5 ਗੱਲਾਂ ਜੋ ਹਰ ਔਰਤ ਨੂੰ ਆਪਣੇ ਗੁਪਤ ਅੰਗ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ

    • ਲੇਖਕ, ਪੌਲਾ ਮੈਕਗ੍ਰਾਥ
    • ਰੋਲ, ਬੀਬੀਸੀ ਪੱਤਰਕਾਰ

ਸੋਸ਼ਲ ਮੀਡੀਆ 'ਤੇ ਯੋਨੀ (ਵਜਾਇਨਾ) ਬਾਬਤ ਕਈ ਗ਼ਲਤ ਧਾਰਨਾਵਾਂ ਮਿੱਥ ਚੱਲ ਰਹੀਆਂ ਹਨ। ਇੱਕ ਔਰਤ ਨੇ ਇਨ੍ਹਾਂ ਮਿੱਥਾਂ ਨੂੰ ਤੋੜਨ ਦਾ ਬੀੜਾ ਚੁੱਕਿਆ ਹੈ।

ਡਾ. ਜੈਨ ਗੁੰਟਰ 25 ਸਾਲਾਂ ਤੋਂ ਅਮਰੀਕਾ ਅਤੇ ਕੈਨੇਡਾ ਵਿਚ ਜੱਚਾ-ਬੱਚਾ ਅਤੇ ਇਸਤਰੀ ਰੋਗ ਮਾਹਿਰ ਵਜੋਂ ਕੰਮ ਕਰ ਰਹੀ ਹੈ। ਉਹ ਔਰਤਾਂ ਦੀ ਸਿਹਤ ਦੀ ਵਕਾਲਤ ਕਰਦੀ ਹੈ।

ਉਨ੍ਹਾਂ ਨੂੰ ਟਵਿੱਟਰ ਦੀ ਰੈਜ਼ੀਡੈਂਟ ਇਸਤਰੀ ਰੋਗਾਂ ਦੀ ਮਾਹਰ ਹੈ।

ਹਾਲ ਹੀ ਵਿਚ ਉਨ੍ਹਾਂ ਨੇ "ਹਾਰਮੋਨ ਸੰਤੁਲਨ, ਮਹਾਵਾਰੀ ਨਿਯਮਿਤ ਅਤੇ ਬਲੈਡਰ ਨਿਯੰਤਰਣ" ਕਰਨ ਲਈ ਯੋਨੀ 'ਚ ਪਾਏ ਰੱਖੇ ਜਾਣ ਵਾਲੇ ਜੇਡ ਐਗਜ਼ ( ਅੰਡੇ ਵਰਗਾ ਅਰਧ ਗੋਲਾਕਾਰ ਪੱਥਰ) ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ।

ਗੁੰਟਰ ਨੇ ਦਰਸਾਇਆ ਹੈ ਕਿ ਉਹ ਪੁਰਾਤਨ ਚੀਨੀ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਵਿਗਿਆਨਕ ਅਧਾਰ ਹੈ। ਇਸ ਲਈ ਉਨ੍ਹਾਂ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਗੁੰਟਰ ਦੀ ਨਵੀਂ ਕਿਤਾਬ, "ਦਿ ਵਜਾਇਨਾ ਬਾਈਬਲ' ਕਈ ਦੇਸਾਂ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ।

ਉਸ ਵਿਚ ਕਈ ਅਜਿਹੇ ਸੁਝਾਅ ਹਨ ਜੋ ਕਿ ਅਮਲ ਵਿਚ ਲਿਆਂਦੇ ਜਾ ਸਕਦੇ ਹਨ ਤੇ ਔਰਤਾਂ ਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਡਾ. ਜੈਨ ਵਲੋਂ ਦੱਸੇ ਕੁਝ ਤੱਥ ਸਾਂਝੇ ਕਰਾਂਗੇ ਜੋ ਹਰ ਔਰਤ ਨੂੰ ਪਤਾ ਹੋਣੇ ਚਾਹੀਦੇ ਹਨ-

ਵਜਾਇਨਾ (ਅੰਦਰੂਨੀ ਹਿੱਸਾ) ਅਤੇ ਵਲਵਾ (ਬਾਹਰੀ ਹਿੱਸਾ) ਵਿਚਲਾ ਫ਼ਰਕ

ਵਜਾਇਨਾ ਔਰਤ ਦੇ ਗੁਪਤ ਅੰਗ ਦਾ ਅੰਦਰਲਾ ਹਿੱਸਾ ਹੁੰਦਾ ਹੈ, ਇਹ ਇੱਕ ਮਾਸਪੇਸ਼ੀ ਦੀ ਨਲੀ ਹੁੰਦੀ ਹੈ ਜੋ ਬੱਚੇਦਾਨੀ ਨੂੰ ਬਾਹਰੀ ਹਿੱਸੇ ਨਾਲ ਜੋੜਦੀ ਹੈ।

ਜੋ ਹਿੱਸਾ ਬਾਹਰ ਨਜ਼ਰ ਆਉਂਦਾ ਹੈ, ਜੋ ਤੁਹਾਡੇ ਕੱਪੜਿਆਂ ਨੂੰ ਨਾਲ ਛੂੰਹਦਾ ਹੈ, ਉਸ ਨੂੰ ਵਲਵਾ ਕਹਿੰਦੇ ਹਨ।

ਗੁੰਟਰ ਨੇ ਕਿਹਾ ਹੈ ਕਿ ਸਹੀ ਸ਼ਬਦਾਵਲੀ ਜਾਣਨਾ ਮਹੱਤਵਪੂਰਨ ਹੈ, ਨਾ ਕਿ ਸਿਰਫ਼ ਬੋਲਚਾਲ ਦੀ ਭਾਸ਼ਾ ਦੇ ਸ਼ਬਦਾਂ ਨੂੰ।

ਗੁੰਟਰ ਦਾ ਕਹਿਣਾ ਹੈ, "ਜਦੋਂ ਤੁਸੀਂ ਵਜਾਇਨਾ ਅਤੇ ਵਲਵਾ ਸ਼ਬਦ ਨਹੀਂ ਵਰਤ ਸਕਦੇ ਤਾਂ ਇਸ ਮਤਲਬ ਇਹ ਹੈ ਕਿ ਤੁਸੀਂ ਇਸ ਬਾਰੇ ਗੰਦਾ ਜਾਂ ਸ਼ਰਮਿੰਦਗੀ ਮਹਿਸੂਸ ਕਰਦੇ ਹੋ।

ਮੈਡੀਕਲ ਸ਼ਬਦਾਵਲੀ ਵਿੱਚ "ਪੁਡੈਂਡਾ" ਸ਼ਬਦ ਹੈ, ਜੋ ਵੁਲਵਾ ਨੂੰ ਦਰਸਾਉਂਦਾ ਹੈ। ਇਹ ਸ਼ਬਦ ਲਾਤਿਨੀ ਭਾਸ਼ਾ ਦੇ "ਪੁਡੈਟ" ਤੋਂ ਬਣਿਆ ਹੈ, ਜਿਸ ਦਾ ਅਰਥ ਹੈ "ਸ਼ਰਮਿੰਦਾ ਕਰਨ ਵਾਲਾ"।

ਗੁੰਟਰ ਦਾ ਮੰਨਣਾ ਹੈ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕੇਵਲ ਔਰਤਾਂ ਨੂੰ ਭਾਵਨਾਤਮਕ ਤੌਰ 'ਤੇ ਹਾਨੀਕਾਰਕ ਹੁੰਦਾ ਹੈ ਬਲਕਿ ਮੈਡੀਕਲ ਰੂਪ 'ਚ ਵੀ ਪ੍ਰਭਾਵ ਪਾਉਂਦਾ ਹੈ ਕਿਉਂਕਿ ਮਰੀਜ਼ ਨੂੰ ਸਹੀ ਢੰਗ ਨਾਲ ਨਹੀਂ ਪਤਾ ਲਗਦਾ ਕਿ ਉਨ੍ਹਾਂ ਨੂੰ ਅਸਲ ਪਰੇਸ਼ਾਨੀ ਕੀ ਹੈ ਤੇ ਇਸ ਲਈ ਇਸ ਦਾ ਇਲਾਜ ਵੀ ਸਹੀ ਨਹੀਂ ਹੁੰਦਾ।

ਵਜਾਇਨਾ ਖੁਦ ਨੂੰ ਸਾਫ਼ ਕਰਦਾ ਹੈ

ਗੁੰਟਰ ਨੇ ਪਿਛਲੇ 10 ਸਾਲਾਂ ਦੌਰਾਨ ਔਰਤਾਂ ਦੇ ਵਿਹਾਰ ਵਿਚ ਫ਼ਰਕ ਦੇਖਿਆ ਹੈ। ਜਿਸ ਦੇ ਵਿਚ ਉਨ੍ਹਾਂ ਨੇ ਨੋਟਿਸ ਕੀਤਾ ਹੈ ਕਿ ਕਈ ਔਰਤਾਂ ਆਪਣੀ ਵਜਾਈਨਾ ਦੀ ਬਦਬੂ ਨੂੰ ਦੂਰ ਕਰਨ ਲਈ ਕੁਝ ਚੀਜ਼ਾਂ ਵਰਤ ਰਹੀਆਂ ਹਨ।

ਉੱਤਰੀ ਅਮਰੀਕਾ ਵਿਚ ਪਿਛਲੇ ਸਾਲ 57 ਫ਼ੀਸਦੀ ਔਰਤਾਂ ਨੇ ਯੋਨੀ ਦੀ ਸਫ਼ਾਈ ਕੀਤੀ। ਕੁਝ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੇ ਸਾਥੀ ਵਲੋਂ ਪ੍ਰੇਰਿਤ ਕੀਤੇ ਜਾਣ 'ਤੇ ਅਜਿਹਾ ਕੀਤਾ।

ਪਰ ਗੁੰਟਰ ਦਾ ਕਹਿਣਾ ਹੈ ਕਿ ਯੋਨੀ ਦੀ ਅੰਦਰੋਂ ਸਫ਼ਾਈ ਲਈ ਕੁਝ ਵਰਤਣ ਦੀ ਲੋੜ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ, "ਉਹ ਆਪਣੀ ਸਫ਼ਾਈ ਖੁਦ ਕਰਦੀ ਹੈ।"

ਉਹ ਖ਼ਾਸ ਕਰਕੇ ਖ਼ੁਸ਼ਬੂ ਵਾਲੇ ਪ੍ਰੋਡਕਟ ਇਸਤੇਮਾਲ ਕਰਨ ਦੇ ਖ਼ਿਲਾਫ਼ ਹੈ। ਉਨ੍ਹਾਂ ਦਾ ਕਹਿਣਾ ਹੈ, "ਅਜਿਹੇ ਪ੍ਰੋਡਕਟ ਤੁਹਾਡੀ ਯੋਨੀ ਲਈ ਸਿਗਰਟ ਵਾਂਗ ਹਨ।"

ਇਥੋਂ ਤੱਕ ਕਿ ਪਾਣੀ ਨਾਜ਼ੁਕ ਈਕੋਸਿਸਟਮ 'ਚ ਰੁਕਾਵਟ ਪੈਦਾ ਕਰ ਸਕਦਾ ਹੈ, ਜਿਸ ਨਾਲ ਇਸ ਵਿਚ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ।

ਭਾਫ਼ ਦੇਣਾ ਇੱਕ ਹੋਰ ਵਰਤਾਰਾ ਹੈ, ਜੋ ਅੱਜਕੱਲ੍ਹ ਰੁਝਾਨ 'ਚ ਹੈ ਪਰ ਇਸ ਨਾਲ ਯੋਨੀ ਵਿਚ ਜਲਨ ਹੋ ਸਕਦੀ ਹੈ।

ਇਸ ਤੋਂ ਇਲਾਵਾ ਬਾਹਰੀ ਹਿੱਸਾ 'ਵਲਵਾ' ਲੋੜ ਪੈਣ 'ਤੇ ਪਾਣੀ ਜਾਂ ਕਿਸੇ ਵਧੀਆ ਕਲੀਨਜ਼ਰ ਨਾਲ ਸਾਫ਼ ਕੀਤਾ ਜਾ ਸਕਦਾ ਹੈ।

ਸਾਬੁਣ ਐਸਿਡ ਮੈਂਟਲ ਨੂੰ ਸਾਫ਼ ਕਰ ਸਕਦਾ ਹੈ, ਜੋ ਚਮੜੀ ਲਈ ਇੱਕ ਸੁਰੱਖਿਅਤ ਵਾਟਰ ਪਰੂਫ਼ ਪਰਤ ਵਾਂਗ ਕੰਮ ਕਰਦਾ ਹੈ।

ਜੇਕਰ ਮੈਨੋਪੋਜ਼ ਦੌਰਾਨ ਹਾਰਮੋਨ ਬਦਲਾਅ ਨਾਲ ਚੀਜ਼ਾਂ ਰੁੱਖੀਆਂ ਅਤੇ ਦੁਖਦਾਈ ਹੋ ਜਾਣ ਤਾਂ ਜੈਤੂਨ ਜਾਂ ਨਾਰੀਅਲ ਦੇ ਤੇਲ ਵਰਗੀ ਕਿਸੇ ਚੀਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਹਰੇਕ 96 ਘੰਟਿਆਂ ਵਿੱਚ ਵਜਾਇਨਲ ਸੈੱਲ ਬਦਲੇ ਜਾਂਦੇ ਹਨ। ਇਹ ਚਮੜੀ ਅਤੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਵਧੇਰੇ ਤਾਜ਼ੇ ਹੁੰਦੇ ਹਨ। ਇਸ ਲਈ ਛੇਤੀ ਠੀਕ ਹੋ ਜਾਂਦੇ ਹਨ।

ਯੋਨੀ ਕਿਸੇ ਬਗ਼ੀਚੇ ਵਾਂਗ

ਯੋਨੀ ਵਿਚ ਚੰਗੇ "ਬੈਕਟੀਰੀਆ" ਦੀ ਇੱਕ ਫੌਜ ਹੁੰਦੀ ਹੈ, ਜੋ ਇਸ ਨੂੰ ਸਿਹਤਯਾਬ ਰੱਖਣ ਵਿੱਚ ਮਦਦ ਕਰਦੀ ਹੈ।

ਗੁੰਟਰ ਦਾ ਕਹਿਣਾ ਹੈ, "ਵਜਾਇਨਲ ਮਾਈਕ੍ਰੋਬਾਓਮੀ ਕਿਸੇ ਬਗ਼ੀਚੇ ਵਾਂਗ ਹੈ, ਜਿੱਥੇ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ, ਜੋ ਯੋਨੀ ਦੇ ਈਕੋਸਿਸਟਮ ਨੂੰ ਸਿਹਤਯਾਬ ਰੱਖਣ ਲਈ ਮਿਲ ਕੇ ਕੰਮ ਕਰਦੇ ਹਨ।"

ਚੰਗੇ ਬੈਕਟੀਰੀਆ ਉਨ੍ਹਾਂ ਪਦਾਰਥਾਂ ਦਾ ਉਤਪਾਦਨ ਕਰਦੇ ਹਨ ਜੋ ਥੋੜ੍ਹਾ ਤੇਜ਼ਾਬੀ ਵਾਤਾਵਰਨ ਬਣਾਉਂਦੇ ਹਨ ਅਤੇ ਇਹ ਕਿਸੇ "ਮਾੜੇ" ਬੈਕਟੀਰੀਆ ਨੂੰ ਰੋਕਦਾ ਹੈ, ਇਸ ਦੇ ਨਾਲ ਮਿਊਕਮ ਪੈਦਾ ਹੁੰਦੇ ਹਨ, ਜੋ ਹਰ ਚੀਜ਼ ਨੂੰ ਚਿਕਨਾ ਬਣਾਈ ਰੱਖਦਾ ਹੈ।

ਇਹੀ ਕਾਰਨ ਹੈ ਐਂਟੀਬੈਕਟੀਰੀਅਲ ਉਤਪਾਦਾਂ ਅੰਦਰੋਂ ਸਫ਼ਾਈ ਕਰਨਾ ਚੰਗਾ ਨਹੀਂ ਹੈ, ਬੈਕਟੀਰੀਆ ਵਿਚ ਸੰਤੁਲਨ ਕਾਇਮ ਰੱਖਣਾ ਜ਼ਰੂਰੀ ਹੈ।

ਇਸੇ ਤਰ੍ਹਾਂ ਗੁੰਟਰ ਹੇਅਰ ਡਰਾਇਰ ਨਾਲ ਵੁਲਵਾ ਨੂੰ ਨਾ ਸੁਕਾਉਣ ਦੀ ਸਲਾਹ ਦਿੰਦੀ ਹੈ ਕਿਉਂਕਿ ਇੱਥੇ ਸਕਿਨ ਦੇ ਨਮ ਰਹਿਣ ਦੀ ਲੋੜ ਹੁੰਦੀ ਹੈ।

ਗੁਪਤ ਅੰਗ 'ਤੇ ਵਾਲਾਂ ਦਾ ਕੰਮ

ਗੁੰਟਰ ਦਾ ਕਹਿਣਾ ਹੈ ਕਿ ਔਰਤਾਂ ਵਿਚ ਯੋਨੀ ਦੇ ਵਾਲ ਹਟਾਉਣ ਦਾ ਟਰੈਂਡ ਚੱਲ ਪਿਆ ਹੈ। ਪਰ ਇਸ ਕਾਰਨ ਜਣਨ-ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

"ਜਦੋਂ ਤੁਸੀਂ ਵੈਕਸਿੰਗ ਜਾਂ ਸ਼ੇਵ ਕਰਦੇ ਹੋ ਤਾਂ ਉਸ ਨਾਲ ਚਮੜੀ ਨੂੰ ਥੋੜ੍ਹਾ ਪਰ ਨੁਕਸਾਨ ਜ਼ਰੂਰ ਹੁੰਦਾ ਹੈ। ਇਸ ਕਾਰਨ ਕੱਟ, ਝਰੀਟ ਜਾਂ ਇਨਫੈਕਸ਼ਨ ਹੋ ਸਕਦਾ ਹੈ।"

ਉਹ ਸੁਝਾਅ ਦਿੰਦੀ ਹੈ ਕਿ ਵਾਲ ਹਟਾਉਣ ਵੇਲੇ ਵਰਤੀ ਜਾਂਦੀ ਲਕੜ ਜਾਂ ਪਲਾਸਟਿਕ ਸਟਿਕ ਨੂੰ ਦੁਬਾਰਾ ਵੈਕਸ ਵਿਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਹੋਰਨਾਂ ਵਿਚ ਵੀ ਬੈਕਟੀਰੀਆ ਫੈਲ ਸਕਦਾ ਹੈ।

ਸ਼ੇਵ ਕਰਨ ਵੇਲੇ ਬਲੇਡ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ।

ਗੁੰਟਰ ਦਾ ਕਹਿਣਾ ਹੈ, "ਗੁਪਤ ਅੰਗ 'ਤੇ ਉੱਗੇ ਵਾਲਾਂ ਦਾ ਇੱਕ ਕੰਮ ਹੈ। ਇਹ ਚਮੜੀ ਦੀ ਰੱਖਿਆ ਲਈ ਬਣਿਆ ਹੈ।"

"ਇਸ ਦੀ ਸੈਕਸ ਸਬੰਧੀ ਵੀ ਭੂਮਿਕਾ ਹੋ ਸਕਦੀ ਹੈ ਕਿਉਂਕਿ ਹਰੇਕ ਵਾਲ ਇੱਕ ਨੱਸ ਨਾਲ ਜੁੜਿਆ ਹੋਇਆ ਹੈ- ਇਸ ਕਾਰਨ ਇਸ ਨੂੰ ਉਖਾੜਣ ਲੱਗਿਆਂ ਪੀੜ ਹੁੰਦੀ ਹੈ।"

ਉਮਰ ਵਧਣ 'ਤੇ ਯੋਨੀ 'ਤੇ ਅਸਰ ਹੋ ਸਕਦਾ ਹੈ

ਕਈ ਸਾਲ ਪੀਰੀਅਡਜ਼ ਤੇ ਬੱਚੇ ਹੋਣ ਤੋਂ ਬਾਅਦ ਅੰਡੇਦਾਨੀ ਵਿਚ ਅੰਡੇ ਤੇ ਪੀਰੀਅਡਜ਼ ਬੰਦ ਹੋ ਜਾਂਦੇ ਹਨ। ਜਿਹੜੇ ਹਾਰਮੋਨਜ਼ ਕਾਰਨ ਔਰਤਾਂ ਗਰਭਵਤੀ ਹੋ ਸਕਦੀਆਂ ਹਨ, ਉਹ ਘੱਟ ਜਾਂਦੇ ਹਨ। ਘੱਟ ਪੱਧਰ ਦੇ ਓਸਟਰੋਜਨ (ਸੈਕਸ ਹਾਰਮੋਨ) ਗੁਪਤ ਅੰਗ ਨੂੰ ਪ੍ਰਭਾਵਿਤ ਕਰਦੇ ਹਨ।

ਇਹ ਟਿਸ਼ੂ ਜਿਨ੍ਹਾਂ ਵਿਚ ਨਮੀ ਰੱਖੀ ਜਾਂਦੀ ਸੀ, ਉਹ ਖ਼ਤਮ ਹੋ ਸਕਦੇ ਹਨ ਅਤੇ ਨਤੀਜੇ ਵਜੋਂ ਖੁਸ਼ਕੀ ਹੁੰਦੀ ਹੈ। ਇਸ ਕਾਰਨ ਹੀ ਸੈਕਸ ਦੌਰਾਨ ਦਰਦ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਗੁੰਟਰ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਿਰਾਸ਼ਾ ਵਾਲਾ ਲੱਗ ਸਕਦਾ ਹੈ ਪਰ ਡਾਕਟਰੀ ਸਲਾਹ ਨਾਲ ਮਦਦ ਮਿਲ ਸਕਦੀ ਹੈ।

ਇੱਕ ਮਿੱਥ ਹੈ ਕਿ ਸੈਕਸ ਕਰਨ ਨਾਲ ਹਰੇਕ ਚੀਜ਼ ਸਹੀ ਚੱਲਦੀ ਰਹੇਗੀ ਪਰ ਯੋਨੀ ਦੇ ਟਿਸ਼ੂਆਂ ਨੂੰ ਪਹੁੰਚੇ 'ਮਾਈਕਰੋ ਟਰੌਮਾ' ਕਾਰਨ ਇਨਫੈਕਸ਼ਨ ਵੱਧ ਸਕਦਾ ਹੈ।

ਡਾ. ਜੈਨ ਗੰਟਰ ਨੇ ਬੀਬੀਸੀ ਨਾਲ ਹੈਲਥ ਚੈੱਕ ਪ੍ਰੋਗਰਾਮ ਦੌਰਾਨ ਗੱਲਬਾਤ ਕੀਤੀ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)