ਡੌਨਲਡ ਟਰੰਪ ਲਈ ਭਾਰਤ ਵਿੱਚ 'ਧਾਰਮਿਕ ਆਜ਼ਾਦੀ' ਇੱਕ ਅਹਿਮ ਮੁੱਦਾ ਹੈ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ, ਵਾਸ਼ਿੰਗਟਨ ਤੋਂ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਤੋਂ ਅਮਰੀਕਾ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵੱਡੇ ਪੱਧਰ 'ਤੇ ਉਨ੍ਹਾਂ ਦਾ ਜਨਤਕ ਤੌਰ 'ਤੇ ਸਵਾਗਤ ਕੀਤਾ ਜਾਵੇਗਾ।

ਅਮਰੀਕੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਸਵਾਗਤ ਹਾਲ ਦੇ ਸਾਲਾਂ ਵਿੱਚ ਭਾਰਤ ਵਿੱਚ ਕਿਸੇ ਵੀ ਵਿਦੇਸ਼ੀ ਆਗੂ ਨੂੰ ਦਿੱਤੇ ਸਨਮਾਨ ਨਾਲੋਂ ਵੱਧ ਹੋਵੇਗਾ।

ਟਰੰਪ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਟਰੰਪ ਦੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਯਾਤਰਾ ਦੋਹਾਂ ਦੇਸਾਂ ਵਿਚਾਲੇ ਵੱਧ ਰਹੇ ਵਪਾਰਕ ਮਤਭੇਦਾਂ ਨੂੰ ਘਟਾਉਣ ਵਿੱਚ ਮਦਦ ਕਰੇਗੀ।

ਪਰ ਸ਼ੁੱਕਰਵਾਰ ਨੂੰ ਦੋਹਾਂ ਦੇਸਾਂ ਦੀ ਪ੍ਰਸਤਾਵਿਤ ਗੱਲਬਾਤ ਦੇ ਏਜੰਡੇ ਦੇ ਬਾਰੇ ਆਏ ਟਰੰਪ ਪ੍ਰਸ਼ਾਸਨ ਦੇ ਬਿਆਨ 'ਤੇ ਅਚਾਨਕ ਸਭ ਦੀਆਂ ਨਜ਼ਰਾਂ ਟਿੱਕ ਗਈਆਂ ਹਨ।

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਆਪਣੇ ਜਨਤਕ ਸੰਬੋਧਨ ਅਤੇ ਫਿਰ ਪੱਕੇ ਤੌਰ 'ਤੇ ਨਿੱਜੀ ਰੂਪ ਵਿੱਚ ਲੋਕਤੰਤਰ ਅਤੇ ਧਾਰਮਿਕ ਆਜ਼ਾਦੀ ਦੀ ਸਾਡੀ ਸਾਂਝੀ ਪਰੰਪਰਾ ਬਾਰੇ ਗੱਲ ਕਰਨਗੇ। ਉਹ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ, ਖ਼ਾਸ ਕਰਕੇ ਧਾਰਮਿਕ ਆਜ਼ਾਦੀ ਦਾ ਮੁੱਦਾ, ਜੋ ਕਿ ਇਸ ਪ੍ਰਸ਼ਾਸਨ ਲਈ ਬਹੁਤ ਅਹਿਮ ਹੈ।"

ਇਹ ਵੀ ਪੜ੍ਹੋ:

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਵਿੱਚ ਰਾਸ਼ਟਰਪਤੀ ਟਰੰਪ ਇਸ ਤੱਥ ਵੱਲ ਧਿਆਨ ਦਿਵਾਉਣਗੇ ਕਿ ਲੋਕਤੰਤਰੀ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਅਤੇ ਧਾਰਮਿਕ ਘੱਟ-ਗਿਣਤੀਆਂ ਦੇ ਸਨਮਾਨ ਲਈ ਬਰਕਰਾਰ ਰੱਖਣ ਲਈ ਦੁਨੀਆਂ ਭਾਰਤ ਵੱਲ ਦੇਖ ਰਹੀ ਹੈ।"

"ਬੇਸ਼ੱਕ ਇਹ ਭਾਰਤ ਦੇ ਸੰਵਿਧਾਨ ਵਿੱਚ ਵੀ ਹੈ - ਧਾਰਮਿਕ ਆਜ਼ਾਦੀ, ਧਾਰਮਿਕ ਘੱਟ-ਗਿਣਤੀਆਂ ਦਾ ਸਨਮਾਨ ਅਤੇ ਸਾਰੇ ਧਰਮਾਂ ਲਈ ਬਰਾਬਰੀ ਦਾ ਦਰਜਾ।"

ਵਿਚੋਲਗੀ ਦੇ ਮੁੱਦੇ ਬਾਰੇ ਗੱਲਬਾਤ

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਤੁਸੀਂ ਰਾਸ਼ਟਰਪਤੀ ਤੋਂ ਜੋ ਸੁਣੋਗੇ, ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਨੂੰ ਘਟਾਉਣ ਲਈ ਬਹੁਤ ਉਤਸ਼ਾਹਜਨਕ ਹੈ ਅਤੇ ਦੋਹਾਂ ਦੇਸਾਂ ਨੂੰ ਆਪਸੀ ਮਤਭੇਦ ਸੁਲਝਾਉਣ ਲਈ ਇੱਕ-ਦੂਜੇ ਨਾਲ ਦੁਵੱਲੀ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰੇਗਾ।"

"ਸਾਡਾ ਮੰਨਣਾ ਹੈ ਕਿ ਦੋਵਾਂ ਦੇਸਾਂ ਵਿਚਾਲੇ ਸਫ਼ਲ ਗੱਲਬਾਤ ਦੀ ਮੁੱਢਲੀ ਨੀਂਹ ਆਪਣੇ ਦੇਸ ਵਿੱਚ ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਨੱਥ ਪਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਗਤੀ ਉੱਤੇ ਅਧਾਰਤ ਹੈ। ਇਸ ਲਈ ਅਸੀਂ ਉਸ ਦੀ ਭਾਲ ਜਾਰੀ ਰੱਖਦੇ ਹਾਂ।"

ਵਪਾਰਕ ਮੁੱਦੇ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਦਿੱਤੀਆਂ ਜਾਣ ਵਾਲੀਆਂ ਕਾਰੋਬਾਰੀ ਰਿਆਇਤਾਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ ਜਿਸ ਨੂੰ ਟਰੰਪ ਪ੍ਰਸ਼ਾਸਨ ਨੇ 2019 ਵਿੱਚ ਬੰਦ ਕਰ ਦਿੱਤਾ ਸੀ।

ਇਸੇ ਬਾਰੇ ਵ੍ਹਾਈਟ ਹਾਊ ਦੇ ਬੁਲਾਰੇ ਨੇ ਕਿਹਾ, " ਜਿਸ ਕਾਰਨ ਭਾਰਤ ਦੀ ਜੀਐਸਪੀ ਨੂੰ ਮੁਅੱਤਲ ਕੀਤਾ ਗਿਆ, ਉਸ ਬਾਰੇ ਅਸੀਂ ਚਿੰਤਿਤ ਹਾਂ।"

"ਅਸੀਂ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕਈ ਖੇਤਰਾਂ ਵਿੱਚ ਬਾਜ਼ਾਰਾਂ ਲਈ ਢੁੱਕਵੀਂ ਅਤੇ ਵਾਜਬ ਪਹੁੰਚ ਮੁਹੱਈਆ ਕਰਾਉਣ ਵਿੱਚ ਅਸਫ਼ਲ ਰਹੀ ਹੈ। ਅਸੀਂ ਆਪਣੇ ਭਾਰਤੀ ਸਹਿਕਰਮੀਆਂ ਨਾਲ ਬਜ਼ਾਰ ਵਿੱਚ ਪਹੁੰਚ ਦੀਆਂ ਰੁਕਾਵਟਾਂ ਨੂੰ ਹੱਲ ਕਰਨ ਬਾਰੇ ਗੱਲ ਕਰਾਂਗੇ।"

"ਮੇਕ ਇਨ ਇੰਡੀਆ ਬਾਰੇ ਤਾਜ਼ਾ ਐਲਾਨਾਂ ਨੇ ਭਾਰਤ ਵਿੱਚ ਆਪਣੀ ਘਰੇਲੂ ਸਨਅਤ ਨੂੰ ਬਚਾਉਣ ਲਈ ਦਰਾਮਦ ਉੱਤੇ ਟੈਕਸ ਵਧਾਉਣ ਦੀਆਂ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸ ਲਈ ਅਸੀਂ ਉਨ੍ਹਾਂ ਚਿੰਤਾਵਾਂ ਬਾਰੇ ਵਿਚਾਰ ਕਰਾਂਗੇ।"

ਟਰੰਪ ਕਿੱਥੇ-ਕਿੱਥੇ ਜਾਣਗੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਤਨੀ ਮੀਲੇਨੀਆ ਦੇ ਨਾਲ ਸੋਮਵਾਰ ਨੂੰ ਅਹਿਮਦਾਬਾਦ ਪਹੁੰਚਣਗੇ ਜਿੱਥੇ ਉਹ ਸਰਦਾਰ ਪਟੇਲ ਸਟੇਡੀਅਮ ਜਾਣਗੇ।

ਫਿਰ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਾਜ ਮਹਿਲ ਦੇਖਣ ਆਗਰਾ ਜਾਣਗੇ।

ਉਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ ਅਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੁਵੱਲੀ ਬੈਠਕ ਹੋਵੇਗੀ।

ਇਹ ਵੀ ਪੜ੍ਹੋ:

ਫਿਰ ਨਿਵੇਸ਼ਕਾਂ ਦੇ ਨਾਲ ਇੱਕ ਪ੍ਰੋਗਰਾਮ ਹੋਵੇਗਾ। ਇਸ ਪ੍ਰੋਗਰਾਮ ਦਾ ਮਕਸਦ ਹੈ ਉਨ੍ਹਾਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਾ ਜੋ ਕਿ ਅਮਰੀਕਾ ਵਿੱਚ ਨਿਵੇਸ਼ ਕਰਨ ਦੀਆਂ ਇਛੁੱਕ ਹਨ।

ਫਿਰ ਐਂਬੇਸੀ ਸਟਾਫ਼ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣਗੇ।

ਅਖੀਰ ਰਾਸ਼ਟਰਪਤੀ ਭਵਨ ਵਿੱਚ ਰਾਤ ਦਾ ਖਾਣਾ ਹੋਵੇਗਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)