫੋਨਾਂ ਵਿੱਚ ਲਗੇ ਹੋਏ ਸਨ।"
ਪਰ ਦਫ਼ਤਰ ਵਿੱਚ ਕੁਝ ਹੋਰ ਮਾਹੌਲ ਸੀ।

ਤਸਵੀਰ ਸਰੋਤ, Getty Images
ਪੈਸੇ ਦੀ ਕਮੀ
ਗਾਓ ਵੂਹਾਨ ਦੀ ਇੱਕ ਵੱਡੀ ਕੰਪਨੀ ਵਿੱਚ ਓਪ੍ਰੇਸ਼ਨਸ ਡਿਪਾਰਟਮੈਂਟ ਵਿੱਚ ਕੰਮ ਕਰਦੀ ਹੈ। ਉਸਦਾ ਦਫ਼ਤਰ ਚੀਨ ਦੇ ਇੱਕ ਮਸ਼ਹੂਰ ਇਲਾਕੇ ਵਿੱਚ ਹੈ।
ਚੁਹੈਨਜੀ ਇੱਕ ਬਹੁਤ ਮਸ਼ਹੂਰ ਬਾਜ਼ਾਰ ਹੈ ਜਿੱਥੇ ਅੰਤਰਰਾਸ਼ਟਰੀ ਤੇ ਸਥਾਨਕ, ਦੋਵੇਂ ਬ੍ਰੈਂਡ ਮੌਜੂਦ ਹਨ। ਪਰ ਇੱਥੇ ਵਪਾਰ ਅਜੇ ਠੰਢਾ ਹੀ ਹੈ। ਗਾਓ ਆਪਣੇ ਕੰਮ ਲਈ ਇਲਾਕੇ ਵਿੱਚ ਆਉਣ ਵਾਲੇ ਲੋਕਾਂ ਦਾ ਹਿਸਾਬ ਰੱਖਦੀ ਹੈ।
"2019 ਵਿੱਚ ਇੱਥੇ, ਹਰ ਰੋਜ਼ ਔਸਤ 60,000 ਲੋਕ ਆਉਂਦੇ ਸਨ। ਹੁਣ ਇਹ ਅੰਕੜਾ 10,000 ਰਹਿ ਗਿਆ ਹੈ।"
ਇਸ ਦੇ ਬਾਵਜੂਦ ਗਾਓ ਦੀ ਨੌਕਰੀ ਬਹੁਤ ਔਖੀ ਹੈ ਤੇ ਉਹ 9 ਵਜੇ ਤੱਕ ਦਫ਼ਤਰ ਦੇ ਕੰਮ ਵਿੱਚ ਲਗੀ ਰਹਿੰਦੀ ਹੈ। ਛੁੱਟੀ ਵਾਲੇ ਦਿਨ ਉਹ ਪੁਰਾਣਾ ਕੰਮ ਮੁਕਾਉਣ ਲਈ ਘਰੋਂ ਕੰਮ ਕਰਦੀ ਹੈ।
ਉਹ ਸਥਾਨਕ ਕੰਪਨੀਆਂ ਨੂੰ ਵੀ ਫੋਨ ਕਰਕੇ ਇਲਾਕੇ ਵਿੱਚ ਖ਼ਾਲੀ ਪਈਆਂ ਦੁਕਾਨਾਂ ਨੂੰ ਕਿਰਾਏ 'ਤੇ ਲੈਣ ਲਈ ਤਿਆਰ ਕਰਦੀ ਹੈ।
"ਵਪਾਰ ਬਹੁਤ ਵਧਿਆ ਨਹੀਂ ਚਲ ਰਿਹਾ। ਇਸ ਕਰਕੇ ਅਸੀਂ ਕੰਪਨੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੈਸਿਆਂ ਦੀ ਕਮੀ ਕਰਕੇ ਕਈ ਕੰਪਨੀਆਂ ਕਿਰਾਇਆ ਨਹੀਂ ਦੇ ਪਾ ਰਹੀਆਂ ਜਿਸ ਕਰਕੇ ਉਹ ਦੁਕਾਨਾਂ ਛੱਡ ਰਹੀਆਂ ਹਨ।"
ਉਹ ਵਪਾਰ ਜੋ ਬੰਦ ਨਹੀਂ ਹੋਏ ਸੀ, ਉਨ੍ਹਾਂ ਨੂੰ ਲਾਗ ਫੈਲਣ ਦੇ ਡਰ ਕਰਕੇ ਜ਼ਿਆਦਾ ਸਾਵਧਾਨੀ ਵਰਤਣੀ ਪੈ ਰਹੀ ਹੈ।
ਵੂਹਾਨ ਦੇ ਰੈਸਟੋਰੈਂਟਾਂ ਵਿੱਚ ਲੋਕ ਅੰਦਰ ਬੈਠ ਕੇ ਖਾ ਨਹੀਂ ਸਕਦੇ ਤੇ ਇਹ ਸ਼ਾਮ ਨੂੰ 7 ਵਜੇ ਬੰਦ ਹੋ ਜਾਂਦੇ ਹਨ। ਗਾਓ ਦੇ ਦਫ਼ਤਰ ਵਿੱਚ ਵੀ ਦੁਪਹਿਰ ਤੇ ਰਾਤ ਦਾ ਭੋਜਨ ਪੈਕ ਹੋ ਕੇ ਆਉਂਦਾ ਹੈ।

ਤਸਵੀਰ ਸਰੋਤ, Getty Images
ਦਫ਼ਤਰ ਦੇ ਨਵੇਂ ਨਿਯਮ
ਫਰਵਰੀ ਦੇ ਜ਼ਿਆਦਾ ਸਮੇਂ ਲਈ, ਚੀਨ ਵਿੱਚ ਲੱਖਾਂ ਕਰਮਚਾਰੀ ਘਰੋਂ ਕੰਮ ਕਰ ਰਹੇ ਸਨ, ਜੋ ਕਿ ਬਹੁਤਿਆਂ ਲਈ ਇੱਕ ਨਵਾਂ ਤਜ਼ਰਬਾ ਸੀ।
ਹੁਣ ਇਨ੍ਹਾਂ ਵਿੱਚੋਂ ਕੁਝ ਲੋਕ ਦਫ਼ਤਰ ਵਾਪਸ ਆ ਗਏ ਹਨ। ਘੱਟ ਆਰਥਿਕ ਗਤੀਵਿਧੀਆਂ ਕਰਕੇ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੀਆਂ ਕੁਝ ਕੰਪਨੀਆਂ ਕੰਮ ਕਰਨ ਦਾ ਸਮਾਂ ਅਤੇ ਤਨਖ਼ਾਹ ਘਟਾ ਰਹੀਆਂ ਹਨ।
ਦੂਜੇ ਪਾਸੇ, ਗਾਓ ਟਿੰਗ ਵਰਗੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਸਮੇਂ ਲਈ ਕੰਮ ਕਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਕਾਰੋਬਾਰ ਵਾਪਸ ਪੱਟੜੀ 'ਤੇ ਆ ਜਾਵੇ।
ਚੀਨ ਦੇ ਸਥਾਨਕ ਅਧਿਕਾਰੀਆਂ ਨੇ ਖਪਤਕਾਰਾਂ ਦੇ ਖਰਚਿਆਂ ਨੂੰ ਉਤਸ਼ਾਹਤ ਕਰਨ ਲਈ ਹਰ ਹਫ਼ਤੇ 2.5 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਪੂਰਬੀ ਚੀਨ ਦੇ ਜਿਆਂਗਸੀ ਸੂਬੇ ਨੇ ਇਸ ਯੋਜਨਾ ਨੂੰ ਹਾਲ ਹੀ ਵਿੱਚ ਲਾਗੂ ਕੀਤਾ ਹੈ। ਹਾਲਾਂਕਿ ਨਵੇਂ ਉਪਾਅ ਸਵੈਇੱਛੁਕ ਹਨ ਅਤੇ ਕੰਪਨੀਆਂ ਚੁਣ ਸਕਦੀਆਂ ਹਨ ਕਿ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ।
ਹੋਰ ਸੂਬਿਆਂ ਜਿਵੇਂ ਹੇਬੇਈ, ਗਾਨਸੂ ਅਤੇ ਝੇਜਿਆਂਗ ਨੇ ਵੀ 2.5 ਦਿਨਾਂ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਹੈ ਤਾਂ ਕਿ ਆਰਥਿਕਤਾ ਠੀਕ ਕੀਤੀ ਜਾ ਸਕੇ।

ਤਸਵੀਰ ਸਰੋਤ, Getty Images
ਦੂਜੀ ਵਾਰ ਲਾਗ ਫੈਲਣ ਦਾ ਡਰ
ਕੋਵਿਡ -19 ਦੀ ਮੌਜੂਦਗੀ ਅਜੇ ਵੀ ਹਰ ਕਿਸੇ ਦੇ ਦਿਮਾਗ ਵਿੱਚ ਬਣੀ ਹੋਈ ਹੈ। ਸਿਹਤ ਅਧਿਕਾਰੀ ਲਾਗ ਦੇ ਦੂਜੀ ਵਾਰ ਫੈਲਣ ਨੂੰ ਲੈ ਕੇ ਚਿੰਤਤ ਹਨ। ਅਜੇ ਵੀ ਕਈ ਦਫ਼ਤਰਾਂ ਅਤੇ ਅਪਾਰਟਮੈਂਟਾਂ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ।
26 ਸਾਲਾ ਅਮਲ ਲਿਉ ਦੱਖਣੀ ਸ਼ੇਨਜ਼ੇਨ ਵਿੱਚ ਇੱਕ ਵੱਡੀ ਸਰਕਾਰੀ ਬੀਮਾ ਕੰਪਨੀ ਵਿੱਚ ਕੰਮ ਕਰਦੀ ਹੈ। ਉਸਦੇ ਦਫ਼ਤਰ ਵਿੱਚ ਹਰੇਕ ਨੂੰ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਕਰਨਾ ਜ਼ਰੂਰੀ ਹੈ।
ਉਹ ਦੱਸਦੀ ਹੈ, "ਕੰਟੀਨ ਵਿੱਚ, ਸਾਨੂੰ ਇੱਕ ਦੂਜੇ ਤੋਂ ਦੂਰ ਬੈਠਣਾ ਜ਼ਰੂਰੀ ਹੈ।"
ਲਿਉ ਨੇ ਦੱਸਿਆ ਕਿ ਕੁਝ ਵਿਦੇਸ਼ੀ ਲੋਕ, ਜਿਨ੍ਹਾਂ ਨਾਲ ਉਹ ਕੰਮ ਲਈ ਗੱਲ ਕਰਦੀ ਹੈ, ਹੁਣ ਆਪਣੇ ਦੇਸਾਂ ਵਿੱਚ ਲੱਗੇ ਲੌਕਡਾਊਨ ਕਰਕੇ ਕੰਮ 'ਤੇ ਪੈ ਰਹੇ ਅਸਰ ਨੂੰ ਮਹਿਸੂਸ ਕਰ ਰਹੇ ਹਨ।
ਲਿਉ ਕਹਿੰਦੀ ਹੈ, "ਮੈਨੂੰ ਘਰ ਤੋਂ ਕੰਮ ਕਰਨਾ ਪਸੰਦ ਨਹੀਂ ਸੀ, ਮੈਂ ਘਰੋਂ ਓਨੀ ਕੁਸ਼ਲ ਨਹੀਂ ਹੋ ਪਾਉਂਦੀ, ਜਿੰਨੀ ਦਫ਼ਤਰ ਵਿੱਚ ਹੁੰਦੀ ਹਾਂ।"
25 ਸਾਲਾਂ ਦੀ ਏਰੀਅਲ ਜ਼ੋਂਗ ਗੁਆਂਗਜ਼ੂ ਵਿੱਚ ਇੱਕ ਵੱਡੀ ਚੀਨੀ ਵੀਡੀਓ ਗੇਮ ਕੰਪਨੀ, ਹੂ ਯੇ, ਵਿੱਚ ਕੰਮ ਕਰਦੀ ਹੈ।
ਜ਼ੋਂਗ ਮੈਕਸੀਕੋ ਵਿੱਚ ਕੰਮ ਕਰਦੀ ਸੀ। ਉਹ ਏਸ਼ੀਆ ਅਤੇ ਲਾਤੀਨੀ ਅਮਰੀਕਾ ਦਰਮਿਆਨ ਨਿਯਮਤ ਯਾਤਰਾ ਵੀ ਕਰਦੀ ਰਹਿੰਦੀ।
ਪਰ ਮਾਰਚ ਦੇ ਅਖੀਰ ਵਿੱਚ ਉਹ ਚੀਨ ਵਾਪਸ ਘਰ ਆ ਗਈ। ਉਸਦੀ ਵਾਪਸੀ ਤੇ ਉਸਨੂੰ ਪਹਿਲਾਂ ਇੱਕ ਹੋਟਲ ਵਿੱਚ ਕੁਆਰੰਟੀਨ ਵਿੱਚ ਰੱਖਿਆ ਗਿਆ ਅਤੇ ਫਿਰ ਇੱਕ ਹਫ਼ਤੇ ਲਈ ਉਸ ਨੇ ਘਰ ਤੋਂ ਕੰਮ ਕੀਤਾ। 15 ਅਪ੍ਰੈਲ ਤੋਂ ਉਹ ਦਫ਼ਤਰ ਵਾਪਸ ਆ ਗਈ।
Sorry, your browser cannot display this map
ਮੈਨੂੰ ਘਰੋਂ ਕੰਮ ਕਰਨਾ ਪਸੰਦ ਨਹੀਂ: ਅਮਲ ਲਿਉ
ਚੀਨ ਵਿੱਚ ਨਵੇਂ ਸਾਲ ਤੋਂ ਪਹਿਲਾਂ ਲਿਉ ਦੇ ਕੰਮ ਦਾ ਸਮਾਂ ਨਿਰਧਾਰਤ ਸੀ।
ਉਹ ਦੱਸਦੀ ਹੈ, "ਹੁਣ ਅਸੀਂ ਆਪਣੇ ਹਿਸਾਬ ਨਾਲ ਆ ਜਾ ਸਕਦੇ ਹਾਂ, ਬਸ 9 ਘੰਟਿਆਂ ਲਈ ਕੰਮ ਕਰਨਾ ਹੁੰਦਾ ਹੈ, ਜਿਸ ਵਿੱਚ ਦੁਪਹਿਰ ਵੇਲੇ ਭੋਜਨ ਕਰਨਾ ਸ਼ਾਮਿਲ ਹੈ।"
"ਸਾਰਿਆਂ ਦਾ ਕੰਮ ਕਰਨ ਦਾ ਸਮਾਂ ਇਸ ਕਰਕੇ ਅੱਗੇ- ਪਿੱਛੇ ਕੀਤਾ ਗਿਆ ਹੈ ਤਾਂ ਕਿ ਸਾਰੇ ਇੱਕੋ ਵੇਲੇ ਸਫ਼ਰ ਨਾ ਕਰਨ ਤੇ ਦਫ਼ਤਰ ਵਿੱਚ ਵੀ ਬਹੁਤੀ ਭੀੜ ਇਕੱਠੀ ਨਾ ਹੋਵੇ।"
ਵਿਦੇਸ਼ ਯਾਤਰਾ ਨਾ ਕਰ ਪਾਉਣ ਦੇ ਬਾਵਜੂਦ ਜ਼ੋਂਗ ਦਫ਼ਤਰ ਵਿੱਚ ਵਾਪਸ ਆ ਕੇ ਖੁਸ਼ ਹੈ। ਉਸਦੇ ਦਫ਼ਤਰ ਵਿੱਚ ਇੰਟਰਨੈਟ ਸਪੀਡ ਠੀਕ ਹੋਣ ਕਰਕੇ ਕੰਮ ਵਿੱਚ ਕੁਸ਼ਲਤਾ ਵਧ ਗਈ ਹੈ।
ਪਰ ਉਸਦੀ ਤਨਖਾਹ ਵਿੱਚ ਗਿਰਾਵਟ ਆਈ ਹੈ, ਕਿਉਂਕਿ ਉਸਦੀ ਤਨਖਾਹ ਦਾ 60% ਹਿੱਸਾ ਵਿਦੇਸ਼ ਯਾਤਰਾ ਕਰਨ ਕਰਕੇ ਬਣਦਾ ਹੈ, ਜੋ ਇਸ ਵੇਲੇ ਮੁਮਕਿਨ ਨਹੀਂ।

ਤਸਵੀਰ ਸਰੋਤ, Getty Images
ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ?
ਬੀਜਿੰਗ ਦੇ ਚੇਂਗ ਕਾਂਗ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਵਿੱਚ ਸੰਸਥਾਗਤ ਵਿਵਹਾਰ ਦੇ ਸਹਿਯੋਗੀ ਪ੍ਰੋਫੈਸਰ ਝਾਂਗ ਜ਼ਿਆਓਮੈਂਗ ਨੇ ਦੱਸਿਆ ਹੈ ਕਿ ਬਹੁਤ ਸਾਰੇ ਕਰਮਚਾਰੀਆਂ ਨੇ ਘਰਾਂ ਤੋਂ ਕੰਮ ਕਰਨ ਵੇਲੇ ਕੁਸ਼ਲਤਾ ਘੱਟਣ ਬਾਰੇ ਦੱਸਿਆ ਹੈ।
ਉਨ੍ਹਾਂ ਦੀ ਟੀਮ ਦੁਆਰਾ ਇੱਕ ਸਰਵੇਖਣ ਕਰਵਾਇਆ ਗਿਆ, ਜਿਸ ਵਿੱਚ 5,835 ਲੋਕ ਸਨ।
ਅੱਧੇ ਤੋਂ ਵੱਧ ਹਿੱਸਾ ਲੈਣ ਵਾਲਿਆਂ ਨੇ ਘਰਾਂ ਤੋਂ ਕੰਮ ਕਰਨ ਵੇਲੇ ਕੁਸ਼ਲਤਾ ਘੱਟ ਹੋਣ ਦੀ ਰਿਪੋਰਟ ਕੀਤੀ। ਲਗਭਗ 37% ਨੇ ਕੁਸ਼ਲਤਾ ’ਚ ਕੋਈ ਫਰਕ ਨਾ ਪੈਣ ਬਾਰੇ ਦੱਸਿਆ, ਜਦੋਂ ਕਿ 10% ਤੋਂ ਘੱਟ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਘਰੋਂ ਕੰਮ ਕਰਨ ਵੇਲੇ ਕੁਸ਼ਲਤਾ ਵਧੀ ਹੈ।
'ਕਰਮਚਾਰੀਆਂ ਲਈ ਵੱਧ ਦਬਾਅ'
ਕ੍ਰਿਸਟਾ ਪੈਡਰਸਨ, ਹੋਗਨ ਅਸੈਸਮੈਂਟ ਸਿਸਟਮ ਨਾਂਅ ਦੀ ਇੱਕ ਪ੍ਰਸਨੇਲੇਟੀ ਕੰਪਨੀ ਲਈ ਬੀਜਿੰਗ ਵਿੱਚ ਕੰਮ ਕਰਦੀ ਹੈ।
ਉਹ ਕਹਿੰਦੀ ਹੈ, "ਅਸੀਂ ਹਰ ਸਮੇਂ ਕਰਮਚਾਰੀਆਂ ਤੋਂ ਵਧ ਉਮੀਦ ਲਾਉਣ ਕਰਕੇ ਉਨਾਂ 'ਤੇ ਦਬਾਅ ਪੈਂਦਾ ਦੇਖਿਆ ਹੈ ਜਿਸ ਕਰਕੇ ਉਹ ਜਲਦੀ ਜਵਾਬ ਦੇਣ ਜਾਂ ਮੀਟਿੰਗਾਂ ਕਰਨ ਲਈ ਤਿਆਰ ਹੁੰਦੇ ਹਨ।"
ਹਾਲਾਂਕਿ, ਇਹ ਰੁਝਾਨ ਸਾਰੇ ਖੇਤਰਾਂ ਵਿੱਚ ਨਹੀਂ ਵੇਖਿਆ ਜਾ ਰਿਹਾ ਹੈ।
"ਅਸੀਂ ਸੁਣਿਆ ਹੈ ਕਿ ਕੁਝ ਕੰਪਨੀਆਂ ਦਫ਼ਤਰ ਵਿੱਚ ਕੰਮ ਕਰਨ ਵਾਲੀ ਪੁਰਾਣੀ ਰਵਾਇਤੀ ਸੈਟਿੰਗ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਵੇਂ ਉਹ ਪਹਿਲਾਂ ਕੰਮ ਕਰਦੇ ਸਨ।"
ਪੈਡਰਸਨ ਦਾ ਮੰਨਣਾ ਹੈ ਕਿ ਇਹ ਇਸ ਲਈ ਹੈ ਕਿਉਂਕਿ "ਉਹ ਸੰਸਥਾਵਾਂ ਚੀਜ਼ਾਂ ਨੂੰ ਪੂਰਾ ਕਰਨ ਲਈ ਇੱਕ ਬਣਤਰ 'ਤੇ ਨਿਰਭਰ ਕਰਦੀਆਂ ਹਨ।"
ਉਹ ਕਹਿੰਦੀ ਹੈ ਕਿ ਸ਼ਖਸੀਅਤ ਮੁਲਾਂਕਣ ਵਿੱਚ, ਇਨ੍ਹਾਂ ਕੰਪਨੀਆਂ ਵਿਚਲੇ ਬੌਸ ਅਕਸਰ "ਪਰੰਪਰਾ" ਅਤੇ "ਸੁਰੱਖਿਆ" ਲਈ ਉੱਚੇ ਅੰਕ ਪ੍ਰਾਪਤ ਕਰਦੇ ਹਨ।
ਉਸ ਦਾ ਮੰਨਣਾ ਹੈ ਕਿ ਅਜਿਹੇ ਆਗੂ ਕੰਪਨੀਆਂ ਨੂੰ ਬਦਲਣਾ ਮੁਸ਼ਕਲ ਬਣਾਉਂਦੇ ਹਨ।



'ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸੁਰੱਖਿਅਤ ਹਾਂ'
ਕੋਵਿਡ -19 ਨਾਲ ਸਾਰਾ ਚੀਨ ਬੁਰੀ ਤਰ੍ਹਾਂ ਪ੍ਰਭਾਵਤ ਨਹੀਂ ਹੋਇਆ ਸੀ ਪਰ ਫਿਰ ਵੀ ਬਿਮਾਰੀ ਨੇ ਦਸਤਕ ਦੇ ਦਿੱਤੀ ਸੀ।
ਹੀ ਕਨਫਾਂਗ, 75, ਚੀਨੀ ਰਵਾਇਤੀ ਦਵਾਈ ਦੀ ਰਿਟਾਇਰਡ ਡਾਕਟਰ ਹੈ। ਉਹ ਆਪਣੇ ਪਤੀ ਨਾਲ ਦੱਖਣ-ਪੱਛਮੀ ਯੂਨਾਨ ਸੂਬੇ ਵਿਚ ਕੁੰਮਿੰਗ ਵਿੱਚ ਰਹਿੰਦੀ ਹੈ।
ਉਹ ਕਹਿੰਦੀ ਹੈ, "ਅਸੀਂ ਵਾਇਰਸ ਨਾਲ ਬਹੁਤਾ ਪ੍ਰਭਾਵਤ ਨਹੀਂ ਹੋਏ ਹਾਂ। ਖਾਣ ਪੀਣ ਅਤੇ ਸਬਜ਼ੀਆਂ ਦੀ ਸਪਲਾਈ ਸਥਿਰ ਹੈ। ਪਰ ਅਸੀਂ ਹਫ਼ਤੇ ਵਿੱਚ ਤਿੰਨ ਵਾਰ ਤੈਰਾਕੀ ਲਈ ਜਾਂਦੇ ਸੀ, ਹੁਣ ਅਸੀਂ ਨਹੀਂ ਜਾ ਸਕਦੇ।"
ਉਸਦੀ ਧੀ, ਜੋ 30 ਸਾਲਾਂ ਦੇ ਨੇੜ-ਤੇੜ ਹੈ ਆਮ ਤੌਰ ’ਤੇ ਬੀਜ਼ਿੰਗ ਵਿੱਚ ਰਹਿੰਦੀ ਹੈ। ਪਰ ਹੁਣ ਉਨ੍ਹਾਂ ਨਾਲ ਰਹਿ ਰਹੀ ਹੈ।
ਉਹ ਕਹਿੰਦੀ ਹੈ, "ਮੇਰੀ ਧੀ ਇੱਕ ਫ੍ਰੀਲਾਂਸ ਕਾਨਫਰੰਸ ਇੰਟਰਪ੍ਰੈਟਰ ਵਜੋਂ ਕੰਮ ਕਰਦੀ ਹੈ ਤੇ ਉਸਦੀ ਨੌਕਰੀ ਪ੍ਰਭਾਵਿਤ ਹੋਈ ਹੈ।"
ਅੰਤਰਰਾਸ਼ਟਰੀ ਯਾਤਰਾ ਦੀ ਰੋਕ ਕਰਕੇ ਉਸ ਨੂੰ ਪਰੇਸ਼ਾਨੀ ਹੋ ਰਹੀ ਹੈ।
"ਉਸਨੂੰ ਬੀਜਿੰਗ ਵਿੱਚ ਕਿਰਾਏ ਦੇ ਨਾਲ ਨਾਲ ਹੋਰ ਕਰਜ਼ੇ, ਫੀਸਾਂ ਅਤੇ ਬੀਮੇ ਦਾ ਭੁਗਤਾਨ ਵੀ ਕਰਨਾ ਪੈਂਦਾ ਹੈ ਜੋ ਉਹ ਖੁਦ ਅਦਾ ਕਰ ਰਹੀ ਹੈ।"

ਤਸਵੀਰ ਸਰੋਤ, Getty Images
ਹੁਬਈ ਵਿੱਚ ਮੁੜ ਸਕੂਲ ਖੁੱਲ੍ਹੇ
ਜਨਵਰੀ ਦੇ ਅਖੀਰ ਵਿੱਚ ਬੰਦ ਹੋਣ ਮਗਰੋਂ, ਸਕੂਲਾਂ ਨੇ ਮਾਰਚ ਵਿੱਚ ਹੌਲੀ-ਹੌਲੀ ਕਲਾਸਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ। ਲਗਭਗ 27.8 ਕਰੋੜ ਵਿਦਿਆਰਥੀ ਸਕੂਲ ਜਾ ਰਹੇ ਹਨ।
ਸਕੂਲ ਸੂਬਿਆਂ ਵਿੱਚ ਪੜਾਵਾਂ ਵਿੱਚ ਖੋਲ੍ਹੇ ਜਾ ਰਹੇ ਹਨ। ਹੂਬੇ ਵਿੱਚ ਸਕੂਲ ਮਈ ਦੇ ਸ਼ੁਰੂ ਵਿੱਚ ਦੁਬਾਰਾ ਖੁਲ੍ਹੇ ਹਨ।
ਸਕੂਲਾਂ ਵਿੱਚ ਉਹੀ ਸਿਹਤ ਸੰਬੰਧੀ ਸਾਵਧਾਨੀ ਵਰਤੀ ਜਾ ਰਹੀ ਹੈ ਜਿੰਨੀ ਕਿ ਕੰਮ ਦੀਆਂ ਥਾਵਾਂ 'ਤੇ। ਤਾਪਮਾਨ ਜਾਂਚ, ਮਾਸਕ ਅਤੇ ਸਮਾਜਕ ਦੂਰੀ ਆਦਿ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਯੂਨ ਟਾਓ ਬੀਜਿੰਗ ਵਿੱਚ ਇੱਕ ਸਰਕਾਰੀ ਇੰਜੀਨੀਅਰਿੰਗ ਕਾਰਪੋਰੇਸ਼ਨ ਵਿੱਚ ਕੰਮ ਕਰਦੀ ਹੈ ਤੇ ਆਪਣੀ 16 ਸਾਲਾ ਧੀ ਨਾਲ ਰਹਿੰਦੀ ਹੈ। ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਯੂਨ ਦੱਸਦੀ ਹੈ, "ਮੈਂ ਆਪਣੀ ਧੀ ਲਈ ਦਿਨ ਵਿੱਚ ਤਿੰਨ-ਤਿੰਨ ਵਾਰ ਭੋਜਨ ਬਣਾ ਕੇ ਥੱਕ ਗਈ ਹਾਂ। ਉਸ ਦਾ ਧਿਆਨ ਰੱਖਣ ਤੋਂ ਇਲਾਵਾ, ਮੈਨੂੰ ਉਸ ਦੀ ਪੜ੍ਹਾਈ ਵਿੱਚ ਵੀ ਕਾਫ਼ੀ ਸਮਾਂ ਬਤੀਤ ਕਰਨਾ ਪੈਂਦਾ ਹੈ।"
"ਇਹ ਸਭ ਕੁਝ ਮੈਂ ਆਪਣੇ ਕੰਮ ਦੇ ਨਾਲ ਕਰਦੀ ਹਾਂ। ਹਾਲਾਂਕਿ ਮੈਨੂੰ ਨਹੀਂ ਲਗਦਾ ਕਿ ਮੇਰੀ ਕੁਸ਼ਲਤਾ ਪਹਿਲਾਂ ਵਰਗੀ ਰਹੀ ਹੈ।"

ਤਸਵੀਰ ਸਰੋਤ, Getty Images
'ਮਹਿਸੂਸ ਹੁੰਦਾ ਹੈ ਕਿ ਮੇਰੇ ਕੋਲ ਖਾਲੀ ਸਮਾਂ ਨਹੀਂ ਹੈ'
ਯੂਨ ਦੀ ਇਕਲੌਤੀ ਧੀ ਬੀਜਿੰਗ ਦੇ ਇੱਕ ਅੰਤਰਰਾਸ਼ਟਰੀ ਹਾਈ ਸਕੂਲ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਹੈ। ਉਹ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਕੂਲ ਨਹੀਂ ਗਈ।
ਯੂਨ ਕਹਿੰਦੀ ਹੈ, "ਲੌਕਡਾਉਨ ਕਰਕੇ ਆਨਲਾਈਨ ਸਿਖਿਆ ਵਿੱਚ ਵਧੇਰੇ ਮੁਸ਼ਕਲਾਂ ਆਉਂਦੀਆਂ ਹਨ। ਮੇਰੀ ਧੀ ਬਹੁਤੀ ਪ੍ਰੇਰਿਤ ਨਹੀਂ ਹੁੰਦੀ, ਅਤੇ ਮਾਪਿਆਂ ਵਜੋਂ ਸਾਡੇ ਕੋਲ ਪਹਿਲਾਂ ਨਾਲੋਂ ਵਧੇਰੇ ਕੰਮ ਵੱਧ ਗਏ ਹਨ ਜਿਵੇਂ ਹੈਂਡਆਊਟ ਛਾਪਣਾ, ਰੋਜ਼ਾਨਾ ਹਾਜ਼ਰੀ ਲਗਾਉਣੀ, ਤਕਨੀਕੀ ਮੁੱਦਿਆਂ ਨੂੰ ਹੱਲ ਕਰਨਾ ਆਦਿ।"
"ਅਜਿਹਾ ਮਹਿਸੂਸ ਹੁੰਦਾ ਹੈ ਕਿ ਕੰਮ ਕਰਨ ਤੋਂ ਬਾਅਦ ਮੇਰੇ ਕੋਲ ਖਾਲੀ ਸਮਾਂ ਨਹੀਂ ਹੈ। ਹਾਲਾਂਕਿ, ਇੱਕ ਚੰਗੀ ਗੱਲ ਇਹ ਹੈ ਕਿ ਮੈਂ ਹੁਣ ਪਹਿਲਾਂ ਨਾਲੋਂ ਬਿਹਤਰ ਖਾਣਾ ਪਕਾਉਂਦੀ ਹਾਂ।"
ਬਹੁਤ ਸਾਰੇ ਦੇਸ ਇਸ ਗੱਲ ਲਈ ਚੀਨ ਵੱਲ ਦੇਖ ਰਹੇ ਹਨ ਕਿ ਲੌਕਡਾਊਨ ਦੀਆਂ ਪਾਬੰਦੀਆਂ ਹਟਾਉਣ ਮਗਰੋਂ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ।
ਪਰ ਚੀਨ ਵਿੱਚ ਅਜੇ ਵੀ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ ਅਤੇ ਲੋਕ ਚਿੰਤਤ ਹਨ ਕਿਉਂਕਿ ਬਿਮਾਰੀ ਨੂੰ ਰੋਕਣ ਲਈ ਅਜੇ ਬਾਕੀ ਦੇਸ ਸੰਘਰਸ਼ ਕਰ ਰਹੇ ਹਨ।
ਜੋਂਗ ਕਹਿੰਦੀ ਹੈ, "ਅਸੀਂ ਅਜੇ ਵੀ ਕੋਰੋਨਾਵਾਇਰਸ ਪੀਰੀਅਡ ਵਿੱਚ ਹਾਂ, ਹਾਲੇ ਇਹ ਸਮਾਂ ਖ਼ਤਮ ਨਹੀਂ ਹੋਇਆ।"
"ਜਦੋਂ ਤੱਕ ਦੂਜੇ ਦੇਸਾਂ ਵਿੱਚ ਬਿਮਾਰੀ ਮੌਜੂਦ ਹੈ, ਅਸੀਂ ਵੀ ਪ੍ਰਭਾਵਿਤ ਹੋ ਸਕਦੇ ਹਾਂ।"




ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












